Share on Facebook

Main News Page

ਸਿੱਖ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਦੀ ਸਾਰਥਕਤਾ ?
-: ਜਸਵੰਤ ਸਿੰਘ ‘ਅਜੀਤ’ 98689 17731

ਕਾਫੀ ਸਮੇਂ ਤੋਂ ਵੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ ਕਿ ਸੱਤਾ ਸੁਖ ਮਾਨਣ ਲਈ 'ਰਾਜ ਬਿਨਾ ਨਹਿ ਧਰਮ ਚਲੇ ਹੈਂ' ਦਾ ਨਾਹਰਾ ਲਾ ਕੇ ਸਿੱਖੀ ਵਿੱਚ 'ਧਰਮ ਤੇ ਰਾਜਨੀਤੀ' ਦੀ ਸਾਂਝ ਨੂੰ ਇਤਨਾ ਪ੍ਰਚਾਰਤ ਕਰ ਦਿਤਾ ਗਿਆ ਹੈ ਕਿ ਕੋਈ ਵੀ ਇਨ੍ਹਾਂ ਦੀ ਸਾਂਝ ਪੁਰ ਸੁਆਲ ਖੜੇ ਕੀਤੇ ਜਾਣ ਦੀ ਗਲ ਨੂੰ ਸੁਣਨ ਤਕ ਲਈ ਵੀ ਤਿਆਰ ਨਹੀਂ ਹੁੰਦਾ। ਇਥੋਂ ਤਕ ਕਿ ਇਸ ਸਾਂਝ ਦੇ ਸਬੰਧ ਵਿੱਚ ਜੇ ਕਿਸੇ ਵਲੋਂ ਕਿੰਤੂ ਕੀਤਾ ਜਾਂਦਾ ਹੈ ਤਾਂ ਝਟ ਹੀ ਉਸ ਵਿਰੁਧ ਸਿੱਖੀ ਮਾਨਤਾਵਾਂ ਦਾ ਵਿਰੋਧੀ ਹੋਣ ਦਾ ਫਤਵਾ ਜਾਰੀ ਕਰ ਦਿੱਤਾ ਜਾਂਦਾ ਹੈ।

ਜੇ ਸਿੱਖ ਧਰਮ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀ ਗੰਭੀਰਤਾ ਨਾਲ ਘੋਖ ਕੀਤੀ ਹਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦਾ ਅਕਾਲ ਤਖਤ ਦੀ ਸਥਾਪਨਾ ਅਤੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨਾ, ਗੁਰੂ ਗਬਿੰਦ ਸਿੰਘ ਜੀ ਵਲੋਂ ਸੰਤ-ਸਿਪਾਹੀ ਦੇ ਰੂਪ ਵਿਚ ਖਾਲਸੇ ਦੀ ਸਿਰਜਨਾ ਨੂੰ ਸੰਪੂਰਨਤਾ ਦਿੱਤਾ ਜਾਣਾ ਅਤੇ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਨੂੰ ਦੋਧਾਰੀ ਖੰਡੇ ਦਾ ਰੂਪ ਦੇਣਾ, ਆਦਿ ਕਾਰਜ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਦੇ ਨਹੀਂ, ਸਗੋਂ ਭਗਤੀ ਤੇ ਸ਼ਕਤੀ ਵਿੱਚ ਸੁਮੇਲ ਕਾਇਮ ਕਰਨ ਦੇ ਪ੍ਰਤੀਕ ਹਨ। ਇਹ ਸੁਮੇਲ ਨਾ ਤਾਂ ਅਕਾਲ ਤਖਤ ਦੀ ਸਥਾਪਨਾ ਤੋਂ, ਨਾ ਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨ, ਨਾ ਦੋਧਾਰੀ ਖੰਡੇ ਦੀ ਰਚਨਾ ਅਤੇ ਨਾ ਹੀ ਖਾਲਸੇ ਦੀ ਸਿਰਜਨਾ ਸੰਪੂਰਨ ਕੀਤੇ ਜਾਣ ਦੇ ਸਮੇਂ ਤੋਂ ਅਰੰਭ ਹੋਇਆ, ਸਗੋਂ ਇਹ ਸੁਮੇਲ ਤਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਤੋਂ ਹੀ ਅਰੰਭ ਹੋ ਗਿਆ ਸੀ। ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਦ੍ਰਿੜ੍ਹਤਾ ਨਾਲ 'ਜਾਬਰ' ਆਖਣਾ ਅਤੇ ਆਪਣੀ ਬਾਣੀ ਵਿਚ ਅਨਿਆਇ, ਜਬਰ ਤੇ ਜ਼ੁਲਮ ਦੇ ਵਿਰੁਧ ਆਵਾਜ਼ ਉਠਾਂਦਿਆਂ ਫੁਰਮਾਉਣਾ: 'ਰਾਜੇ ਸੀਂਹ ਮੁਕਦਮ ਕੁਤੇ'। ਹੋਰ-'ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣ ਨਾਵੈ ਜੀਆ ਘਾਇ। ਜੋਗੀ ਜੁਗਤਿ ਨਾ ਜਾਣੈ ਅੰਧੁ ਤੀਨੇ ਓਜਾੜੈ ਕਾ ਬੰਧ'। ਆਦਿ ਸ਼ਬਦ, ਭਗਤੀ ਤੇ ਸ਼ਕਤੀ ਦੇ ਸੁਮੇਲ ਦੇ ਪ੍ਰਤੀਕ ਹਨ। ਰਾਜਨੀਤੀ ਵਿੱਚ ਇਤਨੀ ਦ੍ਰਿੜ੍ਹਤਾ ਅਤੇ ਦਲੇਰੀ ਦੇ ਨਾਲ ਅਜਿਹਾ ਕੁਝ ਕਹਿ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਇਸਦੇ ਨਾਲ ਸਿੱਖੀ ਦਾ ਮਾਰਗ ਅਪਨਾਣ ਲਈ ਗੁਰੂ ਸਹਿਬ ਨੇ 'ਇਤੁ ਮਾਰਗ ਪੈਰ ਧਰੀਜੇ ਸਿਰੁ ਦੀਜੈ ਕਾਣ ਨਾ ਕੀਜੈ', 'ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ', 'ਸਿਰ ਧਰ ਤਲੀ ਗਲੀ ਮੇਰੀ ਆਉ', ਆਦਿ ਦੀਆਂ ਜੋ ਸ਼ਰਤਾਂ ਨਿਸ਼ਚਿਤ ਕੀਤੀਆਂ, ਉਹ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਨਾ ਨੂੰ ਸੰਪੂਰਨ ਕਰਨ ਲਈ 'ਸੀਸ-ਭੇਂਟ' ਕਰਨ ਦੀ ਜੋ ਸ਼ਰਤ ਰਖੀ, ਕੀ ਉਹ ਰਾਜਨੀਤੀ ਵਿੱਚ ਸਵੀਕਾਰਨ-ਯੋਗ ਹਨ?

ਜਦੋਂ ਰਾਜ-ਸੱਤਾ ਆਉਂਦੀ ਹੈ: ਕਾਫੀ ਸਮਾਂ ਪਹਿਲਾਂ ਦੀ ਗਲ ਹੈ ਕਿ ਸ. ਅਜਮੇਰ ਸਿੰਘ ਲਿਖਤ ਪੁਸਤਕ 'ਕਿਸ ਬਿਧ ਰੁਲੀ ਪਾਤਸ਼ਾਹੀ' ਪੜ੍ਹ ਰਿਹਾ ਸਾਂ, ਉਸ ਵਿੱਚ ਇਕ ਥਾਂ ਉਨ੍ਹਾਂ, ਸੱਤਾ ਵਿਚ ਆਉਣ ਤੇ ਮਨੁਖ ਦੀ ਕੀ ਦਸ਼ਾ ਹੁੰਦੀ ਹੈ, ਉਸਦਾ ਬਿਆਨ ਕਰਦਿਆਂ ਲਿਖਿਆ ਹੈ, 'ਜਦੋਂ ਕੋਈ ਸਮਾਜ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਕਰ ਲੈਂਦਾ ਹੈ ਅਤੇ ਇਸਦੇ ਫਲਸਰੂਪ ਵਿਸ਼ੇਸ਼ ਅਧਿਕਾਰਾਂ ਤੇ ਸੁੱਖ-ਸਹੂਲਤਾਂ ਦਾ ਅਨੰਦ ਭੋਗਣ ਲਗਦਾ ਹੈ ਤਾਂ ਉਸਦੇ ਅੰਦਰੋਂ ਆਹਿਸਤਾ-ਆਹਿਸਤਾ ਕੌਮੀ ਭਾਈਚਾਰੇ ਦੀ ਸਪਿਰਟ ਦੰਮ ਤੋੜਨ ਲਗਦੀ ਹੈ। ਉਹ ਕੌਮੀ ਹਿਤਾਂ ਨਾਲੋਂ ਆਪਣੇ ਨਿਜੀ ਹਿਤਾਂ ਨੂੰ ਪ੍ਰਮੁਖਤਾ ਦੇਣ ਦੀ ਕਰੁਚੀ ਦਾ ਸ਼ਿਕਾਰ ਹੋ ਜਾਂਦਾ ਹੈ'। ਸੱਤਾ ਦੀ ਲਾਲਸਾ ਨੇ ਉਨ੍ਹਾਂ (ਸਿੱਖਾਂ) ਨੂੰ ਕਿਥੋਂ ਦਾ ਕਿਥੇ ਪਹੁੰਚਾ ਦਿੱਤਾ, ਇਸਦਾ ਜ਼ਿਕਰ ਕਰਦਿਆਂ, ਉਨ੍ਹਾਂ ਲਿਖਿਆ, ਕਿ 'ਖਾਲਸੇ ਅੰਦਰ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ ਕਮਜ਼ੋਰ ਪੈ ਗਈ, ਇਸਦੀ ਜਗ੍ਹਾ ਆਪਸੀ ਵਿਰੋਧਾਂ, ਸ਼ੰਕਿਆਂ ਤੇ ਸਾੜਿਆਂ ਨੇ ਲੈ ਲਈ। ਖਾਲਸੇ ਦੀ ਸੰਗਠਿਤ ਭਾਵਨਾ ਨਿਜਵਾਦ ਤੇ ਹਊਮੈ ਨੇ ਨਿਗਲ ਲਈ। ਸਮੂਹ ਰਜ਼ਾ ਦੀ ਥਾਂਵੇਂ ਆਪ-ਹੁਦਰਾਪਨ ਹਾਵੀ ਹੋ ਗਿਆ'।

ਇਸੇ ਤਰ੍ਹਾਂ ਪ੍ਰਿੰ. ਸਤਿਬੀਰ ਸਿੰਘ ਨੇ 'ਸਿੱਖ ਰਾਜ ਕਿਵੇਂ ਗਿਆ'? ਸੁਆਲ ਦਾ ਜਵਾਬ ਦਿੰਦਿਆਂ ਲਿਖਿਆ ਹੈ ਕਿ ਇਕ ਤਾਂ 'ਜਿਨ੍ਹਾਂ ਹੱਥ ਵਾਗਡੋਰ ਆਈ ਜਾਂ ਤਾਂ ਉਹ ਖਰੀਦੇ ਗਏ ਜਾਂ ਇਤਨੀ ਨਦਰ ਵਾਲੇ ਨਾ ਰਹੇ ਕਿ ਵਿੱਚਲੀ ਗਲ ਜਾਣ ਸਕਣ', ਦੂਜਾ, 'ਲੋਕੀ ਖੁਸ਼ਹਾਲੀ ਕਾਰਣ ਨਿਸਲ ਤੇ ਅਵੇਸਲੇ ਹੋ ਗਏ', ਤੀਜਾ, 'ਸਿੱਖ, ਸਿੱਖ ਦਾ ਵੈਰੀ ਹੋ ਗਿਆ', ਚੌਥਾ, 'ਗੁਰਮੱਤਾ ਕਰਨ ਵਾਲੀ ਸੰਸਥਾ ਅਲੋਪ ਹੋ ਗਈ, ਆਈ ਬਿਪਤ ਵੇਲੇ ਇਕੱਠਾ ਕਰਨ ਵਾਲੀ ਕੋਈ ਸੰਸਥਾ ਨਾ ਰਹੀ'।

ਇਹ ਗਲਾਂ ਉਨ੍ਹਾਂ ਵਿਦਵਾਨਾਂ ਦੀਆਂ ਹਨ, ਜੋ ਧਰਮ ਤੇ ਰਾਜਨੀਤੀ ਦੀ ਆਪਸੀ ਸਾਂਝ ਵਿੱਚ ਵਿਸ਼ਵਾਸ ਰਖਦੇ ਹਨ ਅਤੇ ਆਜ਼ਾਦ ਸਿੱਖ-ਸੱਤਾ ਦੀ ਕਾਇਮੀ ਦੇ ਸਮਰਥਕ ਮੰਨੇ ਜਾਂਦੇ ਹਨ। ਹੈਰਾਨੀ ਦੀ ਗਲ ਇਹ ਹੈ ਕਿ ਇਹ ਵਿਦਵਾਨ ਸਵੀਕਾਰਦੇ ਹਨ ਕਿ ਰਾਜਸੱਤਾ ਆਉਣ ਨਾਲ ਸਿੱਖ ਸ਼ਕਤੀ ਵਿੱਚ ਨਿਘਾਰ ਆ ਜਾਂਦਾ ਹੈ, ਫਿਰ ਵੀ ਉਹ ਰਾਜਸੱਤਾ ਦੀ ਪ੍ਰਾਪਤੀ ਨੂੰ ਹੀ ਸਿੱਖ ਧਰਮ ਦਾ ਇਕ ਜ਼ਰੁਰੀ ਨਿਸ਼ਨਾ ਸਮਝਦੇ ਹਨ। ਨਾ ਤਾਂ ਪ੍ਰਿੰ. ਸਤਿਬੀਰ ਸਿੰਘ ਨੇ ਆਪਣੇ ਜੀਵਨ-ਕਾਲ ਵਿੱਚ ਇਹ ਸਵੀਕਾਰ ਕੀਤਾ ਕਿ ਰਾਜਸੱਤਾ ਨੂੰ ਸਿੱਖੀ ਵਿੱਚ ਮਾਨਤਾ ਪ੍ਰਾਪਤ ਨਹੀਂ ਅਤੇ ਨਾ ਸ. ਅਜਮੇਰ ਸਿੰਘ ਇਸ ਗਲ ਨੂੰ ਸਵੀਕਾਰ ਕਰਦੇ ਜਾਪਦੇ ਹਨ।

ਵਿਦਵਾਨਾਂ ਨੇ ਖਾਲਸੇ ਦੀ ਜੋ ਪ੍ਰੀਭਾਸ਼ਾ ਕੀਤੀ ਹੈ, ਉਸ ਅਨੁਸਾਰ 'ਖਾਲਸਾ' ਰੂਹਾਨੀਅਤ ਤੇ ਸੰਸਾਰਕ ਵਿਹਾਰ ਦਾ ਸੰਗਮ ਹੈ, ਜਿਥੇ ਵਾਹਿਗੁਰੂ ਨੇ ਆਪਣਾ ਚਮਤਕਾਰ ਦਿਖਾਉਣਾ ਹੁੰਦਾ ਹੈ, ਉਥੇ ਉਹ ਆਪਣਾ ਰੂਪ 'ਖਾਲਸਾ' ਭੇਜ ਦਿੰਦਾ ਹੈ। ਇਕ ਵਿਦਵਾਨ ਨੇ 'ਖਾਲਸਾ' ਸ਼ਬਦ ਨੂੰ ਫਾਰਸੀ ਦਾ ਸ਼ਬਦ ਸਵੀਕਾਰਦਿਆ ਕਿਹਾ ਹੈ 'ਖਾਲਸਾ ਉਹ ਜ਼ਮੀਨ ਬਾਦਸ਼ਾਹੀ ਜੋ ਕਿਸੀ ਕੀ ਜਾਗੀਰ ਨਾ ਹੋ'। 'ਪੂਰਨ ਜੋਤਿ ਜਗੇ ਘਟਿ ਮੈ, ਤਬ ਖਾਲਸ ਤਾਹਿ ਨਖਾਲਸ ਜਾਨੈ'। ਇਨ੍ਹਾਂ ਵਿੱਚੋਂ ਕੋਈ ਵੀ ਪ੍ਰੀਭਾਸ਼ਾ ਅਜਿਹੀ ਨਹੀਂ ਜਾਪਦੀ ਜਿਸਦੇ ਆਧਾਰ ਤੇ ਧਰਮ ਦੀ ਰਾਜਨੀਤੀ ਨਾਲ ਸਾਂਝ ਬਿਠਾਈ ਜਾ ਸਕਦੀ ਹੋਵੇ।

ਜਿਵੇਂ ਕਿ ਅਰੰਭ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਭਗਤੀ ਅਤੇ ਸ਼ਕਤੀ ਦਾ ਸੁਮੇਲ ਸਥਾਪਤ ਕਰਨ ਦੀ ਪ੍ਰਕਿਰਿਆ ਅਰੰਭ ਹੋ ਗਈ ਹੋਈ ਸੀ। ਇਹ ਭਗਤੀ ਦਿਖਾਵੇ ਦੀ ਨਹੀਂ, ਅੰਤਰ-ਆਤਮਾ ਦੀ ਸੀ, ਜੋ ਮਨੁਖ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਹੁੰਦੀਆਂ ਹਨ ਤਾਂ ਸਿੱਖ ਉਨ੍ਹਾਂ ਦੇ ਦਰ ਤੋਂ ਪ੍ਰਾਪਤ ਕੀਤੀ ਸ਼ਕਤੀ ਦੇ ਸਹਾਰੇ, ਦਿੱਲੀ ਤੇ ਲਾਹੌਰ ਨੂੰ ਟਕਰਾ ਕੇ ਫਨਾਹ ਕਰ ਦੇਣ ਦੀ ਸਮਰਥਾ ਦਾ ਵਿਖਾਵਾ ਕਰਨਾ ਚਾਹੁੰਦੇ ਹਨ, ਪਰ ਗੁਰੂ ਸਾਹਿਬ ਉਨ੍ਹਾਂ ਨੂੰ ਸਮਝਾਂਦੇ ਹਨ ਕਿ ਅਕਾਲ ਪੁਰਖ ਤੋਂ ਪ੍ਰਾਪਤ ਆਤਮਕ-ਸ਼ਕਤੀ ਦਾ ਅਹਿਸਾਸ ਦੁਨੀਆਂ ਨੂੰ ਤਬਾਹ ਕਰਕੇ ਨਹੀਂ, ਸਗੋਂ ਸਹਿਣਸ਼ੀਲ ਬਣੇ ਰਹਿ ਕੇ ਕਰਵਾਇਆ ਜਾਣਾ ਚਾਹੀਦਾ ਹੈ।

ਗੁਰੂ ਅਰਜਨ ਦੇਵ ਜੀ ਨੂੰ ਉਬਲਦੀਆਂ ਦੇਗ਼ਾਂ ਵਿਚ ਉਬਾਲਿਆ ਜਾਂਦਾ ਹੈ, ਤਤੀਆਂ ਤਵੀਆਂ ਤੇ ਬਿਠਾਕੇ ਉਨ੍ਹਾਂ ਦੇ ਸ਼ਰੀਰ ਤੇ ਗਰਮ ਰੇਤਾ ਪਾਇਆ ਜਾਂਦਾ ਹੈ, ਪਰ ਉਹ ਅਡੋਲ ਰਹਿੰਦਿਆਂ--ਅਕਾਲ ਪੁਰਖ ਦਾ ਭਾਣਾ ਮਿਠਾ ਕਰਕੇ ਮੰਨਦੇ ਹਨ। ਇਸੇਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਭਾਈ ਦਿਆਲਾ ਜੀ ਦਾ ਦੇਗ਼ ਵਿਚ ਉਬਲਣਾ, ਭਾਈ ਮਤੀਦਾਸ ਜੀ ਦਾ ਆਰੇ ਨਾਲ ਚੀਰਿਆਂ ਜਾਣਾ, ਭਾਈ ਸਤੀਦਾਸ ਜੀ ਦਾ ਰੂੰ ਵਿਚ ਲਪੇਟ ਕੇ ਸਾੜਿਆਂ ਜਾਣਾ ਅਤੇ ਉਨ੍ਹਾਂ ਦਾ ਇਸ ਜ਼ੁਲਮ ਨੂੰ ਦ੍ਰਿੜ੍ਹਤਾ ਦੇ ਨਾਲ ਸਹਿ ਜਾਣਾ, ਛੋਟੇ ਸਾਹਿਬਜ਼ਾਦਿਆਂ ਦਾ ਨੀਹਾਂ ਵਿਚ ਚਿਣਿਆਂ ਜਾਣਾ, ਭਾਈ ਮਨੀ ਸਿੰਘ ਜੀ ਦਾ ਅੰਗ-ਅੰਗ ਕਟਵਾਣਾ, ਭਾਈ ਤਾਰੂ ਸਿੰਘ ਜੀ ਦਾ ਖੋਪਰੀ ਉਤਰਵਾ ਲੈਣਾ ਆਦਿ ਘਟਨਾਵਾਂ ਭਗਤੀ ਰਾਹੀਂ ਪ੍ਰਾਪਤ ਆਤਮਕ-ਸ਼ਕਤੀ ਦੀਆਂ ਪ੍ਰਤੀਕ ਸਨ।

ਅਸੀਂ ਅਰਦਾਸ ਕਰਦਿਆਂ ਹਰ ਰੋਜ਼ ਸ਼ਹੀਦ ਹੋਏ ਸਿੱਖਾਂ ਦੇ ਨਾਲ, ਉਨ੍ਹਾਂ ਬੀਬੀਆਂ ਨੂੰ ਵੀ ਯਾਦ ਕਰਕੇ ਉਨ੍ਹਾਂ ਦੀ ਕੁਰਬਾਨੀ ਦੇ ਸਾਹਮਣੇ ਆਪਣਾ ਸੀਸ ਝੁਕਾਂਦੇ ਹਾਂ, ਜਿਨ੍ਹਾਂ ਸਵਾ-ਸਵਾ ਮਣ ਪੀਸਣ ਪੀਸਿਆ, ਆਪਣੇ ਬਚਿਆਂ ਨੂੰ ਟੋਟੇ-ਟੋਟੇ ਕਰਵਾ ਝੋਲੀਆਂ ਵਿਚ ਪਵਾਇਆ---ਉਨ੍ਹਾਂ ਸਾਰਿਆਂ ਦੇ ਪਿਛੇ ਭਗਤੀ, ਸ਼ਰਧਾ ਅਤੇ ਸਮਰਪਣ ਰਾਹੀਂ ਪ੍ਰਾਪਤ ਕੀਤੀ ਸ਼ਕਤੀ ਹੀ ਸੀ, ਨਹੀਂ ਤਾਂ ਜੋ ਇਨਸਾਨ ਜ਼ਰਾ ਜਿਹਾ ਅੱਗ ਦੇ ਸੇਕ ਨਾਲ ਤੜਪ ਉਠਦਾ ਹੈ, ਉਹ ਆਪਣੇ ਸਰੀਰ ਤੇ ਇਤਨਾ ਜ਼ੁਲਮ ਸਹਿੰਦਿਆਂ, ਕਿਵੇਂ ਸਹਿਣਸ਼ੀਲ ਤੇ ਅਡੋਲ ਬਣਿਆ ਰਿਹਾ, ਜੋ ਮਾਂਵਾਂ ਬਚਿਆਂ ਨੂੰ ਜ਼ਰਾ ਜਿੰਨੀ ਚੋਟ ਲਗਣ ਤੇ ਬੇਚੈਨ ਹੋ ਤੜਪ ਉਠਦੀਆਂ ਹਨ, ਉਨ੍ਹਾਂ ਦਾ ਆਪਣੀਆਂ ਅੱਖਾਂ ਸਾਹਮਣੇ ਆਪਣੇ ਬਚਿਆਂ ਨੂੰ ਟੁਕੜੇ-ਟੁਕੜੇ ਹੁੰਦਿਆਂ ਵੇਖਣਾ ਅਤੇ ਉਨ੍ਹਾਂ ਦੇ ਟੁਕੜਿਆਂ ਨੂੰ ਝੋਲੀ ਵਿਚ ਪੁਆ ਲੈਣਾ, ਉਨ੍ਹਾਂ ਦੀ ਭਗਤੀ ਰਾਹੀਂ ਪ੍ਰਾਪਤ ਕੀਤੀ ਹੋਈ ਸ਼ਕਤੀ ਦਾ ਹੀ ਪ੍ਰਤਾਪ ਸੀ।

ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਕੀਤੀ, ਉਹ ਵੀ ਭਗਤੀ ਤੇ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਹੈ। ਸੰਤ, ਪ੍ਰਭੂ-ਭਗਤੀ ਵਿਚ ਲੀਨ ਰਹਿੰਦਾ ਹੈ, ਜੀਵਨ ਦੀ ਪਵਿਤ੍ਰਤਾ ਨੂੰ ਕਾਇਮ ਰਖਦਾ ਹੈ, ਮਨੁਖਤਾ ਦੀ ਸੇਵਾ ਵਿਚ ਆਪਣੇ-ਆਪਨੂੰ ਸਮਰਪਿਤ ਕਰ ਦਿੰਦਾ ਹੈ, ਉਸਦੀ ਭਲਾਈ ਲਈ ਆਪਾ ਤਕ ਕੁਰਬਾਨ ਕਰ ਦੇਣ ਤੋਂ ਵੀ ਸੰਕੋਚ ਨਹੀਂ ਕਰਦਾ। ਜਦੋਂ ਭਗਤੀ ਰਾਹੀਂ ਸੰਤ ਵਿਚ ਇਹ ਗੁਣ ਆ ਜਾਂਦੇ ਹਨ ਤਾਂ ਉਹ ਸੰਤ-ਸਿਪਾਹੀ ਬਣ ਜਾਂਦਾ ਹੈ। ਜ਼ੁਲਮ ਤੇ ਅਨਿਆਇ ਉਸਤੋਂ ਬਰਦਾਸ਼ਤ ਨਹੀਂ ਹੋ ਪਾਂਦੇ। ਜਿਥੇ-ਕਿਥੇ ਵੀ ਉਹ ਜ਼ੁਲਮ ਹੁੰਦਾ ਅਤੇ ਅਨਿਆਇ ਨੂੰ ਪੈਰ ਪਸਾਰਦਿਆਂ ਵੇਖਦਾ ਹੈ ਤਾਂ ਉਹ ਉਨ੍ਹਾਂ ਦਾ ਵਿਰੋਧ ਕਰਨ ਲਈ ਬੇਚੈਨ ਹੋ ਉਠਦਾ ਹੈ। ਇਸਤਰ੍ਹਾਂ ਸੰਤ ਤੇ ਸਿਪਾਹੀ ਦੇ ਸੁਮੇਲ ਨਾਲ, ਇਕ ਅਜਿਹੇ ਇਨਸਾਨ ਦਾ ਜਨਮ ਹੁੰਦਾ ਹੈ, ਜੋ ਇਨਸਾਨੀਅਤ ਦੀਆਂ ਮਾਨਤਾਵਾਂ ਦੀ ਰਖਿਆ ਲਈ ਸਭ ਕੁਝ ਕੁਰਬਾਨ ਕਰਨ ਵਾਸਤੇ ਸਦਾ ਤਤਪਰ ਰਹਿੰਦਾ ਹੈ।

ਜਿਥੋਂ ਤਕ ਰਾਜਨੀਤੀ ਦਾ ਸੰਬੰਧ ਹੈ, ਉਹ ਇਕ ਅਜਿਹਾ ਫਰੇਬ ਹੈ, ਜੋ ਸੱਤਾ ਹਾਸਲ ਕਰਨ ਅਤੇ ਉਸਨੂੰ ਕਾਇਮ ਰਖਣ ਲਈ ਵਰਤਿਆ ਜਾਂਦਾ ਹੈ। ਰਾਜਨੀਤੀ ਵਿਚ ਵੀ ਹਰ ਹਥਕੰਡਾ ਵਰਤਿਆ ਜਾਣਾ ਜਾਇਜ਼ ਮੰਨਿਆ ਜਾਂਦਾ ਹੈ।

…ਅਤੇ ਅੰਤ ਵਿੱਚ: ਕੀ ਗੁਰੂ ਸਾਹਿਬ ਨੇ ਇਸੇ ਰਾਜਨੀਤੀ ਨੂੰ, ਜਿਸਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਵਾਂ, ਧਰਮ ਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਾਵਾਂ ਦੇ ਬਿਲਕੁਲ ਉਲਟ ਹਨ, ਧਰਮ ਨਾਲ ਸੰਬੰਧਿਤ ਕੀਤਾ ਹੈ? ਜੇ ਇਹ 'ਮੇਲ' ਗੁਰੂ ਸਾਹਿਬ ਨੇ ਕਰਵਾਇਆ ਹੈ, ਤਾਂ ਫਿਰ ਸਾਡੇ ਵਲੋਂ ਧਾਰਮਕ ਮਾਮਲਿਆਂ ਵਿਚ ਰਾਜਨੈਤਿਕ ਦਖਲ ਦਾ ਵਿਰੋਧ ਕਿਉਂ ਕੀਤਾ ਜਾਂਦਾ ਹੈ? ਜਦੋਂ ਵੀ ਸਥਾਪਤ ਧਾਰਮਿਕ ਮਰਿਆਦਾਵਾਂ ਪੁਰ ਹਮਲੇ ਹੁੰਦੇ ਹਨ ਤਾਂ ਸਾਡੇ ਹਿਰਦੇ ਤੜਪ ਕਿਉਂ ਉਠਦੇ ਹਨ, ਭਾਵੇਂ ਸਾਡਾ ਰਾਜਨੈਤਿਕ ਵਿਸ਼ਵਾਸ ਕੁਝ ਵੀ ਹੁੰਦਾ ਹੈ?

ਸਿਰਫ ਇਸ ਲਈ ਨਾ, ਕਿ ਅਸੀਂ ਧਰਮ ਤੇ ਰਾਜਨੀਤੀ ਦੀ ਸਾਂਝ ਦੀ ਗਲ ਤਾਂ ਕਰਦੇ ਹਾਂ, ਪਰ ਧਾਰਮਿਕ ਮਾਨਤਾਵਾਂ ਦਾ ਉਲੰਘਣ ਸਾਡੇ ਪਾਸੋਂ ਸਹਿਣ ਨਹੀਂ ਹੋ ਪਾਂਦਾ। ਧਰਮ ਦੀ ਪਵਿਤ੍ਰਤਾ ਭੰਗ ਹੁੰਦੀ ਵੇਖ, ਅਸੀਂ ਸਹਿ ਨਹੀਂ ਸਕਦੇ। ਜਦੋਂ ਧਰਮ ਅਸਥਾਨਾਂ ਦੀ ਪਵਿਤ੍ਰਤਾ ਭੰਗ ਹੁੰਦੀ, ਹੈ ਤਾਂ ਸਮੁਚਾ ਪੰਥ ਕੁਰਬਾਨੀ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top