ਧੰਨ ਧੰਨ ਰਾਮ ਦਾਸ ਗੁਰ ਜਿਨਿ ਸਿਰਿਆ
ਤਿਨੈ ਸਵਾਰਿਆ॥
ਇਹ
ਪਾਵਨ ਬਚਨ ਸਤੇ ਬਲਵੰਡ ਦੀ ਵਾਰ ਵਿੱਚ ਗੁਰੂ ਰਾਮ ਦਾਸ ਸਾਹਿਬ ਜੀ ਦੀ ਉਪਮਾ ਸਬੰਧੀ ਉਚਾਰਨ
ਕੀਤੇ ਹੋਏ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 968 ਤੇ ਸ਼ਸ਼ੋਬਿਤ ਹਨ।ਗੁਰੂ ਰਾਮ ਦਾਸ
ਜੀ ਗੁਰ ਪ੍ਰਨਾਲੀ ਵਿੱਚ ਚਾਉਥੇ ਥਾਂ `ਤੇ ਆਉਂਦੇ ਹਨ। ਜਿਨ੍ਹਾਂ ਦਾ ਆਗਮਨ ਬਾਬਾ ਹਰਦਾਸ
ਜੀ ਅਤੇ ਮਾਤਾ ਦਯਾ ਕੌਰ ਦੀ ਕੁਖੋਂ ਬਿਕਰਮੀ ਸੰਮਤ 1591 ਈ: ਸੰਨ 1534 ਨੂੰ ਲਾਹੌਰ ਸ਼ਹਿਰ
ਦੇ ਚੂੰਨੀ ਮੰਡੀ ਬਾਜ਼ਾਰ ਵਿੱਚ ਹੋਇਆ।
ਇਸ ਚੂੰਨੀ ਮੰਡੀ ਜਿਥੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ
ਨੂੰ ਮੇਰੇ ਪਿਆਰੇ ਲੇਖਕਾਂ ਨੇ ਚੂੰਨਾ ਮੰਡੀ ਲਾਹੌਰ ਲਿਖਿਆ ਹੈ। ਜੋ ਕਿ ਇਕ ਬਹੁਤ ਵੱਡੀ
ਇਤਿਹਾਸਿਕ ਗਲਤੀ ਹੈ। ਜਿਸਨੂੰ ਸੁਧਾਰਨ ਦਾ ਕਿਸੇ ਨੇ ਯਤਨ ਹੀ ਨਹੀਂ ਕੀਤਾ। ਮੇਰੇ ਪਿਆਰੇ
ਪ੍ਰਚਾਰਕਾਂ ਕਥਾਵਾਚਕਾਂ ਨੇ ਭੀ ਇਸੇ ਹੀ ਗੱਲ ਨੂੰ ਪ੍ਰਚਾਰਿਆ ਤੇ ਪਰਸਾਰਿਆ ਹੈ। ਹੁਣ ਤੱਕ
ਇਹੋ ਹੀ ਬਚਨ ਸੰਗਤਾਂ ਵਿੱਚ ਪ੍ਰਚਲਤ ਕੀਤਾ ਹੋਇਆ ਹੈ। ਪਰ ਸਹੀ ਨਾਮ ਨੂੰ ਸੰਗਤਾਂ ਵਿੱਚ
ਪ੍ਰਚਾਰਨ ਦਾ ਕਿਸੇ ਨੇ ਯਤਨ ਹੀ ਨਹੀਂ ਕੀਤਾ। ਜਦੋਂ ਕਿ ਮੁਹਲੇ ਦਾ ਸਹੀ ਤੇ ਠੀਕ ਨਾਮ
“ਚੂੰਨੀ ਮੰਡੀ” ਹੈ। ਇਸ ਸਬੰਧੀ ਅੱਜ ਆਪ ਜੀ ਨਾਲ ਵਿਚਾਰ ਸਾਝੇ ਕਰਨੇ ਹਨ ।
ਪ੍ਰਸਿਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਪੰਥ ਪ੍ਰਕਾਸ਼ ਅਤੇ
ਤਵਾਰੀਖ ਗੁਰੂ ਖਾਲਸਾਗ੍ਰੰਥ ਲਿਖੇ ਹਨ। ਤਿੰਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਜਨਮ ਅਸਥਾਨ
ਦਾ ਨਾਮ ਅਪਣੇ ਗ੍ਰੰਥਾਂ ਵਿੱਚ ਚੂੰਨੀ ਮੰਡੀ ਹੀ ਲਿਖਿਆ ਹੀ ਤਵਾਰੀਖ ਦੇ ਲਿਖੇ ਹੋਏ ਸ਼ਬਦ,
ਏਹ ਗੁਰੂ {ਪਾ: 4 ਅਵਤਾਰ ਤੇ ਮਾਤਾ ਪਿਤਾ) ਵੀਹ ਕਤਕ ਵਦੀ 2 ਸੰਮਤ 1591 ਅਤੇ 1534 ਈਸਵੀ
ਅਤੇ 67 ਨਾਨਕ ਸ਼ਾਹੀ ਵਿੱਚ ਵੀਰਵਾਰ ਚਾਰ ਘੜੀ ਦਿਨ ਚੜ੍ਹੇ ਹਿਮਾਯੂੰ ਬਾਦਸ਼ਾਹ ਦੇ ਵਕਤ
ਹਰਦਾਸ ਮਲ ਸੋਢੀ ਦੇ ਘਰ ਮਾਈ ਦਯਾ ਕੌਰ ਦੀ ਕੁਖੌਂ ਲਾਹੌਰ ਚੂੰਨੀ ਮੰਡੀ ਵਿਖੇ ਪ੍ਰਗਟੇ
ਤਵਾਰੀਖ ਪੰਨਾਂ 1 ਗੁਰੂ ਰਾਮਦਾਸ ਜੀ ਦਾ ਜੀਵਨ।
ਇਸ ਤੋਂ ਅਗੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚੋਂ ਗੁਰੂ ਰਾਮ
ਦਾਸ ਜੀ ਸਬੰਧੀ ਇਸ ਤਰ੍ਹਾ ਲਿਖਦੇ ਹਨ।
ਚੂੰਨੀ ਮੰਡੀ :-ਲਾਹੌਰ ਦਾ ਇਕ ਬਾਜ਼ਾਰ, ਜਿਸ ਵਿੱਚ ਗੁਰੂ ਰਾਮਦਾਸ
ਜੀ ਦਾ ਜਨਮ ਅਸਥਾਨ ਹੈ। ਦੇਖੋ ਲਾਹੌਰ। ਲਾਹੌਰ 3782 ਪੇਜ਼ ਤੇ ਹੈ ਇਸਤਰ੍ਹਾਂ ਸ਼ਬਦ ਲਿਖੇ
ਹਨ;-ਚੂੰਨੀ ਮੰਡੀ ਵਿੱਚ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ ਦਰਬਾਰ ਸੁੰਦਰ ਬਣਿਆ ਹੋਇਆ
ਹੈ ਨਾਲ ਅੱਠ ਦੁਕਾਨਾ ਹਨ, ਪੁਜਾਰੀ ਹੈ।
ਜੇਕਰ ਆਪ ਜੀ ਮਹਾਨ ਕੋਸ਼ ਵਿੱਚ ਲਾਹੌਰ ਦਾ ਨਕਸ਼ਾ ਭੀ ਵੇਖੋਗੇ ਤਾਂ
ਉਥੇ ਭੀ ਨਿਸ਼ਾਨ ਦੇਹੀ ਵਾਲੀ ਥਾਂ ਚੂੰਨੀ ਮੰਡੀ ਹੀ ਲਿਖੇ ਹੋਏ ਮਿਲਨਗੇ।
ਪ੍ਰਿੰਸੀਪਲ ਸਤਬੀਰ ਸਿੰਘ ਜਿਨ੍ਹਾਂ ਨੇ ਦਸ ਗੁਰ ਸਾਹਿਬਾਨਾਂ ਦਾ
ਜੀਵਨ ਗੁਰਬਾਣੀ ਦੀਆਂ ਪੰਕਤੀਆਂ ਦੇ ਅਧਾਰ ਤੇ ਪੁਸਤਕਾਂ ਦੇ ਨਾਮ ਰੱਖੇ ਉਹ ਗੁਰੂ ਰਾਮਦਾਸ
ਜੀ ਦੇ ਜੀਵਨ ਨਾਲ ਸਬੰਧਤ ਪੁਸਤਕ ਪੂਰੀ ਹੋਈ ਕਰਾਮਾਤ ਵਿੱਚ ਪਹਿਲਾ ਪ੍ਰਕਰਣ ਹੀ ਇਥੋਂ ਸ਼ੁਰੂ
ਕਰਦੇ ਹਨ।
ਚੂੰਨੀ ਮੰਡੀ ਲਾਹੌਰ: {ਪਹਿਲੀਆਂ
ਐਡੀਸ਼ਨਾਂ ਵਿੱਚ} ਬਾਅਦ ਵਿੱਚ ਪਤਾ ਨਹੀਂ ਕਿ ਪਬਲੀਸ਼ਰਾਂ ਨੇ ਤਬਦੀਲੀ ਕੀਤੀ ਹੋਵੇ? ਇਹ ਅਸੀਂ
ਨਹੀਂ ਜਾਣਦੇ।
2008 ਦੀ ਗੱਲ ਹੈ ਜਦੋਂ ਕੌਮ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ
ਸ਼ਤਾਬਦੀ ਦਿਵਸ ਬੜੇ ਜੋਰਾਂ ਸ਼ੋਰਾਂ ਨਾਲ ਮਨਾਂ ਰਹੀ ਸੀ, ਠੀਕ ਗੁਰਪੁਰਬ ਦੀ ਉਹ ਰਾਤ ਜਿਸ
ਦਿਨ ਸਵੇਰੇ ਗੁਰਪੁਰਬ ਸੀ ਵਕਤ ਦੇ ਅਕਾਲ ਤੱਖਤ ਦੇ ਜਥੇਦਾਰ ਜੀ ਨੇ ਰਾਤ 12 ਵਜੇ ਅਰਦਾਸੀਏ
ਸ਼ਪੈਸ਼ਲ ਫੋਨ ਤੇਇਹ ਹਦਾਇਤ ਕੀਤੀ ਕਿ ਸਵੇਰ ਦੀ ਅਰਦਾਸ ਵਿੱਚ ਗੁਰਪੁਰਬ ਸਬੰਧੀ ਗੁਰੂ ਸਾਹਿਬ
ਜੀ ਦਾ ਆਗਮਨ ਚੂੰਨੀ ਮੰਡੀ ਲਾਹੌਰ ਕਹਿਣਾ ਹੈ, ਚੂਨਾ ਮੰਡੀ ਨਹੀਂ ਕਹਿਣਾ। ਵੇਖੋ ਅਗਲੇ
ਦਿਨ ਦੀ ਪੰਜਾਬੀ ਅਖਬਾਰ ਸਪੋਕਸਮੈਨ।
ਚੂਨਾ ਮੰਡੀ ਤੇ ਚੂੰਨੀ ਮੰਡੀ ਵਿੱਚ ਫਰਕ
ਕੀ ਹੈ?
ਆਮ ਕਰਕੇ ਸ਼ਹਿਰਾਂ ਜਾਂ ਵਡੇ ਨਗਰਾਂ ਵਿੱਚ ਮੁਹਲਿਆਂ ਦੇ ਨਾਮ ਬਾਜ਼ਾਰਾਂ
ਦੇ ਨਾਮ, ਕਿਰਤ ਦੇ ਅਧਾਰ ਤੇ ਜਾਂ ਜਿਨਸ ਦੇ ਅਧਾਰ ਤੇ ਪੈ ਜਾਦੇ ਹਨ। ਕੇਸਰਿਆ ਬਾਜ਼ਾਰ,
ਬਜ਼ਾਰ ਸ਼ਰਾਫਾ, ਬਾਜ਼ਾਰ ਬਾਂਸਾ, ਸਾਬਣ ਬਾਜ਼ਾਰ, ਦਾਣਾ ਮੰਡੀ, ਆਟਾ ਮੰਡੀ ਇਹ ਨਾਮ ਜਿਣਸਾਂ
ਦੇ ਨਾਮ ਤੇ ਬਾਜ਼ਾਰਾਂ ਦੇ ਨਾਮ ਪੈ ਗਏ। ਚੂਨਾ ਮੰਡੀ ਕੀ ਹੈ? ਚੂਨਾ ਖਿਲ ਕੀਤੇ ਪੱਥਰ ਨੂੰ
ਕਹਿੰਦੇ ਹਨ, ਜਿਸਨੂੰ ਅਸੀਂ ਅਪਣੀ ਬੋਲੀ ਵਿੱਚ ਕਲੀਚੂਨਾ ਕਹਿ ਦੇਂਦੇ ਹਾਂ। ਜੋ ਦਿਵਾਰਾਂ
‘ਤੇ ਸਫੈਦੀ ਕਰਨ ਦੇ ਕੰਮ ਆਉਂਦਾ ਹੈ। ਦੂਸਰਾ ਅਰਥ ਚੂਨੇ ਦਾ ਬਾਣੀ ਦੇ ਬਿਨਾ ਤੇ ਆਟਾ ਕੀਤਾ
ਗਿਆ। ਦੋਇ ਸੇਰ ਮਾਗਉ ਚੂਨਾ। ਪਾਉ ਘੀਓ ਸੰਗਿ ਲੂਨਾ।
ਅਤੇ ਬਸੰਤ ਰਾਗ ਵਿੱਚ “ਚਾਕੀ ਚਾਟਹਿ ਚੂਨ ਖਾਹਿ॥”
ਭਗਤ ਕਬੀਰ ਜੀ “ਚੂਨ ਚਿਹਨ ਨ ਰਹਾਇ॥” ਇਹ ਚੂਨ ਸ਼ਬਦ
ਆਟੇ ਵਾਸਤੇ ਆਇਆ ਹੈ।
ਹੁਣ ਵੇਖਣ ਵਾਲੀ ਇਹ ਗੱਲ ਹੈ ਕਿ ਇਸ ਬਾਜ਼ਾਰ ਵਿੱਚ ਜਿਸਨੂੰ ਚੂਨਾਂ
ਬਾਜ਼ਾਰ ਆਖਿਆ ਜਾਂਦਾ ਹੈ ਇਥੇ ਕੋਈ ਚੂਨੇ ਕਲੀ ਦੀ ਦੁਕਾਨ ਨਹੀਂ ਤੇ ਨਾ ਹੀ ਰੰਗ ਰੋਗਨ ਦੀ
ਹੈ ਅਤੇ ਨਾ ਹੀ ਕੋਈ ਆਟੇ ਦੀ ਮਾਰਕੀਟ ਹੈ ਨਾ ਆਟੇ ਦੀ ਕੋਈ ਚੱਕੀ ਹੈ। ਜਿਸਦੇ ਬਿਨਾਂ ਤੇ
ਇਸਦਾ ਨਾਮ ਚੂਨਾ ਬਾਜ਼ਾਰ ਪੈ ਜਾਂਦਾ। ਦਾਸ ਖੁਦ ਤਿੰਨ ਵਾਰ ਦਰਸ਼ਨ ਕਰ ਆਇਆ ਹੈ ਕਪੜੇ ਦੀ
ਬਹੁਤ ਵਡੀ ਮਾਰਕੀਟ ਹੈ ਬਾਜ਼ਾਰ ਬੜਾ ਸੁੰਦਰ ਹੈ। ਜਨਮ ਅਸਥਾਨ ਭੀ ਬਹੁਤ ਸੁੰਦਰ ਹੁਣ ਤਿਆਰ
ਕੀਤਾ ਹੈ।
ਫਿਰ ਸਹੀ ਨਾਮ ਕੀ ਹੈ? ਚੂੰਨੀ ਬਾਜ਼ਾਰ। ਚੂਨੀ ਕਿਸਨੂੰ ਕਹਿੰਦੇ ਹਨ?
ਚੂਨੀ ਹੀਰੇ ਦੀਆਂ ਕਣੀਆਂ ਨੂੰ ਆਖਿਆ ਜਾਂਦਾ ਹੈ ਜੋ ਹੀਰੇ ਨੂੰ ਕੱਟਣ ਤੋਂ ਬਾਅਦ ਨਿਕੇ
ਨਿਕੇ ਟੁਕੜੇ ਬੱਚ ਜਾਂਦੇ ਸਨ ਉਹ ਛੋਟੇ ਵਾਪਾਰੀ ਖਰੀਦ ਕੇ ਅਪਣੇ ਕੋਲ ਰੱਖ ਲੈਂਦੇ ਸਨ।
ਲੋੜਵੰਦ ਉਹਨਾਂ ਕੋਲੋਂ ਖਰੀਦ ਕੇ ਅਪਣੀ ਲੋੜ ਪੂਰੀ ਕਰ ਲੈਂਦੇ ਸਨ। ਗੁਰੂ ਕਾਲ ਵੇਲੇ ਇਹ
ਕੰਮ ਭੀ ਬਹੁਤਾ ਸੋਢੀ ਬੇਦੀ ਹੀ ਕਰਦੇ ਸਨ। ਜਿਥੇ ਕੁੱਝ ਇਵੇ ਦਾ ਸਾਮਾਨ ਵਿਕਦਾ ਹੋਵੇ, ਉਸ
ਬਾਜ਼ਾਰ ਨੂੰ ਜਾਂ ਤਾਂ ਡੱਬੀ ਬਾਜ਼ਾਰ ਕਿਹਾ ਜਾਂਦਾ ਸੀ ਜਾਂ ਫਿਰ ਚੂਨੀ ਬਾਜ਼ਾਰ ਕਿਹਾ ਜਾਂਦਾ
ਸੀ, ਸੋ ਇਹ ਬਾਜ਼ਾਰ ਦਾ ਨਾਮ ਚੂੰਨੀ ਮੰਡੀ ਦੇ ਨਾਮ ਨਾਲ ਜਾਣਿਆ
ਜਾਂਦਾ ਸੀ ਜੋ ਅੱਜ ਚੂਨਾ ਮੰਡੀ ਆਖਦੇ ਹਨ।
ਸੋ ਕਿਰਪਾ ਕਰਕੇ ਸਹੀ ਖੋਜ ਕਰਕੇ ਇਤਿਹਾਸ ਵਿਚਾਰਨ ਦੀ ਸੇਵਾ ਕਰੋ
ਜੀ, ਧੰਨ ਗੁਰੂ ਰਾਮਦਾਸ ਜੀ ਸਾਡੇ ਸਾਰਿਆਂ ‘ਤੇ ਬਖਸ਼ਿਸ਼ ਕਰਨ। ਸਤਿਗੁਰਾਂ ਦੇ ਆਗਮਨ ਪੁਰਬ
ਦੀ ਆਪ ਸਭ ਸੰਗਤਾਂ ਨੂੰ ਦਾਸ ਵਲੋਂ ਤੇ ਦਾਸ ਦੇ ਸਮੂੰਹ ਪ੍ਰਵਾਰ ਵਲੋਂ ਲੱਖ ਲੱਖ ਵਧਾਈ
ਹੋਵੇ ਜੀ।
<<
ਸ. ਦਲੇਰ ਸਿੰਘ ਜੋਸ਼ ਜੀ ਦੇ ਹੋਰ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ
ਜੀ। >>