Share on Facebook

Main News Page

ਗੁਜਰਾਤ ਵਿਚ ਸਿੱਖ ਕਿਸਾਨਾਂ ਉਪਰ ਹਮਲੇ ਦਾ ਮਾਮਲਾ ਗਰਮਾਇਆ

ਚੰਡੀਗੜ੍ਹ (ਸੁਖਜਿੰਦਰ ਮਾਨ) : ਬੀਤੇ ਕਲ ਗੁਜਰਾਤ ਦੇ ਭੁਜ ਜ਼ਿਲ੍ਹੇ ਦੇ ਖੇਤਾਂ ਵਿਚ ਕੰਮ ਕਰ ਰਹੇ ਸਿੱਖ ਕਿਸਾਨਾਂ ਉਪਰ ਹੋਏ ਹਮਲੇ ਨੇ ਪੰਜਾਬ ਦੀ ਸਿਆਸਤ ਗਰਮਾ ਦਿਤੀ ਹੈ। ਇਸ ਮਾਮਲੇ ਵਿਚ ਜਿਥੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ, ਚੋਣਾਂ ਤੋਂ ਪਹਿਲਾਂ ਹੀ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਫ਼ਿਰਕੂ ਚਿਹਰਾ ਸਾਹਮਣੇ ਆਉੁਣ ਦਾ ਦੋਸ਼ ਲਾਇਆ ਹੈ, ਉੁਥੇ ਹੀ ਪਤਾ ਲੱਗਾ ਹੈ ਕਿ ਸੂਬੇ ਦੀ ਅਕਾਲੀ–ਭਾਜਪਾ ਗਠਜੋੜ ਸਰਕਾਰ ਨੇ, ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਗੁਜਰਾਤ ਸਰਕਾਰ ਨਾਲ ਸੰਪਰਕ ਕੀਤਾ ਹੈ। ਜ਼ਖ਼ਮੀਆਂ ਨੇ ਇਸ ਮਾਮਲੇ ਵਿਚ ਭਾਜਪਾ ਨਾਲ ਸਬੰਧਤ ਇਕ ਸਾਬਕਾ ਸਰਪੰਚ ਦਾ ਨਾਮ ਸਾਹਮਣੇ ਲਿਆਂਦਾ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਗੁਜਰਾਤ ਪੁਲਿਸ ਨੇ ਇਸ ਮਾਮਲੇ ਵਿਚ ਅੱਜ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਥਿਤ ਹਮਲਾਵਰਾਂ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਹੈ। ਹਾਲਾਂਕਿ ਇਸ ਮਾਮਲੇ ਵਿਚ ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਬੀਤੇ ਕਲ ਗੁਜਰਾਤ ਦੇ ਜ਼ਿਲ੍ਹਾ ਭੁਜ ਦੇ ਪਿੰਡ ਲੋਰੀਆ 'ਚ ਜਦ ਕੁੱਝ ਸਿੱਖ ਕਿਸਾਨ ਅਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ ਤਾਂ ਦਰਜਨਾਂ ਦੀ ਤਾਦਾਦ ਵਿਚ ਇਕੱਤਰ ਹੋਏ ਲੋਕਾਂ ਨੇ ਇਨ੍ਹਾਂ ਕਿਸਾਨਾਂ ਉਪਰ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਕਿਸਾਨ ਅਮਨਦੀਪ ਸਿੰਘ, ਜਸਵਿੰਦਰ ਸਿੰਘ, ਅੰਗਰੇਜ ਸਿੰਘ ਤੇ ਹਰਪ੍ਰੀਤ ਸਿੰਘ ਦੇ ਜ਼ਖ਼ਮੀ ਹੋ ਗਏ। ਇਨ੍ਹਾਂ ਕਿਸਾਨਾਂ ਨੂੰ ਭੁਜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿਚੋਂ ਜਸਵਿੰਦਰ ਸਿੰਘ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਸੂਚਨਾ ਮੁਤਾਬਕ ਉਸ ਦੇ ਪੱਟ ਉਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਹੱਡੀ ਵੀ ਵੱਢੀ ਗਈ।

ਹਮਲੇ ਮੌਕੇ ਭੀੜ ਵਲੋਂ ਪੰਜਾਬੀ ਕਿਸਾਨਾਂ ਨੂੰ ਜ਼ਮੀਨ ਛੱਡ ਕੇ ਜਾਣ ਦੀ ਧਮਕੀ ਵੀ ਦਿਤੀ ਗਈ। ਘਟਨਾ ਸਾਹਮਣੇ ਆਉਂਦਿਆਂ ਹੀ ਗੁਜਰਾਤ ਦੇ ਕੱਛ ਖੇਤਰ ਵਿਚ ਰਹਿੰਦੇ ਸਿੱਖ ਕਿਸਾਨਾਂ 'ਚ ਭਾਰੀ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਸੂਤਰਾਂ ਅਨੁਸਾਰ ਇਸ ਘਟਨਾ ਨੂੰ ਪਿਛਲੇ ਦਿਨੀਂ ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ ਨੂੰ ਉਜਾੜਨ ਦੇ ਮੁੱਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਨ੍ਹਾਂ ਸਿੱਖ ਕਿਸਾਨਾਂ ਨੂੰ ਸਾਲ 1960 ਦੇ ਵਿਚ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸਾਸਤਰੀ ਨੇ ਪਾਕਿਸਤਾਨ ਦੀ ਸਰਹੱਦ ਨਾਲ ਬੰਜਰ ਪਈ ਜ਼ਮੀਨ ਉਪਰ ਪੰਜਾਬ ਨਾਲ ਸਬੰਧਤ ਕਿਸਾਨਾਂ ਨੂੰ ਵਸਾਇਆ ਸੀ। ਹੁਣ ਇਹ ਮਾਮਲਾ ਗੁਜਰਾਤ ਹਾਈਕੋਰਟ ਵਿਚੋਂ ਪੰਜਾਬੀ ਕਿਸਾਨ ਜਿੱਤ ਚੁੱਕੇ ਹਨ ਪਰ ਗੁਜਰਾਤ ਸਰਕਾਰ ਨੇ ਇਸ ਵਿਰੁਧ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਪਿਛਲੇ ਦਿਨਾਂ 'ਚ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ–ਭਾਜਪਾ ਸਰਕਾਰ ਵਿਚਕਾਰ ਕਾਫ਼ੀ ਸਬਦੀ ਜੰਗ ਹੋਈ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਸ ਮਸਲੇ ਵਿਚ ਪੰਜਾਬੀ ਕਿਸਾਨਾਂ ਦਾ ਉਜਾੜਾ ਨਾ ਕਰਨ ਦਾ ਭਰੋਸਾ ਦਿਤਾ ਸੀ। ਇਸ ਦੇ ਬਾਵਜੁਦ ਇਹ ਘਟਨਾ ਵਾਪਰ ਜਾਣੀ ਕਾਫ਼ੀ ਮਹੱਤਵ ਰੱਖਦੀ ਹੈ। ਦੂਜੇ ਪਾਸੇ ਭਾਜਪਾ ਸੂਤਰ ਇਹ ਵੀ ਦਾਅਵਾ ਕਰਦੇ ਹਨ ਕਿ ਇਹ ਮਾਮਲਾ ਉੁਥੇ ਜ਼ਮੀਨ ਦੇ ਆਪਸੀ ਵਿਵਾਦ ਨੂੰ ਲੈ ਕੇ ਹੋਇਆ ਹੈ ਜਿਸ ਪਿੱਛੇ ਸਰਕਾਰ ਜਾਂ ਭਾਜਪਾ ਦਾ ਕੋਈ ਹੱਥ ਨਹੀਂ ਹੈ। ਜਦਕਿ ਇਸ ਮਾਮਲੇ ਵਿਚ ਜਖਮੀ ਅਮਨਦੀਪ ਸਿੰਘ ਨੇ ਅੱਜ ਸਪੋਕਸਮੈਨ ਨਾਲ ਫ਼ੋਨ ਤੇ ਗੱਲਬਾਤ ਕਰਦਿਆਂ ਸਪੱਸ਼ਟ ਦੋਸ਼ ਲਗਾਇਆ ਕਿ ਹਮਲੇ ਵਿਚ ਲੋਰੀਆ ਖੇਤਰ ਨਾਲ ਸਬੰਧਤ ਭਾਜਪਾ ਆਗੂ ਪ੍ਰਤਾਪ ਸਿੰਘ ਸਾਬਕਾ ਸਰਪੰਚ ਦੀ ਭੁਮਿਕਾ ਹੈ।

ਉਨ੍ਹਾਂ ਅੱਗੇ ਦਸਿਆ ਕਿ 3 ਅਕਤੂਬਰ ਨੂੰ ਖੇਤਾਂ ਵਿਚ ਬਣੇ ਉੁਨ੍ਹਾਂ ਦੇ ਮਕਾਨ ਨੂੰ ਢਾਹ ਦਿੱਤਾ ਸੀ ਤੇ 4 ਅਕਤੂਬਰ ਨੂੰ ਜ਼ਿਲ੍ਹਾ ਕੁਲੈਕਟਰ ਭੁਜ ਤੇ ਐਸ.ਪੀ ਨੂੰ ਇਸ ਮਾਮਲੇ ਦੀ ਸਿਕਾਇਤ ਵੀ ਕੀਤੀ ਸੀ ਪ੍ਰੰਤੂ ਕੋਈ ਕਾਰਵਾਈ ਨਾ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿਉੁਂਕਿ ਉੁਨ੍ਹਾਂ ਅਪਣੀ ਪਹਿਲੀ ਸਿਕਾਇਤ ਵਿਚ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਜਾਨ–ਮਾਲ ਦਾ ਖਤਰਾ ਹੋਣ ਦਾ ਡਰ ਜਾਹਰ ਕੀਤੀ ਸੀ। ਘਟਨਾ ਬਾਰੇ ਵੇਰਵਾ ਦਿੰਦੇ ਹੋਏ ਅਮਨਦੀਪ ਸਿੰਘ ਨੇ ਸਪੋਕਸਮੈਨ ਨੂੰ ਦਸਿਆ ਕਿ 9 ਅਕਤੂਬਰ ਨੂੰ ਸਵੇਰੇ 7 ਵਜੇਂ ਉਸਤੋਂ ਇਲਾਵਾ ਜਸਵਿੰਦਰ ਸਿੰਘ, ਅੰਗਰੇਜ ਸਿੰਘ ਤੇ ਹਰਪ੍ਰੀਤ ਸਿੰਘ ਅਪਣੇ ਖੇਤਾਂ ਵਿਚ ਦੋ ਟਰੈਕਟਰਾਂ ਦੇ ਨਾਲ ਰਿੰਡੀ ਦੀ ਫ਼ਸਲ ਫ਼ੀਜ ਰਹੇ ਸਨ। ਇਸ ਦੌਰਾਨ ਉਕਤ ਪ੍ਰਤਾਪ ਸਿੰਘ ਦੀ ਅਗਵਾਈ ਹੇਠ 3 ਜੀਪਾਂ ਅਤੇ 2 ਟਰੈਕਟਰਾਂ ਉਪਰ ਤੇਜਧਾਰ ਹਥਿਆਰਾਂ ਨਾਲ ਲੈਸ ਵਿਅਕਤੀ ਆਏ ਤੇ ਆਉਂਦੇ ਸਾਰ ਹੀ ਉਨ੍ਹਾਂ ਤੇ ਹਮਲਾ ਕਰ ਦਿੱਤਾ। ਜਿਸ ਵਿਚ ਉਹ ਚਾਰੇ ਜਖਮੀ ਹੋ ਗਏ ਜਦੋਂਕਿ ਇਸ ਮੌਕੇ 2 ਬੰਦੇ ਜਾਨ ਬਚਾ ਕੇ ਭੱਜਣ ਵਿਚ ਵੀ ਸਫ਼ਲ ਰਹੇ। ਅਮਨਦੀਪ ਸਿੰਘ ਨੇ ਦੋਸ ਲਗਾਇਆ ਕਿ ਅੱਜ ਭੁਜ ਦੇ ਥਾਣਾ ਬੀ.ਡਵੀਜਨ ਦੀ ਪੁਲਿਸ ਵਲੋਂ ਜਖਮੀਆਂ ਦੇ ਬਿਆਨ ਦਰਜ ਕਰਨ ਦੇ ਬਾਵਜੂਦ ਹਮਲਾਵਾਰਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਮੋਦੀ ਜਦ ਇਕੱਲੇ ਗੁਜਰਾਤ 'ਚ ਘੱਟ ਗਿਣਤੀਆਂ ਦੀ ਸੁਰੱਖਿਆ ਨਹੀਂ ਕਰ ਸਕਦਾ ਤਾਂ ਦੇਸ 'ਚ ਕਿਵੇਂ ਕਰੇਗਾ: ਕਾਂਗਰਸ

* ਅਕਾਲੀ ਭਾਜਪਾ ਨਾਲ ਅਪਣੇ ਸਬੰਧਾਂ ਤੇ ਮੁੜ ਵਿਚਾਰ ਕਰਨ

ਚੰਡੀਗੜ੍ਹ: ਇਸ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਘੇਰਦਿਆਂ ਪੰਜਾਬ ਕਾਂਗਰਸ ਨੇ ਅਕਾਲੀਆਂ ਨੂੰ ਭਾਜਪਾ ਨਾਲ ਅਪਣੇ ਸਬੰਧਾਂ ਨੂੰ ਮੁੜ ਵਿਚਾਰਨ ਬਾਰੇ ਕਿਹਾ ਹੈ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਦਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਹਿਤ ਪੂਰੀ ਕਾਂਗਰਸ ਇਸ ਘਟਨਾ ਦੀ ਸਖਤ ਨਿੰਦਾ ਕਰਦੀ ਹੈ ਤੇ ਹਮਲਾਵਾਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦੀ ਹੈ। ਉੁਨ੍ਹਾਂ ਕਿਹਾ ਕਿ ਅੱਜ ਇੱਕ ਪਾਸੇ ਸ਼੍ਰੀ ਮੋਦੀ ਭਾਜਪਾ ਵਲੋਂ ਪ੍ਰਧਾਨ ਮੰਤਰੀ ਦੇ ਅਹੁੱਦੇ ਦੇ ਦਾਅਵੇਦਾਰ ਹਨ ਤੇ ਦੂਜੇ ਪਾਸੇ ਅਪਣੇ ਸੂਬੇ ਗੁਜਰਾਤ ਵਿਚ ਹੀ ਘੱਟ ਗਿਣਤੀਆਂ ਦੀ ਸੁਰੱਖਿਆ ਕਰਨ ਤੋਂ ਅਸਫ਼ਲ ਰਹੇ ਹਨ।

ਇਹ ਮੁੱਦਾ ਆਪਸੀ ਖਹਿਬਾਜੀ ਦਾ: ਕਮਲ ਸਰਮਾ

ਚੰਡੀਗੜ੍ਹ: ਉੁਧਰ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸਰਮਾ ਨੇ ਇਸ ਮੁੱਦੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਮੁੱਦਾ ਘੱਟ ਗਿਣਤੀ ਜਾਂ ਨਸਲੀ ਹਮਲਾ ਨਹੀਂ, ਬਲਕਿ ਜਮੀਨ ਨੂੰ ਲੈ ਕੇ ਆਪਸੀ ਖਹਿਬਾਜੀ ਦਾ ਹੈ। ਇਸ ਮਾਮਲੇ ਵਿਚ ਗੁਜਰਾਤ ਸਰਕਾਰ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ।

ਮਾਮਲੇ ਦੀ ਤਹਿ ਤੱਕ ਪੁਜਿਆ ਜਾ ਰਿਹਾ ਹੈ: ਡਾ ਚੀਮਾ

ਚੰਡੀਗੜ੍ਹ: ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਸ ਮਾਮਲੇ ਸੰਪਰਕ ਕਰਨ ਤੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾ ਚੌਕੰਨੀ ਹੈ ਤੇ ਮਾਮਲੇ ਦੀ ਤਹਿ ਤੱਕ ਪੁੱਜਣ ਦੀ ਕੋਸਿਸ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਸਰਕਾਰ ਦਾ ਗੁਜਰਾਤ ਨਾਲ ਰਾਬਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top