Share on Facebook

Main News Page

ਕੰਜਕ ਪੂਜਣ ਤੇ ਬਾਲੜੀ ਦਿਵਸ ਦੇ ਕੀ ਅਰਥ…?
-: ਜਸਪਾਲ ਸਿੰਘ ਹੇਰਾਂ

ਇਹ ਮੌਕਾ ਮੇਲ ਹੀ ਹੈ ਕਿ ਅੱਜ ਬਾਲੜੀ ਦਿਵਸ ਹੈ ਅਤੇ ਭਲਕੇ ਅਸ਼ਟਮੀ ਅਤੇ ਨੌਵੀਂ ਇਕੱਠੀਆਂ ਮਨਾਈਆਂ ਜਾਣੀਆਂ ਹਨ, ਇਸ ਦਿਨ ‘ਕੰਜਕਾਂ’ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ‘ਧੀਆਂ’ ਦੀ ਪੂਜਾ ਲਈ ਵਿਸ਼ੇਸ਼ ਤਿਉਹਾਰ ਮਿੱਥਦੀ ਹੈ, ਉਸ ਦੇਸ਼ ’ਚ ਜੇ ਅੱਜ ਵੀ ਔਰਤ ਅੱਤਿਆਚਾਰ ਦੀ ਸ਼ਿਕਾਰ ਹੈ, ਭੋਗ ਦੀ ਵਸਤੂ ਹੈ, ਪੈਰ ਦੀ ਜੁੱਤੀ ਹੈ, ਮਾਣ-ਸਨਮਾਨ ਹੀ ਪਾਤਰ ਹੀ ਨਹੀਂ ਹੈ, ਫਿਰ ਉਸ ਦੇਸ਼ ’ਚ ਅਜਿਹੀਆਂ ਰਸਮਾਂ ਨੂੰ ਜੇ ਪਾਖੰਡ ਆਖ਼ ਦਿੱਤਾ ਜਾਵੇ ਤਾਂ ਸ਼ਾਇਦ ਅਤਿਕਥਨੀ ਨਹੀਂ ਹੋਵੇਗੀ।

ਦਿਨ ਆਉਂਦੇ ਹਨ ਚਲੇ ਜਾਂਦੇ ਹਨ, ਜਿਹੜੇ ਦਿਨਾਂ ਨੂੰ ਵਿਸ਼ੇਸ਼ ਦਿਨਾਂ ਵਜੋਂ ਮਹਾਨਤਾ ਦਿੱਤੀ ਗਈ ਹੈ, ਉਨ੍ਹਾਂ ਦਿਨਾਂ ’ਚ ਸਮਾਗਮ, ਸੈਮੀਨਾਰ ਤੇ ਮੀਡੀਏ ’ਚ ਇਕ ਅੱਧ ਦਿਨ ਦੀ ਚਰਚਾ ਨਾਲ ਸਾਰ ਦਿੱਤਾ ਜਾਂਦਾ ਹੈ, ਕੋਈ ਵਿਸ਼ੇਸ਼ ਦਿਨ ਭਾਵੇਂ ਕਿੰਨਾ ਮਹਾਨ ਕਿਉਂ ਨਾ ਹੋਵੇ ਉਹ ਵੀ ਮੂੰਹ ਜ਼ੁਬਾਨੀ ਸੰਦੇਸ਼ ਦੇਣ ਤੋਂ ਇਲਾਵਾ ਹੋਰ ਕੋਈ ਪ੍ਰਭਾਵ ਨਹੀਂ ਛੱਡਦਾ। ਬਹੁਰਾਸ਼ਟਰੀ ਕੰਪਨੀਆਂ ਨੇ ਆਪਣੇ ਵੱਖ-ਵੱਖ ਸਮਾਨਾਂ ਦੀ ਵਿਕਰੀ ਲਈ ਉੱਚ ਅਤੇ ਮੱਧਵਰਗ ਦੀਆਂ ਜੇਬਾਂ ਖ਼ਾਲੀ ਕਰਵਾਉਣ ਲਈ ਇਨ੍ਹਾਂ ਦਿਨਾਂ ਨੂੰ ਕੋਈ ਨਾ ਕੋਈ ਨਾਮ ਦੇ ਛੱਡਿਆ ਹੈ। ਉਨ੍ਹਾਂ ਦੀ ਸੋਚ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਤੱਕ ਸੀਮਤ ਹੈ, ਇਸ ਲਈ ਇਹ ਵਿਸ਼ੇਸ਼ ਦਿਨ ਸਿਰਫ਼ ਤੇ ਸਿਰਫ਼ ਰਸਮੀ ਹੋ ਕੇ ਰਹਿ ਗਏ ਹਨ। ਅਸੀਂ ਪੁਰਾਤਨ ਪਿਰਤਾਂ ਦੀ ਪਾਲਣਾ ਤਾਂ ਅੱਖਾਂ ਮੀਚ ਕੇ ਕਰੀ ਜਾਂਦੇ ਹਾਂ, ਦੂਸਰਾ ਰਸਮੀ ਰੂਪ ’ਚ ਤਾਂ ਇਨ੍ਹਾਂ ਦਿਨਾਂ ਨੂੰ ਮਨਾ ਕੇ ਆਪਣੇ ਮਨੋਰੰਜਨ, ਵਪਾਰ ਤੇ ਮੇਲ-ਜੋਲ ਵਧਾਉਣ ਦੇ ਸਾਧਨ ਬਣਾ ਲਿਆ ਹੈ, ਪ੍ਰੰਤੂ ਇਨ੍ਹਾਂ ਵਿਸ਼ੇਸ਼ ਦਿਨਾਂ ਦੀ ਆਤਮਾ ਕੀ ਪੁਕਾਰਦੀ ਹੈ ਇਹ ਸੁਣਨ ਲਈ ਕੋਈ ਤਿਆਰ ਨਹੀਂ।

19 ਦਸੰਬਰ 2011 ਨੂੰ ਯੂ ਐਨ ਓ ਨੇ 11 ਅਕਤੂਬਰ ਦੇ ਦਿਨ ਨੂੰ ਅੰਤਰਾਸ਼ਟਰੀ ਬਾਲੜੀ ਦਿਵਸ ਐਲਾਨਿਆ ਸੀ। ਇਸ ਲਈ ਅਸੀਂ ਅੱਜ 11 ਅਕਤੂਬਰ ਨੂੰ ਬਾਲੜੀ ਦਿਵਸ ਵਜੋਂ ਮਨਾ ਰਹੇ ਹਾਂ, ਤੇ ਪੁਰਾਤਨ ਰਵਾਇਤਾਂ ਅਨੁਸਾਰ ਦੁਸਹਿਰੇ ਤੋਂ ਪਹਿਲਾ ਆਉਂਦੀ ਅਸ਼ਟਮੀ ਅਤੇ ਨੌਵੀਂ ਨੂੰ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ, ਪ੍ਰੰਤੂ ਕੀ ਸਾਡਾ ਸਮਾਜ ਬਾਲੜੀ ਦੀ ਹੋਣੀ ਪ੍ਰਤੀ ਗੰਭੀਰ ਹੈ, ਇਸ ਸੁਆਲ ’ਤੇ ਨਾ ਤਾਂ ਕਿਸੇ ਨੇ ਬਾਲੜੀ ਦਿਵਸ ਵਾਲੇ ਦਿਨ ਵਿਚਾਰ ਕਰਨੀ ਹੈ ਅਤੇ ਨਾ ਹੀ ਕੰਜਕਾਂ ਦੀ ਪੂਜਾ ਕਰਦਿਆਂ ਕੰਜਕ ਦੀ ਹੋਣੀ ਬਾਰੇ ਕਿਸੇ ਦੇ ਮਨ ਮਸਤਕ ’ਤੇ ਕੋਈ ਸੁਆਲ ਉਭਰਨਾ ਹੈ, ਦੇਸ਼ ’ਚ ਆਏ ਦਿਨ ਬਾਲੜੀਆਂ ਨਾਲ ਬਲਾਤਕਾਰ ਹੁੰਦੇ ਹਨ, ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾ ਦਿੱਤੇ ਜਾਣ ਦੇ ਬਾਵਜੂਦ ਬਾਲੜੀਆਂ ਦੀਆਂ ਹੋਣੀ ’ਚ ਕੋਈ ਤਬਦੀਲੀ ਨਹੀਂ ਆਈ, ਸਗੋਂ ਦੇਸ਼ ਦੇ ਕਰਤੇ-ਧਰਤੇ ਬਲਾਤਕਾਰ ਖ਼ਤਮ ਕਰਵਾਉਣ ਲਈ ਕੁੜੀਆਂ ਦੇ ਵਿਆਹ ਨਿੱਕੀ ਉਮਰੇ ਕਰ ਦੇਣ ਜਾਂ ਉਨ੍ਹਾਂ ਦੇ ਕੱਪੜਿਆਂ ਬਾਰੇ ਸੁਝਾਅ ਦੇਣ ਤੋਂ ਅੱਗੇ ਨਹੀਂ ਤੁਰਦੇ। ਅਸੀਂ ਰੁੱਖ ਤੇ ਕੁੱਖ ਦੀ ਰਾਖ਼ੀ ਦਾ ਹੋਕਾ ਦਿੱਤਾ ਹੈ, ਪ੍ਰੰਤੂ ਕੋਈ ਪਰਿਵਾਰ ਆਪਣੇ ਘਰ ਵਿੱਚ ਦੂਜੀ ਧੀ ਦਾ ਜਨਮ ਨਹੀਂ ਚਾਹੁੰਦਾ, ਉਹ ਹਰ ਕੀਮਤ ’ਤੇ ਪੁੱਤਰ ਦੀ ਪ੍ਰਾਪਤੀ ਲਈ ਜ਼ਮੀਨ-ਆਸਮਾਨ ਇਕ ਕਰ ਦਿੰਦਾ ਹੈ, ਪੁੱਤਰ ਅਤੇ ਧੀਆਂ ਨੂੰ ਬਰਾਬਰੀ ਦੇਣ ਦੇ ਫ਼ੋਕੇ ਦਾਅਵੇ ਤਾਂ ਹੁੰਦੇ ਹਨ, ਦੁਨੀਆ ਨੂੰ ਵਿਖਾਵੇ ਲਈ ਅਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਲਈ, ਕਿਤੇ-ਕਿਤੇ ਧੀ ਦੀ ਲੋਹੜੀ ਵੀ ਮਨਾਈ ਜਾਂਦੀ ਹੈ।

ਪ੍ਰੰਤੂ ਸਾਡੀ ਮਾਨਸਿਕਤਾ ’ਚ ਕਿੰਨੀ ਤਬਦੀਲੀ ਆਈ ਹੈ, ਉਸ ਬਾਰੇ ਅਸੀਂ ਆਪਣੀ ਆਤਮਾ ਤੋਂ ਪੁੱਛ ਸਕਦੇ ਹਾਂ, ਜਾਂ ਫਿਰ ਗਰਭ ’ਚ ਮੁੰਡੇ-ਕੁੜੀ ਦੀ ਪਛਾਣ ਕਰਨ ਲਈ ਕਾਨੂੰਨ ਤੋਂ ਚੋਰੀ ਰੋਜ਼ਾਨਾ ਹੁੰਦੇ ਹਜ਼ਾਰਾਂ ਟੈਸਟਾਂ ਦੀ ਗਿਣਤੀ ਤੋਂ ਬਾਖ਼ੂਬੀ ਲਾ ਸਕਦੇ ਹਾਂ। ਗੁਰੂਆਂ, ਪੀਰਾਂ, ਫਕੀਰਾਂ ਦੀ ਇਸ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ ਕੁੜੀ ਮਾਰ ਨਾਲ ਸਬੰਧ ਤੋੜਨ ਦਾ ਹੁਕਮ ਸੁਣਾਇਆ ਹੋਇਆ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਵੀ ਆਧੁਨਿਕ ਸਮੇਂ ’ਚ ਜਾਰੀ ਹੋਇਆ ਹੈ, ਪ੍ਰੰਤੂ ਇਸਦੇ ਬਾਵਜੂਦ ਪੰਜਾਬ ’ਚ ਸਿਫ਼ਰ ਤੋਂ ਛੇ ਸਾਲ ਦੇ ਬੱਚਿਆਂ ’ਚ ਬਾਲੜੀ ਦੀ ਅਨੁਪਾਤ 1000 ਪਿੱਛੇ 853 ਹੈ। 21ਵੀਂ ਸਦੀ ਦੇ ਹੋਣ ਦੇ ਨਾਤੇ ਅਸੀਂ ਆਪਣੇ-ਆਪ ਨੂੰ ਅਗਾਂਹਵਧੂ ਮੰਨਦੇ ਹਾਂ, ਆਧੁਨਿਕਤਾ ਦਾ ਢੰਡੋਰਾ ਵੀ ਪਿੱਟਦੇ ਹਾਂ, ਉਸ ਜੇ ਬਾਵਜੂਦ ਪੰਜਾਬ ’ਚ ਪਿਛਲੇ ਇਕ ਦਹਾਕੇ ’ਚ ਅਸੀਂ ਬਾਲੜੀਆਂ ਦੀ ਅਨੁਪਾਤ ’ਚ ਸਿਰਫ਼ 1000 ਪਿੱਛੇ 64 ਦਾ ਸੁਧਾਰ ਕਰ ਸਕੇ ਹਾਂ।

ਪਿਛਲੇ ਦਹਾਕੇ ’ਚ ਇਹ ਅਨੁਪਾਤ 1000 ਪਿੱਛੇ 789 ਜਿਹੜੀ ਅੱਜ 853 ਤੇ ਪੁੱਜੀ ਹੈ। ਬਾਲੜੀਆਂ ਨੂੰ ਅਸੀਂ ਮੁੰਡਿਆਂ ਦੇ ਬਰਾਬਰ ਲਾਡ, ਪਿਆਰ ਅਤੇ ਸਿੱਖਿਆ ਸਹੂਲਤਾਂ ਦੇਣ ਅਤੇ ਉਨ੍ਹਾਂ ’ਚ ਕੁੜੀ ਹੋਣ ਕਾਰਣ ਬਰਾਬਰੀ ਤੋਂ ਵਾਂਝੀ ਹੋਣ ਦੀ ਸੋਚ ਤੋਂ ਆਜ਼ਾਦ ਨਹੀਂ ਕਰਵਾ ਸਕੇ। ਲੱਚਰਤਾ ਦੇ ਨਵੇਂ ਵਗੇ ਸੱਤਵੇਂ ਦਰਿਆ ਨੇ ਬਾਲੜੀਆਂ ’ਚ ਅਤੇ ਬਾਲੜੀਆਂ ਦੇ ਮਾਂ-ਬਾਪ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪੁਰਾਤਨ ਕਦਰਾਂ-ਕੀਮਤਾਂ ਦੀ ਧੇਹ ’ਤੇ ਜਿਸ ਲੱਚਰਤਾ ਦੇ ਮਹਿਲ ਉਸਾਰਨ ਦੇ ਯਤਨ ਹੋ ਰਹੇ ਹਨ, ਉਨ੍ਹਾਂ ਨੇ ਸਮਾਜ ’ਚ ਨੈਤਿਕ ਕਦਰਾਂ ਕੀਮਤਾਂ ਖ਼ਤਮ ਕਰ ਦਿੱਤੀਆਂ ਹਨ। ਰਿਸ਼ਤੇ ਤਿੜਕ ਗਏ ਹਨ, ਜਿਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਬਾਲੜੀਆਂ ਤੇ ਪੈ ਰਿਹਾ ਹੈ। ਕਿਉਂਕਿ ਉਹ ਬਾਪ ਦੀ ਬੁੱਕਲ ਵਿੱਚ ਵੀ ਸੁਰੱਖਿਅਤ ਨਹੀਂ ਰਹੀਆਂ। ਸਿੱਖ ਧਰਮ ’ਚ ਜੋ ਰੁਤਬਾ ਔਰਤ ਨੂੰ ਦਿੱਤਾ ਗਿਆ ਹੈ, ਸਿੱਖ ਕੌਮ ਦੀਆਂ ਮਹਾਨ ਮਾਤਾਵਾਂ, ਮਾਤਾ ਗੁਜਰੀ, ਮਾਤਾ ਸਾਹਿਬ ਕੌਰ, ਅਤੇ ਮਾਈ ਭਾਗੋ ਨੇ ਔਰਤ ਦੇ ਰੁਤਬੇ ਨੂੰ ਜੋ ਮਹਾਨਤਾ ਬਖ਼ਸੀ ਸੀ, ਅੱਜ ਦੀ ਔਰਤ ਉਸ ਰੁਤਬੇ ਦੀ ਰਾਖ਼ੀ ਕਰਨ ਤੋਂ ਆਖ਼ਰ ਅਸਮੱਰਥ ਕਿਉਂ ਹੋ ਗਈ ਹੈ?

ਅਸੀਂ ਚਾਹੁੰਦੇ ਹਾਂ ਕਿ ਬਾਲੜੀ ਦਿਵਸ ਨੂੰ ਜਾਂ ਕੰਜਕਾਂ ਪੂਜਨ ਨੂੰ ਸਿਰਫ਼ ਰਸਮੀਂ ਨਾ ਰੱਖਿਆ ਜਾਵੇ। ਧੀਆਂ ਦੀ ਕੁੱਖ ’ਚ ਰੱਖਿਆ ਤੱਕ ਹੀ ਸੀਮਤ ਨਾ ਕੀਤਾ ਜਾਵੇ, ਸਗੋਂ ਇਸ ਦਿਨ ਇਕ ਧੀ, ਭੈਣ, ਮਾਂ, ਪਤਨੀ ਦੇ ਰੂਪ ’ਚ ਔਰਤ ਦੀ ਅੱਜ ਦੇ ਪੜ੍ਹੇ-ਲਿਖੇ ਆਖੇ ਜਾਂਦੇ ਸਮਾਜ ’ਚ ਕੀ ਮਹੱਤਤਾ ਹੈ? ਉਸ ਪ੍ਰਾਪਤ ਰੁਤਬੇ ਅਨੁਸਾਰ ਮਾਣ-ਸਤਿਕਾਰ ਕਿਉਂ ਨਹੀਂ ਮਿਲਦਾ। ਇਸ ਦਾ ਲੇਖਾ-ਜੋਖਾ ਵੀ ਹੋਣਾ ਚਾਹੀਦਾ ਹੈ ਅਤੇ ਔਰਤ ਕਦੋਂ ਤੱਕ ਅਬਲਾ ਹੀ ਬਣੀ ਰਹੇਗੀ। ਸਮਾਜ ਦੀ ਸੋਚ ’ਚ ਔਰਤ ਨੂੰ ਲੈ ਕੇ ਤਬਦੀਲੀ ਕਦੋਂ ਅਤੇ ਕਿਵੇਂ ਆਵੇਗੀ? ਇਹ ਸਾਰੇ ਸੁਆਲ ਅੱਜ ਦੇ ਜਵਾਬ ਮੰਗਦੇ ਹਨ। ਬਾਲੜੀ ਦਿਵਸ ਨੂੰ ਜਮੀਰ ਝੰਜੋੜਨ ਵਾਲੇ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ, ਖ਼ਾਸ ਕਰਕੇ ਪੰਜਾਬ ’ਚ ਕਿਉਂਕਿ ਨੰਨ੍ਹੀ ਛਾਂ ਲਹਿਰ ਵੀ ਚਲਾਈ ਜਾ ਰਹੀ ਹੈ। ਉਸ ਲਹਿਰ ਅਤੇ ਬਾਲੜੀ ਦਿਵਸ ਅਤੇ ਨਾਲ ਦੀ ਨਾਲ ਕੰਜਕ ਪੂਜਨ ਨੂੰ ਲੈ ਕੇ ਪੰਜਾਬ ’ਚ ਭਰੂਣ ਹੱਤਿਆ, ਬਲਾਤਕਾਰ, ਔਰਤਾਂ ਨਾਲ ਹੁੰਦੀ ਹਿੰਸਾ ਅਤੇ ਛੇੜ-ਛਾੜ ਬਾਰੇ ਡੂੰਘੇ ਵਿਸ਼ੇਲਸ਼ਣ ਅਤੇ ਔਰਤ ਦੀ ਮਹਾਨਤਾ ਨੂੰ ਬਹਾਲ ਕਰਨ ਵਾਲੀ ਲਹਿਰ ਦੀ ਆਰੰਭਤਾ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top