Share on Facebook

Main News Page

ਜਦ ਭਰੀ ਸਭਾ ‘ਚ ਅਕਾਲੀ ਆਗੂ ਬੋਲਿਆ ਸੱਚ, ਵਿਖਾਵਾ ਕਰਨ ਵਾਲਿਆਂ ਦੀਆਂ ਅੱਖਾਂ ਗਈਆਂ ਅੱਡੀਆਂ

ਮਲੋਟ, 7 ਅਕਤੂਬਰ (ਰਾਜਵਿੰਦਰਪਾਲ ਸਿੰਘ) ਸਿਆਣਿਆਂ ਦਾ ਕਹਿਣਾ ਹੈ ਕਿ ਅੱਗੇ ਉਪਦੇਸ਼ ਉਹ ਦੇਵੇ ਜੋ ਖੁਦ ਉਸ ‘ਤੇ ਚਲਦਾ ਹੋਵੋ। ਪਰ ਅੱਜ ਦੇ ਜਮਾਨੇ ਵਿਚ ਆਏ ਦਿਨ ਦੂਜਿਆਂ ਨੂੰ ਉਪਦੇਸ਼ ਦੇਣ ਵਾਲਿਆਂ ਦੀ ਤਾਂ ਕੋਈ ਕਮੀ ਨਹੀਂ ਪਰ ਆਪਣੇ ਵਲੋਂ ਝਾੜੇ ਉਪਦੇਸ਼ਾਂ ‘ਤੇ ਅਮਲ ਕਰਨ ਵਾਲੇ ਕਿਤੇ ਵਿਰਲੇ ਹੀ ਨਜਰ ਆਉਂਦੇ ਹਨ। ਜੇ ਕਿਤੇ ਉਹ ਆਪ ਸਹੀ ਹੁੰਦੇ ਹਨ ਤੇ ਜਿਸ ਕੰਮਾਂ ਤੋਂ ਲੋਕਾਂ ਨੂੰ ਵਰਜਦੇ ਹੁੰਦੇ ਹਨ, ਉਹੀ ਕੰਮ ਉਹਨਾਂ ਦੇ ਆਪਣਿਆਂ ਬੱਚਿਆਂ ਵਲੋਂ ਕੀਤੇ ਜਾਣ ‘ਤੇ ਉਹਨਾਂ ਨੂੰ ਕਈ ਵਾਰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਪਰ ਅਜਿਹੇ ਕਈ ਦਲੇਰ ਵਿਅਕਤੀ ਹਨ ਜੋ ਇਸ ਕਮੀ ਨੂੰ ਭਰੀ ਸਭਾ ਵਿਚ ਵੀ ਸਵਿਕਾਰ ਕਰ ਲੈਂਦੇ ਹਨ ਕਿ ਉਹਨਾਂ ਦੇ ਬੱਚੇ ਉਹਨਾਂ ਮੁਤਾਬਕ ਨਹੀਂ ਚੱਲ ਪਾ ਰਹੇ ਪਰ ਕਈ ਅਜਿਹੇ ਬੇ-ਸ਼ਰਮ ਅਤੇ ਬੁਜਦਿਲ ਵੀ ਹੁੰਦੇ ਹਨ ਜੋ ਲੋਕਾਂ ਨੂੰ ਤਾਂ ਬੜੀਆਂ ਮੱਤਾਂ ਦਿੰਦੇ ਹਨ ਪਰ ਆਪਣੇ ਬੱਚਿਆਂ ਦੀਆਂ ਕੋਤਾਹੀਆਂ ਨੂੰ ਬੜੀ ਬੇ-ਸ਼ਰਮੀ ਨਾਲ ਲੁਕਾਉਣ ਦਾ ਯਤਨ ਕਰਦੇ ਰਹਿੰਦੇ ਹਨ। ਅਜਿਹੀ ਹੀ ਇੱਕ ਵੰਨਗੀ ਬੀਤੇ ਦਿਨ ਮਲੋਟ ਵਿਖੇ ਇੱਕ ਗੁਰਦੁਆਰਾ ਸਾਹਿਬ ਵਿਖੇ ਹੋਏ ਇੱਕ ਸਮਾਗਮ ਦੌਰਾਨ ਵੇਖਣ ਨੂੰ ਮਿਲੀ।

ਮੌਕਾ ਸੀ ਸਰਦਾਰੀਆਂ ਯੂਥ ਚੈਰੀਟੇਬਲ ਟਰਸਟ ਵਲੋਂ ਆਪਣੀ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਇਕਾਈ ਗਠਨ ਕਰਨ ਸਬੰਧੀ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਮੰਡੀ ਹਰਜੀ ਰਾਮ ਵਿਖੇ ਕਰਵਾਏ ਗਏ ਇੱਕ ਸਮਾਗਮ ਦਾ। ਜਿਸ ਵਿੱਚ ਹਲਕਾ ਵਿਧਾਇਕ ਹਰਪ੍ਰੀਤ ਕੌਟਭਾਈ ਤੋਂ ਇਲਾਵਾ ਅਨੇਕ ਸਿੱਖ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਸਰਦਾਰੀਆਂ ਟਰਸਟ ਜਿਸ ਦਾ ਮੁੱਖ ਮਿਸ਼ਨ ਹੈ ਸਿੱਖੀ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਅੱਜ ਦੀ ਨੋਜਵਾਨ ਪੀੜੀ ਨੂੰ ਵਾਪਸ ਸਿੱਖੀ ਨਾਲ ਜੋੜਣਾ। ਇਸ ਲਈ ਉਹਨਾਂ ਵਲੋਂ ਨੌਜਵਾਨਾਂ ਨੂੰ ਜਿੱਥੇ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਜਾਂਦਾ ਹੈ ਉੱਥੇ ਹੀ ਦਸਤਾਰ ਸਿਖਾਉਣ ਲਈ ਪੰਜਾਬ ਭਰ ਵਿਚ ਵਿਸ਼ੇਸ਼ ਤੌਰ ‘ਤੇ ਕੈਂਪ ਲਾਏ ਜਾਂਦੇ ਹਨ। ਬੀਤੇ ਦਿਨ ਵੀ ਗੁਰਦੁਆਰਾ ਸਾਹਿਬ ਵਲੋਂ ਜਿੱਥੇ ਟਰਸਟ ਦੇ ਆਗੂਆਂ ਵਲੋਂ ਦਸਤਾਰ ਅਤੇ ਮਿਸ਼ਨ ਸਬੰਧੀ ਵਿਸਤਾਰ ਨਾਲ ਚਰਚਾ ਕੀਤੀ ਗਈ ਉੱਥੇ ਹੀ ਵਿਧਾਇਕ ਸਮੇਤ ਬਾਕੀ ਪਤਵੰਤਿਆਂ ਵਲੋਂ ਵੀ ਇਸੇ ਵਿਸ਼ੇ ‘ਤੇ ਸੰਬੋਧਨ ਕੀਤਾ ਗਿਆ। ਆਏ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ‘ਚ ਬਣੇ ਰਹਿਣ ਅਤੇ ਫ਼ੋਟੂਆਂ ਲੁਆਉਣ ਦੇ ਸ਼ੋਕੀਨ ਇੱਕ ਸਮਾਜ ਸੇਵੀ ਵਲੋਂ ਵੀ ਬੜਾ ਵਧ ਚੜ ਕੇ ਬੋਲਿਆ ਗਿਆ।

ਇਸੇ ਦੌਰਾਣ ਵਾਰੀ ਆਈ ਨਗਰ ਕੋਂਸਲ ਪ੍ਰਧਾਨ ਅਤੇ ਸ਼ਹਿਰ ਦੇ ਮੋਹਰੀ ਅਕਾਲੀ ਆਗੂ ਸ੍ਰ. ਰਾਮ ਸਿੰਘ ਭੁੱਲਰ ਦੀ ਤਾਂ ਉਹਨਾਂ ਵੀ ਇਸ ਵਿਸ਼ੇ ‘ਤੇ ਬੜੇ ਵਿਸਤਾਰ ਨਾਲ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਪਰ ਅਖਿਰ ਵਿੱਚ ਉਹਨਾਂ ਕਿਹਾ ਕਿ ਮੱਤਾਂ ਦੇਣੀਆਂ ਤਾਂ ਆਸਾਨ ਹਨ ਪਰ ਆਪਣੇ ਜੀਵਨ ਅੰਦਰ ਢਾਲਣਾ ਬਹੁਤ ਔਖਾ ਹੈ। ਉਹਨਾਂ ਕਿਹਾ ਕਿ ਸਾਨੂੰ ਦੂਸਰੇ ਦੇ ਬੱਚਿਆਂ ਨੂੰ ਉਪਦੇਸ਼ ਤਾਂ ਹੀ ਝਾੜਨੇ ਚਾਹੀਦੇ ਹਨ ਜਦ ਅਸੀਂ ਆਪ ਇਸ ਵਿਚ ਸਫ਼ਲ ਹੋਈਏ। ਉਹਨਾਂ ਬੜੇ ਹੀ ਬੇਬਾਕ ਸ਼ਬਦਾਂ ਵਿਚ ਕਿਹਾ ਕਿ ਉਹ ਤਾਂ ਖੁਦ ਬਦਕਿਸਮਤ ਹਨ ਕਿ ਉਹਨਾਂ ਦਾ ਵੀ ਇੱਕ ਬੱਚਾ ਸਿੱਖੀ ਤੋਂ ਮੂੰਹ ਮੋੜ ਆਪਣੇ ਕੇਸ ਕਤਲ ਕਰਵਾਈ ਬੈਠਾ ਹੈ।

ਉਹਨਾਂ ਕਿਹਾ ਕਿ ਉਹ ਹੱਥ ਜੋੜ ਕੇ ਸਰਦਾਰੀਆਂ ਟਰਸਟ ਦੇ ਆਗੂਆਂ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਘਰ ਆਓ ਅਤੇ ਪਤਿਤ ਹੋ ਚੁੱਕੀ ਉਹਨਾਂ ਦੀ ਨਲਾਇਕ ਔਲਾਦ ਨੂੰ ਵੀ ਰਾਹੇ ਪਾਓ। ਉਹਨਾਂ ਵਲੋਂ ਗੁਰੂ ਸਾਹਿਬ ਦੀ ਹਜੂਰੀ ਵਿਚ ਬੜੀ ਸਾਫਗੋਈ ਨਾਲ ਅਤੇ ਬੇਬਾਕ ਸ਼ਬਦਾਂ ‘ਚ ਆਪਣੀ ਕੰਮੀ ਕਬੂਲਦਿਆਂ ਵੇਖ ਬੈਠੀ ਸੰਗਤ ਅਸ਼ ਅਸ਼ ਕਰ ਉੱਠੀ ਪਰ ਜਿੱਥੇ ਵਿਖਾਵਾ ਕਰਨ ਵਾਲਿਆਂ ਦੀਆਂ ਅੱਖਾਂ ਅੱਡੀਆਂ ਰਹਿ ਕਈਆਂ ਉੱਥੇ ਸਭ ਤੋਂ ਵੱਧ ਲੈਕਚਰ ਝਾੜਨ ਵਾਲੇ ਅਮ੍ਰਿਤਧਾਰੀ ਸਮਾਜ ਸੇਵੀ ਦੇ ਚੇਹਰੇ ਦਾ ਤਾਂ ਰੰਗ ਹੀ ਫੱਕ ਹੋ ਗਿਆ। ਕਿਉਂਕਿ ਉਸ ਦੀ ਆਪਣੀ ਔਲਾਦ (ਬੇਟਾ) ਵੀ ਕੇਸ ਕਤਲ ਕਰਾ ਗੁਰਸਿੱਖੀ ਤੋਂ ਦੂਰ ਹੋ ਕੇ ਚਲਦੀ ਹੈ। ਉਸ ਦੇ ਚੋਹਰੇ ਤੋਂ ਸਾਫ਼ ਨਜਰ ਆ ਰਿਹਾ ਸੀ ਕਿ ਉਸ ਨੂੰ ਸ੍ਰ.ਭੁੱਲਰ ਵਲੋਂ ਕਹੇ ਗਏ ‘ਸ਼ਬਦ’ ਆਪਣੀਆਂ ਗੱਲਾਂ ‘ਤੇ ਵੱਜੀ ਚਪੇੜ ਵਾਂਗ ਲੱਗ ਰਹੇ ਸਨ। ਸਮਾਗਮ ਦੇ ਆਖੀਰ ਤੱਕ ਜਿੱਥੇ ਰਾਮ ਸਿੰਘ ਭੁੱਲਰ ਵਲੋਂ ਵਿਖਾਈ ਗਈ ਦਿਲੇਰੀ ਦੀ ਚਰਚਾ ਬੜੇ ਸਨਮਾਨਜਨਕ ਅਤੇ ਪ੍ਰਸ਼ੰਸ਼ਾ ਭਰੇ ਲਫ਼ਜਾਂ ਨਾਲ ਹੁੰਦੀ ਰਹੀ ਉੱਥੇ ਹੀ ਇਹ ਸਮਾਜ ਸੇਵੀ ਅੰਦਰੋ ਅੰਦਰੀ ਝੁਰਦਾ ਰਿਹਾ ਪਰ ਉਸ ਇੱਕ ਵਾਰ ਵੀ ਹਿੰਮਤ ਨਾ ਕੀਤੀ ਕਿ ਉਹ ਵੀ ਟਰਸਟ ਵਾਲਿਆਂ ਨੂੰ ਆਪਣੀ ਔਲਾਦ ਲਈ ਬੇਨਤੀ ਕਰੇ।

Source: http://www.punjabspectrum.com/2013/10/24637


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top