Share on Facebook

Main News Page

ਸਿੱਖ ਕੌਮ ਦੀ ਮੰਜ਼ਿਲ ਬ੍ਰਾਹਮਣਵਾਦ ਦੀ ਅੰਦਰੂਨੀ ਤੇ ਬਾਹਰੀ ਗੁਲਾਮੀ ਤੋਂ ਆਜ਼ਾਦ ਹੋਣਾ, ਨਾ ਕਿ ਕਾਲੀਆਂ ਸੂਚੀਆਂ ਖਤਮ ਕਰਾਉਣਾ, ਕੁਰਸੀ, ਚੌਧਰ ਜਾਂ ਨਿੱਜੀ ਲਾਭਾਂ ਦੀ ਪ੍ਰਾਪਤੀ !
-: ਗੁਰਚਰਨ ਸਿੰਘ ਗੁਰਾਇਆ

ਜਾ ਕੇ ਤੱਕ ਪਰਦੇਸੀਆ, ਉਹਨਾਂ ਵਣਾਂ ਦੇ ਪਾਰ । ਦੇਖ ਕਿਨਾ ਦੇ ਝੁਕੇ ਨਹੀਂ, ਸੀਸ ਪਰਾਏ ਵਾਰ ॥

ਅੱਜ ਤੋਂ 29 ਸਾਲ ਪਹਿਲਾਂ ਰੂਹਾਨੀਅਤ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਮਨੁੱਖਤਾ ਨੂੰ ਆਤਮਿਕ ਗਿਆਨ ਦਾ ਸਰਬ ਸਾਝਾਂ ੳਪਦੇਸ਼ ਜਾਰੀ ਹੁੰਦਾ ਹੈ, ਉਸ ਉੱਪਰ ਦਿੱਲੀ ਤੋਂ ਪਾਪ ਦੀ ਜੰਝ ਚਾੜ੍ਹ ਕੇ ਹਿੰਦੋਸਤਾਨ ਦੀ ਹਕੂਮਤ ਨੇ ਸਿੱਖ ਮਾਨਸਿਕਤਾ ਨੂੰ ਧੁਰ ਅੰਦਰ ਤੱਕ ਵਲੂੰਧਰ ਕੇ ਹਿਰਦਿਆਂ ਤੇ ਨਾ ਮਿਟਣ ਵਾਲੇ ਜ਼ਖਮ ਉੱਕਰ ਦਿੱਤੇ । ਪੂਰੀ ਦੁਨੀਆਂ ਵਿਚ ਨਾਨਕ ਲੇਵਾ ਸਿੱਖ ਜਿਥੇ ਵੀ ਬੈਠਾ ਸੀ, ਉਹ ਖੂਨ ਦੇ ਅੱਥਰੂ ਹੀ ਨਹੀਂ ਸੀ ਕੇਰ ਰਿਹਾ ਸਗੋਂ ਰੋਹ ਤੇ ਬਦਲੇ ਦੀ ਅੱਗ ਵਿਚ ਬੈਠਾ ਸੜ ਵੀ ਰਿਹਾ ਸੀ । ਸਿੱਖ ਕੌਮ ਦੀਆਂ ਹੱਕੀ ਧਾਰਮਿਕ ਮੰਗਾਂ ਤੇ ਪੰਜਾਬ ਲਈ ਵੱਧ ਅਧਿਕਾਰਾਂ ਵਾਸਤੇ ਸ਼ਾਂਤਮਈ ਸ਼ੁਰੂ ਹੋਏ ਧਰਮ ਯੁੱਧ ਮੋਰਚੇ ਨੇ ਇਸ ਸਾਕੇ ਤੋਂ ਬਾਅਦ ਇੱਕ ਨਵਾਂ ਮੋੜ ਕੱਟਿਆ।

ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਤੇ ਖਾਲਸੇ ਦੀਆਂ ਰਵਾਇਤਾਂ ਅਨੁਸਾਰ ਜੇਕਰ ਦਲੀਲ ਅਪੀਲ ਰਾਹੀ ਨਿਆਂ ਦੇ ਰਸਤੇ ਬੰਦ ਹੋ ਜਾਣ ਤਾਂ ਫਿਰ ਹਥਿਆਰ ਚੱਕਣਾ ਜਾਇਜ਼ ਹੈ ਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਹਿੰਦੋਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਫੌਜਾਂ ਦੀ ਕਮਾਂਡ ਕਰਨ ਵਾਲੇ ਜਨਰਲ ਵੈਦਿਆ ਨੂੰ ਉਸਦੇ ਕੀਤੇ ਗੁਨਾਹਾ ਦੀ ਸਜ਼ਾ ਦੇ ਕੇ ਪੂਰੀ ਦੁਨੀਆਂ ਵਿੱਚ ਦਰਸਾ ਦਿੱਤਾ ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀ ਕਰਦੀ ਤੇ ਸਿੱਖ ਕੌਮ ਦੀ ਅਜ਼ਾਦੀ ਦੀ ਲੜਾਈ ਲੜ ਰਹੇ ਇਹਨਾਂ ਧਰਮੀ ਯੋਧਿਆਂ ਨੇ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਸੀਮਤ ਸਾਧਨਾਂ ਰਾਹੀਂ ਦੁਨੀਆਂ ਦੀ ਪੰਜਵੀਂ ਤਾਕਤ ਜਾਣੇ ਜਾਂਦੇ ਹਿੰਦੋਸਤਾਨ ਦੀਆਂ ਫੌਜਾਂ ਨਾਲ ਲੋਹਾ ਲੈ ਕੇ ਆਪਣੀ ਬਹਾਦਰੀ ਦਾ ਲੋਹਾ ਮੰਨਵਾਇਆ ।ਬ੍ਰਹਮਣਵਾਦੀ ਸੋਚ ਦੀ ਧਾਰਨੀ ਦਿੱਲੀ ਦੀ ਹਕੂਮਤ, ਜੋ ਖਾਲਸੇ ਦੇ ਇਤਿਹਾਸ ਤੋਂ ਵਾਕਫ ਸੀ ਕਿ ਸਿੱਖਾਂ ਨੂੰ ਤੱਤੀ ਤਵੀ, ਉਬਲਦੀਆਂ ਦੇਗਾਂ, ਰੰਬੀਆਂ,ਚਰਖੜੀਆਂ, ਜ਼ੇਲ੍ਹਾਂ, ਕਾਲ ਕੋਠੜੀਆਂ ਅਤੇ ਝੂਠੇ ਪੁਲਿਸ ਮਕਾਬਲੇ ਕੀ ਦੁਨੀਆਂ ਦਾ ਕੋਈ ਵੀ ਜ਼ੁਲਮ ਝੁਕਾ ਨਹੀ ਸਕਦਾ, ਤਾਂ ਦਿੱਲੀ ਦੀ ਹਕੂਮਤ ( ਉਹ ਕਾਂਗਰਸ ਜਾਂ ਭਾਜਪਾਈਆਂ ਦੀ ਹੋਵੇ, ਸਰਿਆਂ ਦੀ ਸੋਚ ਇੱਕੋ ਜਿਹੀ ਹੈ) ਨੇ ਆਪਣੀ ਚਾਣਕੀਆ ਨੀਤੀ ਦੁਆਰਾ ਸਿੱਖਾਂ ਦਾ ਨਿਰਾਲਾਪਣ, ਸਿੱਖਾਂ ਦੀ ਅਜ਼ਾਦੀ ਦਾ ਸੰਘਰਸ਼ ਤੇ ਸਿੱਖੀ ਸਪਿਰਟ ਦਾ ਭੋਗ ਪਾਉਣ ਲਈ ਸਿੱਖੀ ਭੇਸ ਵਿੱਚ ਬ੍ਰਹਮਣਵਾਦੀ ਸੋਚ ਨੂੰ ਭਾਰੂ ਕਰਨ ਦੀ ਨੀਤੀ ਤਹਿਤ ਸਿੱਖੀ ਭੇਸ ਵਿੱਚ ਬਹਿਰੂਪੀਏ ਤੇ ਵਿਕਾਊ ਜ਼ਮੀਰਾਂ, ਚੌਧਰ ,ਰੁਤਬੇ ਦੇ ਭੁਖੇ ਹਰ ਮਹਿਕਮੇ ਵਿੱਚ ਸਿੱਖ ਵਿਰੋਧੀ ਅਫਸਰਾਂ ਨੂੰ ਉੱਚ ਅਹੁਦਿਆਂ ਤੇ ਬੈਠਾਉਣ ਦੇ ਨਾਲ ਨਾਲ ਕੁਰਸੀ ਦੇ ਲਾਲਚੀ ਅਖੌਤੀ ਸਿੱਖ ਲੀਡਰਾਂ ਨੂੰ ਖਰੀਦ ਕੇ, 25 ਮਿਲੀਅਨ ਵਾਲੀ ਸਿੱਖ ਕੌਮ ਨੂੰ ਵੱਖ ਵੱਖ ਸੰਪਰਦਾਵਾਂ, ਅਖੌਤੀ ਸਾਧਾਂ ਦੇ ਡੇਰਿਆਂ ਤੇ ਧੜਿਆਂ ਵਿੱਚ ਵੰਡ ਦਿੱਤਾ ਹੈ। ਸ਼ਾਇਦ ਗੁਰੂ ਤੇਗ ਬਹਾਦਰ ਜੀ ਸਮੇ ਤਾਂ ਬਾਈ ਮੰਜੀਆਂ ਸਨ ਅੱਜ ਤਾਂ ਇਹਨਾਂ ਦੀ ਗਿਣਤੀ ਕਰਨੀ ਹੀ ਮੁਸ਼ਕਲ ਹੈ ।

ਅੱਜ ਦੇਸ਼ ਤੇ ਵਿਦੇਸ਼ ਵਿੱਚ ਸਿੱਖ ਕੌਮ ਦੇ ਨਿਆਰਪਨ ਤੇ ਸਵੈਮਾਨ ਨਾਲ ਜੀਉਣ ਲਈ ਸੰਘਰਸ਼ਸ਼ੀਲ ਸਿਰਮੌਰ ਸੰਸਥਾਵਾਂ ਚੋਂ ਵਿਰਲਿਆਂ ਨੂੰ ਛੱਡ ਕੇ ਬਹੁਤੇ ਆਪਣੀ ਵਫਾਦਾਰੀ ਸਿੱਧੇ ਜਾਂ ਅਸਿੱਧੇ ਤੌਰਤੇ ਹਾਕਮ ਧਿਰਾਂ ਜਾਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਤੇ ਬੈਠਾਏ ਮੁਲਾਜ਼ਮਾਂ ਨਾਲ ਹੀ ਪਾਲ ਰਹੇ ਹਨ ਤੇ ਹਾਕਮਧਿਰਾਂ ਅੱਗੇ ਬਿੱਲੀ ਵਾਲੀ ਮਿਆਉਂ ਮਿਆਉਂ ਕਰਨ ਕਰਕੇ ,ਸਿੱਖਾਂ ਦੀ ਸ਼ੇਰ ਗਰਜਣਾ ਤੋਂ ਥਰ ਥਰ ਕੰਬਣ ਵਾਲੀ ਦਿੱਲੀ ਅੱਜ ਇਹੋ ਜਿਹੇ ਲੀਡਰਾਂ ਦੀ ਮਿਆਉਂ ਮਿਆਉਂ ਦੇ ਸੰਗੀਤ ਤੋਂ ਮੁਸਕੜੀਏ ਹੱਸ ਰਹੀ ਹੈ । ਭਾਰਤੀ ਹਾਕਮਾਂ ਦੇ ਵਹਿਸ਼ੀ ਜਬਰ ਦੀ ਮਾਰ ਝੱਲ ਕੇ ਜੇ ਹੁਣ ਵੀ ਆਪਣੀ ਜ਼ਮੀਰ ਮਾਰ ਕੇ  ਬ੍ਰਹਮਵਾਦ ਦੀ ਅੰਦਰੂਨੀ ਤੇ ਬਾਹਰੀ  ਗੁਲਾਮੀ ਦੇ ਜੂਲੇ ਹੇਠ ਮਾਰ ਖਾਣੀ ਹੈ, ਤਾਂ ਲੱਖਾਂ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ ਨੂੰ ਕਿਹੜੇ ਖਾਤੇ ਵਿਚ ਪਾਵਾਂਗੇ ? ਕੁਰਬਾਨੀ ਦੇ ਕੋਸ਼ ਵਿਚ ਖੱਟੀ ਨਾਂ ਦਾ ਕੋਈ ਸ਼ਬਦ ਨਹੀਂ ।

ਕੁਰਬਾਨੀ ਦੇ ਜਜ਼ਬਾਤ ਤਾਂ ਹਮੇਸ਼ਾਂ ਸੱਚੇ ਸੁੱਚੇ ਹੁੰਦੇ ਹਨ । ਹਾਕਮਧਿਰਾਂ  ਨੇ ਪੰਜਾਬ ਅੰਦਰ ਅਜ਼ਾਦੀ ਦੀ ਲਹਿਰ ਨੂੰ ਨਿੱਸਲ ਕਰਕੇ ਹੁਣ ਆਪਣਾ ਨਿਸ਼ਾਨਾ ਵਿਦੇਸ਼ਾਂ ਵਿੱਚ ਸਿੱਖ ਕੌਮ ਦੇ ਨਿਆਰੇਪਨ ਤੇ ਸਵੈਮਾਣ ਨਾਲ ਜੀਉਣ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਬਣਾਇਆ ਹੈ ਜਿਸ ਵਿੱਚ ਕਿ ਉਹ ਕਾਫੀ ਹੱਦ ਤੱਕ ਕਾਮਯਾਬ ਹੋ ਚੁੱਕੀ ਹੈ ।ਅੱਜ ਜੋ ਜਾਣੇ ਅਣਜਾਣੇ ਜਾਂ ਕਿਸੇ ਲਾਲਚ ਵੱਸ ਹਿੰਦੋਸਤਾਨ ਦੀ ਹਕੂਮਤ ਦੇ ਮੁਲਜ਼ਾਮਾਂ ਨਾਲ ਯਾਰੀਆਂ ਤੇ ਉਹਨਾਂ ਦੀ ਲੇਲੜੀਆਂ ਕੱਢਣ ਵਾਲੇ ਵੀਰੋ ਬੇਗਰਜ਼ੀ ਦੀ ਭਾਵਨਾ ਤੇ ਗਰਜ਼ਾਂ ਦੀ ਜੂਠ ਵਾਲੇ ਛਿੱਟੇ ਨਾ ਮਾਰੋ । ਬਾਦਲ ਜਾਂ ਹਕੂਮਤ ਦੀ ਬੁਰਕੀ ਵੱਲ ਕਾਂ ਅੱਖ ਨਾਲ ਵੇਖਣਾ ਛੱਡੋ ।ਇਹ ਅਖੌਤੀ ਭਾਜਪਾਈ ਅਕਾਲੀ ਹਮੇਸ਼ਾ ਹੀ ਸਿੱਖ ਨੌਜਵਾਨਾਂ ਨਾਲ ਵਿਸ਼ਵਾਸ਼ਘਾਤ ਕਰਦੇ ਆਏ ਹਨ ।ਇਹਨਾਂ ਦੇ ਕੌਮ ਨਾਲ ਕਮਾਏ ਹੋਏ ਧਰੋਹ ਨੇ ਹੀ ਸਿੱਖ ਯੋਧਿਆਂ ਦੀ ਜਿੱਤੀ ਹੋਈ ਬਾਜ਼ੀ ਨੂੰ ਹਾਰ ਵਿੱਚ ਬਦਲਿਆ ਹੀ ਨਹੀਂ, ਸਗੋਂ ਇਹ ਲੋਕ ਸਿੱਖ ਕੌਮ ਦਾ ਨਿਰਾਲਾਪਣ ਖਤਮ ਕਰਕੇ ਸਿੱਖੀ ਦਾ ਭਗਵਾਂਕਰਨ ਲਈ ਉਤਾਵਲੇ ਹਨ ।ਜਿੱਥੇ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ ਐੈਲ ਕੇ ਅਡਵਾਨੀ ਜਿਸ ਨੇ ਹਮਲਾ ਕਰਨ ਲਈ ਇੰਦਰਾ ਗਾਂਧੀ ਤੇ ਪ੍ਰੈਸ਼ਰ ਬਣਾਇਆ ਸੀ । ਇਹ ਉਸ ਨੇ ਆਪਣੀ ਕਿਤਾਬ ਵਿੱਚ ਵੀ ਮੰਨਿਆ ਤੇ ਇੰਦਰਾ ਨੂੰ ਦੁਰਗਾ ਮਾਤਾ ਦੇ ਖਿਤਾਬ ਦੇਣ ਵਾਲੀ ਭਾਜਪਾ ਨਾਲ ਬਾਦਲ ਨਹੁੰ ਮਾਸ ਤੇ ਪਤੀ ਪਤਨੀ ਵਾਲਾ ਰਿਸਤਾ ਬਣਾਈ ਬੈਠਾ ਹੈ ਤੇ ਸਿੱਖਾਂ ਦੀਆਂ ਵੋਟਾਂ ਦੀ ਖਾਤਰ ਸੰਘਰਸ਼ ਵਿੱਚ ਸ਼ਹੀਦ ਹੋ ਗਏ ਯੋਧਿਆਂ ਨੂੰ ਸ਼ਹੀਦ ਵੀ ਕਹਿੰਦਾ ਹੈ ਤੇ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦੀ ਗੱਲ ਵੀ ਕਰਦਾ ਹੈ ਪਰ ਕੁਰਸੀ ਤੇ ਬੈਠ ਕੇ ਇਹ ਨੌਜਵਾਨ ਇਸ ਨੂੰ ਅੱਤਵਾਦੀ ਤੇ ਵੱਖਵਾਦੀ ਦਿਸਦੇ ਹਨ ਤੇ ਉਹਨਾਂ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਕੁਰਸੀਆਂ ਤੇ ਆਪਣੀ ਹਿਕ ਨਾਲ ਤੇ ਗੋਦ ਵਿੱਚ ਬੈਠਾਈ ਬੈਠਾ ਹੈ ।

ਦਿੱਲ਼ੀ ਵਿੱਚਲੇ ਜਗਦੀਸ਼ ਟਾਇਟਲਰ, ਸੱਜਣ ਕੁਮਾਰ ਨੂੰ ਸਜ਼ਾਵਾਂ ਦਾ ਰੌਲਾ ਪਾਉਦਾ ਹੈ ਤੇ ਪੰਜਾਬ ਵਿਚਲੇ ਸਿੱਖ ਨੌਜਵਾਨਾਂ ਦੇ ਕਾਤਲ ਸਮੇਧ ਸੈਣੀ ਨੂੰ ਤਰੱਕੀ, ਦਰਬਾਰ ਸਾਹਿਬ ਤੇ ਹਮਲੇ ਸਮੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ ਰਮੇਸ਼ਇੰਦਰ ਸਿੰਘ ਨੂੰ ਸਲਾਹਕਾਰ ਤੇ, ਆਸ਼ੂਤੋਸ਼, ਸਿਰਸੇ ਵਾਲੇ ਸਾਧ ਦੀਆ ਵੋਟਾਂ ਖਾਤਰ ਤਰਫਦਾਰੀ ਕਰਨ ਵਾਲੇ ਇਹਨਾਂ ਅਖੌਤੀ ਲੀਡਰਾਂ ਨੂੰ ਸਿੱਖ ਕੌਮ ਆਪਣੀਆਂ ਅੱਖਾਂ ਤੌ ਨਿੱਜੀ ਸਵਾਰਥਾਂ ਦੀ ਪੱਟੀ ਲਾਹ ਕੇ ਪਹਿਚਾਣੇ ਤੇ ਇਸੇ ਤਰ੍ਹਾਂ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਸਾਥ ਮਾਨਣ ਵਾਲੇ, ਦੇਸ਼ ਵਿਦੇਸ਼ ਵਿੱਚ ਸਿੱਖ ਸੰਘਰਸ਼ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਚਨਬੱਧਤਾ ਦੀਆਂ ਗੱਲਾਂ ਕਰਨ ਵਾਲਿਆਂ ਵਿੱਚੋ ਵੀ ਹੁਣ ਬਹੁਤਿਆਂ ਨੂੰ ਭਾਰਤੀ ਹਕੂਮਤ ਤੇ ਇਸਦੇ ਦੁਮਛੱਲਿਆਂ ਦਾ ਹੇਜ਼ ਆਉਣ ਲੱਗ ਪਿਆ ਹੈ, ਤੇ ਕਈ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਰਾਮ ਵਾਂਗ, ਸਿੱਖ ਕੌਮ ਦੀ ਅਜ਼ਾਦੀ ਦਾ ਨਾਹਰਾਂ ਵੀ ਲਾਈ ਜਾਦੇ ਹਨ ਦੂਜੇ ਪਾਸੇ ਸਿੱਖੀ ਦੇ ਦੁਸ਼ਮਣਾਂ ਨਾਲ ਵੀ ਆਪਣੀਆਂ ਵਫਾਦਾਰੀਆਂ ਨਿਭਾਈ ਜਾ ਰਹੇ ਹਨ। ਜਿੱਥੇ ਉਹ ਆਪ ਇਹਨਾਂ ਕਮਜ਼ੋਰੀ ਦਾ ਸ਼ਿਕਾਰ ਹੋ ਗਏ ਹਨ। ਉਥੇ ਉਹ ਆਪਣੇ ਨਾਲ ਸਹਿਚਾਰ ਰੱਖਣ ਵਾਲਿਆ ਨੂੰ ਵੀ ਇਸ ਦਾ ਪਾਠ ਪੜ੍ਹਾ ਰਹੇ ਹਨ ਤੇ ਕਾਲੀਆਂ ਸੂਚੀਆਂ ਖਤਮ ਕਰਕੇ ਆਮ ਮੁਆਫੀ ਦੇਣ ਨੂੰ ਪ੍ਰਚਾਰਿਆ ਜਾ ਰਿਹਾ ਹੈ ।ਭਾਰਤ ਦੇ ਸਿਆਸੀ ਹਾਕਮ ਵੀ ਉਹੋ ਕੁਝ ਚਾਹੁੰਦੇ ਹਨ ਕਿ ਇਹ ਇਕ ਵਾਰ ਬ੍ਰਹਮਵਾਦ ਦੇ ਜੂਲੇ ਹੇਠ ਆ ਕੇ ਜੁੜ ਜਾਣ ।ਫਿਰ ਉਨਾਂ ਨੂੰ ਆਮ ਮੁਆਫੀ ਕੋਈ ਮਹਿੰਗੀ ਨਹੀਂ ਪਵੇਗੀ ਜਿਸ ਦੀਆਂ ਪਰਤੱਖ ਉਦਾਹਰਨਾਂ ਹਨ ਕਿ ਵਿਦੇਸ਼ੀ ਖਾਲਿਸਤਾਨੀ ਜੋ  ਵੀ ਉਹਨਾਂ ਦੇ ਜੂਲੇ ਥੱਲੇ ਗਿਆ ਉਹਨਾਂ ਉਸ ਨੂੰ ਚੰਗੀ ਤਰ੍ਹਾਂ ਨਿੱਸਲ ਹੀ ਨਹੀਂ ਕੀਤਾ ਸਗੋਂ ਉਹ ਲੋਕ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਉਹਨਾਂ ਦੇ ਹੱਕ ਵਿੱਚ ਭੁਗਤ ਰਹੇ ਹਨ ।ਕਿਉਂਕਿ ਇਹ ਪਾਇਆ ਚੋਗਾ ਸਿੱਖ ਸੰਘਰਸ਼ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਬਰਾਬਰ ਹੈ ।

ਬ੍ਰਹਮਣਵਾਦ ਦੇ ਭੂਤ ਸਵਾਰ ਵਾਲੀ ਹਿੰਦੋਸਤਾਨ ਦੀ ਹਕੂਮਤ ਸਿੱਖਾਂ ਦੀ ਅੱਜ ਦੀ ਵੈਰਨ ਨਹੀ ਇਹ ਤਾਂ ਉਸ ਦਿਨ ਤੋਂ ਜਿਸ ਦਿਨ ਜਗਤ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੇ ਕਰਮ ਕਾਂਡ ਤੇ ਪੰਖਡਵਾਦ ਦੇ ਜਨੇਉ ਪਾਉਣ ਤੋਂ ਨਾਹ ਕਰ ਦਿੱਤੀ ਸੀ । ਇਸ ਕਰਕੇ ਜਿੱਥੇ ਹਿੰਦੋਸਤਾਨ ਦੀ ਹਕੂਮਤ ਸਿੱਖਾਂ ਦੀ ਵੈਰੀ ਹੈ ਉਥੇ ਸਿੱਖੀ ਭੇਸ ਵਿੱਚ ਦੰਭੀ ਬਹਿਰੂਪੀਏ ਤੇ ਵਿਕਾਊ ਜ਼ਮੀਰਾਂ ਵਾਲੇ ਸਿੱਖਾਂ ਦੀ ਵੀ ਬਹੁਤਾਤ ਸਿੱਖੀ ਤੇ ਸਿੱਖ ਸਿਧਾਤਾਂ ਦੇ ਦੁਸ਼ਮਣਾਂ ਨੂੰ ਵੀ ਪਹਿਚਾਣ ਕੇ ਕਾਫਲਾ ਬਣਾ ਕੇ ਚਲਣਾ ਸਮੇ ਦੀ ਲੋੜ ਹੈ ।

ਸਿੱਖ ਕੌਮ ਦੀ ਮੰਜ਼ਿਲ ਕਾਲੀਆਂ ਸੂਚੀਆਂ ਖਤਮ ਕਰਾਉਣਾ,ਕੁਰਸੀ ਦੀ ਲਾਲਸਾ, ਚੌਧਰ ,ਚੇਅਰਮੈਨੀਆਂ ਤੇ ਨਿੱਜੀ ਲਾਭ ਨਹੀਂ ਸਿਰਫ ਸਿੱਖ ਕੌਮ ਦੇ ਗਲੋ ਗੁਲਾਮੀ ਲਾਹ ਕੇ ਸਿੱਖ ਕੌਮ ਦਾ ਅਜ਼ਾਦ ਵਤਨ ਹੈ ।ਮੈਦਾਨ ਵਿਚੋਂ ਜੇਤੂ ਹੋਈਆਂ ਤਾਕਤਾਂ ਹੀ ਦੋਸ਼ੀ ਪੁਲਿਸ ਵਾਲਿਆਂ ਤੇ ਰਾਜਸੀ ਹੱਤਿਆਰਿਆਂ ਨੂੰ ਸਜ਼ਾਵਾਂ ਵੀ ਮੈਦਾਨ ਦੇ ਅੰਦਰ ਹੀ ਦਿੰਦੀਆਂ ਹਨ । ਵਜ਼ਾਰਤੀ ਕੁਰਸੀ ਤੇ ਬਿਰਾਜਮਾਨ ਹੋਏ ਵਿਕਾਊ ਲੀਡਰ ਨਾ ਜ਼ੁਲਮੀ ਪੁਲਿਸੀਆਂ ਨੂੰ ਸਜ਼ਾਵਾਂ ਦਿੰਦੇ ਹਨ ਤੇ ਨਾ ਹੀ ਅਫਸਰਸ਼ਾਹੀ ਦੇ ਸਹਿਯੋਗ ਤੋਂ ਬਿਨਾਂ ਅਜਿਹੀ ਹਕੂਮਤ ਚਲ ਸਕਦੀ ਹੈ । ਕਾਂਗਰਸੀ, ਭਾਜਪਾਈ ਤੇ ਅਖੌਤੀ ਅਕਾਲੀ ਕਿਸੇ ਜ਼ੁਲਮੀ ਨੂੰ ਸਜ਼ਾ ਦੇਣਗੇ ਇਹ ਸਾਡੀ ਭੁੱਲ ਹੈ । ਸਿੱਖ ਕੌਮ ਦੇ ਵਿਦਵਾਨ ਦੇ ਇਹ ਸ਼ਬਦ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਸਿੱਧੇ ਤੌਰ ਤੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਉਹਨਾਂ ਦੀ  ਭਾਵਨਾ ਪਵਿੱਤਰ ਸੀ ਤੇ ਅੰਨਦਪੁਰ ਦੇ ਮਤੇ ਨੂੰ ਹੀ ਸਿੱਖ ਕੌਮ ਦੀ ਅਜ਼ਾਦੀ ਦੀ ਸਿਧਾਂਤਿਕ ਲਹਿਰ ਬਣਾ ਦਿੱਤਾ ਤੇ ਦੂਜੇ ਪਾਸੇ ਭਾਵਨਾ ਪਵਿੱਤਰ ਨਾ ਹੋਣ ਕਰਕੇ ਦੰਭੀ, ਪਖੰਡੀ ਤੇ ਵਿਕਾਊ ਜ਼ਮੀਰਾਂ ਵਾਲੇ ਲੀਡਰਾਂ ਨੇ ਖਲਿਸਤਾਨ ਦੇ ਨਾਹਰੇ, ਸੰਵਿਧਾਨ ਦੀ ਧਾਰਾ 25 ਵੀ ਸਾੜੀ, ਯੂ.ਐੈਨ.ਓ. ਦੇ ਜਨਰਲ ਸਕੱਤਰ ਘਾਲੀ ਨੂੰ ਸਿੱਖਾਂ ਦੇ ਅਜ਼ਾਦ ਘਰ ਵਾਸਤੇ ਪੱਤਰ ਵੀ ਦਸਤਖਤ ਕਰਕੇ ਲਿਖੇ ਤੇ ਅਕਾਲੀ ਦਲ ਦੇ ਸੰਵਿਧਾਨ ਦੀ ਧਾਰਾ (ਅ) ਵਿੱਚ ਇਹੋ ਅਜਿਹੇ ਖਿੱਤੇ ਲਈ ਸੰਘਰਸ਼ ਕਰਨਾ ਜਿੱਥੇ ਸਿੱਖ ਅਜ਼ਾਦੀ ਦਾ ਨਿੱਘ ਮਾਣ ਸਕਣ ਤੇ ਦਰਬਾਰ ਸਾਹਿਬ ਤੇ ਫੌਜਾਂ ਦੇ ਟੈਂਕ ਸਾਡੀਆਂ ਲਾਸ਼ਾਂ ਉਪਰ ਦੀ ਲੰਘ ਕੇ ਜਾਣਗੇ, ਸ੍ਰੀ ਅਨੰਦਪੁਰ ਸਾਹਿਬ ਜੀ ਦੇ ਮਤੇ ਕੀ ਇਨਾਂ ਲੀਡਰਾਂ ਨੇ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਕੁਰਸੀ ਦੀ ਖਾਤਰ ਰੋਲ ਦਿੱਤਾ।

ਦੂਜੇ ਪਾਸੇ ਅਨੰਦਪੁਰੀ ਸੋਚ ਦੇ ਵਾਰਸ ਜੋ ਕਿ ਵੱਖ ਵੱਖ ਜੱਥੇਬੰਦੀ ਦੇ ਨਿਸ਼ਾਨ ਹੇਠ ਸਿੱਖ ਕੌਮ ਦੀ ਅਜ਼ਾਦੀ ਦਾ ਸੰਘਰਸ਼ ਤਨੋਂ, ਮਨੋਂ, ਧਨੋਂ ਸੁਹਿਰਦਤਾ ਨਾਲ ਸਮਰਪਿਤ ਹੋਕੇ ਲੜ ਰਹੇ ਹਨ ਉਹਨਾਂ ਸੂਰਬੀਰ ਯੋਧਿਆ ਨੂੰ ਬੇਨਤੀ ਰੂਪੀ ਅਪੀਲ ਹੈ ਕਿ ਸਤਿਕਾਰਯੋਗ ਵੀਰੋ ਤੁਹਾਡੀ ਕੁਰਬਾਨੀ ਧੰਨ ਹੈ, ਜੋ ਤੁਸੀ ਇਸ ਬਿਖੜੇ ਪੈਂਡੇ ਵਿੱਚ ਵੀ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਜੂਝ ਰਹੇ ਹੋ । ਪਰ ਅੱਜ ਅਜ਼ਾਦੀ ਦੇ ਸੰਘਰਸ਼ ਦੇ ਨਾਂ ਤੇ ਵੀ ਦੇਸ਼ ਤੇ ਵਿਦੇਸ਼ਾਂ ਵਿੱਚ ਬਹਿਰੂਪੀਏ, ਦੰਭੀ, ਵਿਕਾਊ ਜ਼ਮੀਰਾਂ ਵਾਲਿਆਂ ਨੂੰ ਪਹਿਚਾਣ ਕੇ ਇਨਾਂ ਤੋਂ ਨਿਖੇੜਾ ਕਰਕੇ ਕਾਫਲਾ ਬਣਾ ਕੇ ਤੁਰਨਾ ਸਮੇਂ ਦੀ ਮੁੱਖ ਲੋੜ ਹੈ । ਜਿਵੇਂ ਕਿ ਕਿਸੇ ਜੱਥੇਬੰਦੀ ਜਾਂ ਸੰਸਥਾਂ ਦਾ ਮੁਖੀ ਕੌਮ ਦੀ ਖਾਤਰ ਕੁਰਬਾਨੀ ਕਰਕੇ ਆਪਣਾ ਤੇ ਆਪਣੀ ਸੰਸਥਾਂ ਦਾ ਨਾਂ ਦੁਨੀਆਂ ਦੇ ਇਤਿਹਾਸ ਵਿੱਚ ਰੋਸ਼ਨ ਕਰ ਜਾਂਦਾ ਹੈ ਤੇ ਲੋਕ ਉਸ ਦਾ ਸਤਿਕਾਰ ਕਰਦੇ ਹਨ ਤੇ ਜਦੋਂ ਕਿਸੇ ਸੰਸਥਾਂ ਜਾਂ ਜੱਥੇਬੰਦੀ ਦਾ ਮੁਖੀ ਗਲਤ ਕੰਮ ਕਰਕੇ ਉਹ ਜੱਥੇਬੰਦੀ ਨੂੰ ਕਲੰਕਤ ਹੀ ਨਹੀ ਕਰਦਾ ਸਗੋਂ ਕੌਮੀ ਕਾਰਜ ਲਈ ਲੱਗੀਆਂ ਜੱਥੇਬੰਦੀਆਂ ਦੀ ਬਦਨਾਮੀ ਦਾ ਕਾਰਨ ਵੀ ਬਣਦਾ ਹੈ ।ਇਹੋ ਅਜਿਹੇ ਗਲਤ ਅਨਸਰਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਦੇਣਾ ਜੱਥੇਬੰਦੀਆਂ ਦਾ ਇਖਲਾਕੀ ਫਰਜ਼ ਹੈ । ਇਹਨਾਂ ਫਰਜ਼ਾਂ ਤੋਂ ਅਵੇਸਲੀਆਂ ਜੱਥੇਬੰਦੀਆਂ ਤੋਂ ਲੋਕ ਹੌਲੀ ਹੌਲੀ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੇ ਹਨ ਤੇ ਅੱਜ ਦੇਸ਼ ਤੇ ਵਿਦੇਸ਼ਾਂ ਵਿੱਚ ਲੋਕਾਂ ਦੀ ਦੂਰੀ ਦਾ ਇਹ ਵੀ ਇੱਕ ਕਾਰਣ ਬਣਿਆ ਹੈ ।

ਅੰਤ ਵਿੱਚ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਸਮੂਹ ਨਾਨਕ ਲੇਵਾ ਸਿੱਖਾਂ ਨੂੰ ਅਪੀਲ ਹੈ ਕਿ ਸਿੱਖ ਕੌਮ ਦੀ ਅਜ਼ਾਦੀ ਦੀ ਖਾਤਰ ਸ਼ਹੀਦ ਹੋ ਗਈਆਂ ਪਵਿੱਤਰ ਆਤਮਾਵਾਂ ਦਾ ਕਾਰਜ ਅਧੂਰਾ ਹੈ ਬ੍ਰਹਮਵਾਦ ਦੀ ਅੰਦਰੂਨੀ ਤੇ ਬਾਹਰੀ ਗੁਲਾਮੀ ਤੋ ਛੁਟਕਾਰਾਂ ਪਾਉਣ ਲਈ ਇਸ ਕਾਰਜ ਨੂੰ ਪੂਰਾ ਕਰਨ ਲਈ ਸਿੱਖੀ ਅਸੂਲਾਂ ਸਿਧਾਤਾਂ ਤੇ ਪਹਿਰਾ ਦਿੰਦੀਆਂ ਹੋਇਆਂ ਸੰਘਰਸ਼ ਕਰ ਰਹੀਆਂ ਪੰਥਕ ਜਥੇਬੰਦੀਆਂ,ਆਗੂਆਂ ਜਿਨ੍ਹਾਂ ਨੇ ਇਸ ਕਥਨ ਅਨੁਸਾਰ ਕਿ ਜਾ ਕੇ ਤੱਕ ਪਰਦੇਸੀਆ, ਉਹਨਾਂ ਵਣਾਂ ਦੇ ਪਾਰ । ਦੇਖ ਕਿਨਾ ਦੇ ਝੁਕੇ ਨਹੀਂ, ਸੀਸ ਪਰਾਏ ਵਾਰ ॥ ਪਰਾਏ ਵਾਰ ਤੇ ਸੀਸ ਨਾ ਝੁਕਾਉਣ ਵਾਲਿਆ ਦਾ ਹੀ ਸਾਥ ਦੇਈਏ ਤੇ ਆਪਣਾ ਬਣਦਾ ਯੋਗਦਾਨ ਪਾਈਏ।

ਭੁਲਾਂ ਚੁੱਕਾਂ ਲਈ ਖਿਮਾਂ ਦਾ ਜਾਚਕ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top