Share on Facebook

Main News Page

ਸਿੱਖ ਦੀ ਅੱਡਰੀ ਪਹਿਚਾਣ
-: ਡਾ. ਗੁਰਦਰਸ਼ਨ ਸਿੰਘ ਢਿੱਲੋਂ

ਸਿੱਖ ਇਤਿਹਾਸ ਦੇ ਪਹਿਲੇ ਐਲਾਨਨਾਮੇ ਦੇ ਰੂਪ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੇਈਂ ਨਦੀ ਵਿੱਚੋਂ ਬਾਹਰ ਆ ਕੇ ਆਪਣੇ ਸ਼ਰਧਾਲੂਆਂ ਨੂੰ ਇਹ ਸੰਦੇਸ਼ ਦਿੱਤਾ ਸੀ - “ਨਾ ਕੋਈ ਹਿੰਦੂ ਨ ਮੁਸਲਮਾਨ।” ਉਨ੍ਹਾਂ ਦੇ ਇਸ ਕਥਨ ਬਾਰੇ ਵੱਖ-ਵੱਖ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਹਨ। ਬਹੁਤੇ ਗੈਰ-ਸਿੱਖ ਵਿਦਵਾਨ ਇਸ ਦੀ ਵਿਆਖਿਆ ਕਰਦੇ ਹੋਏ ਸਮਝਦੇ ਹਨ, ਕਿ ਇਸਦਾ ਮਤਲਬ ਇਹ ਹੈ ਕਿ ਉਸ ਵੇਲੇ ਹਿੰਦੂ ਮੱਤ ਅਤੇ ਇਸਲਾਮ ਦੋਹਾਂ ਵਿੱਚ ਗਿਰਾਵਟ ਆ ਚੁੱਕੀ ਸੀ ਅਤੇ ਇਨ੍ਹਾਂ ਵਿੱਚ ਕਾਫ਼ੀ ਸੁਧਾਰ ਦੀ ਗੁੰਜਾਇਸ਼ ਸੀ। ਪਰ ਸਿੱਖ ਵਿਦਵਾਨ ਇਸ ਵਿਆਖਿਆ ਨਾਲ ਸਹਿਮਤ ਨਹੀਂ। ਉਨ੍ਹਾਂ ਦੇ ਮੱਤ ਅਨੁਸਾਰ, ਸ਼੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਧਰਮਾਂ ਦੀ ਜਗ੍ਹਾ ਇੱਕ ਨਵਾਂ ਨਰੋਆ ਸਮਾਜਿਕ ਧਰਮ ਸਥਾਪਿਤ ਕਰਨਾ ਚਾਹੁੰਦੇ ਸਨ ਅਤੇ ਇਸ ਐਲਾਨ ਦਾ ਉਦੇਸ਼ ਸਿੱਖ ਧਰਮ ਦੇ ਸਿਧਾਂਤ ਦੀ ਪ੍ਰਭੂਸੱਤਾ ਅਤੇ ਨਿਆਰੀ, ਵਿਲੱਖਣ ਪੰਥਕ ਹਸਤੀ ਨੂੰ ਕਾਇਮ ਕਰਨਾ ਸੀ। ਵਿਦਵਾਨਾਂ ਦੀ ਇਸ ਬਹਿਸ ’ਤੇ ਨਿਰਣਾਇਕ ਵਿਚਾਰ ਭਾਈ ਗੁਰਦਾਸ ਜੀ ਦੀ ਆਪਣੀ ਕਲਮ ਤੋਂ ਭਲੀ ਭਾਂਤ ਮਿਲਦੀ ਹੈ। ਉਹ ਲਿਖਦੇ ਹਨ, “ਮਾਰਿਆ ਸਿੱਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।

ਉਪਰੋਕਤ ਵਾਕ ਨੂੰ ਸੋਚਣ-ਵਿਚਾਰਣ ਤੋਂ ਬਾਅਦ ਇਸ ਮਾਮਲੇ ਤੇ ਦੋ ਰਾਵਾਂ ਨਹੀਂ ਰਹਿ ਜਾਂਦੀਆਂ। ਜੇ ਦਸ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਹਿਜੇ ਹੀ ਪਤਾ ਚਲ ਜਾਂਦਾ ਹੈ ਕਿ ਸਾਰੇ ਦੇ ਸਾਰੇ ਗੁਰੂ ਸਾਹਿਬਾਨ ਆਪਣੇ-ਆਪਣੇ ਸਮੇਂ ਇਸ ਵੱਖਰੇ ਪੰਥ ਦੀ ਸਿਰਜਣਾ ਲਈ ਕੁੱਝ ਨਾ ਕੁੱਝ ਨਵੀਂ ਵਿਉਂਤਬੰਦੀ ਕਰਦੇ ਰਹੇ। ਭਾਰਤ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕੋਈ ਅਜਿਹੀ ਕੋਸ਼ਿਸ਼ ਵੇਖਣ ਨੂੰ ਨਹੀਂ ਮਿਲਦੀ। ਦੂਜੇ ਗੁਰੂ ਸਾਹਿਬ ਨੇ ਦੇਵ-ਭਾਸ਼ਾ ਸੰਸਕ੍ਰਿਤ, ਫ਼ਾਰਸੀ, ਅਰਬੀ, ਪਾਲੀ ਆਦਿ ਦੀ ਬਜਾਏ ਉਸ ਵੇਲੇ ਦੀ ਲੋਕ-ਬੋਲੀ ਨੂੰ ਸਮਾਜਿਕ ਅਤੇ ਧਾਰਮਿਕ ਉਦੇਸ਼ ਦਾ ਮਾਧਿਅਮ ਬਣਾਇਆ ਤਾਂਕਿ ਗ਼ਰੀਬ ਅਤੇ ਅਖੌਤੀ ਛੋਟੀਆਂ ਜਾਤੀਆਂ ਦੇ ਲੋਕ ਗੁਰਮਤ ਵਿਚਾਰਧਾਰਾ ਨੂੰ ਸਹਿਜੇ ਹੀ ਸਮਝ ਸਕਣ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਇੱਕ ਨਵਾਂ-ਨਰੋਆ ਸਮਾਜ ਸਿਰਜ ਸਕਣ। ਜਾਤੀਵਾਦ ਦੇ ਕੋਹੜ ਨੂੰ ਜੜੋਂ ਪੁੱਟਣ ਲਈ ਉਨ੍ਹਾਂ ਨੇ ਲੰਗਰ, ਸੰਗਤ, ਪੰਗਤ ਅਤੇ ਧਰਮਸਾਲ ਦੇ ਸ਼ਕਤੀਸ਼ਾਲੀ ਅਦਾਰਿਆਂ ਨੂੰ ਜਨਮ ਦਿੱਤਾ। ਸ਼੍ਰੀ ਗੁਰੂ ਨਾਨਕ ਸਾਹਿਬ ਦਾ ਕਮਾਲ ਇਹ ਹੈ ਕਿ ਉਨ੍ਹਾਂ ਨੇ ਸਾਰੀ ਮਾਨਵਤਾ ਨੂੰ ਆਪਣਾ ਪਰਿਵਾਰ ਸਮਝਿਆ ਅਤੇ ਜੋ ਲੋਕ ਕੁਝ ਕਾਰਣਾਂ ਕਰਕੇ ਆਪਣੇ ਆਪ ਨੂੰ ਪਵਿਤ੍ਰ ਸਮਝਦੇ ਸਨ, ਉਨ੍ਹਾਂ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ। ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨਾਲ ਇਕਠੇ ਬੈਠਣਾ, ਖਾਣਾ-ਪੀਣਾ, ਰਹਿਣਾ; ਉਨ੍ਹਾਂ ਨੂੰ ਬਰਾਬਰੀ ਦਾ ਅਹਿਸਾਸ ਕਰਾਉਣਾ ਅਤੇ ਇਸ ਧਰਤੀ ਉੱਤੇ ਉਨ੍ਹਾਂ ਦੀ ਮਲਕੀਅਤ ਦਾ ਅਹਿਸਾਸ ਕਰਾਉਣਾ  ਇੱਕ ਬਹੁੱਤ ਸ਼ਕਤੀਸ਼ਾਲੀ ਸੰਕਲਪ ਹੈ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਵਿਲੱਖਣ ਦੇਣ ਹੈ। ਤੀਜੇ ਨਾਨਕ ਨੇ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾ ਕੇ ਪੰਥ ਲਈ ਇੱਕ ਨਵਾਂ ਧਾਰਮਿਕ ਅਸਥਾਨ ਕਾਇਮ ਕੀਤਾ ਅਤੇ ਜਨਮ ਤੋਂ ਮਰਨ ਤੱਕ ਦੀਆਂ ਨਵੀਆਂ ਨਰੋਈਆਂ ਸਮਾਜਿਕ ਰਹੁ-ਰੀਤਾਂ ਨੂੰ ਲਾਗੂ ਕੀਤਾ।

ਇਸ ਤੋਂ ਉਪਰੰਤ ਸਿੱਖਾਂ ਦੇ ਇੱਕ ਹੋਰ ਨਵੇਂ ਧਾਰਮਿਕ ਅਸਥਾਨ ਦੀ ਸਥਾਪਨਾ ਕੀਤੀ ਗਈ । ਸਮਾਜ ਦੇ ਬਹੁ-ਪੱਖੀ ਵਿਕਾਸ ਨੂੰ ਕਿਸੇ ਇੱਕ ਕੇਂਦਰੀ ਜਗ੍ਹਾ ਦੀ ਦੇਖ ਭਾਲ ਹੇਠ ਕਰਨ ਲਈ ਇਹ ਇੱਕ ਐਸੇ ਅਦਾਰੇ ਦੇ ਨਿਰਮਾਣ ਦੀ ਸ਼ੁਰੂਆਤ ਸੀ ਜੋ ਸਿੱਖੀ ਦਾ ਧੁਰਾ ਬਣਕੇ ਉਭਰਿਆ  ।ਇਸ ਤਰ੍ਹਾਂ ਹਰਿਮੰਦਰ ਸਾਹਿਬ ਨੇ ਹੌਲੀ-ਹੌਲੀ ਦਰਬਾਰ ਸਾਹਿਬ ਦਾ ਰੂਪ ਧਾਰਨ ਕਰ ਲਿਆ ਅਤੇ ਸਿੱਖਾਂ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਸਿਆਸੀ ਮਸਲਿਆਂ ਦਾ ਕੇਂਦਰ ਬਿੰਦੂ ਬਣ ਗਿਆ ।

1604 ਈਸਵੀ ਵਿੱਚ ਪੰਜਵੇਂ ਪਾਤਸ਼ਾਹ, ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਦਰਬਾਰ ਸਾਹਿਬ ਤੋਂ ਇੱਕ ਨਵਾਂ ਐਲਾਨ ਕੀਤਾ। ਜਦੋਂ ਆਪ ਪੋਥੀ ਸਾਹਿਬ ਦੀ ਸੰਪਾਦਨਾ ਕਰਕੇ ਦਰਬਾਰ ਸਾਹਿਬ ਪਹੁੰਚੇ ਤਾਂ ਸੋਚ ਵਿਚਾਰ ਤੋਂ ਬਾਅਦ ਦੋ ਵੱਡੇ ਸੰਕੇਤ ਸਿੱਖ ਪੰਥ ਨੂੰ ਦਿੱਤੇ। ਇੱਕ ਤਾਂ ਪੋਥੀ ਸਾਹਿਬ ਨੂੰ ਉਸ ਮੰਜੀ ਤੇ ਸੁਸ਼ੋਭਿਤ ਕੀਤਾ ਜਿੱਥੇ ਗੁਰੂ ਮਹਾਰਾਜ ਆਪ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਸੰਬੋਧਨ ਹੋਇਆ ਕਰਦੇ ਸਨ। ਗੁਰੂ ਆਪ ਜ਼ਮੀਨ ਤੇ ਬੈਠ ਗਏ ਅਤੇ ਪੋਥੀ ਸਾਹਿਬ ਨੂੰ ਮੰਜੀ ’ਤੇ ਸਥਾਪਿਤ ਕਰ ਦਿੱਤਾ । ਇਸ ਤੋਂ ਇਲਾਵਾ ਆਪ ਨੇ ਇੱਕ ਅਹਿਮ ਐਲਾਨਨਾਮਾ ਸਿੱਖ ਸੰਗਤ ਨੂੰ ਦਿੱਤਾ ਕਿ “ਪੋਥੀ ਪਰਮੇਸਰ ਕਾ ਥਾਨੁ ॥” (ਸਾਰਗ ਮਹਲਾ 5, ਸ਼੍ਰੀ ਗੁਰੁ ਗਰੰਥ ਸਾਹਿਬ, ਪੰਨਾ 1226) ਇਹ ਦੋਵੇਂ ਗੱਲਾਂ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਵਿੱਚ ਬਿਲਕੁਲ ਵਿਲੱਖਣ ਹਨ। ਅੱਜ ਤੱਕ ਦੇ ਜਿੰਨੇ ਵੀ ਧਰਮ ਹੋਏ ਹਨ ਉਨ੍ਹਾਂ ਵਿੱਚ ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਦਾ ਸਥਾਨ ਹਮੇਸ਼ਾ ਹੀ ਉਨ੍ਹਾਂ ਦੇ ਪੈਗ਼ੰਬਰਾਂ ਤੋਂ ਨੀਵਾਂ ਰਿਹਾ ਹੈ। ਦੂਸਰਾ, ਕਿਸੇ ਵੀ ਧਰਮ ਵਿੱਚ ਉਨ੍ਹਾਂ ਦੀ ਧਰਮ-ਪੁਸਤਕ ਨੂੰ ਰੱਬ ਦਾ ਸਥਾਨ ਨਹੀਂ ਦਿੱਤਾ ਗਿਆ। ਦੁਨੀਆਂ ਭਰ ਵਿੱਚ ਕੇਵਲ ਤੇ ਕੇਵਲ ਸਿੱਖ ਧਰਮ ਹੀ ਇੱਕ ਐਸਾ ਵਿਲੱਖਣ ਧਰਮ ਹੈ, ਜਿਸ ਵਿੱਚ ਪੋਥੀ ਸਾਹਿਬ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੋਈ ਹੈ।

ਬਹੁੱਤ ਸਾਰੇ ਅਨਭੋਲ ਲੋਕਾਂ ਨੂੰ “ਸਿੱਖੀ ਦੀ ਅੱਡਰੀ ਪਛਾਣ” ਬਾਰੇ ਭੁਲੇਖੇ ਸਨ। ਉਨ੍ਹਾਂ ਦੇ ਇਨ੍ਹਾਂ ਭੁਲੇਖਿਆਂ ਨੂੰ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ, ਸ਼੍ਰੀ ਗੁਰੂ ਨਾਨਕ ਸਾਹਿਬ ਦੇ ਆਸ਼ੇ ਮੁਤਾਬਿਕ, ਇਸ ਤਰ੍ਹਾਂ ਦੂਰ ਕੀਤਾ ਤਾਂਕਿ ਕਿਸੇ ਨੂੰ ਇਸ ਬਾਰੇ ਕੋਈ ਵੀ ਭੁਲੇਖਾ ਲਗਣ ਦੀ ਗੁੰਜਾਇਸ਼ ਰਹਿ ਨਾ ਜਾਵੇ। ਆਪਣੇ ਇੱਕ ਸ਼ਬਦ ਵਿੱਚ ਉਨ੍ਹਾਂ ਨੇ ਐਲਾਨੀਆ ਫ਼ਰਮਾਇਆ -

ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥ (ਭੈਰਉ ਮਹਲਾ 5 ॥ ਅੰਕ 1136)

1606 ਈਸਵੀ ਵਿੱਚ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨਾ ਸਿਰਫ਼ ਸਿੱਖ ਇਤਿਹਾਸ ਵਿੱਚ ਇੱਕ ਮੀਲ-ਪੱਥਰ ਹੈ, ਬਲਕਿ ਇਸ ਘਟਨਾ ਨੇ ਸ਼ਹਾਦਤ ਦੇ ਅਰਥ ਅਤੇ ਵਿਆਖਿਆ ਹੀ ਬਦਲ ਕੇ ਰਖ ਦਿੱਤੀ।ਸ਼ਹਾਦਤ ਦਾ ਸਿਧਾਂਤ ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਵਿੱਚ ਪ੍ਰਚੱਲਤ ਸੀ । ਹਿੰਦੂਆਂ ਵਿੱਚ ਤਾਂ ਕੇਵਲ ਬਲੀ ਦਾ ਸਿਧਾਂਤ ਹੀ ਹੈ। ਬਹੁਤੇ ਵਿਚਾਰਵਾਨ ਇਹ ਮਹਿਸੂਸ ਕਰਦੇ ਹਨ ਕਿ ਸਿੱਖਾਂ ਵਿੱਚ ਸ਼ਹਾਦਤ ਦਾ ਸਿਧਾਂਤ ਇਸਲਾਮ ਤੋਂ ਆਇਆ ਹੈ। ਪਰੰਤੂ ਇਸ ਗੱਲ ਦੀ ਤਹਿ ਤੱਕ ਜਾ ਕੇ ਵੇਖੀਏ ਤਾਂ ਪਤਾ ਚਲਦਾ ਹੈ ਜਿਨ੍ਹਾਂ ਧਰਮਾਂ ਵਿੱਚ ਇਹ ਸੰਕਲਪ ਹੈ ਉਨ੍ਹਾਂ ਵਿੱਚ ਇੱਕ ਵਾਅਦਾ ਕੀਤਾ ਜਾਂਦਾ ਹੈ ਕਿ ਜੋ ਚੀਜਾਂ ਇਸ ਦੁਨੀਆਂ ਵਿੱਚ ਵਰਜਿਤ ਹਨ, ਸ਼ਹਾਦਤ ਦੇਣ ਵਾਲੇ ਵਿਅਕਤੀ ਨੂੰ ਉਨ੍ਹਾਂ ਚੀਜਾਂ ਦੀ ਬਹੁਤਾਤ ਬਹਿਸ਼ਤ ਵਿੱਚ ਜਾ ਕੇ ਮਿਲੇਗੀ, ਜਿਵੇਂ ਸ਼ਰਾਬ ਦੇ ਦਰਿਆ ਅਤੇ ਹੂਰਾਂ ਇਤਿਆਦਿਕ। ਸਿੱਖ ਧਰਮ ਵਿੱਚ ਐਸਾ ਕੁੱਝ ਵੀ ਨਹੀਂ ਹੈ। ਜੇਕਰ ਸ਼ਹਾਦਤ ਰੱਬ ਦੇ ਜਾਂ ਸੱਚਾਈ ਦੇ ਨਾਂ ਤੇ ਦਿੱਤੀ ਹੈ ਤਾਂ ਮੁਆਵਜ਼ਾ ਕਿਸ ਚੀਜ਼ ਦਾ ਲੈਣਾ ਹੈ?

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੰਥ ਦੇ ਸਾਮ੍ਹਣੇ ਹੋਰ ਸ਼ਪਸ਼ਟ ਅਤੇ ਸਾਫ਼ ਕਰਨ ਲਈ ਦੋ ਤਲਵਾਰਾਂ ਪਹਿਨੀਆਂ ਤਾਂ ਜੋ ਕਿਸੇ ਨੂੰ ਇਸ ਬਾਰੇ ਕੋਈ ਭੁਲੇਖਾ ਨ ਰਹਿ ਜਾਵੇ। ਗੁਰੂ ਸਾਹਿਬ ਨੇ ਇੱਕ ਹੋਰ ਭੁਲੇਖਾ ਵੀ ਦੂਰ ਕੀਤਾ ਕਿ ਬੀੜ ਸਾਹਿਬ ਕਿਸੇ ਇੱਕ ਪਰਿਵਾਰ ਜਾਂ ਵਿਅਕਤੀ ਦੀ ਜਾਗੀਰ ਨਹੀਂ ਹੋ ਸਕਦੀ, ਬਲਕਿ ਇਹ ਤਾਂ ਸਾਰੇ ਪੰਥ ਅਤੇ ਮਾਨਵਤਾ ਦਾ ਸਾਂਝਾ ਵਿਰਸਾ ਹੈ। ਆਪ ਨੇ ਆਪਣੇ ਪੋਤੇ ਧੀਰਮਲ ਤੋਂ ਪੋਥੀ ਸਾਹਿਬ ਦੀ ਮੰਗ ਕੀਤੀ ਅਤੇ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਨੇ ਹੁਕਮਨਾਮਾ ਜਾਰੀ ਕਰਕੇ ਧੀਰਮਲ ਅਤੇ ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਵਾਸਤੇ ਪੰਥ ਵਿੱਚੋਂ ਛੇਕ ਦਿੱਤਾ। ਬਿਲਕੁਲ ਇਸੇ ਕਿਸਮ ਦੀ ਗੱਲ ਸ਼੍ਰੀ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮਰਾਏ ਨਾਲ ਕੀਤੀ। ਜਦੋਂ, ਔਰੰਗਜ਼ੇਬ ਦੀ ਰਾਜਸੀ ਤਾਕਤ ਤੋਂ ਡਰ ਕੇ, ਉਸਨੇ ਪੋਥੀ ਸਾਹਿਬ ਵਿਚਲੇ ਇੱਕ ਲਫ਼ਜ਼ ‘ਮੁਸਲਮਾਨ’ ਦੀ ਜਗ੍ਹਾ ‘ਬੇਈਮਾਨ’ ਕਰਨ ਦੀ ਗ਼ਲਤੀ ਕੀਤੀ ਤਾਂ ਸ਼੍ਰੀ ਗੁਰੂ ਹਰਿਰਾਇ ਸਾਹਿਬ ਨੇ ਉਸਨੂੰ ਅਤੇ ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਥ ਵਿੱਚੋਂ ਬੇਦਖ਼ਲ ਕਰ ਦਿੱਤਾ। ਇਹ ਬੜਾ ਕਠਿਨ ਫ਼ੈਸਲਾ ਸੀ। ਸਿੱਧਾ ਜਿਹਾ ਅਸੂਲ ਹੈ। ਪੋਥੀ ਇਲਾਹੀ ਬਾਣੀ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਤਬਦੀਲੀ ਦਾ ਹੱਕ ਕਿਸੇ ਨੂੰ ਵੀ ਨਹੀਂ ਦਿੱਤਾ ਜਾ ਸਕਦਾ ਭਾਵੇਂ ਉਹ ਵਿਅਕਤੀ ਗੁਰੂਆਂ ਦੇ ਆਪਣੇ ਪਰਿਵਾਰ ਦਾ ਕੋਈ ਮੈਂਬਰ ਹੀ ਕਿਉਂ ਨਾ ਹੋਵੇ।

ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹਰ ਮਨੁੱਖ ਦੀ ਧਾਰਮਿਕ ਆਜ਼ਾਦੀ ਲਈ ਦਿੱਤੀ ਇੱਕ ਅਦੁੱਤੀ ਸ਼ਹਾਦਤ ਹੈ । ਗੁਰੂ ਸਾਹਿਬ ਮਹਿਸੂਸ ਕਰਦੇ ਸਨ ਕਿ ਹਰ ਮਨੁੱਖ ਨੂੰ ਆਪਣੀਆਂ ਰਹੁ-ਰੀਤਾਂ ਮੁਤਾਬਿਕ ਆਪਣੇ ਧਰਮ ਨੂੰ ਮੰਨਣ ਦੀ ਖੁੱਲ੍ਹ ਅਤੇ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਇਹ ਉਸਦਾ ਜਮਾਂਦਰੂ-ਹੱਕ ਹੈ। ਦੁਨੀਆਂ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਧਰਮ ਦੇ ਪੈਗੰਬਰ ਨੇ ਕਿਸੇ ਦੂਜੇ ਧਰਮ ਦੀ ਆਜ਼ਾਦੀ ਲਈ ਇਤਨੀ ਵੱਡੀ ਸ਼ਹਾਦਤ ਦਿੱਤੀ ਹੋਵੇ।

ਇਸੇ ਸੰਧਰਭ ਵਿੱਚ ਜਦੋਂ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਸੰਪੂਰਨ ਕਰਨ ਲਈ, ਖ਼ਾਲਸੇ ਦੀ ਸਿਰਜਣਾ ਕੀਤੀ ਤਾਂ ਇੱਕੋ ਮਕਸਦ ਪੰਥ ਅੱਗੇ ਰਖਿਆ ਕਿ ਖ਼ਾਲਸੇ ਨੇ ਹਰ ਕਿਸਮ ਦੇ ਜ਼ੁਲਮ ਅਤੇ ਅਤਿਆਚਾਰ ਖ਼ਿਲਾਫ਼ ਲੜਨਾ ਹੈ। ਚਾਹੇ ਉਹ ਜ਼ੁਲਮ ਤੁਹਾਡੇ ਆਪਣਿਆਂ ਤੇ ਹੋ ਰਿਹਾ ਹੋਵੇ ਜਾਂ ਕਿਸੇ ਦੂਜੇ ਧਰਮਾਂ ਦੇ ਮਾਸੂਮ ਅਤੇ ਨਿਰਦੋਸ਼ ਲੋਕਾਂ ’ਤੇ ਹੋ ਰਿਹਾ ਹੋਵੇ। ਇਸੇ ਭਾਵਨਾ ਨੂੰ ਲੈ ਕੇ ਖ਼ਾਲਸੇ ਨੇ ਗ਼ਜ਼ਨੀ ਅਤੇ ਅਬਦਾਲੀ ਦੇ ਹਮਲਿਆਂ ਵੇਲੇ ਮਜ਼ਲੂਮ ਹਿੰਦੂ ਧੀਆਂ, ਭੈਣਾਂ ਨੂੰ ਜ਼ਾਲਮਾਂ ਤੋਂ ਛੁਡਾ ਕੇ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰਾਂ ਦੇ ਹਵਾਲੇ ਕੀਤਾ।ਇੱਥੇ ਹੀ ਬਸ ਨਹੀਂ, ਸਿੱਖ ਰਾਜ ਵੇਲੇ ਕਿਸੇ ਵੀ ਨਿਰਦੋਸ਼ ਮੁਸਲਮਾਨ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਜਦੋਂ ਕਿ ਉਨ੍ਹਾਂ ਦੇ ਵੱਡੇਰਿਆਂ ਨੇ ਸਿੱਖ ਗੁਰੂਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਆਮ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਸਨ। ਸਿੱਖ ਰਾਜ ਵਿੱਚ ਕਿਸੇ ਮਸਜਿਦ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਕੁਰਾਨ ਸ਼ਰੀਫ਼ ਦੀ ਉਹੀ ਇੱਜ਼ਤ ਕੀਤੀ ਗਈ ਜੋ ਬਣਦੀ ਸੀ। ਇਹ ਸੱਭ ਕੁੱਝ ਇਸ ਕਰਕੇ ਹੀ ਹੋ ਸਕਿਆ ਕਿਉਂਕਿ ਉਹ ਰਾਜ ਸਿੱਖੀ ਕਦਰਾਂ ਕੀਮਤਾਂ ਅਨੁਸਾਰ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਰੱਖ ਕੇ, ਗੁਰੂਆਂ ਦੀ ਹਿਦਾਇਤ ਅਨੁਸਾਰ, ਕੀਤਾ ਗਿਆ ਸੀ।

ਦੁਨੀਆਂ ਦੇ ਧਰਮਾਂ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਹਰ ਧਰਮ ਵਿੱਚ ਮਾਲਾ ਹੀ ਅਧਿਆਤਮਿਕਤਾ ਦਾ ਚਿੰਨ੍ਹ ਹੁੰਦੀ ਹੈ, ਪਰੰਤੂ ਸਿੱਖ ਧਰਮ ਵਿੱਚ ਇਸ ਦੀ ਥਾਂ ਕਿਰਪਾਨ ਨੇ ਲੈ ਲਈ ਹੈ। ਐਸਾ ਕਿਉਂ ਹੋਇਆ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਪ੍ਰਚੱਲਤ ਲਫਜ਼ ‘ਤਲਵਾਰ’ ਨੂੰ ਛੱਡ ਕੇ ਉਸ ਦੀ ਥਾਂ ‘ਕਿਰਪਾਨ’ ਸ਼ਬਦ ਨੂੰ ਅਪਨਾਉਣਾ ਸ਼ਾਇਦ ਇਸ ਲਫਜ਼ ਦੇ ਭਾਵਾਰਥ  ਨੂੰ ‘ਕਿਰਪਾ’ ਸ਼ਬਦ ਤੋਂ ਲਏ ਜਾਣ ਕਾਰਨ ਹੈ। ਇਸ ਤੋਂ ਇਹ ਸੇਧ ਵੀ ਮਿਲਦੀ ਹੈ ਕਿ ਇਸ ਕਿਰਪਾਨ ਨੂੰ ਕਿਸੇ ੳੱਤੇ ਜ਼ੁਲਮ ਕਰਨ ਲਈ ਵਰਤਣ ਦੀ ਇਜਾਜ਼ਤ ਕਦਾਚਿਤ ਨਹੀਂ ਹੈ। ਕਿਰਪਾਨ ਖਾਲਸੇ ਦਾ ਚਿੰਨ੍ਹ ਹੀ ਨਹੀਂ ਬਲਕਿ ਇੱਕ ਪਹਿਚਾਨ ਹੈ ਜੋ ਸਦਾ ਯਾਦ ਕਰਾਉਂਦੀ ਹੈ ਕਿ ਜੱਦੋਂ ਅਸੀਂ ਅੰਮ੍ਰਿਤਪਾਨ ਕੀਤਾ ਤਾਂ ਗੁਰੂ ਨਾਲ ਸਾਡੀ ਇਹ ਵਚਨਬੱਧਤਾ ਹੋ ਗਈ ਕਿ ਖ਼ਾਲਸੇ ਨੇ ਹਮੇਸ਼ਾਂ ਵੱਖਰਾ ਰਹਿਣਾ ਹੈ ਅਤੇ ਨਿਓਟਿਆਂ, ਮਜ਼ਲੂਮਾਂ, ਨਿਆਸਰਿਆਂ ਦੇ ਨਾਲ ਖੜ੍ਹਨਾ ਹੈ, ਚਾਹੇ ਉਹ ਨਿਓਟਾ ਜਾਂ ਬੇ-ਸਹਾਰਾ ਵਿਅਕਤੀ ਸਿੱਖ ਹੋਵੇ ਜਾਂ ਕਿਸੇ ਹੋਰ ਧਰਮ ਦਾ ਹੋਵੇ। ਜਦੋਂ ਖ਼ਾਲਾਸਾ ਅਰਦਾਸ ਕਰਦਾ ਹੈ ਤਾਂ ਉਸ ਵੇਲੇ ਪਰਮਾਤਮਾ ਨੂੰ ਤਾਂ ਨਿਓਟਿਆਂ ਦੀ ਓਟ ਅਤੇ ਨਿਆਸਰਿਆਂ ਦਾ ਆਸਰਾ ਦਰਸਾਇਆ ਜਾਂਦਾ ਹੈ ਪਰ ਨਿਓਟਾ ਅਤੇ ਨਿਆਸਰਾ ਕੌਣ ਹੈ ਇਹ ਨਹੀਂ ਦਰਸਾਇਆ ਜਾਂਦਾ। ਇਸ ਦਾ ਭਾਵ ਇਹ ਹੈ ਕਿ ਅਰਦਾਸ ਵਿੱਚ ‘ਨਿਓਟਾ’ ਅਤੇ ‘ਨਿਆਸਰਾ’ ਸ਼ਬਦ ਸਿਰਫ਼ ਸਿੱਖਾਂ ਵਾਸਤੇ ਨਹੀਂ ਸਗੋਂ ਸਮੁੱਚੀ ਮਨੁੱਖਤਾ ਵਾਸਤੇ ਵਰਤੇ ਜਾਂਦੇ ਹਨ।

ਸਾਰੇ ਧਰਮਾਂ ਵਿੱਚ ਇੱਕ ਆਦਰਸ਼ ਸਾਮ੍ਹਣੇ ਰਖਿਆ ਜਾਂਦਾ ਹੈ, ਜਿਸ ’ਤੇ ਉਸ ਧਰਮ ਦੇ ਅਨੁਆਈਆਂ ਨੇ ਪਹੁੰਚਣਾ ਹੁੰਦਾ ਹੈ। ਜਿਵੇਂ ਕਿ ਹਿੰਦੂਆਂ ਵਿੱਚ ਬੈਰਾਗੀ ਆਦਰਸ਼ਕ ਹਿੰਦੂ ਹੈ, ਇਸਾਈਆਂ ਵਿੱਚ ਆਦਰਸ਼ਕ ਇਸਾਈ ਹਰਮਿਟ ਹੈ, ਬੋਧੀਆਂ ਵਿੱਚ ਭਿਖਸ਼ੂ ਹੈ ਅਤੇ ਮੁਸਲਮਾਨਾਂ ਵਿੱਚ ਗ਼ਾਜ਼ੀ ਹੈ। ਇਸੇ ਤਰ੍ਹਾਂ ਸਿੱਖਾਂ ਦਾ ਆਦਰਸ਼ਕ ਸਿੱਖ ਹੈ ਖ਼ਾਲਸਾ। ਬਾਕੀ ਦੇ ਧਰਮਾਂ ਦੇ ਆਦਰਸ਼ਕ ਵਿਅਕਤੀਆਂ ਦੇ ਕਾਫ਼ੀ ਚਿੰਨ੍ਹ ਸਾਂਝੇ ਹਨ, ਜਿਵੇਂ ਕਿ ਉਹ ਪਰਿਵਾਰਕ ਜੀਵਨ ਤੋਂ ਮੁਕਤ ਹਨ; ਉਹ ਮੱਠਾਂ, ਜੰਗਲਾਂ ਜਾਂ ਪਹਾੜਾਂ ਵਿੱਚ ਜਾਕੇ ਨਿਵਾਸ ਕਰਦੇ ਹਨ, ਤਾਂਕਿ ਉਨ੍ਹਾਂ ਉਪਰ ਸਮਾਜਿਕ ਜੀਵਨ ਦਾ ਅਸਰ ਨਾ ਪੈ ਸਕੇ। ਦੁਨੀਆਂ ਨੂੰ ਉਹ ਮਾਇਆ ਅਤੇ ਛੱਲ ਸਮਝਦੇ ਹਨ।ਇਸਲਾਮ ਵਿੱਚ ਗ਼ਾਜ਼ੀ ਨੇ ਇਸ ਧਰਤੀ ਉੱਤੇ ਗ਼ੈਰ-ਮੁਸਲਮਾਨਾਂ ਨੂੰ ਕੋਈ ਅਸਥਾਨ ਨਹੀਂ ਦੇਣਾ। ਹਰ ਗ਼ੈਰ-ਮੁਸਲਮਾਨ ਨੂੰ ਤਲਵਾਰ ਦੀ ਨੋਕ ’ਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਨਾ ਹੈ ਅਤੇ ਗ਼ੈਰ-ਮੁਸਲਮਾਨਾਂ ਤੋਂ ਇਸਲਾਮਿਕ ਰਾਜ ਵਿੱਚ ਰਹਿਣ ਲਈ ਜਜ਼ੀਆ ਉਗ੍ਰਾਹੁਣਾ ਹੈ । ਪਰੰਤੂ ਖ਼ਾਲਸਾ ਇਸਦੇ ਬਿਲਕੁਲ ਵਿਪਰੀਤ ਹੈ, ਉਹ ਪਰਿਵਾਰ, ਸਮਾਜ ਅਤੇ ਇਸ ਦੁਨੀਆਂ ਨੂੰ ਪਵਿੱਤਰ ਅਤੇ ਰੱਬ ਦੀ ਉਤਪੱਤੀ ਦੇ ਰੂਪ ਵਿੱਚ ਦੇਖਦਾ ਹੈ। ਇਸ ਦੁਨੀਆਂ ਵਿੱਚ ਰਹਿੰਦਿਆਂ ਇਸਦੇ ਜ਼ੁਲਮ, ਤਸ਼ਦੱਦ, ਪਾਪ ਅਤੇ ਬੁਰਿਆਈਆਂ ਦੇ ਖ਼ਿਲਾਫ਼ ਸੰਘਰਸ਼ ਕਰਦਾ ਹੈ। ਖ਼ਾਲਸੇ ਨੂੰ ਕਿਰਪਾਨ ਦੀ ਪਹਿਚਾਨ ਇਸ ਲਈ ਦਿੱਤੀ ਗਈ ਹੈ ਕਿ ਉਹ ਦੁਨੀਆਂ ਵਿੱਚ ਹੋ ਰਹੇ ਪਾਪ ਅਤੇ ਅਨਿਅਇ ਨੂੰ ਦੇਖ ਕੇ ਭਗਵੇ ਕਪੜੇ ਪਾਕੇ, ਕਮੰਡਲ ਹੱਥ ਵਿੱਚ ਫੱੜ ਕੇ, ਦਰ-ਦਰ ਦੀਆਂ ਰੋਟੀਆਂ ਖਾ ਕੇ ਜਾਂ ਜੰਗਲਾਂ ਵਿੱਚ ਰੱਬ ਦੀ ਭਾਲ ਵਿੱਚ ਨਾ ਭਟਕਦਾ ਫਿਰੇ। ਇਹ ਸਿੱਖ ਗੁਰੁ ਸਾਹਿਬਾਨ ਦਾ ਕਰਾਂਤੀਕਾਰੀ ਕਦਮ ਸੀ। ਇਸ ਮਹਾਨ ਪਰਿਵਰਤਨ ਦੇ ਬਹੁਤ ਹੀ ਮਾਕੂਲ ਨਤੀਜੇ ਇਤਿਹਾਸ ਵਿੱਚ ਨਜ਼ਰ ਆਏ। ਸਦੀਆਂ ਤੋਂ ਲਤਾੜਿਆ ਅਤੇ ਪਛਾੜਿਆ ਹੋਇਆ ਸਮਾਜ ਅੱਗੇ ਵਧਿਆ।ਇਸ ਖਿੱਤੇ ਵਿੱਚ ਧਾਰਮਿਕ, ਸਮਾਜਿਕ ਅਤੇ ਸਿਆਸੀ ਪਰਿਵਰਤਨ ਨਜ਼ਰ ਆਉਣ ਲੱਗ ਪਏ।ਇਤਿਹਾਸ ਗਵਾਹ ਹੈ ਕਿ ਅਠਾਰ੍ਹਵੀਂ ਸਦੀ ਵਿੱਚ, ਇਸ ਖਿੱਤੇ ਵਿੱਚੋਂ ਸਿੱਖਾਂ ਦੇ ਵਜੂਦ ਨੂੰ ਖ਼ਤਮ ਕਰਨ ਲਈ ਮੁਗ਼ਲੀਆ ਸਲਤਨਤ ਨੇ ਸਿੱਖਾਂ ਵਿਰੁੱਧ ਇੱਕ ਫ਼ਤਵਾ ਜਾਰੀ ਕੀਤਾ ਅਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਰਖਿਆ।ਇਸ ਸੰਦਰਭ ਵਿੱਚ ਵਰਨਣਯੋਗ ਗੱਲ ਇਹ ਹੈ ਕਿ ਇਸ ਫ਼ਰਮਾਨ ਵਿੱਚ ਜੋ ਲਫਜ਼ ਸਿੱਖਾਂ ਲਈ ਵਰਤਿਆ ਗਿਆ ਉਹ ਲਫ਼ਜ਼ ਨਾ ਤਾਂ ਖ਼ਾਲਸਾ ਸੀ ਅਤੇ ਨਾ ਹੀ ਸਿੱਖ, ਬਲਕਿ ਉਹ ਲਫਜ਼ ਸੀ ‘ਨਾਨਕ-ਪੰਥੀ’। ਸਿੱਖਾਂ ਦੇ ਦੁਸ਼ਮਣਾਂ ਨੂੰ ਇਸ ਗੱਲ ਬਾਰੇ ਕੋਈ ਸ਼ੱਕ-ਸ਼ੁਬ੍ਹਾ ਨਹੀਂ ਸੀ ਕਿ ਨਾਨਕ-ਪੰਥੀ ਕੌਣ ਹਨ? ਕਹਿਣ ਤੋਂ ਭਾਵ ਇਹ ਹੈ ਕਿ ਉਹ ਭਲੀ-ਭਾਂਤ ਜਾਣਦੇ ਸਨ ਕਿ ਨਾਨਕ-ਪੰਥੀ, ਕੇਸਾਧਾਰੀ, ਸਾਬਤ-ਸਰੂਪ, ਪੰਜ ਕਕਾਰਾਂ ਦੇ ਧਾਰਨੀ ਹੁੰਦੇ ਹਨ। ਇਹੋ ਕਾਰਨ ਹੈ ਕਿ ਇਨ੍ਹਾਂ ਦੇ ਕੇਸਾਂ ਨੂੰ ਕਤੱਲ ਕਰਨ ਵਾਲਿਆਂ ਨੂੰ ਵੀ ਨਿਵਾਜਿਆ ਗਿਆ ।

ਪ੍ਰੰਤੂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜਕੱਲ ਬਹੁੱਤ ਸਾਰੇ ਪੜ੍ਹੇ-ਲਿਖੇ ਗ਼ੈਰ-ਸਿੱਖਾਂ ਅਤੇ ਸਿੱਖਾਂ ਨੂੰ ਵੀ ਸ਼੍ਰੀ ਗੁਰੂ ਨਾਨਕ ਦੀ ਵਿਚਾਰਧਾਰਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਵਿੱਚ ਵਖਰੇਵਾਂ ਨਜ਼ਰ ਆਉਂਦਾ ਹੈ। ਮੁਗ਼ਲੀਆ ਫ਼ਰਮਾਨ ਵਿੱਚ ਸਿੱਖਾਂ ਲਈ ਇਸ ਕਿਸਮ ਦੀਆਂ ਵਖਰੀਆਂ-ਵਖਰੀਆਂ ਪਹਿਚਾਨਾਂ ਦੀ ਕੋਈ ਗੁੰਜਾਇਸ਼ ਨਹੀਂ ਸੀ। ਇੱਕ ਹੋਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਸ ਵੇਲੇ ਕਿਸੇ ਵੀ ਹਿੰਦੂ ਨੂੰ ਉਹ ਜ਼ੁਲਮ ਅਤੇ ਤਸ਼ਦੱਦ ਨਹੀਂ ਝੇਲਣਾ ਪਿਆ ਜੋ ਸਿੱਖਾਂ ਨੇ, ਆਪਣੀ ਵੱਖਰੀ ਪਹਿਚਾਣ ਨੂੰ ਕਇਮ ਰੱਖਣ ਲਈ, ਆਪਣੇ ਪਿੰਡੇ ਤੇ ਹੰਡਾਇਆ ।

ਪ੍ਰਸਿੱਧ ਇਤਿਹਾਸਕਾਰ, ਜੇ. ਡੀ. ਕਨਿੰਘਮ ਦੇ ਕਹਿਣ ਅਨੁਸਾਰ, ਖ਼ਾਲਸੇ ਦੀ ਸਿਰਜਣਾ ਉਪਰੰਤ ਦਸਵੇਂ ਗੁਰੁ ਸਾਹਿਬ ਨੇ ਖਾਲਸੇ ਲਈ ਇੱਕ ਸਿਧਾਂਤ ਦਿੱਤਾ ਜਿਸਨੂੰ ਇਤਿਹਾਸ ਵਿੱਚ “ਨਾਸ਼ ਸਿਧਾਂਤ”  ਨਾਲ ਜਾਣਿਆ ਜਾਣ ਲੱਗਾ। ਹਰ ਵਿਅਕਤੀ ਨੂੰ ਖ਼ਾਲਸਾ ਬਨਣ ਤੋਂ ਪਹਿਲਾਂ ਚਾਰ ਗੱਲਾਂ ਦਾ ਤਿਆਗ ਜਰੂਰੀ ਹੈ ਜਿਵੇਂ ਕਿ, ‘ਧਰਮ ਨਾਸ਼, ਕੁਲ ਨਾਸ਼, ਕਿਰਤ ਨਾਸ਼ ਅਤੇ ਕਰਮ ਨਾਸ਼’। ਖ਼ਾਲਸਾ ਬਣਨ ਲਈ ਆਪਣੇ ਸਾਰੇ ਪਿਛਲੇ ਸੰਸਕਾਰਾਂ ਨੂੰ ਛੱਡਣਾ ਹੋਵੇਗਾ ਅਤੇ ਇੱਕ ਹੋਰ ਨਵੇਂ ਨਵੇਕਲੇ ਧਰਮ ਨੂੰ ਅਪਨਾਉਣਾ ਹੋਵੇਗਾ, ਜਿਸਦੇ ਆਪਣੇ ਬਿਲਕੁਲ ਵਖਰੇ, ਨਵੇਂ ਨਰੋਏ ਸੰਸਕਾਰ, ਰਹੁ-ਰੀਤਾਂ ਅਤੇ ਰਿਵਾਜ਼ ਹੋਣਗੇ। ਖ਼ਾਲਸਾ ਪੰਜਾਂ ਕਕਾਰਾਂ ਦਾ ਧਾਰਨੀ ਹੋਵੇਗਾ, ਜਿਸਦਾ ਆਪਣੇ ਪਿਛੋਕੜ ਨਾਲ ਕੋਈ ਨਾਤਾ ਨਹੀਂ ਹੋਵੇਗਾ। ਖ਼ਾਲਸੇ ਦੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਦੇਵਾਂ ਹੋਣਗੇ, ਅਤੇ ਉਹ ਵਾਸੀ ਸ਼੍ਰੀ ਕੇਸਗੜ੍ਹ ਸਾਹਿਬ ਦਾ ਹੋਵੇਗਾ। ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਜਦੋਂ, ਗੁਰਦੁਆਰਿਆਂ ਨੂੰ ਹਿੰਦੂ ਮਹੰਤਾਂ ਅਤੇ ਪੁਜਾਰੀਆਂ ਦੇ ਕਬਜੇ ਤੋਂ ਆਜ਼ਾਦ ਕਰਵਾਉਣ ਦੀ ਲਹਿਰ ਚੱਲੀ ਤਾਂ ਉਸ ਸਮੇਂ ਫੜੇ ਹੋਏ ਅਕਾਲੀਆਂ ਤੋਂ ਪੁਲਿਸ ਪੁਛਦੀ ਕਿ ਤੁਹਾਡੇ ਪਿਤਾ ਦਾ ਨਾਂਉ ਕੀ ਹੈ? ਤਾਂ ਜਵਾਬ ਵਿੱਚ ਸਾਰੇ ਹੀ ਕਹਿੰਦੇ ਸਨ ਕਿ ਸਾਡੇ ਪਿਤਾ ਦਾ ਨਾਂਉ ਗੁਰੂ ਗੋਬਿੰਦ ਸਿੰਘ ਹੈ, ਮਾਤਾ ਦਾ ਨਾਂਉੇ ਮਾਤਾ ਸਾਹਿਬ ਦੇਵਾਂ ਹੈ ਅਤੇ ਅਸੀ ਰਹਿਣ ਵਾਲੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਹਾਂ। ਇਹ ਇੱਕ ਕਰਾਂਤੀਕਾਰੀ ਪਰਿਵਰਤਨ ਸੀ, ਜਿਸ ਦੀ ਮਿਸਾਲ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ।

ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ-ਕਾਲ ਵਿੱਚ ਹੀ ਗੁਰਗੱਦੀ ਗ੍ਰੰਥ ਅਤੇ ਪੰਥ ਨੂੰ ਸੌਂਪ ਦਿੱਤੀ। ਦੁਨੀਆਂ ਦੇ ਇਤਿਹਾਸ ਵਿੱਚ ਇਹ ਵੀ ਵੱਖਰੀ ਹੀ ਗੱਲ ਵਾਪਰੀ ਕਿ ਇੱਕ ਗ੍ਰੰਥ ਨੂੰ ਗੁਰੂ ਥਾਪਿਆ ਗਿਆ। ਕੁੱਝ ਹੀ ਸਾਲ ਪਹਿਲਾਂ ਸੁਪਰੀਮ ਕੌਰਟ ਦੀ ਇੱਕ ਖੰਡ-ਪੀਠ ਨੇ ਆਪਣੇ ਇੱਕ ਫ਼ੈਸਲੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੁਅਰਿਸਟਿਕ ਪਰਸਨ ਐਲਾਨਿਆ ਹੈ। ਜੁਅਰਿਸਟਿਕ ਪਰਸਨ ਤੋਂ ਭਾਵ ਹੈ, ਜਿਊਂਦਾ ਜਾਗਦਾ ਇਨਸਾਨ, ਜਿਸਦੇ ਨਾਂਉ ’ਤੇ ਜਾਇਦਾਦ ਦੀ ਰਜ਼ਿਸਟਰੀ ਅਤੇ ਇੰਤਕਾਲ ਵੀ ਕੀਤਾ ਜਾ ਸਕਦਾ ਹੈ।ਕੋਰਟ ਨੇ ਆਪਣੇ ਫ਼ੈਸਲੇ ਵਿੱਚ ਇਹ ਸਪਸ਼ਟ ਕੀਤਾ ਕਿ ਇਹ ਸਨਮਾਨ ਨਾ ਤਾਂ ਹਿੰਦੂਆਂ ਦੀਆਂ ਮੂਰਤੀਆਂ ਨੂੰ ਦਿੱਤਾ ਜਾ ਸਕਦਾ ਹੈ ਅਤੇ ਨਾ ਹੀ ਇਸਾਈਆਂ ਦੇ ਕਰਾਸ ਨੂੰ। ਸਪਸ਼ਟ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਇੱਕ ਵੱਖਰਾ ਹੀ ਰੁਤਬਾ ਹੈ।ਇਹ ਵੀ ਦੂਜੇ ਧਰਮਾਂ ਦੇ ਅਨੁਆਈਆਂ ਤੋਂ ਸਿੱਖਾਂ ਦੇ ਵੱਖਰੇ ਹੋਣ ਦਾ ਪ੍ਰਤੀਕ ਹੈ।

ਇੱਕ ਵੇਰ ਫਿਰ ਇਤਿਹਾਸ ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਦੁਨੀਆਂ ਦੇ ਇਤਿਹਾਸ ਵਿੱਚ ਸਿੱਖ ਰਾਜ ਇੱਕ ਵਿਲੱਖਣ ਅਤੇ ਨਵੀਂ ਕਿਸਮ ਦਾ ਰਾਜ ਸੀ। ਇਸ ਰਾਜ ਵਿੱਚ ਕਿਸੇ ਵੀ ਵਿਅਕਤੀ ਨਾਲ ਕੌਮ, ਧਰਮ, ਜਾਤੀ, ਜ਼ੁਬਾਨ ਜਾਂ ਖਿੱਤੇ ਆਦਿ ਦੇ ਆਧਾਰ ਤੇ ਵਿਤਕਰਾ, ਧੱਕਾ ਜਾਂ ਜ਼ੋਰ-ਜ਼ਬਰਦਸਤੀ ਨਹੀਂ ਹੋਈ। ਕਿਸੇ ਦੂਜੇ ਧਰਮ ਦੇ ਲੋਕਾਂ ਨੂੰ ਧਰਮ-ਪਰਿਵਰਤਨ ਕਰਨ ਲਈ ਮਜਬੂਰ ਵੀ ਨਹੀਂ ਕੀਤਾ ਗਿਆ, ਕਿਉਂਕਿ ਇਹ ਸਿੱਖ ਰਾਜ ਸੀ ਅਤੇ ਸਿੱਖੀ ਦੀਆਂ ਕਦਰਾਂ-ਕੀਮਤਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਖਸ਼ੀ ਮੰਨ ਕੇ ਕੀਤਾ ਗਿਆ ਸੀ। ਪ੍ਰੰਤੂ, ਜਦੋਂ ਡੋਗਰਿਆਂ ਨਾਲ ਗੰਢ-ਤੁੱਪ ਕਰਕੇ, 1849 ਈਸਵੀ ਵਿੱਚ ਅੰਗਰੇਜਾਂ ਨੇ ਸਿੱਖ ਰਾਜ ਨੂੰ ਖ਼ਤਮ ਕਰਕੇ ਆਪਣਾ ਬਸਤੀਵਾਦੀ ਰਾਜ ਕਾਇਮ ਕੀਤਾ ਤਾਂ ਸਿੱਖਾਂ ੳੱਤੇ ਮੁਸੀਬਤਾਂ ਦਾ ਹੜ ਆ ਗਿਆ। ਇੱਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਵੱਖਰੀ ਪਹਿਚਾਣ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੋਣ ਲਗ ਪਏ। ਅੰਗਰੇਜਾਂ ਨੂੰ ਸ਼ਾਇਦ ਸਿੱਖਾਂ ਤੋਂ ਇੱਕ ਖ਼ਤਰਾ ਜਿਹਾ ਮਹਿਸੂਸ ਹੁੰਦਾ ਰਿਹਾ ਕਿਉਂਕਿ ਉਹ ਜਾਣਦੇ ਸਨ ਕਿ ਇਸ ਧਰਮ ਵਿੱਚ ਵਿਲੱਖਣ ਕਿਸਮ ਦੇ ਕਰਾਂਤੀਕਾਰੀ ਸਮਾਜਿਕ ਅਤੇ ਸਿਆਸੀ ਅੰਸ਼ ਮੌਜੂਦ ਹਨ। ਇੱਥੇ ਇੱਕ ਗੱਲ ਖ਼ਾਸ ਵਰਨਣ ਯੋਗ ਹੈ। ਅੰਗਰੇਜ਼ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਭਾਰਤ ਦੇ ਜਿਸ ਵੀ ਕਿਸੇ ਹੋਰ ਖਿੱਤੇ ਵਿੱਚ ਗਏ, ਉਨ੍ਹਾਂ ਨੇ ਉੱਥੇ ਦੇ ਲੋਕਾਂ ਦੇ ਧਰਮ-ਅਸਥਾਨਾਂ ਤੇ ਆਪਣਾ ਕਬਜ਼ਾ ਨਹੀਂ ਕੀਤਾ, ਚਾਹੇ ਉਹ ਹਿੰਦੂਆਂ ਦੇ ਧਾਰਮਿਕ ਅਸਥਾਨ ਸਨ ਜਾਂ ਮੁਸਲਮਾਨਾਂ ਦੇ। ਪ੍ਰੰਤੂ ਸਿੱਖ ਰਾਜ ਨੂੰ ਖ਼ਤਮ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਸਿੱਖਾਂ ਦੇ ਪੰਜ ਵਿਸ਼ੇਸ਼ ਧਾਰਮਿਕ ਅਸਥਾਨਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਤਾਂਕਿ ਉਨ੍ਹਾਂ ਰਾਹੀਂ ਸਿੱਖੀ ਨੂੰ ਹੌਲੀ-ਹੌਲੀ ਢਾਹ ਲਾਈ ਜਾ ਸਕੇ।

ਸਿੱਖਾਂ ਨੂੰ ਆਪਣੇ ਪਵਿਤ੍ਰ ਧਾਰਮਿਕ ਅਸਥਾਨਾਂ ਨੂੰ ਅੰਗਰੇਜਾਂ ਤੋਂ ਆਜ਼ਾਦ ਕਰਵਾਉਣ ਲਈ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ ਅਤੇ ਨਾਲ ਹੀ ਨਾਲ ਆਪਣੀ ਵੱਖਰੀ ਪਹਿਚਾਨ ਨੂੰ ਕਾਇਮ ਰੱਖਣ ਲਈ ਇੱਕ ਲਾਮਬੰਦ ਲਹਿਰ ਚਲਾਉਣੀ ਪਈ। ਇਹ ਆਪਣੇ ਕਿਸਮ ਦੀ ਇੱਕ ਬਹੁੱਤ ਹੀ ਮਹੱਤਵਪੂਰਨ ਜੱਦੋ-ਜਹਿਦ ਸੀ। ਸਿੰਘ ਸਭਾ ਲਹਿਰ ਦੀ ਰਾਹਨੁਮਾਈ ਪ੍ਰੋਫ਼ੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ ਅਤੇ ਹੋਰ ਅਨੇਕਾਂ ਸਿੱਖ ਵਿਦਵਾਨਾਂ ਨੇ ਕੀਤੀ। ਉਨ੍ਹਾਂ ਨੇ ਬਹੁਤ ਸਾਰੀ ਲਿਖਤੀ ਸਮਗ੍ਰੀ, ਪੈਂਫ਼ਲਿਟਾਂ, ਟ੍ਰੈਕਟਾਂ, ਅਖ਼ਬਾਰਾਂ ਅਤੇ ਕਿਤਾਬਾਂ ਦੇ ਰੂਪ ਵਿੱਚ ਸਾਰੇ ਜਗਤ ਦੇ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਨੇ ਇਸ ਸਮਗ੍ਰੀ ਵਿੱਚ ਐਸੇ ਮਾਕੂਲ ਦ੍ਰਿਸ਼ਟਾਂਤ ਅਤੇ ਅਕੱਟ ਦਲੀਲਾਂ ਦੇ ਕੇ ਕਿਸੇ ਕਿਸਮ ਦੇ ਸ਼ਕ-ਸ਼ੁਬ੍ਹੇ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ਕਿ ਸਿੱਖ ਇੱਕ ਵੱਖਰੀ ਕੌਮ ਹਨ ਅਤੇ ਉਨ੍ਹਾਂ ਦੀ ਆਪਣੀ ਵੱਖਰੀ ਪਹਿਚਾਣ ਹੈ। ਸਿੱਖ ਹਿੰਦੂਆਂ ਨਾਲੋਂ ਸਪਸ਼ਟ ਤੌਰ 'ਤੇ ਵੱਖਰੇ ਹੀ ਨਹੀਂ ਬਲਕਿ ਉਨ੍ਹਾਂ ਤੋਂ ਸਿਧਾਂਤਿਕ ਤੌਰ ਤੇ ਬਿਲਕੁਲ ਉਲਟ ਹਨ। ਹਿੰਦੂ ਮੂਰਤੀ-ਪੂਜਕ ਹਨ, ਜਾਤ-ਪਾਤ ਵਿੱਚ ਵਿਸ਼ਵਾਸ ਰਖਦੇ ਹਨ, ਜਦਕਿ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ, ਜਾਤ-ਪਾਤ ਅਤੇ ਮੂਰਤੀ-ਪੂਜਾ ਦੇ ਵਿਰੋਧੀ ਹਨ। ਹਿੰਦੂਆਂ ਵਿੱਚ ਪੁਜਾਰੀਵਾਦ ਹੈ, ਸਿੱਖਾਂ ਵਿੱਚ ਇਸ ਕਿਸਮ ਦੀ ਗੱਲ ਬਿਲਕੁਲ ਵਰਜਿਤ ਹੈ, ਇਤਿਆਦਿਕ।

ਆਰ.ਐਸ.ਐਸ. ਦਾ ਏਜੰਡਾ ਅਤੇ ਸਿੱਖ

ਪਿਛਲੇ ਕੁੱਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਬੀ.ਜੇ.ਪੀ.-ਆਰ.ਐਸ.ਐਸ. ਜੋੜੀ ਨੇ ਦੇਸ਼ ਦੇ ਸਮਾਜਿਕ-ਰਾਜਸੀ ਏਜੰਡੇ ਨੂੰ ਇੱਕ ਨਵਾਂ ਅਤੇ ਤਿੱਖਾ ਮੋੜ ਦਿੱਤਾ ਹੈ। ਇਸ ਮੁਲਕ ਦੇ ਬਹੁਗਿਣਤੀ ਭਾਈਚਾਰੇ ਦੇ ਜਜ਼ਬਾਤ ਨੂੰ ਹਵਾ ਦੇ ਕੇ ਬੀ.ਜੇ.ਪੀ. ਚੋਣ ਦੀ ਰਾਜਨੀਤੀ ੳੱਤੇ ਆਪਣਾ ਪ੍ਰਭਾਵ ਜਮਾਉਣ ਵਿੱਚ ਕਾਮਯਾਬ ਹੋਈ ਹੈ ਅਤੇ ਕਿਵੇਂ ਨਾ ਕਿਵੇਂ ਰਾਜ-ਸੱਤਾ ਉੱਤੇ ਵੀ ਹਾਵੀ ਹੋਈ ਹੈ। ਆਰ.ਐਸ.ਐਸ. ਰਾਹੀਂ ਪ੍ਰਚਾਰੇ ਅਤੇ ਲਾਗੂ ਕੀਤੇ ਜਾ ਰਹੇ ਬੀ.ਜੇ.ਪੀ. ਦੇ ਫ਼ਿਰਕੂ ਏਜੰਡੇ ਨੇ ਹੁਣ ਘੱਟ-ਗਿਣਤੀਆਂ ਨੂੰ ਆਪਣੇ ਭਵਿੱਖ ਅਤੇ ਇਸ ਮੁਲਕ ਵਿੱਚ ਦਿੱਤੇ ਜਾ ਰਹੇ ਸਥਾਨ ਅਤੇ ਰੁਤਬੇ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ ।ਸੱਚ ਤਾਂ ਇਹ ਹੈ ਕਿ ਇਹ ਫ਼ਿਰਕੂ ਏਜੰਡਾ ਭਾਰਤੀ ਸਟੇਟ ਦੀ ਮਰਿਆਦਾ ਅਤੇ ਪਵਿੱਤਰਤਾ ਲਈ ਇੱਕ ਵੱਡਾ ਖ਼ਤਰਾ ਬਣ ਗਿਆ ਹੈ।

ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਸਿੱਖਾਂ ਦੀ ਵੱਖਰੀ ਪਹਿਚਾਣ ਅਤੇ ਹਸਤੀ ਬਾਰੇ ਹਾਲ ਵਿੱਚ ਚਲ ਰਹੀ ਬਹਿਸ ਦੀਆਂ ਜੜ੍ਹਾਂ 19 ਵੀਂ ਸਦੀ ਦੇ ਮੁੱਢਲੇ ਦੌਰ ਵਿੱਚ ਪਈਆਂ ਹੋਈਆਂ ਹਨ। ਇਹ ਉਹ ਸਮਾਂ ਸੀ ਜਦੋਂ ਆਰੀਆ ਸਮਾਜ ਨੇ, ਸਵਾਮੀ ਦਇਆਨੰਦ ਦੀ ਅਗਵਾਈ ਵਿੱਚ, ਸਿੱਖੀ ਦੇ ਖ਼ਿਲਾਫ਼ ਇੱਕ ਹਮਲਾਵਰ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਧਰਮ ਆਪਣੇ ਆਪ ਵਿੱਚ ਕੋਈ ਵੱਖਰਾ ਧਰਮ ਨਹੀਂ ਹੈ। ਇਹ ਤਾਂ ਹਿੰਦੂ ਧਰਮ ਦੀ ਮਹਿਜ਼ ਇੱਕ ਸ਼ਾਖਾ ਹੀ ਹੈ। ਗੁਰੂ ਸਾਹਿਬਾਨ ਪ੍ਰਤੀ ਸਵਾਮੀ ਦਇਆ ਨੰਦ ਵਲੋਂ ਵਰਤੀ ਗਈ ਨਫ਼ਰਤ-ਭਰੀ ਸ਼ਬਦਾਵਲੀ; ਸਿੱਖਾਂ ਦੇ ਧਾਰਮਿਕ ਗ੍ਰੰਥ ਅਤੇ ਪੰਜਾਬੀ-ਭਾਸ਼ਾ ਬਾਰੇ ਉਸ ਦੇ ਰਵੱਈਏ ਅਤੇ ਪਹੁੰਚ ਨੇ ਦੋਹਾਂ ਕੌਮਾਂ ਵਿੱਚ ਇੱਕ ਵੱਡਾ ਪਾੜ ਪਾ ਦਿੱਤਾ।ਇਸ ਦਾ ਨਤੀਜਾ ਇਹ ਹੋਇਆ ਕਿ ਭਾਈ ਕਾਨ੍ਹ ਸਿੰਘ ਨਾਭਾ ਨੂੰ “ਹਮ ਹਿੰਦੂ ਨਹੀਂ” ਨਾਂ ਦੀ ਇੱਕ ਕਿਤਾਬ ਲਿਖਣੀ ਪਈ ਜਿਸ ਵਿੱਚ ਉਨ੍ਹਾਂ ਨੇ ਨਿਗੱਰ ਤੱਥਾਂ ਅਤੇ ਹਵਾਲਿਆਂ ਦੇ ਅਧਾਰ ਤੇ ਸਿੱਧ ਕੀਤਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਬਿਲਕੁਲ ਨਹੀਂ ਹਨ।ਇੱਥੇ ਇਹ ਯਾਦ ਕਰਾਉਣਾ ਕੁਥਾਂ ਨਹੀਂ ਹੋਵੇਗਾ ਕਿ ਇਹ ਸਵਾਮੀ ਦਇਆ ਨੰਦ ਉਹੀ ਵਿਅਕਤੀ ਹੈ ਜਿਸਨੂੰ ਭਾਈ ਦਿੱਤ ਸਿੰਘ ਨੇ ਸ਼ਾਤ੍ਰਾਰਥ ਵਿੱਚ ਤਿੰਨ ਵੇਰ ਹਰਾਇਆ ਸੀ।

ਪੰਜਾਬ ਵਿੱਚ ਜਦੋਂ ਵੀ ਸਿੱਖਾਂ ਨੇ ਆਪਣੀ ਵੱਖਰੀ ਅਤੇ ਨਿਆਰੀ ਹਸਤੀ ਉੱਤੇ ਜ਼ੋਰ ਦਿੱਤਾ ਤਾਂ ਸਿੱਖ-ਵਿਰੋਧੀਆਂ ਵਲੋਂ ਲਗਾਤਾਰ ਇਹੋ ਜਿਹੇ ਪ੍ਰਾਪੇਗੰਡੇ ਦੀ ਹਨੇਰੀ ਚਲਾਈ ਗਈ ਕਿ ਸਿੱਖ ਤਾਂ ਹਿੰਦੂਆਂ ਦਾ ਹੀ ਹਿੱਸਾ ਹਨ। ਸਿੱਖਾਂ ਦੀ ਆਜ਼ਾਦ ਹਸਤੀ ਦੇ ਤਿੰਨੋਂ ਅੰਗਾਂ ਯਾਨੀ ਉਨ੍ਹਾਂ ਦੀ ਬੋਲੀ, ਉਨ੍ਹਾਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਸਭਿਆਚਾਰ ਉੱਤੇ ਹਮਲੇ ਕੀਤੇ ਜਾਣ ਲਗੇ। ਇਸ ਉਦੇਸ਼ ਨੂੰ ਹਾਸਿਲ ਕਰਨ ਲਈ ਹੁਣ ਆਰ.ਐਸ.ਐਸ. ਨੇ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਇੱਕ ਜੱਥੇਬੰਦੀ ਖੜੀ ਕਰ ਦਿੱਤੀ ਹੈ। ਇਸ ਜੱਥੇਬੰਦੀ ਦਾ ਮਕਸਦ ਖ਼ਾਲਸਾ ਪੰਥ ਨੂੰ ਹਿੰਦੂਆਂ ਦਾ ਇੱਕ ਹਿੱਸਾ ਸਿੱਧ ਕਰਨਾ ਹੈ। ਇਹ ਵਿਚਾਰ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ ਭਗਵਾਨ ਰਾਮ ਦੇ ਪੁੱਤਰਾਂ, ਲਵ ਅਤੇ ਕੁਸ਼ ਦੀ ਅੰਸ਼ ਹਨ। ਆਰ.ਐਸ.ਐਸ. ਜਿੱਥੇ ਇਹ ਲਗਾਤਾਰ ਯਤਨ ਕਰਦੀ ਆ ਰਹੀ ਹੈ ਕਿ ਸਿੱਖ ਨੋਜਵਾਨਾਂ ਨੂੰ ਕਿਵੇਂ ਨਾ ਕਿਵੇਂ ਲਾਲਚ ਦੇ ਕੇ ਆਰ.ਐਸ.ਐਸ. ਦੀਆਂ ਸ਼ਾਖ਼ਾਵਾਂ ਵਿੱਚ ਲਿਆਂਦਾ ਜਾਵੇ, ਉੱਥੇ ਨਾਲ ਦੀ ਨਾਲ ਕੁੱਝ ਅਕਾਲੀ ਲੀਡਰਾਂ ਅਤੇ ਜੱਥੇਦਾਰਾਂ ਨੂੰ ਵੀ ਆਰ.ਐਸ.ਐਸ. ਨੇ ਆਪਣੇ ਏਜੰਡੇ ਵਲ ਖਿੱਚਿਆ ਹੈ। ਆਰ.ਐਸ.ਐਸ. ਦਾ ਅਸਲ ਨਿਸ਼ਾਨਾ ਹੈ ਕਿ ਸਿੱਖਾਂ ਦੀਆਂ ਉੱਘੀਆਂ ਅਤੇ ਅਹਿਮ ਇਤਿਹਾਸਿਕ ਸੰਸਥਾਵਾਂ ਨਾਲ ਨੇੜਤਾ ਅਤੇ ਸਾਂਝ ਵਧਾਈ ਜਾਵੇ ਅਤੇ ਫਿਰ ਹੌਲੀ-ਹੌਲੀ ਸਿੱਖਾਂ ਦੇ ਵੱਖਰੇ ਸਭਿਆਚਾਰ ਅਤੇ ਉਨ੍ਹਾਂ ਦੀ ਨਿਆਰੀ ਹਸਤੀ ਨੂੰ ਹੀ ਨੇਸਤੋਨਾਬੂਦ ਕਰ ਦਿੱਤਾ ਜਾਵੇ। ਇਸ ਦੀ ਪ੍ਰਤੱਖ ਤੇ ਜਿਊਂਦੀ-ਜਾਗਦੀ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਅਕਾਲ ਤੱਖਤ ਦੇ ਸਾਬਕਾ ਜੱਥੇਦਾਰ ਗਿਆਨੀ ਪੂਰਨ ਸਿੰਘ ਨੇ ਖ਼ੁਦ ਹੀ ਇਹ ਬਿਆਨ ਦੇ ਦਿੱਤਾ ਕਿ ਸਿੱਖ ਗੁਰੂ ਤਾਂ ਲਵ-ਕੁਸ਼ ਦੀ ਅੰਸ਼ ਵਿੱਚੋਂ ਹਨ।ਗਿਆਨੀ ਪੂਰਨ ਸਿੰਘ ਦੇ ਇਸ ਗ਼ਲਤ ਬਿਆਨ ਉੱਤੇ ਬਹੁੱਤ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਜ਼ਬਰਦਸਤ ਗੁੱਸੇ ਅਤੇ ਰੋਸ ਦਾ ਇਜ਼ਹਾਰ ਵੀ ਕੀਤਾ।

ਤੁਹਾਨੂੰ ਯਾਦ ਹੋਵੇਗਾ ਕਿ ਖ਼ਾਲਸੇ ਦੇ 300 ਸੋ ਸਾਲਾ ਸਾਜਨਾ ਦਿਵਸ ਦੇ ਮੌਕੇ ਤੇ ਹੋਏ ਸਮਾਗਮਾਂ ਵਿੱਚ ਆਰ.ਐਸ.ਐਸ. ਕਿਸ ਤਰ੍ਹਾਂ ਧੂਮ-ਧਾਮ ਨਾਲ ਸ਼ਾਮਿਲ ਹੋਈ ਸੀ । ਉਸ ਨੇ ਇਸ ਪ੍ਰੋਗਰਾਮ ਤਹਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਗ਼ਾਮ ਨੂੰ ਕਿਸੇ ਹੋਰ ਹੀ ਪਾਸੇ ਵਲ ਮੋੜ ਦਿੱਤਾ। ਆਰ.ਐਸ.ਐਸ. ਨੇ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਖ਼ਾਲਸਾ ਪੰਥ ਤਾਂ ਹਿੰਦੂ ਧਰਮ ਦੀ ਰੱਖਿਆ ਲਈ ਹੀ ਸਾਜਿਆ ਗਿਆ ਸੀ। ਇਹ ਪ੍ਰਚਾਰ ਵੀ ਕੀਤਾ ਜਾਣ ਲੱਗਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ ਅਤੇ ਉਹ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਮਾਰਗ ਤੋਂ ਦੂਰ ਚਲੇ ਗਏ ਸਨ।

ਆਰ.ਐਸ.ਐਸ. ਲਗਾਤਾਰ ਇਸ ਤਰਕ ਉੱਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਸ਼ਟਰੀ ਨਾਇਕ ਹਨ ਜਿਨ੍ਹਾਂ ਨੂੰ ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਵਰਗੇ ਹਿੰਦੂ ਨਾਇਕਾਂ ਦੇ ਬਰਾਬਰ ਰੱਖਿਆ ਜਾ ਸਕਦਾ ਹੈ। ਇਹੋ ਕਾਰਣ ਹੈ ਕਿ ਆਰ.ਐਸ.ਐਸ. ਦੀਆਂ ਸ਼ਾਖ਼ਾਵਾਂ ਅਤੇ ਕਾਨਫ਼ਰੰਸਾਂ ਵਿੱਚ ਇਨ੍ਹਾਂ ਹਿੰਦੂ ਨਾਇਕਾਂ ਦੀਆਂ ਤਸਵੀਰਾਂ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤਸਵੀਰ ਵੀ ਲੱਗੀ ਹੁੰਦੀ ਹੈ। ਸਿੱਖ ਵੀ ਹੁਣ ਇਹ ਸਮਝਦੇ ਹਨ ਕਿ ਇਹ ਆਰ.ਐਸ.ਐਸ. ਦੀ ਸੋਚੀ-ਸਮਝੀ ਚਾਲ ਹੈ ਜਿਸ ਰਾਹੀਂ ਉਹ ਇਹ ਦਸਣਾ ਚਾਹੁੰਦੇ ਹਨ ਕਿ ਦਸ ਗੁਰੂ ਸਾਹਿਬਾਨ ਦਾ ਰੁਤਬਾ ਪੈਗ਼ੰਬਰ ਦੇ ਬਰਾਬਰ ਨਹੀਂ ਹੋ ਸਕਦਾ।

ਆਰ.ਐਸ.ਐਸ. ਉੱਤੇ ਇਹ ਦੋਸ਼ ਵੀ ਲਗਦਾ ਹੈ ਕਿ ਉਹ ਦਸਮ ਗ੍ਰੰਥ ਉੱਤੇ ਵਧੇਰੇ ਜ਼ੋਰ ਦਿੰਦੇ ਹਨ ਅਤੇ ਸਿੱਖਾਂ ਦੇ ਧਾਰਮਿਕ ਗ੍ਰੰਥ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਨ। ਹਾਲਾਂਕਿ ਇਹ ਅਕੱਟ ਸੱਚਾਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਵਾਹਿਦ ਗੁਰੂ ਹਨ ਅਤੇ ਨਾਲ ਹੀ ਇਹ ਵੀ ਹਕੀਕਤ ਹੈ ਕਿ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਅੱਜ ਤੱਕ ਸਾਬਤ ਹੀ ਨਹੀਂ ਹੋ ਸਕੀ। ਆਰ.ਐਸ.ਐਸ. ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਸਿੱਖਾਂ ਦੇ ਪਾਵਨ ਗੁਰੂ-ਧਾਮ ਸਿੱਖ-ਸੱਤਾ ਅਤੇ ਸਿੱਖ-ਜ਼ਜਬੇ ਦੇ ਸਰਸਬਜ਼ ਚਸ਼ਮੇ ਹਨ। ਇਸ ਲਈ ਉਨ੍ਹਾਂ ਨੇ ਸੰਨ 2001 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ 5 ਜਨਵਰੀ ਤੋਂ ਲੈ ਕੇ 21 ਜਨਵਰੀ ਤੱਕ ਸਾਰੇ ਪੰਜਾਬ ਦੇ ਮੰਦਰਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦਾ ਸਿਲਸਿਲਾ ਆਰੰਭ ਕਰਨ ਦਾ ਪ੍ਰੋਗਰਾਮ ਬਣਾਇਆ ਪਰ ਜਦੋਂ ਸਿੱਖ ਸੰਗਤਾਂ ਨੂੰ ਇਹ ਪਤਾ ਲੱਗਾ ਕਿ ਇਹ ਸਾਰਾ ਡਰਾਮਾ ਆਰ.ਐਸ.ਐਸ. ਦੀ ਸਿੱਖ ਧਰਮ ਵਿੱਚ ਘੁਸਪੈਠ ਕਰਨ ਦੀ ਸੋਚੀ-ਸਮਝੀ ਸਾਜਿਸ਼ ਹੈ ਤਾਂ ਉਸ ਨੇ ਝੱਟਪੱਟ ਇਸ ਪ੍ਰੋਗਰਾਮ ਨੂੰ ਅੱਗੇ ਪਾ ਦਿੱਤਾ।

ਆਰ.ਐਸ.ਐਸ. ਨੇ ਇੱਕ ਹੋਰ ਚਾਲ ਚੱਲੀ। ਇਸ ਚਾਲ ਮੁਤਾਬਿਕ ਉਸ ਨੇ ਡੇਰਿਆਂ, ਮੱਠਾਂ ਅਤੇ ਆਸ਼ਰਮਾਂ ਵਰਗੀਆਂ ਸੰਸਥਾਵਾਂ ਨੂੰ ਸਰਗਰਮ ਕਰ ਦਿੱਤਾ ਹੈ। ਇਨ੍ਹਾਂ ਡੇਰਿਆਂ ਦੇ ਮੁੱਖੀਆਂ, ਯਾਨੀ ਕਿ ਅਖੌਤੀ ਸਾਧਾਂ ਸੰਤਾਂ ਅਤੇ ਮਹੰਤਾਂ, ਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਉਹ ਪੇਂਡੂ ਇਲਾਕਿਆਂ ਵਿੱਚ ਘਰ ਘਰ ਜਾ ਕੇ ਡੇਰਾਵਾਦ ਦਾ ਪ੍ਰਚਾਰ ਕਰਨ। ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਪੰਜਾਬ ਵਿੱਚ ਸੰਤ-ਸਮਾਜ ਦੇ ਇੱਕ ਹਿੱਸੇ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਹਿੰਦੂ ਤਾਕਤਾਂ ਵਲੋਂ ਉਨ੍ਹਾਂ ਦੀ ਪਿੱਠ ਵੀ ਠੋਕੀ ਗਈ ਹੈ। ਇੰਝ ਇਹ ਡੇਰੇ ਇੱਕ ਤਰ੍ਹਾਂ ਨਾਲ ਸਿੱਖ ਰਹਿਤ ਮਰਿਆਦਾ ਦੇ ਉਲਟ ਪੁਜਾਰੀ ਵਰਗ ਦੀ ਸੱਤਾ ਨੂੰ ਹੀ ਲੋਕਾਂ ਦੇ ਮਨਾਂ ਵਿੱਚ ਸਥਾਪਿਤ ਕਰਨਾ ਚਾਹੁੰਦੇ ਹਨ। ਇੱਥੋਂ ਤੱਕ ਕਿ ਸਰਕਾਰ ਵੀ ਕਈ ਸੰਤਾਂ ਨੂੰ ਸਰਪ੍ਰਸਤੀ ਪ੍ਰਦਾਨ ਕਰਦੀ ਹੈ ਅਤੇ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਹ ਕੰਮ ਕਿਸੇ ਸੁਹਿਰਦ ਅਤੇ ਸੰਜੀਦਾ ਜਜ਼ਬਿਆਂ ਦੇ ਅਧੀਨ ਨਹੀਂ ਕਰਦੀ ਸਗੋਂ ਆਪਣੇ ਸੁਆਰਥੀ ਹਿੱਤਾਂ ਨੂੰ ਮੁੱਖ ਰੱਖ ਕੇ ਕਰ ਰਹੀ ਹੈ।

ਇੱਥੇ ਇੱਕ ਗੱਲ ਖ਼ਾਸ ਤੌਰ ’ਤੇ ਵਰਨਣ ਯੋਗ ਹੈ ਕਿ ਹੁਣੇ-ਹੁਣੇ ਬੀ.ਜੇ.ਪੀ. ਦੇ ਪ੍ਰਮੁੱਖ ਆਗੂ ਐਲ. ਕੇ. ਅਡਵਾਨੀ ਨੇ ਇੱਕ ਬਿਆਨ ਦਿੱਤਾ ਹੈ ਕਿ ਹੁਣ ਇੱਕ ਗੱਲ ਬੜੀ ਤੱਸਲੀਜਨਕ ਹੈ ਕਿ ਪਹਿਲਾਂ ਸਿੱਖ ਆਰ.ਐਸ.ਐਸ. ਦੀਆਂ ਸ਼ਾਖਾਵਾਂ ਵਿੱਚ ਜਾਣ ਤੋਂ ਗੁਰੇਜ਼ ਕਰਦੇ ਸਨ, ਪ੍ਰੰਤੂ ਹੁਣ ਕਾਫ਼ੀ ਸੰਖਿਆ ਵਿੱਚ ਸਿੱਖਾਂ ਨੂੰ ਆਰ.ਐਸ.ਐਸ. ਦੀਆਂ ਸ਼ਾਖ਼ਾਵਾਂ ਵਿੱਚ ਦੇਖਿਆ ਜਾ ਰਿਹਾ ਹੈ। ਸਿੱਖਾਂ ਦੇ ਸਿਰਮੌਰ ਵਿਦਿਅਕ ਅਦਾਰੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮੈਨੇਜਿੰਗ ਕਮੇਟੀ ਦੇ ਜਨਰਲ ਸਕਤੱਰ ਰਾਜਿੰਦਰ ਮੋਹਨ ਸਿੰਘ ਛੀਨਾ ਹਨ ਜੋ ਪੰਜਾਬ ਬੀ.ਜੇ.ਪੀ. ਦੇ ਵਾਈਸ-ਪ੍ਰੈਜ਼ੀਡੈਂਟ (ਉਪ-ਪਰਧਾਨ) ਵੀ ਹਨ। ਇਸ ਅਦਾਰੇ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਹਨ, ਜੋ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਕੁੜਮ ਹਨ। ਸਿੱਖਾਂ ਨੇ ਬੜੀ ਘਾਲਣਾ ਨਾਲ ਇਹ ਅਦਾਰਾ ਹੋਂਦ ਵਿੱਚ ਲਿਆਦਾਂ ਸੀ ਤਾਂਕਿ ਸਿੱਖਾਂ ਦਾ ਅਕਾਦਮਿਕ ਮਿਆਰ ਉੱਚਾ ਚੁੱਕਿਆ ਜਾ ਸਕੇ ਅਤੇ ਸਿੱਖਾਂ ਦੀ ਅੱਡਰੀ ਪਹਿਚਾਨ ਬਾਰੇ ਵਿਚਾਰ ਲਿੱਖੇ ਅਤੇ ਪੜ੍ਹੇ ਜਾ ਸਕਣ। ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਬੀ.ਜੇ.ਪੀ. ਵਾਲਿਆਂ ਦਾ ਇਸ ਤੇ ਕਬਜਾ ਹੋ ਗਿਆ ਤਾਂ ਸਿੱਖੀ ਦੀ ਵਿਚਾਰਧਾਰਾ ਕਿਧੱਰ ਜਾਏਗੀ? ਇਹ ਸਭ ਕੁੱਝ ਸਿੰਘ ਸਭਾ ਲਹਿਰ ਦੀ ਕਮਾਈ ਤੇ ਹੂੰਝਾ ਫੇਰਨ ਦੀ ਇੱਕ ਸੋਚੀ ਸਮਝੀ ਚਾਲ ਹੈ। ਇਸੇ ਸੰਧਰਭ ਵਿੱਚ ਇੱਕ ਗੱਲ ਖ਼ਾਸ ਤੌਰ ’ਤੇ ਵਰਨਣਯੋਗ ਹੈ ਕਿ ੳੱਨੀਵੀਂ ਸਦੀ ਦੇ ਆਖੀਰ ਅਤੇ ਵੀਹਵੀਂ ਸਦੀ ਦੇ ਆਰੰਭ ਵਿੱਚ ਜਦੋਂ ਅੰਗਰੇਜ਼ਾਂ ਨੇ ਇਸ ਮਨਸ਼ਾ ਨਾਲ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮੈਨੇਜਿੰਗ ਕਮੇਟੀ ਤੇ ਆਪਣਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਅਦਾਰੇ ਰਾਹੀਂ ਸਿੱਖਾਂ ਵਿੱਚ ਅੰਗਰੇਜ਼ੀ ਰਾਜ ਦੇ ਵਿਰੁੱਧ ਫ਼ੈਲ ਰਹੀ ਬੇਚੈਨੀ ਨੂੰ ਕੰਟਰੋਲ ਕੀਤਾ ਜਾਵੇ, ਤਾਂ ਉਦੋਂ ਸਾਰੇ ਸਿੱਖ ਜਗਤ ਵਿੱਚ ਇਸ ਦੇ ਖ਼ਿਲਾਫ਼ ਰੋਸ ਦੀ ਲਹਿਰ ਫ਼ੈਲ ਗਈ ਸੀ। ਇਸ ਬਾਰੇ ਇੱਕ ਬਹੁਤ ਮਸ਼ਹੂਰ ਕਿਤਾਬਚਾ ਵੀ ਲਿਖਿਆ ਗਿਆ ਸੀ ਜਿਸਦਾ ਸਿਰਲੇਖ ਸੀ “ਕੀ ਖਾਲਸਾ ਕਾਲਜ ਸਿੱਖਾਂ ਦਾ ਹੈ?” ਇਸ ਉਪਰੰਤ ਅੰਗਰੇਜਾਂ ਨੇ ਆਪਣੀ ਇਹ ਚਾਲ ਰੋਕ ਲਈ। ਕੀ ਅੱਜ ਦੇ ਸਿੱਖ ਬੀ.ਜੇ.ਪੀ. ਦੇ ਇਸ ਕਾਰੇ ਵਿਰੁੱਧ ਪੁਰਜ਼ੋਰ ਆਵਾਜ਼ ਉਠਾਉਣਗੇ?

ਹੁਣੇ-ਹੁਣੇ ਆਨੰਦ ਮੈਰਿਜ ਐਕਟ ਬਣਾਉਣ ਦਾ ਮਸਲਾ ਦਰਪੇਸ਼ ਹੋਇਆ ਹੈ।ਅੰਗਰੇਜ਼ਾਂ ਦੇ ਰਾਜ ਵੇਲੇ, ਸੰਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਹੋਇਆ ਜਿਸ ਅਨੁਸਾਰ ਸਿੱਖ ਮਰਿਆਦਾ ਮੁਤਾਬਿਕ ਹੋਈਆਂ ਸ਼ਾਦੀਆਂ ਕਾਨੂੰਨੀ ਤੌਰ ਤੇ ਮੰਨੀਆਂ ਗਈਆਂ ਸਨ। ਪ੍ਰੰਤੂ 1947 ਤੋਂ ਬਾਅਦ ਜਦੋਂ ਸੰਨ 1955 ਵਿੱਚ ਹਿੰਦੂ ਮੈਰਿਜ ਐਕਟ ਬਣਾਇਆ ਗਿਆ ਤਾਂ ਸਿੱਖਾਂ ਦੀਆਂ ਸ਼ਾਦੀਆਂ ਨੂੰ ਇਸਦੇ ਅਧੀਨ ਕਰ ਦਿੱਤਾ ਗਿਆ। ਸਿੱਖਾਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਸ਼ਾਦੀਆਂ ਦੀ ਰਜਿਸ਼ਟਰੇਸ਼ਨ, ਡਾਈਵੋਰਸ ਅਤੇ ਵਿਰਾਸਤ ਬਾਰੇ ਬਿਲਕੁਲ ਵੱਖਰੇ ਕਾਨੂੰਨ ਹੋਣੇ ਚਾਹੀਦੇ ਹਨ। ਬੀ.ਜੇ.ਪੀ. ਪੰਜਾਬ ਵਿੱਚ ਅਕਾਲੀਆਂ ਨਾਲ ਸੱਤਾ ਵਿੱਚ ਭਾਈਵਾਲ ਹੈ, ਪ੍ਰੰਤੂ ਉਹ ਆਨੰਦ ਮੈਰਿਜ ਐਕਟ ਦਾ ਡੱਟ ਕੇ ਵਿਰੋਧ ਕਰਦੀ ਹੈ। ਸੰਵਿਧਾਨ ਦੀ ਧਾਰਾ 25 ਮੁਤਾਬਿਕ ਸਿੱਖ ਕੌਮ ਹਿੰਦੂਆਂ ਦਾ ਹੀ ਇੱਕ ਹਿੱਸਾ ਬਣੀ ਹੋਈ ਹੈ। ਇਸ ਧਾਰਾ ਵਿੱਚ ਸੰਵਿਧਾਨਿਕ ਤਬਦੀਲੀ ਲਈ ਸਿੱਖਾਂ ਵਲੋਂ ਵੱਡੀ ਮੰਗ ਅੱਜ ਤੱਕ ਪੂਰੀ ਨਹੀਂ ਕੀਤੀ ਜਾ ਰਹੀ। ਬੀ.ਜੇ.ਪੀ. ਇਸ ਧਾਰਾ ਵਿੱਚ ਸੋਧ ਦਾ ਵੀ ਖੁੱਲਮ-ਖੁੱਲਾ ਵਿਰੋਧ ਕਰਦੀ ਹੈ।ਹਾਲ ਵਿੱਚ ਹੋਈ, ਪਠਾਨਕੋਟ ਦੀ ਰੈਲੀ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰੇਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸਾਰੇ ਭਾਰਤ ਵਿੱਚ ਇੱਕ ਸਾਂਝੇ ਸਿਵਲ ਕੌਡ ਦੀ ਪੁਰਜ਼ੋਰ ਵਕਾਲਤ ਕੀਤੀ ਅਤੇ ਬਾਦਲ ਸਾਹਿਬ ਚੁੱਪ-ਚਾਪ ਬੈਠੇ ਸੁਣਦੇ ਰਹੇ।

ਇਸ ਸੰਧਰਭ ਵਿੱਚ ਇੱਕ ਗੱਲ ਹੋਰ ਵਰਨਣ ਯੋਗ ਹੈ। ਹੁਣ, ਇੱਕੀਵੀਂ ਸਦੀ ਵਿੱਚ ਇਹ ਕਹਿ ਕੇ ਸਿੱਖਾਂ ਵਿੱਚ ਵੰਡੀਆਂ ਪਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਸਿੱਖ ਦੋ ਤਰ੍ਹਾਂ ਦੇ ਹਨ ਇੱਕ ਸਹਿਜਧਾਰੀ ਅਤੇ ਦੂਜੇ ਅੰਮ੍ਰਿਤਧਾਰੀ। ਇਸੇ ਸੰਧਰਭ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਖੰਡ-ਪੀਠ ਨੇ ਇੱਕ ਫ਼ੈਸਲਾ ਸੁਣਾ ਦਿੱਤਾ ਕਿ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੋਟਾਂ ਪਾਉਣ ਦਾ ਅਧਿਕਾਰ ਹੈ। ਇਸ ਫ਼ੈਸਲੇ ਵਿਰੁੱਧ ਸਿੱਖਾਂ ਵਿੱਚ ਬਹੁਤ ਰੋਸ ਪੈਦਾ ਹੋਇਆ ਅਤੇ ਸੁਪਰੀਮ ਕੋਰਟ ਵਿੱਚ ਇਸ ਦੇ ਵਿਰੁੱਧ ਅਪੀਲ ਦਾਇਰ ਕਰ ਦਿੱਤੀ ਗਈ ਹੈ ਜਿਸ ਉਤੇ ਫ਼ੈਸਲਾ ਆਉਣਾ ਹਾਲੇ ਬਾਕੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ 18 ਵੀਂ ਸਦੀ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ ਤਾਂ ਉਸ ਵੇਲੇ ਕਿਸੇ ਇੱਕ ਵੀ ਸਹਿਜਧਾਰੀ ਦੀ ਸ਼ਹੀਦੀ ਹੋਈ ਸੀ? ਜੇ ਕਰ ਨਹੀਂ ਤਾਂ ਹੁਣ ਇਹ ਸਹਿਜਧਾਰੀ ਕਿੱਧਰੋਂ ਆ ਗਏ? ਇਸੇ ਤਰ੍ਹਾਂ ਜਦੋਂ ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗ਼ਾਰਤ ਕੀਤੀ ਗਈ ਤਾਂ ਉਸ ਸਮੇਂ ਵੀ ਇਹ ਫ਼ਰਕ ਨਜ਼ਰ ਨਹੀਂ ਆਇਆ।

ਇੱਕ ਹੋਰ ਚਿੰਤਾ ਵਾਲੀ ਗੱਲ ਇਹ ਵੇਖਣ ਵਿੱਚ ਆਈ ਹੈ ਕਿ ਕੁੱਝ ਇਤਿਹਾਸਕਾਰ ਬੀ.ਜੇ.ਪੀ., ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ.ਐਸ.ਐਸ. ਦੇ ਪ੍ਰਭਾਵ ਅਧੀਨ ਅਤੀਤ ਦੀ ਅਪਣੇ ਮਨ ਨੂੰ ਭਾਉਂਦੀ ਵਿਆਖਿਆ ਕਰ ਰਹੇ ਹਨ। ਇਸ ਵਿਸ਼ੇ ਵਿੱਚ ਉਹ ਕੁੱਝ ਇਹੋ ਜਿਹੇ ਮਨਭਾਉਂਦੇ ਅਤੇ ਚੋਣਵੇਂ ਇਤਿਹਾਸਿਕ ਸੋਮਿਆਂ ਦੀ ਚੋਣ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪ੍ਰਾਚੀਨ ਸਮੇਂ ਤੋਂ ਹੀ ਭਾਰਤੀ ਸਟੇਟ ਦਾ ਸੰਕਲਪ ਇਹੋ ਚਲਿਆ ਆ ਰਿਹਾ ਹੈ ਜਿਸ ਵਿੱਚ ਸੱਤਾ ਦਾ ਕੇਂਦਰੀਕਰਨ ਹੁੰਦਾ ਹੈ। ਉਹ ਇਸ ਧਾਰਨਾ ਨੂੰ ਵੀ ਰੱਦ ਕਰਦੇ ਹਨ ਕਿ ਭਾਰਤ ਹਮੇਸ਼ਾ ਤੋਂ ਹੀ ਭਿੰਨ-ਭਿੰਨ ਧਰਮਾਂ ਅਤੇ ਸਭਿਆਚਾਰਾਂ ਦਾ ਬਹੁ-ਕੌਮੀ ਰਾਜ ਰਿਹਾ ਹੈ।

ਆਰ.ਐਸ.ਐਸ.-ਬੀ.ਜੇ.ਪੀ. ਦਾ ਤੰਗ ਨਜ਼ਰੀਆ ਉਨ੍ਹਾਂ ਨੂੰ ਇਹ ਗੱਲ ਸੋਚਣ ਹੀ ਨਹੀਂ ਦਿੰਦਾ ਕਿ ਰਾਜ (ਸ਼ਟੳਟੲ) ਦੇ ਭਾਰਤੀ ਸੰਕਲਪ ਵਿੱਚ ਸਾਰਿਆਂ ਨੂੰ ਇੱਕੋ ਰੱਸੇ ਬੰਨਣ ਦੇ ਸਿਧਾਂਤ ਦੀ ਕੋਈ ਥਾਂ ਨਹੀਂ ਹੈ। ਇਹ ਸੰਕਲਪ ਸੱਤਾ ਦੇ ਕੇਂਦਰੀਕਰਨ ਦੇ ਰੁਝਾਨ ਦੀ ਇਜ਼ਾਜਤ ਹੀ ਨਹੀਂ ਦਿੰਦਾ। ਜਿਹੜੇ ਲੋਕ ਪੰਜਾਬ ਲਈ ਵਧੇਰੇ ਖ਼ੁਦਮੁਖ਼ਤਾਰੀ ਦੀ ਮੰਗ ਕਰਦੇ ਹਨ ਉਨ੍ਹਾਂ ਨੇ ਵੀ ਬੀ.ਜੇ.ਪੀ. ਦੀ ਇਸ ਧਾਰਨਾ ਦਾ ਸਖ਼ਤ ਨੋਟਿਸ ਲਿਆ ਹੈ।

ਆਰ.ਐਸ.ਐਸ. ਦਾ ਇਹ ਤਰਕ ਰਿਹਾ ਹੈ ਕਿ ਹਿੰਦੁੱਤਵ ਦਾ ਸਿਧਾਂਤ ਹੀ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਆਧਾਰ ਬਣ ਸਕਦਾ ਹੈ। ਆਰ.ਐਸ.ਐਸ. ਦੁਆਰਾ ਆਪਣੇ ਪੈਰੋਕਾਰਾਂ ਨੂੰ ਦਿੱਤੇ ਨਾਅਰਿਆਂ ਤੋਂ ਇਹੀ ਪਤਾ ਲਗਦਾ ਹੈ ਕਿ ਇਹੋ ਜਿਹੀ ਮੁਹਿੰਮ ਦਾ ਅਸਲ ਮਕਸਦ ਕੀ ਹੈ? ਆਰ.ਐਸ.ਐਸ. ਦੇ ਸਾਬਕਾ ਮੁੱਖੀ, ਕੇ. ਸੁਦਰਸ਼ਨ, ਰਾਸ਼ਟਰਵਾਦ ਦੀ ਪਰਿਭਾਸ਼ਾ ਦਿੰਦਿਆਂ ਅਕਸਰ ਹੀ ਇਹੋ ਜਿਹੇ ਨਾਅਰੇ ਦਿੰਦੇ ਹਨ। ਜਿਵੇਂ ‘ਬਹੁਤ ਫੂਲ ਪਰ ਏਕ ਹਾਰ’ ਜਾਂ ‘ਕਈ ਦਰਿਆ ਪਰ ਏਕ ਸਮੁੰਦਰ’। ਇਹੋ ਜਿਹੇ ਪ੍ਰਾਪੇਗੰਡੇ ਨਾਲ ਘੱਟ ਗਿਣਤੀਆਂ ਨੂੰ ਸੁਭਾਵਿਕ ਹੀ ਡੂੰਘੀ ਠੇਸ ਪੁਹੰਚਦੀ ਹੈ।

ਬੀ.ਜੇ.ਪੀ.-ਆਰ.ਐਸ.ਐਸ. ਜੋੜੀ ਨੇ ਗਾਂਧੀ-ਨਹਿਰੂ ਵਲੋਂ ਕੀਤੀ ‘ਹਿੰਦੂ’ ਕੌਮ ਦੀ ਉਸ ਪਰਿਭਾਸ਼ਾ ਨੂੰ ਸਪੱਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਹਿੰਦੂ ਬੜੀ ਹਲੀਮੀ ਅਤੇ ਨਿਮਰਤਾ ਵਿੱਚ ਰਹਿਣ ਵਾਲੀ ਅਹਿੰਸਾ-ਵਾਦੀ ਕੌਮ ਹੈ ਜੋ ਡਾਂਗਾਂ ਵੱਜਣ ਸਮੇਂ ਵੀ ਆਪਣੀ ਪਿੱਠ ਖ਼ੁੱਦ ਹੀ ਨੰਗੀ ਕਰ ਦਿੰਦੀ ਹੈ। ਪਰ ਦੂਜੇ ਪਾਸੇ ਆਰ.ਐਸ.ਐਸ. ਵਾਲੇ ਇਹ ਦਲੀਲ ਦਿੰਦੇ ਹਨ ਕਿ ਗਾਂਧੀ ਦਾ ਇਹ ਸਿਧਾਂਤ ਇਤਿਹਾਸ ਤੋਂ ਬੇਮੁਖ ਹੋਣਾ ਹੈ ਅਤੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੀ ਤੋੜ ਮਰੋੜ ਕੇ ਕੀਤੀ ਗਈ ਵਿਆਖਿਆ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਇਹੋ ਜਿਹੀ ਵਿਆਖਿਆ ਨੇ ਹਿੰਦੂਆਂ ਵਿੱਚ ਭਾਂਜਵਾਦ ਦੀ ਭਾਵਨਾ ਲਿਆਂਦੀ ਹੈ ਅਰਥਾਤ ਹਿੰਦੂਆਂ ਨੂੰ ਹਾਰੀ ਹੋਈ ਮਾਨਸਿਕਤਾ ਵਾਲੇ ਲੋਕ ਬਣਾ ਦਿੱਤਾ ਹੈ। ਇਹੋ ਜਿਹੇ ਵਿਚਾਰਾਂ ਨਾਲ ਉਨ੍ਹਾਂ ਲੋਕਾਂ ਨੂੰ ਵੀ ਧੱਕਾ ਪਹੁੰਚਾਇਆ ਹੈ ਜੋ ਧਰਮ-ਨਿਰਪੱਖਤਾ ਦੇ ਹਾਮੀ ਹਨ। ਆਰ.ਐਸ.ਐਸ. ਦਾ ਦਾਅਵਾ ਹੈ ਕਿ ਅਸਲ ਵਿੱਚ ਹਿੰਦੂ ਧਰਮ ਦੀ ਵਿਆਖਿਆ ਦਾ ਕੇਂਦਰ-ਬਿੰਦੂ ਤਾਂ ਕਿਤੇ ਹੋਰ ਹੀ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਗੋਲਵਾਲਕਰ ਨੇ ਇੱਕ ਸਮੇਂ ਕਿਹਾ ਸੀ ਕਿ ਹਰ ਹਿੰਦੂ ਦੇਵਤਾ ਹਥਿਆਰਬੰਦ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਭਾਰਤ ਨੂੰ ਐਟਮੀ ਹਥਿਆਰਾਂ ਨਾਲ ਲੈਸ ਕਰਨ ਦੀ ਇੱਛਾ ਨੂੰ ਇਸੇ ਰੌਸ਼ਨੀ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਹੁਣ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਐਟਮੀ ਜੰਗ ਹੋਈ ਤਾਂ ਸਭ ਤੋਂ ਵਧੇਰੇ ਨੁਕਸਾਨ ਪੰਜਾਬ ਦਾ ਹੀ ਹੋਵੇਗਾ।

ਅਕਾਲੀ- ਬੀ.ਜੇ.ਪੀ. ਗਠਜੋੜ ਵੀ ਆਮ ਵਾਂਗੂੰ ਕੰਮ ਨਹੀਂ ਕਰ ਰਿਹਾ ਜਿਵੇਂ ਕਿ ਉਪਰੋਂ-ਉਪਰੋਂ ਸਾਨੂੰ ਪ੍ਰਤੀਤ ਹੁੰਦਾ ਹੈ। ਜਦੋਂ ਬੀ.ਜੇ.ਪੀ. ਪੰਜਾਬ ਵਿੱਚ ਆਪਣਾ ਹਮਲਾਵਰ ਏਜੰਡਾ ਲਾਗੂ ਕਰਦੀ ਹੈ ਤਾਂ ਸਿੱਖਾਂ ਦੇ ਮਨਾਂ ਵਿੱਚ ਤੁਰੰਤ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਬੀ.ਜੇ.ਪੀ. ਸਿੱਖਾਂ ਦੀ ਸਮਾਜਿਕ ਅਤੇ ਰਾਜਨੀਤਕ ਹਸਤੀ ਨੂੰ ਖੋਰਾ ਲਾਉਣ ਲਈ ਅਕਾਲੀ ਦਲ ਨੂੰ ਇਸਤੇਮਾਲ ਕਰ ਰਹੀ ਹੈ। ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਬੀ.ਜੇ.ਪੀ. ਦੇ ਥੱਲੇ ਲੱਗ ਕੇ ਚਲ ਰਹੇ ਹਨ। ਦੂਜੇ ਸ਼ਬਦਾਂ ਵਿੱਚ ਇਉਂ ਕਹਿ ਲਵੋ ਕਿ ਪੰਜਾਬ ਸਰਕਾਰ ਵਿੱਚ ਅਕਾਲੀ ਦਲ ਦਾ ਰੋਲ ਤੇ ਰੁਤਬਾ ਦੂਜੇ ਦਰਜੇ ਵਾਲਾ ਹੈ ਜਦਕਿ ਬੀ.ਜੇ.ਪੀ. ਦਾ ਰੋਲ ਮੋਹਰੀ ਹੈ। ਸਿੱਖ ਇਹ ਵੀ ਸੋਚਣ ਲੱਗ ਪਏ ਹਨ ਕਿ ਉਨ੍ਹਾਂ ਦੀ ਆਜ਼ਾਦ ਹਸਤੀ ਨੂੰ ਤਹਿਸ-ਨਹਿਸ ਕਰਨ ਲਈ ਹਿੰਦੁੱਤਵੀ ਤਾਕਤਾਂ ਦੇ ਹਮਲਿਆਂ ਦੀ ਬਾਦਲ ਸਾਹਿਬ ਨੂੰ ਕੋਈ ਚਿੰਤਾ ਨਹੀਂ। ਪੰਜਾਬ ਵਿੱਚ ਇੱਕ ਦਹਾਕੇ ਤੋਂ ਵੱਧ ਸਿੱਖ ਕੌਮ ਦੇ ਬੇ-ਬਹਾ ਡੁੱਲ੍ਹੇ ਖੂਨ ਦਾ ਵੀ ਬਾਦਲ ਸਾਹਿਬ ਦੀ ਜ਼ਮੀਰ ਤੇ ਕੋਈ ਅਸਰ ਨਹੀਂ। ਬਾਦਲ ਸਾਹਿਬ ਦੇ ਵਿਰੋਧੀ ਧੁੱਰ ਅੰਦਰੋਂ ਇਹ ਮਹਿਸੂਸ ਕਰਦੇ ਹਨ ਕਿ 1994 ਵਿੱਚ ਮੋਗਾ ਅਕਾਲੀ ਕਾਨਫ਼ਰੰਸ ਵਿੱਚ ਬਾਦਲ ਸਾਹਿਬ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਅਰਾ ਲਗਾ ਕੇ ਅਕਾਲੀ ਦਲ ਦੇ ਬੁਨਿਆਦੀ ਸਿਧਾਂਤਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਜਦਕਿ, 1920 ਈਸਵੀ ਵਿੱਚ, ਆਪਣੇ ਵਜੂਦ ਵਿੱਚ ਆਉਣ ਤੋਂ ਹੀ ਅਕਾਲੀ ਪਾਰਟੀ ਇਹਨਾਂ ਸਿੱਧਾਂਤਾਂ ਅਨੁਸਾਰ ਲਗਾਤਾਰ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਦੀ ਆ ਰਹੀ ਸੀ। ਦੂਜੇ ਪਾਸੇ, ਜਿੱਥੋਂ ਤੱਕ ਪੰਜਾਬ ਦੀਆਂ ਰਾਜਸੀ ਮੰਗਾਂ ਦਾ ਸਵਾਲ ਹੈ, ਬੀ.ਜੇ.ਪੀ. ਨੇ ਆਪਣੇ ਰਾਜਸੀ ਏਜੰਡੇ ਵਿੱਚ ਇਨ੍ਹਾਂ ਮੰਗਾਂ ਸਬੰਧੀ ਆਪਣੀ ਧਾਰਨਾ ਅਤੇ ਨੀਤੀਆਂ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਕੀਤੀ।

ਅਸੀਂ ਇਹ ਚੇਤੇ ਕਰਾਉਣਾ ਚਾਹੁੰਦੇ ਹਾਂ ਕਿ ਸਿੱਖ ਧਰਮ ਬਕਾਇਦਾ ਇੱਕ ਅਜੇਹਾ ਸਥਾਪਿਤ ਧਰਮ ਹੈ ਜਿਸ ਦੇ ਬੁਨਿਆਦੀ ਸਿਧਾਂਤ ਸਪਸ਼ਟ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੇ ਹੋਏ ਹਨ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਸਮਾਜ ਨੂੰ ਨਵੇਂ ਵਿਚਾਰਾਂ ਨਾਲ ਲੈਸ ਕੀਤਾ ਅਤੇ ਇਸ ਨਵੇਂ ਧਰਮ ਨੂੰ ਪਹਿਲੇ ਦੇ ਧਰਮਾਂ ਨਾਲੋਂ ਵੱਖਰਾ ਜਾਂ ਅੱਡਰਾ ਕਰ ਦਿੱਤਾ ਹੈ। ਜਿਵੇਂ ਕਿ ਪਹਿਲੇ ਦਸਿਆ ਜਾ ਚੁਕਾ ਹੈ, ਪੰਜਵੇਂ ਪਾਤਸ਼ਾਹ, ਸ਼੍ਰੀ ਗੁਰੂ ਅਰਜੁਨ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ, ਆਪਣੇ ਇੱਕ ਸ਼ਬਦ ਰਾਹੀਂ ਸਾਫ਼ ਅਤੇ ਸਪਸ਼ਟ ਕਰ ਦਿੱਤਾ ਹੈ ਕਿ ਸਿੱਖ ਇੱਕ ਆਜ਼ਾਦ ਕੌਮ ਹੈ।

ਇਥੇ ਇੱਕ ਗੱਲ ਹੋਰ ਖ਼ਾਸ ਤੌਰ ਤੇ ਵਰਨਣ ਯੋਗ ਹੈ ਕਿ ਪਿੱਛੇ ਜਿਹੇ ਜਦੋਂ ਸ਼੍ਰੀ ਆਨੰਦਪੁਰ ਸਾਹਿਬ/ ਸ਼੍ਰੀ ਕੇਸਗੜ੍ਹ ਦੇ ਅਸਥਾਨ ਤੇ ਬਾਦਲ ਸਾਹਿਬ ਨੇ, ਆਪਣੇ ਅਕਾਲੀ ਦਲ ਸਮੇਤ, ਵਿਰਾਸਤ-ਏ-ਖ਼ਾਲਸਾ ਦਾ ਉਦਘਾਟਨ ਕੀਤਾ ਤਾਂ ਉਸ ਸਮਾਰੋਹ ਵਿੱਚ ਸਿੰਘ ਸਾਹਿਬਾਨ ਅਤੇ ਹੋਰ ਸਿਰਮੌਰ ਸਿੱਖ ਆਗੂਆਂ ਦੇ ਨਾਲ ਹਿੰਦੂਆਂ ਦੇ ਕਟੱੜਵਾਦੀ ਧਾਰਮਿਕ ਨੇਤਾਵਾਂ ਨੂੰ ਵੀ ਸਟੇਜ ਤੇ ਬਿਠਾਇਆ ਗਿਆ। ਇਨ੍ਹਾਂ ਵਿੱਚ ਹਿੰਦੂ ਸਾਧੂ ਸ਼੍ਰੀ ਸ਼੍ਰੀ ਰਵੀ ਸੰਕਰ, ਅਖੌਤੀ ਬਾਪੂ ਆਸਾ ਰਾਮ ਅਤੇ, ਇਨ੍ਹਾਂ ਨਾਲ ਬੀ.ਜੇ.ਪੀ. ਆਗੂ ਐਲ. ਕੇ. ਅਡਵਾਨੀ ਵੀ ਸ਼ਾਮਲ ਸੀ। ਯਾਦ ਰਹੇ ਕਿ ਬਾਪੂ ਆਸਾ ਰਾਮ ਅੱਜਕੱਲ੍ਹ ਇੱਕ ਨਾ-ਬਾਲਗ ਲੜਕੀ ਨਾਲ ਬਦਚਲਣੀ ਕਰਨ ਕਾਰਣ ਜੋਧਪੁਰ ਜੇਲ੍ਹ ਵਿੱਚ ਬੰਦ ਹੈ ਅਤੇ ਉਸਦਾ ਪਿਛੋਕੜ ਬਤੌਰ ਜ਼ਮੀਨਾਂ ਉੱਤੇ ਨਾਜਾਇਜ ਕਬਜੇ ਕਰਨ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਲਈ ਜਾਣਿਆਂ ਜਾਂਦਾ ਹੈ। ਇੱਥੇ ਇੱਕ ਗੱਲ ਖ਼ਾਸ ਤੌਰ ’ਤੇ ਦਸਣੀ ਬਣਦੀ ਹੈ ਕਿ ਜਦੋਂ ਇਹ ਸਾਧ ਪੰਜਾਬ ਵਿੱਚ ਆਉਂਦਾ ਸੀ ਤਾਂ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਬਤੌਰ ਸਟੇਟ ਗੈਸਟ ਠਹਿਰਾਉਂਦੇ ਸਨ ਅਤੇ ਇਸ ਦੇ ਠਹਿਰਣ ਤੇ ਜੋ ਵੀ ਖ਼ਰਚ ਆਉਂਦਾ ਸੀ ਉਸਦੀ ਭਰਪਾਈ ਪੰਜਾਬ ਸਰਕਾਰ ਕਰਦੀ ਸੀ। ਅਤੇ ਅੱਡਵਾਨੀ ਉਹੀ ਸ਼ਖ਼ਸ ਹੈ ਜਿਸ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਮੈਂ ਇੰਦਰਾ ਗਾਂਧੀ ਤੇ ਜ਼ੋਰ ਪਾਕੇ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ। ਯਾਦ ਰਹੇ ਕਿ ਇਸ ਹਮਲੇ ਦੀ ਹਿਮਾਇਤ ਕਰਦਿਆਂ ਪੰਜਾਬ ਵਿੱਚ ਬੀ.ਜੇ.ਪੀ. ਵਾਲਿਆਂ ਨੇ ਲੱਡੂ ਵੀ ਵੰਡੇ ਸਨ।

ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਸਿੱਖਾਂ ਦੀ ਅੱਡਰੀ ਪਹਿਚਾਣ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਸੀ। ਇਸ ਕਤਲੇਆਮ ਵਿੱਚ ਕੋਈ ਵੀ ਸਿੱਖ, ਭਾਵੇਂ ਉਹ ਗੈਰ-ਸਿਆਸੀ ਸੀ ਜਾਂ ਸਿਆਸੀ - ਭਾਵੇਂ ਉਹ ਕਾਂਗਰਸ ਦਾ ਮੈਂਬਰ ਸੀ ਜਾਂ ਬੀ.ਜੇ.ਪੀ. ਦਾ- ਉਸਨੂੰ ਇਸ ਕਰਕੇ ਨਹੀਂ ਛੱਡਆ ਗਿਆ ਕਿਉਂਕਿ ਉਹ ਸਿੱਖ ਸੀ। ਸਿੱਖ ਭਾਵੇਂ ਕਿਸੇ ਵੀ ਪਾਰਟੀ ਦਾ ਸੀ, ਉਸ ਨੂੰ ਮਾਰਨ ਲਈ ਉਸਦੀ ਪਹਿਚਾਣ ਕੇਸ, ਦਾੜ੍ਹੀ, ਪਗੜੀ ਅਤੇ ਨਾਮ ਦੇ ਨਾਲ ਸਿੰਘ ਜਾਂ ਕੌਰ ਲੱਗਣਾ ਹੀ ਕਾਫ਼ੀ ਸੀ। ਇਸ ਕਤਲੇਆਮ ਵਿੱਚ ਸਿੱਖਾਂ ਦੀ ਮਦਦ ਲਈ ਨਾ ਤਾਂ ਹਿੰਦੁਸਤਾਨ ਦੀ ਨਿਆਂਪਾਲਿਕਾ ਅੱਗੇ ਆਈ, ਨਾ ਐਗਜ਼ੈਕਟਿਵ ਅਤੇ ਨਾ ਹੀ ਲੈਜਿਸਲੇਟਿਵ। 1984 ਦੇ ਸਿੱਖ ਕਤਲੇਆਮ ਵਿੱਚ ਸਿੱਖਾਂ ਨੂੰ ਆਪਣੀ ਅੱਡਰੀ ਪਹਿਚਾਣ ਦਾ ਖ਼ਮਿਆਜ਼ਾ ਆਪ ਹੀ ਭੁਗਤਣਾ ਪਿਆ।

ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਉਪਰੰਤ ਭਾਰਤੀ ਫ਼ੌਜ ਨੇ ਇੱਕ ਸਰਕੂਲਰ “ਬਾਤਚੀਤ” ਦੇ ਸਿਰਲੇਖ ਹੇਠ ਜਾਰੀ ਕੀਤਾ, ਜਿਸ ਅਧੀਨ ਪੰਜਾਬ ਦੇ ਪਿੰਡਾਂ, ਸ਼ਹਿਰਾਂ ਜਾਂ ਕਸਬਿਆਂ ਵਿੱਚ ਉਨ੍ਹਾਂ ਦਾ ਖ਼ਾਸ ਨਿਸ਼ਾਨਾ ਅੰਮ੍ਰਿਤਧਾਰੀ ਸਿੰਘ ਸਨ । ਸ਼ਾਇਦ ਸਰਕਾਰ ਨੂੰ ਲਗਦਾ ਹੋਵੇ ਕਿ ਜੇਕਰ ਸਿੱਖਾਂ ਵਿੱਚੋਂ ਅੰਮ੍ਰਿਤਧਾਰੀ ਸਿੰਘਾਂ ਦਾ ਸਫ਼ਾਇਆ ਹੋ ਜਾਏ ਤਾਂ ਹੌਲੀ-ਹੌਲੀ ਸਿੱਖ ਪਹਿਚਾਣ ਖ਼ਤਮ ਹੋ ਜਾਏਗੀ ਅਤੇ ਨਾਲ ਹੀ ਸਿੱਖਾਂ ਦੀ ਅੱਡਰੀ ਪਹਿਚਾਣ ਤੇ ਸਿੱਖੀ ਵੀ, ਅਤੇ ਫ਼ਿਰ ਸਿੱਖ ਹਿੰਦੂਆਂ ਦਾ ਇੱਕ ਫ਼ਿਰਕਾ ਹੀ ਬਣਕੇ ਰਹਿ ਜਾਣਗੇ।

ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੌਰਾਨ ਇੱਕ ਬਹੁੱਤ ਹੀ ਭਿਆਨਕ ਅਤੇ ਦਰਦਨਾਕ ਘਟਨਾ ਵਾਪਰੀ, ਜਿਸ ਦਾ ਬਹੁਤ ਹੀ ਘੱਟ ਲਿਖਾਰੀਆਂ ਨੇ ਬਿਆਨ ਕੀਤਾ ਹੈ। ਇਸ ਹਮਲੇ ਦੌਰਾਨ ਭਾਰਤੀ ਫ਼ੌਜ ਨੇ 39 ਬੱਚਿਆਂ ਨੂੰ, ਜਿਨ੍ਹਾਂ ਦੀ ਉਮਰ ਦੋ ਤੋਂ ਬਾਰ੍ਹਾਂ ਸਾਲ ਦੇ ਦਰਮਿਆਨ ਸੀ, ਦਰਬਾਰ ਸਾਹਿਬ ਤੋਂ ਚੁੱਕ ਕੇ ਲੁਧਿਆਣਾ ਜੇਲ੍ਹ ਵਿੱਚ ਪਾ ਦਿੱਤਾ। ਇਨ੍ਹਾਂ ਬਚਿਆਂ ਨੂੰ ਸੀ.ਬੀ.ਆਈ. ਨੇ ਤਿੰਨ ਹਿਸਿਆਂ ਵਿੱਚ ਵੰਡ ਦਿੱਤਾ। ਪਹਿਲੇ ਬਹੁੱਤ ਹੀ ਖ਼ਤਰਨਾਕ ਅੱਤਵਾਦੀ, ਦੂਜੇ ਖ਼ਤਰਨਾਕ ਅੱਤਵਾਦੀ ਅਤੇ ਤੀਜੇ ਹੋਣ ਵਾਲੇ ਖ਼ਤਰਨਾਕ ਅੱਤਵਾਦੀ। ਇਨ੍ਹਾਂ ਨੰਨ੍ਹੇ ਅਤੇ ਮਾਸੂਮ ਬੱਚਿਆਂ ਦੀ ਸੀ.ਬੀ.ਆਈ. ਅਤੇ ਆਈ.ਬੀ. ਵਲੋਂ ਬੜੀ ਭਿਆਨਕ ਅਤੇ ਘਿਨਾਉਣੀ ਪੁੱਛ-ਗਿੱਛ ਕੀਤੀ ਗਈ। ਇਸ ਪੁੱਛ-ਗਿੱਛ ਦੌਰਾਨ ਮਾਸੂਮ ਬੱਚੇ ਕੁਰਲਾਉਂਦੇ ਅਤੇ ਚੀਖ਼ਾਂ ਮਾਰਦੇ ਰਹੇ ਕਿ ਸਾਨੂੰ ਆਪਣੇ ਮਾਪਿਆਂ ਕੋਲ ਜਾਣ ਦਿਉ ਪਰ ਕਿਸੇ ਅਧਿਕਾਰੀ ਨੇ ਉਨ੍ਹਾਂ ਬੱਚਿਆਂ ਦੀ ਇੱਕ ਨਾਂਹ ਸੁਣੀ। ਜਦੋਂ ਇਸ ਦਰਦਨਾਕ ਹਾਦਸੇ ਵਲ ਕੁੱਝ-ਕੁ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਜੱਥੇਬੰਦੀਆਂ ਨੇ ਆਵਾਜ਼ ਉਠਾਈ ਤਾਂ ਇੱਕ ਸੀ.ਬੀ.ਆਈ. ਅਫ਼ਸਰ ਨੇ ਕਿਹਾ “ਇਹ ਗੱਲਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਅਤੇ ਪ੍ਰਚਾਰਕਾਂ ਲਈ ਹਨ। ਸਾਡੇ ਹੱਥਾਂ ਵਿੱਚ ਸ਼ੱਕੀ ਅਤੇ ਹੋਣ ਵਾਲੇ ਅੱਤਵਾਦੀ ਹਨ।” ਖ਼ੈਰ, ਅਖ਼ੀਰ ਇੱਕ ਮਨੁੱਖੀ ਅਧਿਕਾਰਾਂ ਦੀ ਜੱਥੇਬੰਦੀ ਦੀ ਮੁੱਖੀ, ਸ਼੍ਰੀਮਤੀ ਕਮਲਾ ਦੇਵੀ ਚੱਟੋਪਾਧਿਆਇ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰਕੇ ਇਸ ਦਿਲ-ਕੰਬਾਊ ਘੱਟਨਾਕ੍ਰਮ ਦਾ ਅੰਤ ਕੀਤਾ। ਇਨ੍ਹਾਂ ਮਾਸੂਮ ਬੱਚਿਆਂ ਨੂੰ ਇਹ ਸਭ ਕੁੱਝ ਇਸ ਕਰਕੇ ਝੱਲਣਾ ਪਿਆ ਕਿ ਉਹ ਸਿੱਖਾਂ ਦੇ ਬੱਚੇ ਸਨ ਅਤੇ ਉਨ੍ਹਾਂ ਲਈ ਕਿਸੇ ਕਿਸਮ ਦਾ ਰਹਿਮ ਅਤੇ ਦਇਆ ਭਾਰਤੀ ਸਿੱਸਟਮ ਵਿੱਚ ਉਦੋਂ ਤੱਕ ਨਹੀਂ, ਜਦੋਂ ਤੱਕ ਉਨ੍ਹਾਂ ਦੀ ਪਹਿਚਾਣ ਸਿੱਖਾਂ ਵਜੋਂ ਕਾਇਮ ਹੈ।

ਐਨ.ਡੀ.ਏ. ਦੀ ਵਾਜਪਾਈ ਸਰਕਾਰ ਵੇਲੇ, ਜਿਸ ਵਿੱਚ ਬਾਦਲ ਅਕਾਲੀ ਦੱਲ ਵੀ ਸ਼ਾਮਿਲ ਸੀ, ਅਮਰੀਕਾ ਦੇ ਰਾਸ਼ਟਰਪਤੀ ਭਾਰਤ ਦੇ ਦੌਰੇ ਤੇ ਆਏ। ਇਸ ਦੌਰੇ ਦੌਰਾਨ ਕਸ਼ਮੀਰ ਦੇ ਪਿੰਡ ਛੱਤੀ ਸਿੰਘਪੁਰਾ ਵਿੱਚ 38 ਨਿਰਦੋਸ਼ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਅਮਰੀਕਨ ਏਜੰਸੀਆਂ ਦੀ ਛਾਣਬੀਨ ਉਪਰੰਤ, ਇਸ ਘੱਟਨਾ ਦਾ ਜ਼ਿਕਰ ਰਾਸ਼ਟਰਪਤੀ ਬਿੱਲ ਕਲਿੰਕਟਨ ਨੇ, ਉਸ ਵੇਲੇ ਦੀ ਸੈਕਰੈਟਰੀ ਆਫ਼ ਸਟੇਟ, ਮੈਡਿਲੀਨ ਐਲਬ੍ਰਾਈਟ ਦੀ ਬਹੁ-ਚਰਚਿਤ ਕਿਤਾਬ ਦੇ ਮੁਖਬੰਧ ਵਿੱਚ ਇਨ੍ਹਾਂ ਸ਼ਬਦਾਂ ਨਾਲ ਕੀਤਾ, ‘ਸੰਨ 2000 ਵਿੱਚ ਮੇਰੇ ਭਾਰਤ ਦੇ ਦੌਰੇ ਵੇਲੇ ਕੁੱਝ ਹਿੰਦੂ ਉੱਗਰਵਾਦੀਆਂ ਨੇ ਆਪਣੇ ਕਹਿਰ ਦਾ ਇਜ਼ਹਾਰ ਕਰਨ ਦਾ ਫ਼ੈਸਲਾ ਕੀਤਾ ਅਤੇ 38 ਨਿਰਦੋਸ਼ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜੇ ਮੈ ਉਹ ਦੌਰਾ ਨਾਂਹ ਕੀਤਾ ਹੁੰਦਾ ਤਾਂ ਸੰਭਵ ਹੈ ਕਿ ਜ਼ੁਲਮ ਦਾ ਸ਼ਿਕਾਰ ਹੋਏ ਉਹ ਵਿਅਕਤੀ ਅਜੇ ਵੀ ਜਿਊਂਦੇ ਹੁੰਦੇ।’ ਹੋ ਸਕਦਾ ਹੈ ਕਿ ਇਹ ਸਾਰਾ ਘੱਟਨਾਕ੍ਰਮ ਇਸ ਕਰਕੇ ਕੀਤਾ ਗਿਆ ਹੋਵੇ ਤਾਂਕਿ ਦੁਨੀਆਂ ਨੂੰ ਇਹ ਦਿਖਾਇਆ ਜਾ ਸਕੇ ਕਿ ਕਸ਼ਮੀਰੀ ਵੱਖਵਾਦੀ ਕਿੰਨੇ ਜ਼ਾਲਮ ਹਨ।ਇਸ ਘਟਨਾ ਪਿੱਛੇ ਇਹ ਭਾਵਨਾ ਵੀ ਹੋ ਸਕਦੀ ਹੈ ਕਿ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਅਜਿਹਾ ਪਾੜਾ ਪਾ ਦਿੱਤਾ ਜਾਵੇ ਜਿਸ ਕਾਰਨ ਸਿੱਖਾਂ ਦਾ ਕਸ਼ਮੀਰ ਵਿੱਚ ਰਹਿਣਾ ਹੀ ਮੁਸ਼ਕਿਲ ਹੋ ਜਾਏੇ।ਜਦੋਂ ਇਹ ਸਾਰੇ ਤੱਥ ਸਾਮ੍ਹਣੇ ਆਏ ਤਾਂ ਬਾਦਲ ਅਕਾਲੀ ਦਲ ਵਾਲਿਆਂ ਨੇ ਬੀ.ਜੇ.ਪੀ. ਨੂੰ ਇਸ ਘਟਨਾ ਦਾ ਕੋਈ ਬਹੁਤਾ ਰੋਸ ਨਹੀਂ ਵਿਖਾਇਆ ਕਿਉਂਕਿ ਪੰਜਾਬ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਬੀ.ਜੇ.ਪੀ. ਦੀ ਸਪੋਰਟ ਤੇ ਖੜੀ ਸੀ ਅਤੇ ਕੇਂਦਰੀ ਵਜ਼ਾਰਤ ਵਿੱਚ ਸੁਖਬੀਰ ਸਿੰਘ ਬਾਦਲ ਮੰਤਰੀ ਸਨ। ਸੌੜੇ ਸਿਆਸੀ ਮੁੱਫ਼ਾਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਸਾਨੀ ਕਦਰਾਂ ਕੀਮਤਾਂ ਅਤੇ ਆਪਣੀ ਕੌਮ ਦੇ ਨਿਰਦੋਸ਼ ਲੋਕਾਂ ਦਾ ਕਤਲੇਆਮ ਅੱਖਾਂ ਮੀਚ ਕੇ ਬਰਦਾਸ਼ਤ ਕਰ ਲਿਆ ਗਿਆ। ਇਹ ਕਿਸ ਕਿਸਮ ਦੀ ਸਿਆਸਤ ਹੈ?

ਇਸੇ ਸੰਧਰਭ ਵਿੱਚ ਮੈਨੂੰ ਇੱਕ ਕਹਾਣੀ ਯਾਦ ਆਉਂਦੀ ਹੈ ਕਿਸੇ ਗ਼ੁਲਾਮ ਮੁਲਕ ਦਾ ਇੱਕ ਆਦਮੀ ਆਪਣੇ ਦੇਸ਼ ਉੱਤੇ ਰਾਜ ਕਰਨ ਵਾਲੀ ਫ਼ੌਜ ਦੇ ਇੱਕ ਸਿਪਾਹੀ ਦਾ ਮਿੱਤਰ ਬਣ ਗਿਆ। ਇੱਕ ਦਿਨ ਦੋਵੇਂ ਦੋਸਤ ਸੈਰ ਕਰ ਰਹੇ ਸਨ ਤਾਂ ਗ਼ੁਲਾਮ ਮੁਲਕ ਵਾਲੇ ਨੂੰ ਰਸਤੇ ਵਿੱਚ ਪਈ ਸੋਨੇ ਦੀ ਇੱਕ ਡੱਲੀ ਨਜ਼ਰ ਆਈ ਅਤੇ ਉਸ ਨੇ ਉਸ ਡੱਲੀ ਨੂੰ ਚੁੱਕ ਲਿਆ। ਰਾਜ ਕਰਣ ਵਾਲੀ ਫ਼ੌਜ ਦਾ ਆਦਮੀ ਤੁਰੰਤ ਬੋਲਿਆ “ਆ ਜਾ ਇਸ ਨੂੰ ਭਰਾਤਰੀ-ਭਾਵ ਨਾਲ ਵੰਡ ਲਈਏ”। ਇਸ ਦੇ ਜਵਾਬ ਵਿੱਚ ਗ਼ੁਲਾਮ ਮੁਲਕ ਦੇ ਬਾਸ਼ਿੰਦੇ ਨੇ ਤੁਰੰਤ ਜਵਾਬ ਦਿੱਤਾ “ਨਹੀਂ ਜਨਾਬ, ਆਪਾਂ ਇਸ ਨੂੰ ਅੱਧੋ-ਅੱਧ ਵੰਡ ਲਵਾਂਗੇ”। ਉਹ ਗ਼ੁਲਾਮ ਕੌਮਾਂ, ਜਿਨ੍ਹਾਂ ਨੂੰ ਆਪਣੀ ਗ਼ੁਲਾਮੀ ਦਾ ਅਹਿਸਾਸ ਹੁੰਦਾ ਹੈ, ਕਦੇ ਵੀ ਰਾਜ ਕਰ ਰਹੀਆਂ ਕੌਮਾਂ ਨਾਲ ਭਾਈ-ਭਾਈ ਵਾਲੀ ਗੱਲ ਨਹੀਂ ਕਰਦੀਆਂ। ਅਤਿਅੰਤ, ਦੁੱਖ ਵਾਲੀ ਗੱਲ ਹੈ ਕਿ ਸਾਡੀ ਕੌਮ ਦੇ ਅਖੌਤੀ ਲੀਡਰ ਸਮਝਦੇ ਹਨ ਕਿ ਬੀ.ਜੇ.ਪੀ. ਨਾਲ ਉਨ੍ਹਾਂ ਦਾ ਬਰਾਬਰ ਦਾ ਰਿਸ਼ਤਾ ਹੈ। ਇਹ ਉਨ੍ਹਾਂ ਦਾ ਇੱਕ ਬਹੁਤ ਵੱਡਾ ਭੁਲੇਖਾ ਹੈ। ਗ਼ੁਲਾਮ ਹੋਕੇ ਵੀ ਗ਼ੁਲਾਮੀ ਦਾ ਅਹਿਸਾਸ ਨਾ ਹੋਣਾ ਇੱਕ ਭਾਰੀ ਮੂਰਖਤਾ ਹੈ ਜਾਂ ਆਪਣਾ ਸੁਆਰਥ ਹੀ ਇੰਨਾਂ ਬਲਵਾਨ ਹੈ ਕਿ ਉਹ ਅਸਲੀਯਤ ਨੂੰ ਦੇਖਕੇ ਵੀ ਅਨਭੋਲ ਬਨਣ ਦੀ ਕੋਸ਼ਿਸ਼ ਕਰਦੇ ਹਨ। 1947 ਤੋਂ ਪਹਿਲਾਂ ਰਾਜ ਕਰ ਰਹੀ ਬਰਤਾਨਵੀ ਤਾਕਤ ਘੱਟੋ-ਘੱਟ ਧਾਰਮਿਕ ਪੱਧਰ ਤੇ ਪੱਖਪਾਤ ਨਹੀਂ ਸੀ ਕਰਦੀ। ਪ੍ਰੰਤੂ 1947 ਤੋਂ ਬਾਅਦ ਦੀ ਸਥਿਤੀ ਬਿਲਕੁਲ ਇਸਦੇ ਉਲਟ ਹੈ। ਅੱਜ ਭਾਰਤ ਦੀ ਬਹੁ-ਗਿਣਤੀ ਦਾ ਵੱਡਾ ਹਿੱਸਾ ਇਸ ਮੁਲਕ ਵਿੱਚ ਇਕਸਾਰਤਾ ਲਿਆਉਣ ਲਈ ਯਤਨਸ਼ੀਲ ਹੈ। ਦੇਸ਼ ਵਿੱਚ ਰਹਿ ਰਹੀਆਂ ਘੱਟ-ਗਿਣਤੀਆਂ ਨੂੰ ਆਪਣੀ ਅੱਡਰੀ ਪਹਿਚਾਣ ਵਿੱਚ ਰਹਿਕੇ ਆਪਣਾ ਹੱਕ ਲੈਣਾ ਬਹੁੱਤ ਹੀ ਮੁੱਸ਼ਕਿਲ ਜਾਪ ਰਿਹਾ ਹੈ।

ਅੱਜ ਸਾਰੇ ਦੇਸ਼ ਵਿੱਚ ਬਹੁ-ਗਿਣਤੀ ਦਾ ਵੱਡਾ ਹਿੱਸਾ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਥੱਲੇ ਇੱਕਠਾ ਹੋ ਰਿਹਾ ਹੈ ਤਾਂਕਿ ਭਾਰਤ ਦੀ ਵਾਗਡੋਰ ਇਨ੍ਹਾਂ ਸ਼ਕਤੀਆਂ ਦੇ ਹੱਥ ਆ ਜਾਏ ਤੇ ਉਹ ਦਮੋਦਰ ਦਾਸ ਸਾਵਰਕਰ ਦਾ ਹਿੰਦੁੱਤਵ ਦਾ ਏਜੰਡਾ ਲਾਗੂ ਕਰ ਸਕਣ।ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ 2009 ਦੀਆਂ ਪਾਰਲੀਮਾਨੀ ਚੌਣਾਂ ਦੌਰਾਨ ਬਾਦਲ ਸਾਹਿਬ ਦੇ ਸੱਦੇ ਤੇ ਲੁਧਿਆਣੇ ਆਏ। ਉਸ ਮੰਚ ਉੱਤੇ ਬਾਦਲ ਅਕਾਲੀ ਦਲ ਦੇ ਸਾਰੇ ਵੱਡੇ ਆਗੂ ਹਾਜ਼ਰ ਸਨ। ਮੋਦੀ ਨੇ ਉਸ ਮੰਚ ਤੋਂ ਬਾਦਲ ਸਾਹਿਬ ਦੀ ਤਾਰੀਫ਼ ਦੇ ਪੁੱਲ ਬੰਨ੍ਹਦੇ ਹੋਏ ਕਿਹਾ ਕਿ ਐਨ.ਡੀ.ਏ. ਕੋਲ ਜਦੋਂ ਸਾਰੇ ਦੇਸ਼ ਦੇ ਦਰਿਆਵਾਂ ਦੇ ਪਾਣੀਆਂ ਨੂੰ ਇੱਕਠਾ ਕਰਕੇ ਵੰਡਣ ਦਾ ਸਵਾਲ ਆਇਆ ਤਾਂ ਉਸ ਦੀ ਪਹਿਲਕਦਮੀ ਅਤੇ ਹਿਮਾਇਤ ਬਾਦਲ ਸਾਹਿਬ ਨੇ ਬੜੀ ਖੁੱਲ੍ਹ-ਦਿਲੀ ਨਾਲ ਕੀਤੀ।ਬਾਦਲ ਸਾਹਿਬ ਇਸ ਰੈਲੀ ਵਿੱਚ ਤਾਂ ਉਪਰੋਕਤ ਟਿੱਪਣੀ ਤੇ ਚੁੱਪ ਰਹੇ, ਪ੍ਰੰਤੂ ਉਸ ਤੋਂ ਕੁੱਝ ਦਿਨ ਮਗਰੋਂ ਜਦੋਂ ਪੰਜਾਬ ਵਿੱਚ ਇਸ ਗੱਲ ਤੇ ਚਰਚਾ ਛਿੜੀ ਤਾਂ ਉਨ੍ਹਾਂ ਨੇ ਇਸਦੇ ਵਿਰੋਧ ਵਿੱਚ ਇੱਕ ਮੱਠਾ ਜਿਹਾ ਬਿਆਨ ਦੇ ਦਿੱਤਾ। ਹੁਣੇ-ਹੁਣੇ ਪਠਾਨਕੋਟ ਨੇੜੇ ਨਰੇਂਦਰ ਮੋਦੀ ਨੇ ਪੰਜਾਬ ਵਿੱਚ ਆਪਣੀ ਪਹਿਲੀ ਸਿਆਸੀ ਰੈਲੀ ਕੀਤੀ, ਜਿਸ ਵਿੱਚ ਮੋਦੀ ਨੇ ਸਾਰੇ ਭਾਰਤ ਵਿੱਚ ਛੋਮਮੋਨ ਛਵਿਲਿ ਛੋਦੲ ਲਾਗੂ ਕਰਨ ਦੀ ਪੁਰਜ਼ੋਰ ਵਕਾਲਤ ਕੀਤੀ। ਬਾਦਲ ਸਾਹਿਬ ਇਹ ਸੁਣ ਕੇ ਚੁਪ ਰਹੇ ਅਤੇ ਜੈ ਸ੍ਰੀ ਰਾਮ ਦੇ ਨਾਅਰਿਆਂ ਨਾਲ ਮੋਦੀ ਦੀ ਹਾਂ ਵਿੱਚ ਹਾਂ ਮਿਲਾਉਂਦੇ ਗਏ।

ਹਿੰਦੂ ਮੈਰਿਜ਼ ਐਕਟ ਦੀ ਪਰਿਭਾਸ਼ਾ ਵਿੱਚੋਂ ਸਿੱਖ ਆਪਣੇ ਆਪ ਨੂੰ ਕੱਢਣਾ ਚਾਹੁੰਦੇ ਹਨ ਜਦ ਕੇ ਮੋਦੀ ਇਸ ਦੀ ਪੁਰਜ਼ੋਰ ਮੁਖ਼ਾਲਫ਼ਤ ਵਿੱਚ ਖੜਾ ਹੈ। ਇੱਥੇ ਹੀ ਬੱਸ ਨਹੀਂ, 5,000 ਤੋਂ ਵੱਧ ਸਿੱਖ ਜ਼ਮੀਂਦਾਰਾਂ ਨੂੰ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਕਹਿਣ ਤੇ ਸੰਨ 1965 ਦੀ ਭਾਰਤ-ਪਾਕਿਸਤਾਨ ਲੜਾਈ ਤੋਂ ਬਾਅਦ ਰਣ-ਕੱਛ ਵਿੱਚ ਜਾਕੇ ਜਮੀਨਾਂ ਖਰੀਦ ਲਈਆਂ ਸਨ, ਪ੍ਰੰਤੂ ਹੁਣ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਵਿੱਚੋਂ ਮੋਦੀ ਬੇਰਹਿਮੀ ਨਾਲ ਬੇਦਖ਼ਲ ਕਰਨ ਲਈ ਯਤਨਸ਼ੀਲ ਹੈ। ਗੁਜਰਾਤ ਦੇ ਸਿੱਖ ਜ਼ਮੀਂਦਾਰਾਂ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਮੋਦੀ ਦੇ ਇਸ ਧੱਕੇ ਤੋਂ ਉਨ੍ਹਾਂ ਨੂੰ ਬਚਾਇਆ ਜਾਵੇ, ਤਾਂ ਬਾਦਲ ਸਾਹਿਬ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਮੋਦੀ ਸਾਮ੍ਹਣੇ ਬਹੁਤ ਵਾਸਤੇ ਪਾਏ ਪ੍ਰੰਤੂ ਉਸਨੇ ਇਨ੍ਹਾਂ ਦੀ ਇੱਕ ਨਹੀਂ ਸੁਣੀ। ਇਹ ਬਾਦਲ ਅਕਾਲੀ ਦਲ ਅਤੇ ਬੀ.ਜੇ.ਪੀ. ਦਾ ਰਿਸ਼ਤਾ, ਜਿਵੇਂ ਆਪਾਂ ਉਪਰ ਦੱਸ ਚੁੱਕੇ ਹਾਂ ਕਹਿਣ ਨੂੰ ਭਾਈ-ਭਾਈ ਵਾਲਾ ਰਿਸ਼ਤਾ ਲਗਦਾ ਹੈ ਪ੍ਰੰਤੂ ਛੋਟੇ, ਕਮਜੋਰ ਤੇ ਗ਼ੁਲਾਮ ਭਾਈ ਨੂੰ, ਜਦੋਂ ਤੱਕ ਉਹ ਆਪਣੀ ਵੱਖਰੀ ਪਹਿਚਾਣ ਬਣਾਈ ਬੈਠਾ ਹੈ, ਵੱਡੇ ਅਤੇ ਤਾਕਤਵਰ ਰਾਜਸੀ ਭਾਈ ਨੂੰ ਕੁੱਝ ਨਾ ਕੁੱਝ ਦਿੰਦੇ ਹੀ ਰਹਿਣਾ ਪਏਗਾ।ਹਿੰਦੁੱਤਵ ਦਾ ਸਿੱਖਾਂ ਪ੍ਰਤੀ ਇੱਕੋ ਏਜੰਡਾ ਹੈ ਕਿ ਜਾਂ ਆਪਣੀ ਵੱਖਰੀ ਪਹਿਚਾਣ ਭੁੱਲ ਕੇ ਹਿੰਦੁੱਤਵ ਵਿੱਚ ਰੱਲ ਜਾਉ ਜਾਂ ਫਿਰ ਉਹੋ ਹੀ ਸਲੂਕ ਸਿੱਖਾਂ ਨਾਲ ਹੋਵੇਗਾ ਜੋ ਮੁਸਲਮਾਨਾਂ ਨਾਲ ਹੋ ਰਿਹਾ ਹੈ, ਬੀ.ਜੇ.ਪੀ. ਅਤੇ ਆਰ.ਐਸ.ਐਸ. ਦਾ ਇਹ ਆਸ਼ਾ ਬਿਲਕੁਲ ਸਪਸ਼ਟ ਹੋਣ ਦੇ ਬਾਵਜੂਦ, ਰੱਬ ਜਾਣੇ, ਸ੍ਰ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦਾ ਮੋਹਰਾ ਬਣਕੇ, ਸਿੱਖਾਂ ਦਾ ਭਗਵਾਕਰਣ ਕਿਉਂ ਕਰਨ ਲਗੇ ਹੋਏ ਹਨ ?

ਹੁਣ ਸਾਡੇ ਸਾਮ੍ਹਣੇ ਸਵਾਲ ਪੈਦਾ ਹੁੰਦਾ ਹੈ ਕਿ ਇਸ ਕਿਸਮ ਦੇ ਹਾਲਾਤ ਵਿੱਚ ਘੱਟ ਗਿਣਤੀਆਂ, ਖ਼ਾਸ ਤੌਰ ਤੇ ਸਿੱਖ, ਕੀ ਕਰਨ? ਯਹੂਦੀਆਂ ਨੇ ਤਕਰੀਬਨ 2700 ਸਾਲ ਇਸ ਕਿਸਮ ਦੇ ਸਿਤਮ ਝੱਲੇ ਹਨ।ਉਨ੍ਹਾਂ ਦੇ ਵੱਡੇ-ਵੱਡੇਰਿਆਂ ਨੇ ਉਨ੍ਹਾਂ ਨੂੰ ਕੁੱਝ ਸਿਖਿਆਵਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਲੜ ਬਨ੍ਹਕੇ ਉਹ ਔਖੇ ਸਮਿਆਂ ਅਤੇ ਘੱਲੂਘਾਰਿਆਂ ਵਿੱਚੋਂ ਬੱਚ ਕੇ ਨਿਕਲੇ ਸਨ। ਅੱਜ ਯਹੂਦੀ ਦੁਨੀਆਂ ਵਿੱਚ ਇੱਕ ਤਾਕਤਵਰ ਕੌਮ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੇ ਸਿਆਣੇ ਵਿਦਵਾਨਾਂ ਨੇ ਉਨ੍ਹਾਂ ਨੂੰ ਸੈਂਕੜੇ ਸਾਲ ਪਹਿਲਾਂ ਕਿਹਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਧਰਮ ਗ੍ਰੰਥਾਂ ਨਾਲ ਜੋੜੀ ਰੱਖਿਓ। ਆਪਣੀ ਜ਼ੁਬਾਨ ਇਬਰਾਨੀ ਹਰ ਯਹੂਦੀ ਬੱਚੇ ਨੂੰ ਆਉਣੀ ਚਾਹੀਦੀ ਹੈ। ਹਰ ਯਹੂਦੀ ਨੂੰ ਦੂਜਿਆਂ ਨਾਲੋਂ ਕਈ ਗੁਣਾ ਜ਼ਿਆਦਾ ਕੰਮ ਕਰਕੇ ਸਮਾਜ ਵਿੱਚ ਆਪਣੀ ਖ਼ਾਸ ਪਹਿਚਾਣ ਬਣਾਉਣੀ ਚਾਹੀਦੀ ਹੈ।ਹਰੇਕ ਯਹੂਦੀ ਨੇ ਆਪਣੇ ਸਮਾਜ ਦੀਆਂ ਰਹੁ-ਰੀਤਾਂ ਨੂੰ ਹਰ ਹਾਲਤ ਵਿੱਚ ਅਪਨਾਉਣਾ ਹੈ ਅਤੇ ਆਪਣੇ ਆਪ ਨੂੰ ਯਰੂਸ਼ਲਮ ਨਾਲ ਜੋੜੀ ਰਖਣਾ ਹੈ।

ਮੇਰਾ ਇਹ ਵਿਚਾਰ ਹੈ ਕਿ ਜੇਕਰ ਅਸੀਂ ਯਹੂਦੀਆਂ ਵਾਲਾ ਮਾਡਲ ਅਪਨਾ ਲਈਏ ਤਾਂ ਅਸੀਂ ਬਤੌਰ ਸਿੱਖ ਇਸ ਦੁਨੀਆਂ ਵਿੱਚ ਜਿਊਂਦੇ ਰਹਿ ਸਕਾਂਗੇ। ਸਾਡੇ ਗੁਰੂਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਡੀ ਰਾਹਨੁਮਾਈ ਲਈ ਸਾਡੇ ਸਨਮੁੱਖ ਰਖਿਆ ਹੈ। ਇਹ ਸਾਡੇ ਸਾਖਸ਼ਾਤ ਗੁਰੂ ਹਨ। ਇਨ੍ਹਾਂ ਦੀ ਰਾਹਨੁਮਾਈ ਵਿੱਚ ਹੀ ਅਸੀਂ ਆਪਣਾ ਜੀਵਨ ਮਾਰਗ ਦੇਖ ਸਕਦੇ ਹਾਂ। ਗੁਰੂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਮਾਨਵਤਾ ਤਕ ਪਹੁੰਚਾਈਏੇ। ਇਹ ਸੰਦੇਸ਼ ਅਸੀਂ ਆਪਣੇ ਜੀਵਨ ਵਿਚ ਅਪਨਾ ਕੇ ਹੀ ਮਾਨਵਤਾ ਤਕ ਪਹੁੰਚਾ ਸਕਦੇ ਹਾਂ। ਹਰ ਸਿੱਖ ਆਪਣੀ ਕੌਮ ਦਾ ਸਫ਼ੀਰ ਹੈ ਉਹ ਆਪਣੀ ਜ਼ਿੰਦਗੀ ਵਿੱਚ ਸਾਫ਼ ਸੁੱਥਰਾ ਰਹੇ, ਗਰੀਬਾਂ ਦਾ ਸਹਾਈ ਹੋਵੇ ਅਤੇ ਇਸ ਦੁਨੀਆਂ ਵਿੱਚ ਇੱਕ ਆਦਰਸ਼ ਇਨਸਾਨ ਬਣ ਕੇ ਵਿਚਰੇ। ਗੁਰੁ ਆਪ ਅੰਗ-ਸੰਗ ਹੋ ਕੇ ਸਹਾਇਤਾ ਕਰੇਗਾ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top