Share on Facebook

Main News Page

ਓਏ ਕਾਕਾ…! ਇਹ ਕੀ ਗਾਈ ਜਾਂਦੇ ਹੋ…..?

* ਸ਼੍ਰੀ ਰਾਮ ਨਾਲ ਸਬੰਧਤ ਦੁਸ਼ਿਹਰਾ ਸਮਾਗਮ ਮੌਕੇ ਕਲਾਕਾਰਾਂ ਰੱਜ ਕੇ ਉਡਾਈਆਂ ਮਰਿਆਦਾ ਦੀਆਂ ਧੱਜੀਆਂ, ਗਾਏ ਲੱਚਰ ਗੀਤ...
* ਪੰਡਾਲ ‘ਚ ਮੌਜੂਦ ਨੰਨ੍ਹੀਆਂ ਛਾਵਾਂ ਝੁਕਾਏ ਸ਼ਰਮ ਨਾਲ ਸਿਰ, ਮਢੀਰ ਨੇ ਪਾਇਆ ਖੋਰੂ, ਮਾਰੀਆਂ ਸੀਟੀਆਂ...
* ਮੁੱਖ ਮੰਤਰੀ ਪਹਿਲਾਂ ਕੀਤੀ ਗੀਤਾਂ ਦੀ ਤਾਰੀਫ਼, ਪਰ ਤੁਰੰਤ ਦੁਸ਼ਿਹਰਾ ਕਮੇਟੀ ਨੂੰ ਅੱਗੇ ਤੋਂ ਅਜਿਹਾ ਆਯੋਜਨ ਕਰਨ ਤੋਂ ਵਰਜਿਆ...

ਮਲੋਟ, 14 ਅਕਤੂਬਰ (ਰਾਜਵਿੰਦਰਪਾਲ ਸਿੰਘ, ਮਿੰਟੂ ਗੁਰੂਸਰੀਆ) ਭਾਰਤ ਭਰ ਵਾਂਗ ਪੰਜਾਬ ਅੰਦਰ ਵੀ ਹਰ ਸਾਲ ਦੁਸ਼ਿਹਰਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਹਾਲਾਂਕਿ ਕਿ ਇਹ ਹਿੰਦੂ ਧਰਮ ਨਾਲ ਸਬੰਧਤ ਇੱਕ ਧਾਰਮਿਕ ਤਿਓਹਾਰ ਹੈ ਪਰ ਆਏ ਦਿਨ ਇਸ ਤਿਓਹਾਰ ‘ਤੇ ਕੀਤੇ ਜਾਂਦੇ ਸਮਾਗਮਾਂ ਦੌਰਾਣ ਬੁਲਾਏ ਜਾਂਦੇ ਕਲਾਕਾਰਾਂ ਵਲੋਂ ਵਿਖਾਏ ਜਾਂਦੇ ਫ਼ੂਹੜਪਨ ਨਾਲ ਇਸ ਦਾ ਸਵਰੂਪ ਦਿਨੋਂ ਦਿਨ ਵਿਗੜਦਾ ਹੀ ਜਾ ਰਿਹਾ ਹੈ। ਮਾਮਲਾ ਉਸ ਵਕਤ ਹੋਰ ਵੀ ਸੰਵੇਦਨਸ਼ੀਲ ਹੋ ਜਾਂਦਾ ਹੈ ਜਦ ਦੂਰ ਅੰਦੇਸ਼ੀ ਸੋਚ ਦੇ ਮਾਲਕ ਅਤੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸ੍ਰ. ਬਾਦਲ ਦੀ ਹਾਜਰੀ ਵਿਚ ਅਜਿਹੇ ਪਵਿੱਤਰ ਤਿਓਹਾਰ ਵਿਚ ਸੱਦੇ ਗਏ ਕੁਝ ਕਲਾਕਾਰਾਂ ਵਲੋਂ ਸ਼ਰਮੋ-ਹਯਾ ਨੂੰ ਛਿੱਕੇ ਟੰਗਦਿਆਂ ਪੰਡਾਲ ‘ਚ ਮੌਜੂਦ ਨੰਨ੍ਹੀਆਂ ਛਾਵਾਂ ਦੇ ਸਾਹਮਣੇ ਅਤਿ ਦਰਜ਼ੇ ਦੇ ਦੋ-ਅਰਥੇ ਘਟੀਆ ਗੀਤ ਗਾ ਕੇ ਫ਼ੂਹੜਤਾ ਦਾ ਪ੍ਰਰਦਰਸ਼ਨ ਕੀਤਾ ਜਾਵੇ।

ਅਜਿਹਾ ਹੀ ਕੁਝ ਹੋਇਆ ਮਲੋਟ ਵਿਖੇ ਜਿੱਥੇ ਬੀਤੇ ਦਿਨ ਦੁਸ਼ਹਿਰਾ ਉਤਸਵ ਮੌਕੇ ਬੁਲਾਏ ਗਏ ਕਲਾਕਾਰ ਹਰਦੇਵ ਮਾਹਲ ਵਲੋਂ ਗਾਇਆ ਗਿਆ ਗੀਤ “ਕਰ ਗਿਆ ਕਾਰਾ..ਤੇਰਾ ਹੁਸਨ ਕਵਾਰਾ” ਜਿੱਥੇ ਨੰਨ੍ਹੀਆਂ ਛਾਵਾਂ ਦੇ ਮਾਨ ਸਨਮਾਨ ਨੂੰ ਠੇਸ ਮਾਰਦਾ ਨਜ਼ਰ ਆ ਰਿਹਾ ਸੀ, ਉੱਥੇ ਹੀ ਰਿਤੂ ਰਾਜ ਨੇ ਪਹਿਲਾਂ ਪੰਡਾਲ ‘ਚ ਬੈਠੀ ਮਢੀਰ ਨੂੰ ਚੰਭਲਾਉਣ ਵਾਲਾ ਗੀਤ “ਫ਼ਿਰੇ ਮਛਰੀ ਮਢੀਰ..ਅੱਜ ਹੋਉ ਕੋਈ ਕਾਰਾ” ਗਾਉਣ ਤੋਂ ਬਾਅਦ ਬੇ-ਸ਼ਰਮੀ ਦੀਆਂ ਹੱਦਾ ਟੱਪਦਿਆਂ ਅਗਲਾ ਗੀਤ “ਤੇਰਾ ਬਿਊਟੀ ਪਾਰਲਰ ਹਿੱਟ ਕੁੜੇ..ਕੋਈ ਕੁੜੀ ਕਰਾ ਦੇ ਸੈੱਟ ਕੁੜੇ” ਗਾਇਆ, ਤਾਂ ਜਿੱਥੇ ਪੰਡਾਲ ਵਿਚ ਮੌਜੂਦ ਨੰਨ੍ਹੀਆਂ ਛਾਵਾਂ ਨੇ ਨੀਵੀਆਂ ਪਾ ਲਈਆਂ, ਉੱਥੇ ਹੀ ਮੌਜੂਦ ਕੁਝ ਘਟੀਆਂ ਸੋਚ ਦੇ ਮਾਲਕ ਲੋਕਾਂ ਵਲੋਂ ਉਸ ਗਾਇਕ ਦੇ ਲੱਚਰ ਗੀਤ ‘ਤੇ ਰੱਜ ਕੇ ਤਾੜੀਆਂ ਅਤੇ ਸੀਟੀਆਂ ਮਾਰੀਆਂ ਗਈਆਂ। ਇਸ ਮੌਕੇ ਸ੍ਰ. ਬਾਦਲ ਮੱਥੇ ‘ਤੇ ਹੱਥ ਰੱਖ ਕੇ ਇਹਨਾਂ ਕਲਾਕਾਰਾਂ ਇੰਝ ਵੇਖ ਰਹੇ ਸਨ, ਜਿਵੇਂ ਇਹ ਕਹਿਣਾ ਚਾਹੁੰਦੇ ਹੋਣ, ਕਿ ਓਏ ਕਾਕਾ ਇਹ ਕੀ ਗਾ ਰਹੇ ਹੋ..? ਹੋਰ ਤਾਂ ਹੋਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸ਼੍ਰੀ ਰਾਮ ਨਾਲ ਸਬੰਧਤ ਦੁਸ਼ਹਿਰਾ ਸਮਾਗਮ ‘ਤੇ ਕਿਸੇ ਵੀ ਕਲਾਕਾਰ ਵਲੋਂ ਸ਼੍ਰੀ ਰਾਮ ਦੀ ਜੀਵਨੀ ਦੇ ਮੁਤੱਲਕ ਇੱਕ ਵੀ ਭਜਨ ਜਾਂ ਗੀਤ ਨਹੀਂ ਗਾਇਆ ਗਿਆ।

ਆਖਿਰ ਵਿੱਚ ਇਲਾਕੇ ਦੇ ਹੀ ਪਿੰਡ ਮਾਹਨੀ ਖੇੜਾ ਦੇ ਜੰਮ ਪਲ ਤੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਨੇ ਸ਼੍ਰੀ ਰਾਮ ਦਾ ਨਾਅਰਾ ਲਾ ਕੇ ਬਾਕੀ ਕਲਾਕਾਰਾਂ ਵਲੋਂ ਵਿਖਾਏ ਗਏ ਫ਼ੂਹੜਪਨ ‘ਤੇ ਪਰਦਾ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਸਭ ਤੋਂ ਵੱਡੀ ਗੱਲ ਕਿ ਇਹ ਸਭ ਮੁੱਖ ਮੰਤਰੀ ਦੀ ਹਾਜਰੀ ਵਿਚ ਹੋਇਆ ਅਤੇ ਅੰਤ ਵਿਚ ਜਦ ਮੁੱਖ ਮੰਤਰੀ ਸਾਹਿਬ ਦੇ ਸੰਬੋਧਨ ਦਾ ਵਕਤ ਆਇਆ ਤਾਂ ਉਹਨਾਂ ਪਹਿਲਾਂ ਤਾਂ ਇਹ ਕਿਹਾ ਕਿ ਸਭ ਕਲਾਕਾਰਾਂ ਨੇ ਬੇ-ਹੱਦ ਵਧੀਆ ਪ੍ਰਰਦਰਸ਼ਨ ਕੀਤਾ ਪਰ ਰਾਜਨੀਤੀ ਦੇ ਬੋਹੜ ਕਹੇ ਜਾਂਦੇ ਸ੍ਰ. ਬਾਦਲ ਨੇ ਤੁਰੰਤ ਹੀ ਗੱਲ ਪਲਟਦਿਆਂ ਕਿਹਾ ਕਿ ਵੈਸੇ ਉਹਨਾਂ ਦਾ ਧਿਆਨ ਉਸ ਵਕਤ (ਸ਼ਾਇਦ ਉਹ ਸਮਝ ਚੁੱਕੇ ਸਨ ਕਿ ਉਹ ਕਲਾਕਾਰਾਂ ਵੱਲੋਂ ਗਾਏ ਲੱਚਰ ਗੀਤਾਂ ਦੀ ਤਾਰੀਫ਼ ਕਰ ਬੈਠੇ ਹਨ) ਉਹਨਾਂ ਦੀ ਧਰਮਪਤਨੀ ਮਹਿਰੂਮ ਬੀਬੀ ਸੁਰਿੰਦਰ ਕੌਰ ਬਾਦਲ ਵਿਚ ਚਲਾ ਗਿਆ ਸੀ, ਕਿ ਅਗਰ ਅੱਜ ਉਹ ਨਾਲ ਹੁੰਦੇ ਤਾਂ ਉਹਨਾਂ ਨੂੰ ਹੋਰ ਵੀ ਖੁਸ਼ੀ ਹੁੰਦੀ, ਕਿਓੁਂਕਿ ਮਲੋਟ ਵਿਖੇ ਦੁਸ਼ਿਹਰਾ ਮਨਾਉਣ ਲਈ ਸਭ ਤੋਂ ਵੱਡੀ ਜਿੱਦ ਉਹੀ ਕਰਿਆ ਕਰਦੇ ਸਨ।

ਉਹਨਾਂ ਇਸ ਗੱਲ ਨੂੰ ਨੋਟਿਸ ‘ਚ ਲੈਂਦਿਆਂ ਦੁਸ਼ਹਿਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਵੀ ਮੱਤ ਦਿੰਦਿਆਂ ਕਿਹਾ ਕਿ ਅੱਗੇ ਤੋਂ ਧਾਰਮਿਕ ਸਮਾਗਮ ‘ਤੇ ਉਸ ਨਾਲ ਸਬੰਧਤ ਸਭਿਚਾਰਕ ਪ੍ਰੋਗਰਾਮ ਹੀ ਕਰਵਾਇਆ ਕਰੋ ਤੇ ਧਾਰਮਿਕ ਗੀਤ ਜਾਂ ਭਜਨ ਗਾਉਣ ਵਾਲਿਆਂ ਨੂੰ ਹੀ ਸੱਦਿਆ ਕਰੋ। ਦੁਸ਼ਹਿਰਾ ਲੰਘ ਗਿਆ ਪਰ ਆਪਣੇ ਪਿੱਛੇ ਇਹ ਸਵਾਲ ਜਰੂਰ ਛੱਡ ਗਿਆ ਕਿ..ਕੀ ਦੁਸ਼ਿਹਰਾ ਸਮਾਗਮ ਮੌਕੇ ਲੱਚਰ ਗੀਤ ਗਾਉਣ ਵਾਲੇ ਅਜਿਹੇ ਕਲਾਕਾਰਾਂ ਬੁਲਾਉਣੇ ਆਖਿਰ ਕਿਓਂ ਜਰੂਰੀ ਬਣ ਗਏ ਹਨ। ਜੋ ਗੀਤ ਮਰਿਆਦਾ ਪ੍ਰਸ਼ੋਤਮ ਰਾਮ ਨਾਲ ਸਬੰਧਤ ਸਮਾਗਮ ਵਿਚ ਮਰਿਆਦਾ ਦੀਆਂ ਹੀ ਧੱਜੀਆਂ ਸ਼ਰੇਆਮ ਉਡਾਉਂਦੇ ਹਨ।

Source: http://www.punjabspectrum.com/2013/10/25369


ਟਿੱਪਣੀ: ਬਾਦਲ ਸਾਬ ਆਪਣੀ ਬਿਜੀ ਹੋਈ ਫਸਲ ਵੱਢਣੀ ਪੈਣੀ ਹੈ, ਦੇਖ ਲਉ ਨਤੀਜਾ... ਆਗੇ ਆਗੇ ਦੇਖੀਏ ਹੋਤਾ ਹੈ ਕਿਆ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top