Share on Facebook

Main News Page

ਸਿੱਖੀ 'ਚ ਯੋਗਾ ਦੀ ਘੁਸਪੈਠ
-: ਡਾ. ਅਮਰਜੀਤ ਸਿੰਘ, ਵਾਸ਼ਿੰਗਟਨ ਡੀ.ਸੀ.

ਸਿੱਖ ਵਸੋਂ ਨਾਲ ਭਰਪੂਰ ਕੈਨੇਡਾ ਦੇ ਸਰੀ ਸ਼ਹਿਰ 'ਚ ਸਥਿਤ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਯੋਗਾ ਸਿਖਾਏ ਜਾਣ ਦੀ ਜਾਣਕਾਰੀ ਬਾਹਰ ਆਉਣ ਨਾਲ ਸਿੱਖ ਹਲਕਿਆਂ ਵਿਚ ਮੁੜ ਇਹ ਚਰਚਾ ਜ਼ੋਰ ਫੜ ਗਈ ਹੈ ਕਿ ਸਿੱਖੀ 'ਚ ਯੋਗਾ ਦੀ ਘੁਸਪੈਠ ਕਰਵਾਈ ਜਾ ਰਹੀ ਹੈ ਪਰ ਸਿੱਖ ਸੰਸਥਾਵਾਂ ਇਸ ਸਬੰਧੀ ਜਾਗਰੂਕ ਹੀ ਨਹੀਂ ਹਨ। ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰਬੰਧਕ ਡੀ. ਕੌਰ ਦੇ ਦਸਤਖਤਾਂ ਹੇਠ ਜਾਰੀ ਇੱਕ ਪੱਤਰ 'ਚ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਮੁਫ਼ਤ ਯੋਗਾ ਕਲਾਸਾਂ ਉਪਲਬਧ ਕਰਵਾਈਆਂ ਜਾਣਗੀਆਂ। ਸਰੀਰਕ ਸਿੱਖਿਆ (ਪੀ. ਈ.) ਕਲਾਸ ਦੌਰਾਨ 15 ਅਕਤੂਬਰ 2013 ਤੋਂ ਯੋਗਾ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ ਦੂਜੀ ਅਤੇ ਤੀਜੀ ਜਮਾਤ ਦੇ ਛੋਟੇ-ਛੋਟੇ ਵਿਦਿਆਰਥੀ ਵੀ ਸ਼ਾਮਲ ਹੋਣਗੇ। ਇਸ ਸਬੰਧੀ ਉਨ੍ਹਾਂ ਮਾਪਿਆਂ ਨੇ ਚਿੰਤਾ ਜ਼ਾਹਿਰ ਕੀਤੀ ਹੈ, ਜਿਨ੍ਹਾਂ ਨੇ ਸਿੱਖ ਧਰਮ ਅਤੇ ਸਿੱਖੀ ਰਵਾਇਤਾਂ ਨਾਲ ਜੁੜੇ ਰਹਿਣ ਲਈ ਆਪਣੇ ਬੱਚੇ ਖ਼ਾਲਸਾ ਸਕੂਲ ਵਿਚ ਪੜ੍ਹਨ ਪਾਏ ਸਨ, ਪਰ ਹੁਣ ਉਨ੍ਹਾਂ ਨੂੰ ਜਾਪਦਾ ਹੈ ਕਿ ਸਕੂਲ 'ਚ ਯੋਗਾ ਦੀ ਘੁਸਪੈਠ ਕਾਰਨ ਉਨ੍ਹਾਂ ਦੇ ਬੱਚੇ ਹਿੰਦੂਤਵੀ ਰੰਗ 'ਚ ਰੰਗੇ ਜਾ ਸਕਦੇ ਹਨ।

ਲਗਭਗ ਦੋ ਸਾਲ ਪਹਿਲਾਂ ਕੈਲੇਫੋਰਨੀਆ ਦੀ ਸੈਨ-ਡੀਆਗੋ ਕਾਊਂਟੀ ਦੇ 9 ਸਕੂਲਾਂ ਵਿਚ ਲਗਾਈਆਂ ਜਾ ਰਹੀਆਂ ''ਅਸ਼ਟਾਂਗ ਯੋਗਾ'' ਦੀਆਂ ਕਲਾਸਾਂ ਦੇ ਖ਼ਿਲਾਫ਼ ਬੱਚਿਆਂ ਦੇ ਮਾਪੇ ਅਦਾਲਤ ਵਿਚ ਚਲੇ ਗਏ ਸਨ। ਇਸ ਮਕਸਦ ਲਈ ਉਨ੍ਹਾਂ ਨੇ ਪ੍ਰਸਿੱਧ ਸੰਵਿਧਾਨਕ ਵਕੀਲ ਡੀਨ ਬਰਾਇਲਜ਼ ਦੀਆਂ ਸੇਵਾਵਾਂ ਲਈਆਂ ਸਨ। ਵਕੀਲ ਡੀਨ ਬਰਾਇਲਜ਼ ਨੇ ਏ. ਬੀ. ਸੀ. ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਬੜੀ ਪਤੇ ਦੀ ਗੱਲ ਕਹੀ ਸੀ, ''ਯੋਗਾ ਵਿਚਲੇ ਆਸਣ ਅਤੇ ਪੋਜ਼ ਹਿੰਦੂ ਧਰਮ ਵਿਚਲੀ ਦੇਵਤਿਆਂ ਦੀ ਪੂਜਾ-ਅਰਚਣਾ ਦੇ ਤਰੀਕੇ ਹਨ। ਇਨ੍ਹਾਂ ਦੇ ਪਿੱਛੇ ਧਾਰਮਿਕ ਅਤੇ ਰੂਹਾਨੀ ਹਿੰਦੂ ਫ਼ਲਸਫ਼ਾ ਹੈ। ਬੱਚਿਆਂ ਨੂੰ ਹਿੰਦੂ ਫ਼ਲਸਫ਼ੇ ਦੀ ਤਾਲੀਮ ਦਿੱਤੀ ਜਾ ਰਹੀ ਹੈ। ਕੰਧ 'ਤੇ ਲੱਗੀ ਅਸ਼ਟਾਂਗ (ਅੱਠ ਅੰਗ) ਦੇਵਤੇ ਦੀ ਤਸਵੀਰ, ਯੋਗਾ ਦੇ ਵਿਦਿਆਰਥੀਆਂ ਨੂੰ ਅਖੀਰ ਵਿਚ ਅਸ਼ਟਭੁਜੀ ਦੇਵਤੇ ਰਾਹੀਂ 'ਸਮਾਧੀ' ਵਿਚ ਲੀਨ ਹੋਣ ਦੀ ਜਾਚ ਸਿਖਾਉਣਾ ਹੈ। ਹਕੀਕਤ ਇਹ ਹੈ ਕਿ ਵਿਦਿਆਰਥੀਆਂ ਨੂੰ ਕਸਰਤ ਕਰਵਾਉਣ ਦੇ ਨਾਂ ਹੇਠ ਸਿਖਾਇਆ ਜਾ ਰਿਹਾ ਯੋਗਾ, ਉਨ੍ਹਾਂ ਨੂੰ ਅਖੀਰ ਹਿੰਦੂ ਧਰਮ ਦੇ ਰਾਹ ਪਾਉਣਾ ਹੀ ਹੈ।''

ਪਾਠਕ ਜਨ! ਅਮਰੀਕਨਾਂ ਨੂੰ ਤਾਂ ਹੌਲੀ-ਹੌਲੀ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਯੋਗਾ ਦੇ ਨਾਂ 'ਤੇ ਉਨ੍ਹਾਂ ਨੂੰ ਹਿੰਦੂ ਧਰਮ ਵੱਲ ਧੱਕਿਆ ਜਾ ਰਿਹਾ ਹੈ ਪਰ ਸਿੱਖ ਕੌਮ ਦੇ ਕਰਤਿਆਂ-ਧਰਤਿਆਂ ਅਤੇ ਸਿੱਖ ਅਵਾਮ ਨੂੰ ਇਹ ਸੱਚ ਕਦੋਂ ਸਮਝ ਆਵੇਗਾ?

ਸਿੱਖ ਕੌਮ ਇੱਕ 'ਜਜ਼ਬਾਤੀ', ਪੜ੍ਹਨ ਦਾ ਸ਼ੌਕ ਘੱਟ ਹੋਣ ਅਤੇ ਖੁੱਲ੍ਹੇ ਸੁਭਾਅ ਵਾਲੀ 'ਸੈਕੂਲਰ' ਪਹੁੰਚ ਵਾਲੀ ਕੌਮ ਹੋਣ ਕਰ ਕੇ, ਬਹੁਤ ਵਾਰ ਟਪਲਿਆਂ ਦਾ ਸ਼ਿਕਾਰ ਹੁੰਦੀ ਹੈ। ਅਖੀਰ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਫਿਰ ਇਹ ਸਰਸਰੀ ਪਹੁੰਚ ਅਪਣਾ ਲਈ ਜਾਂਦੀ ਹੈ - 'ਸਾਨੂੰ ਪਤਾ ਹੀ ਨਹੀਂ ਲੱਗਾ ਜਾਂ ਸਾਡੇ ਨਾਲ ਧੋਖਾ ਹੋ ਗਿਆ।' ਸਿਆਸੀ ਪਿੜ ਵਿਚ ਸਾਡੇ ਨਾਲ ਹੋਏ 'ਧੋਖਿਆਂ' ਦੀ ਬੁਨਿਆਦ ਵੀ ਇਹ ਹੀ ਪਹੁੰਚ ਹੈ ਅਤੇ ਸਾਡੇ ਧਾਰਮਿਕ ਅਦਾਰਿਆਂ, ਧਾਰਮਿਕ ਵਿਸ਼ਵਾਸ਼ਾਂ ਵਿਚ ਹੋ ਰਹੀ 'ਹਿੰਦੂਤਵੀ ਘੁਸਪੈਠ' ਦਾ ਕਾਰਨ ਵੀ ਇਹ 'ਸਰਸਰੀ ਪਹੁੰਚ' ਹੀ ਹੈ, ਜਿਸ ਵਿਚ ਪੂਰੀ ਪੁਣਛਾਣ ਤੇ ਪੜਤਾਲ ਕਰ ਕੇ ਕੋਈ ਨਿਰਣਾ ਨਹੀਂ ਲਿਆ ਜਾਂਦਾ ਬਲਕਿ ਬਾਹਰਮੁਖੀ ਪਹੁੰਚ ਹੀ ਅਪਣਾਈ ਜਾਂਦੀ ਹੈ।

1960ਵਿਆਂ ਵਿਚ, 'ਭਜਨ ਯੋਗੀ', (ਪੂਰਾ ਨਾਂ ਹਰਭਜਨ ਸਿੰਘ ਪਰ ਉਹ ਆਪਣੇ ਆਪ ਨੂੰ 'ਤਾਂਤਰਿਕ' ਹੋਣ ਕਰ ਕੇ, ਭਜਨ ਯੋਗੀ ਕਹਾਉਣਾ ਜ਼ਿਆਦਾ ਪਸੰਦ ਕਰਦੇ ਸਨ) ਕੈਨੇਡਾ ਅਮਰੀਕਾ ਵਿਚ, ਬਾਬਾ ਵਿਰਸਾ ਸਿੰਘ ਗੋਬਿੰਦ ਸਦਨ ਦਿੱਲੀ (ਯੋਗਿਕ ਕਿਰਿਆਵਾਂ 'ਚ ਯਕੀਨ ਰੱਖਣ ਵਾਲਾ, ਸ੍ਰੀ ਚੰਦ ਦਾ ਚੇਲਾ) ਦੇ ਨੁਮਾਇੰਦੇ ਵਜੋਂ ਆਏ ਪਰ ਬਹੁਤ ਜਲਦੀ ਉਨ੍ਹਾਂ ਦੀ ਆਪਣੀ ਗੁੱਡੀ ਚੜ੍ਹ ਗਈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ 'ਸਿੰਘ ਸਾਹਿਬ - ਵੈਸਟਰਨ ਹੈਮੀਸਫੀਅਰ' ਦੇ ਅਹੁਦੇ ਨਾਲ ਨਿਵਾਜ ਲਿਆ। ਭਜਨ ਯੋਗੀ ਨੇ 'ਯੋਗਾ' ਦਾ ਸੌਦਾ, ਸਿੱਖੀ ਬਾਣੇ ਅਤੇ ਰਹੁਰੀਤਾਂ ਦੀ ਤਰਜਮਾਨੀ ਕਰਦਿਆਂ ਵੇਚਿਆ, ਜਿਹੜਾ ਵਿਕਿਆ ਵੀ। ਉਦੋਂ ਸਿਆਣੇ ਸਿੱਖ ਵਿਚਾਰਵਾਨਾਂ ਨੇ ਉਜਰ ਵੀ ਕੀਤਾ ਕਿ ਇਹ ਯੋਗਾ ਨੂੰ ਸਿੱਖੀ ਵਿਚ ਲਿਆ ਕੇ ਵਾੜਨਾ ਠੀਕ ਨਹੀਂ ਹੈ ਅਤੇ ਇਸ ਦੇ ਸਾਨੂੰ ਦੂਰਗਾਮੀ ਮਾੜੇ ਨਤੀਜੇ ਭੁਗਤਣੇ ਪੈਣਗੇ। ਪਰ ਅਕਾਲੀ ਲੀਡਰਾਂ ਨੂੰ 'ਯੋਗੀ ਜੀ' ਨੇ ਕਾਬੂ ਕੀਤਾ ਹੋਇਆ ਸੀ ਅਤੇ ਆਮ ਸਿੱਖ ਇਸ ਵਿਚ ਹੀ ਬੜੇ ਖ਼ੁਸ਼ ਸਨ ਕਿ ਯੋਗੀ ਜੀ, 'ਗੋਰਿਆਂ' ਨੂੰ ਧੜਾਧੜ ਸਿੱਖ ਬਣਾ ਰਹੇ ਹਨ। ਇਸ ਤਬਕੇ ਦਾ ਕਹਿਣਾ ਸੀ, 'ਯੋਗਾ ਤਾਂ ਸਿਰਫ਼ ਇੱਕ ਬਹਾਨਾ ਹੈ, ਗੋਰਿਆਂ ਨੂੰ ਆਕਰਸ਼ਿਤ ਕਰਨ ਦਾ, ਜਦੋਂ ਉਹ ਸਿੱਖ ਬਣ ਗਏ, ਉਨ੍ਹਾਂ ਨੂੰ ਸਿੱਖੀ ਦੀ ਸਮਝ ਆ ਗਈ, ਉਹ ਯੋਗਾ-ਯਾਗਾ ਸਭ ਛੱਡ ਜਾਣਗੇ।' ਲਗਭਗ ਅੱਧੀ ਸਦੀ ਬੀਤਣ ਬਾਅਦ ਨਤੀਜੇ ਸਾਹਮਣੇ ਹਨ।

ਭਜਨ ਯੋਗੀ ਅਤੇ ਬਾਬਾ ਵਿਰਸਾ ਸਿੰਘ, ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕੇ ਹਨ ਪਰ ਅੱਜ ਸਿੱਖ ਗੁਰਦੁਆਰਿਆਂ-ਸਕੂਲਾਂ ਵਿਚ 'ਯੋਗਾ' ਦੇ ਕੈਂਪ ਲੱਗ ਰਹੇ ਹਨ, ਸ੍ਰੀ ਚੰਦ ਜੀ ਦੇ ਜਨਮ ਦਿਨ ਦੀ ਪੰਜਾਬ ਸਰਕਾਰ ਨੇ ਛੁੱਟੀ ਐਲਾਨ ਦਿੱਤੀ ਹੈ ਅਤੇ ਇਹ ਦਿਨ ਹੁਣ ਸਿੱਖ ਗੁਰਦੁਆਰਿਆਂ ਵਿਚ ਵੀ ਮਨਾਇਆ ਜਾਣ ਲੱਗ ਪਿਆ ਹੈ। ਯੋਗਾ ਅਤੇ ਨਵੀਂ ਜੀਵਨ ਜਾਂਚ ਦੇ ਨਵੇਂ 'ਹਿੰਦੂਤਵੀ ਅਵਤਾਰ' - ਸਵਾਮੀ ਰਾਮਦੇਵ ਅਤੇ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਦੁਨੀਆ ਭਰ ਵਿਚ ਸਿੱਖ ਮੋਢਿਆਂ 'ਤੇ ਚੁੱਕੀ ਫਿਰਦੇ ਹਨ। ਪੰਜਾਬ ਦੀ ਅਕਾਲੀ ਸਰਕਾਰ ਇਨ੍ਹਾਂ ਨੂੰ 'ਅਵਤਾਰਾਂ' ਨੂੰ ਪੰਜਾਬ ਦੇ 'ਜਵਾਈ' ਬਣਾ ਕੇ ਸਵਾਗਤ ਕਰਦੀ ਹੈ ਅਤੇ ਇਨ੍ਹਾਂ ਦੇ 'ਚਰਨਾਂ' ਵਿਚ ਬੈਠਣ ਵਾਲਿਆਂ ਵਿਚ ਕਈ ਨਵਜੋਤ ਸਿੱਧੂ (ਐਮ. ਪੀ. ਅੰਮ੍ਰਿਤਸਰ) ਅਤੇ ਬਿਕਰਮਜੀਤ ਸਿੰਘ ਮਜੀਠੀਏ (ਸਾਲਾ ਸੁਖਬੀਰ ਬਾਦਲ ਅਤੇ ਪੰਜਾਬ ਦਾ ਵਜ਼ੀਰ) ਵਰਗੇ ਸਿੱਖ ਬਹੁਰੂਪੀਏ ਸ਼ਾਮਲ ਹਨ। ਵਿਦੇਸ਼ਾਂ ਵਿਚ ਵੱਸਦੇ, ਅਖੌਤੀ ਜਾਗਰੂਕ ਖ਼ਾਲਸਤਾਨੀ ਸਿੱਖਾਂ ਦੇ ਇੱਕ ਤਬਕੇ ਨੂੰ ਵੀ ਯੋਗਾ ਨਾਗ ਨੇ ਡੱਸਿਆ ਹੋਇਆ ਹੈ ਅਤੇ ਇਹ ਅੱਗੇ ਵਧ-ਵਧ ਕੇ ਨਾ ਸਿਰਫ਼ ਯੋਗਾ ਕੈਂਪ ਹੀ ਲਵਾਉਂਦੇ ਹਨ ਬਲਕਿ ਰਾਮਦੇਵ ਦੀਆਂ 'ਕੱਚ-ਘਰੜ ਦਵਾਈਆਂ' ਦੇ ਸੇਲਜ਼ਮੈਨ ਵੀ ਬਣੇ ਹੋਏ ਹਨ। ਸਾਡੇ ਤਖ਼ਤਾਂ ਦੇ ਜਥੇਦਾਰ ਵੀ ਇਨ੍ਹਾਂ ਯੋਗੀਆਂ ਦੀ ਸੰਗਤ ਵਿਚ ਬੜੇ ਖ਼ੁਸ਼ ਜਾਪਦੇ ਹਨ ਅਤੇ ਇਨ੍ਹਾਂ ਨੂੰ 'ਸਿਰੋਪਾਉ' ਨਾਲ ਨਿਵਾਜਦੇ ਹਨ। ਇਨ੍ਹਾਂ ਨਾਲ ਸਟੇਜ ਸਾਂਝੀ ਕਰਨੀ ਤਾਂ ਹੁਣ 'ਆਮ ਵਰਗੀ' ਗੱਲ ਹੈ।

ਅਸੀਂ ਇਸ ਵਿਸ਼ੇ ਨੂੰ ਆਪਣੀ ਲਿਖਤ ਦਾ ਵਿਸ਼ਾ ਇਸ ਲਈ ਬਣਾਇਆ ਹੈ ਕਿਉਂਕਿ ਯੋਗਾ ਨੂੰ ਸਿਰਫ਼ 'ਸਰੀਰਕ ਕਸਰਤ' ਜਾਂ 'ਬਿਮਾਰੀਆਂ ਤੋਂ ਛੁਟਕਾਰਾ' ਦੱਸਣ ਵਾਲੇ ਹਿੰਦੂਤਵੀਆਂ ਦੀ ਅਸਲੀ ਬਿੱਲੀ ਹੁਣ ਥੈਲੇ 'ਚੋਂ ਬਾਹਰ ਨਿਕਲ ਚੁੱਕੀ ਹੈ। ਅਮਰੀਕਾ ਦੀ ਪ੍ਰਸਿੱਧ ਅਖ਼ਬਾਰ 'ਦੀ ਨਿਊਯਾਰਕ ਟਾਈਮਜ਼' ਨੇ ਆਪਣੇ 27 ਨਵੰਬਰ 2010 ਦੇ ਅੰਕ ਵਿਚ ਪੱਤਰਕਾਰ ਪਾਲ ਵਿਟੈਲੋ ਦੀ ਇੱਕ ਲਿਖਤ ਪ੍ਰਕਾਸ਼ਿਤ ਕੀਤੀ ਸੀ, ਜਿਸ ਦਾ ਸਿਰਲੇਖ ਸੀ, 'ਯੋਗਾ ਦੀ ਆਤਮਾ ਸਬੰਧੀ ਹਿੰਦੂ ਗਰੁੱਪ ਵੱਲੋਂ ਖੜ੍ਹਾ ਕੀਤਾ ਗਿਆ ਵਿਵਾਦ' (ਹਿੰਦੂ ਗਰੁੱਪ ਸਟ੍ਰਸ ਏ ਡਿਬੇਟ ਓਵਰ ਯੋਗਾ'ਜ਼ ਸੋਲ) ਇਸ ਲਿਖਤ ਦਾ ਤੱਤਸਾਰ ਇਹ ਸੀ ਕਿ ਅਮਰੀਕਨ ਹਿੰਦੂਆਂ ਦੀ ਪ੍ਰਮੁੱਖ ਸੰਸਥਾ 'ਹਿੰਦੂ ਅਮਰੀਕਨ ਫਾਊਂਡੇਸ਼ਨ' ਨੇ, ਇੱਕ ਜ਼ੋਰਦਾਰ ਮੁਹਿੰਮ 'ਯੋਗਾ ਵਾਪਸ ਲਓ' (ਟੇਕ ਬੈਕ ਯੋਗਾ) ਸ਼ੁਰੂ ਕੀਤੀ ਹੈ।

ਲਿਖਤ ਅਨੁਸਾਰ, 'ਯੋਗਾ ਵਾਪਸ ਲਓ' ਮੁਹਿੰਮ ਦੇ ਲੀਡਰਾਂ ਦਾ ਕਹਿਣਾ ਹੈ ਕਿ ''ਯੋਗਾ ਦੀ ਫ਼ਿਲਾਸਫ਼ੀ ਸਭ ਤੋਂ ਪਹਿਲਾਂ ਹਿੰਦੂ ਧਰਮ ਦੇ ਗ੍ਰੰਥਾਂ ਵਿਚ ਸਾਹਮਣੇ ਆਈ ਅਤੇ ਅੱਜ ਵੀ ਇਹ ਹਿੰਦੂ ਧਰਮ ਦਾ ਕੇਂਦਰ ਬਿੰਦੂ ਹੈ। ਪਰ ਪੱਛਮੀ ਜਗਤ ਨੇ ਹਿੰਦੂ ਧਰਮ ਨੂੰ 'ਗਊ ਪੂਜਕਾਂ, ਜਾਤਾਂ-ਪਾਤਾਂ ਵਿਚ ਵਿਸ਼ਵਾਸ ਰੱਖਣ ਵਾਲਿਆਂ ਅਤੇ ਕਰੀ ਖਾਣ ਵਾਲਿਆਂ' ਦਾ ਸਟੀਰੀਓਟਾਈਪ ਧਰਮ ਬਣਾ ਦਿੱਤਾ ਹੈ ਅਤੇ ਯੋਗਾ ਦਾ ਵਪਾਰੀਕਰਨ ਕਰ ਦਿੱਤਾ ਹੈ... ਅਸੀਂ ਸਮਝਦੇ ਹਾਂ ਕਿ ਯੋਗਾ ਤਾਂ ਵਿਕ ਰਿਹਾ ਹੈ ਪਰ ਇਸ ਦਾ ਬਰਾਂਡ ਨੇਮ ਹਿੰਦੂਇਜ਼ਮ ਨਹੀਂ ਹੈ...।''

ਨਿਊਯਾਰਕ ਟਾਈਮਜ਼ ਅਨੁਸਾਰ, ਇਹ ਬਹਿਸ ਕਾਫ਼ੀ ਦੂਰ ਤੱਕ ਚਲੀ ਗਈ ਹੈ ਅਤੇ ਇਸ ਸਬੰਧੀ ਹਿੰਦੂ ਫਾਊਂਡੇਸ਼ਨ ਦੇ ਡਾਕਟਰ ਸ਼ੁਕਲਾ ਨੇ 'ਵਾਸ਼ਿੰਗਟਨ ਪੋਸਟ' ਅਖ਼ਬਾਰ ਦੇ 'ਦੀ ਫੇਥ' ਬਲਾਗ 'ਤੇ ਵੀ ਲਿਖਿਆ ਹੈ। ਡਾਕਟਰ ਸ਼ੁਕਲਾ ਅਨੁਸਾਰ, ''ਹਿੰਦੂ ਧਰਮ ਦੀ ਸਾਹਮੋ-ਸਾਹਮਣੇ, ਬੌਧਿਕ ਚੋਰੀ ਹੋ ਰਹੀ ਹੈ (ਓਵਰਟ ਇੰਟੈਕਚੂਅਲ ਪ੍ਰਾਪਰਟੀ ਥੈਫਟ)। ਇਸ ਯੋਗਾ ਨੂੰ ਹਿੰਦੂ ਯੋਗੀਆਂ ਦੀਆਂ ਕਈ ਨਸਲਾਂ ਨੇ, ਆਪਣੀ ਸਾਧਨਾ ਨਾਲ ਪ੍ਰਵਾਨ ਚੜ੍ਹਾਇਆ ਸੀ। ਇਹ ਹਿੰਦੂਆਂ ਦੀ ਧਾਰਮਿਕ-ਅਧਿਆਤਮਿਕ ਦੌਲਤ ਹੈ। ਇਸ ਨੂੰ ਹਿੰਦੂ ਧਰਮ ਤੋਂ ਅੱਡ ਕਰ ਕੇ ਦੇਖਣਾ ਮਹਿਜ਼ ਇਸ ਦਾ ਵਪਾਰੀਕਰਨ ਹੈ।''

ਪਾਠਕ ਜਨ! ਕੁੱਝ ਵਰ੍ਹੇ ਪਹਿਲਾਂ, ਰੋਮਨ ਕੈਥੋਲਿਕਜ਼ ਦੇ ਧਾਰਮਿਕ ਆਗੂ ਮਰਹੂਮ ਪੋਪ ਜਾਹਨ ਪਾਲ ਨੇ ਇੱਕ ਫੁਰਮਾਨ ਜਾਰੀ ਕੀਤਾ ਸੀ ਕਿ ਯੋਗਾ ਇੱਕ ਗੈਰ-ਈਸਾਈ ਪ੍ਰੈਕਟਿਸ ਹੈ ਅਤੇ ਇਸ ਤੋਂ ਦੂਰ ਰਿਹਾ ਜਾਵੇ। ਮੁਸਲਮਾਨ ਇਮਾਮ (ਸਮੇਤ ਓਲਾਮਾ ਦੇ ਹੈਡਕਵਾਰਟਰਜ਼ ਦਿਓਬੰਦ - ਯੂ. ਪੀ. ਦੇ) ਇਸ ਸਬੰਧੀ ਕਦੋਂ ਦੇ ਫ਼ਤਵੇ ਜਾਰੀ ਕਰ ਚੁੱਕੇ ਹਨ। ਕਦੀ ਕਿਸੇ ਨੇ ਕਿਸੇ ਮਸੀਤ ਦੇ ਵਿਹੜੇ ਵਿਚ ਯੋਗਾ ਕਲਾਸਾਂ ਲੱਗੀਆਂ ਵੇਖੀਆਂ ਹਨ? ਯਹੂਦੀ, ਆਪਣੇ ਧਰਮ ਵਿਚ ਕਦੀ ਕਿਸੇ ਕਿਸਮ ਦਾ ਰਲੇਵਾਂ ਨਹੀਂ ਹੋਣ ਦਿੰਦੇ, ਉਨ੍ਹਾਂ ਦੀ ਯੋਗਾ ਸਬੰਧੀ 'ਨਾਨ-ਕੋਸ਼ਰ' ਹੋਣਾ (ਭਾਵ ਹਰਾਮ) ਪਹੁੰਚ ਬੜੀ ਸਪਸ਼ਟ ਹੈ। ਹਰ ਗੈਰ-ਸਿੱਖ ਪ੍ਰੈਕਟਿਸ ਨੂੰ, ਸਿੱਖੀ ਨਾਲ ਰਲਗੱਡ ਕਰਨ ਲਈ ਆਖ਼ਰ ਸਿੱਖ ਕੌਮ ਹੀ ਪੱਬਾਂ ਭਾਰ ਕਿਉਂ ਹੋਈ ਰਹਿੰਦੀ ਹੈ? 20ਵੀਂ ਸਦੀ ਦੇ ਮਹਾਨ ਸਿੱਖ, ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਇਹ ਸ਼ਬਦ ਬੜੇ ਭਾਵਪੂਰਤ ਹਨ - 'ਸਿੱਖ ਪੱਕਾ ਸਿੱਖ ਬਣੇ, ਹਿੰਦੂ ਪੱਕਾ ਹਿੰਦੂ ਬਣੇ ਅਤੇ ਮੁਸਲਮਾਨ ਪੱਕਾ ਮੁਸਲਮਾਨ ਬਣੇ।'

ਖ਼ਾਲਸਾ ਸਕੂਲ ਦੇ ਪ੍ਰਬੰਧਕਾਂ ਨੂੰ ਯੋਗਾ ਦਾ ਤਿਆਗ ਕਰ ਕੇ ਉਹੀ ਕਾਰਜ ਕਰਨੇ ਚਾਹੀਦੇ ਹਨ, ਜੋ ਖ਼ਾਲਸਿਆਂ ਨੂੰ ਸੋਭਦੇ ਹਨ। ਸਰੀਰਕ ਸਿੱਖਿਆ ਲਈ ਗਤਕੇ ਸਮੇਤ ਹੋਰ ਬਹੁਤ ਸਾਰੀਆਂ ਰਵਾਇਤੀ ਖੇਡਾਂ ਮੌਜੂਦ ਹਨ, ਜਿਨ੍ਹਾਂ ਰਾਹੀਂ ਬੱਚਿਆਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਯੋਗਾ ਤੋਂ ਕਿਨਾਰਾ ਕਰ ਕੇ ਬੇਲੋੜੇ ਵਿਵਾਦ ਤੋਂ ਬਚਣਾ ਹੀ ਸਿਆਣਪ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top