Share on Facebook

Main News Page

ਸਫਰ ਸੋਹਨਲਾਲ ਤੋਂ ਸੋਹਨ ਸਿੰਘ ਤੱਕ ਦਾ
-: ਸਰਬਜੋਤ ਸਿੰਘ ਦਿੱਲੀ
ਚੇਅਰਮੈਨ
ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ
+919212660333

ਮੈਂ ਤਕਰੀਬਨ ਮਾਰਚ ਯਾ ਅਪ੍ਰੈਲ 2011 ਚ ਵੀਰ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਦੇ ਨਾਲ ਵੀਰ ਜਗਜੀਤ ਸਿੰਘ ਜਲਾਲਾਬਾਦੀ ਦੇ ਕੋਲ ਗੁਰਦੁਆਰਾ ਪਸ਼ਚਿਮ ਵਿਹਾਰ ਨਵੀਂ ਦਿੱਲੀ ਵਿਖੇ ਕਿਸੇ ਜਰੂਰੀ ਕੰਮ ਨਾਲ ਗਿਆ, ਉਸ ਵੇਲੇ ਜਗਜੀਤ ਸਿੰਘ ਹੁਣੀ ਗੁਰਦੁਆਰਾ ਪਸ਼ਚਿਮ ਵਿਹਾਰ ਵਿਖੇ ਹੈਡ ਗ੍ਰੰਥੀ ਦੀ ਡਿਉਟੀ ਕਰਦੇ ਸਨ, ਉਥੇ ਮੈਨੂੰ ਇਕ ਮੋਨਾ ਜਿਹਾ ਬੰਦਾ ਵੀ ਬੈਠਾ ਦਿਸਿਆ ਜਿਸਦਾ ਪਰਿਚੇ ਮੇਰੇ ਨਾਲ ਭਾਈ ਸੋਹਨਲਾਲ ਵਜੋਂ ਕਰਾਇਆ ਗਿਆ, ਕਿ ਇਹ ਵੀਰਜੀ ਗੁਰੂ ਨਾਨਕ ਦੇ ਇਤਿਹਾਸ ਬਾਰੇ ਬਹੁਤ ਸਟਡੀ ਕਰਦੇ ਹਨ ਤੇ ਇਨ੍ਹਾਂ ਨੇ ਬਹੁਤ ਖੋਜ ਕੀਤੀ ਹੈ ਗੁਰੂ ਨਾਨਕ ਬਾਰੇ। ਹੁਣ ਅਪਣੀ ਆਦਤ ਅਨੁਸਾਰ ਮੈਂ ਭਾਈ ਸੋਹਨਲਾਲ ਨਾਲ ਫਤਿਹ ਦੀ ਸਾਂਝ ਕਰਕੇ ਖੋਜੀ ਹੋਣ ਦੇ ਨਾਤੇ ਘੋਖਣ ਲੱਗ ਪਿਆ ਕੇ ਕਿਤੇ ਇਹ ਵੀ ਤੇ ਨਹੀ ਸਾਧਾਂ ਅਤੇ ਗੱਪੀ ਅਖੌਤੀ ਪ੍ਰਚਾਰਕਾਂ ਵਾਂਗ ਲਮੀਆਂ ਲਮੀਆਂ ਛਡਣਗੇ (ਕਿ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਕਰ ਅੱਖਾਂ ਬੰਦ ਤੇ ਅੱਖਾਂ ਖੋਲਦੇ ਹੀ ਕਿਸੇ ਹੋਰ ਜਗਾਂ ਪਹੁੰਚ ਗਏ) ਪਰ ਇਹ ਜਾਣ ਕੇ ਖੁਸ਼ੀ ਹੋਈ ਕੀ ਉਨ੍ਹਾਂ ਨੇ ਪੂਰੀ ਦਲੀਲ ਨਾਲ ਗੁਰੂ ਸਾਹਿਬ ਦੀ ਅਦਨ ਦੀ ਖਾੜੀ ਵੱਲੋਂ ਹੋ ਕੇ ਬਗਦਾਦ ਮੱਕਾ ਮਦੀਨਾ ਵਾਲੀ ਉਦਾਸੀ ਦੀ ਗੱਲ ਸੁਣਾਈ।

ਮੈਂ ਆਪਣੀ ਇਸ ਛੋਟੀ ਜੇਹੀ ਮੁਲਾਕਾਤ ਨਾਲ ਇਨ੍ਹਾਂ ਤੋਂ ਪ੍ਰਭਾਵਿਤ ਹੋਇਆ ਅਤੇ ਫੇਰ ਕਾਫੀ ਗੱਲਾਂ ਤੋ ਇਹ ਪਤਾ ਲੱਗਾ ਕਿ ਉਹ ਇਕ ਸੁਣੀ ਸੁਣਾਈ ਗੱਲਾਂ ਨੂੰ ਅੱਗੇ ਤੋਰ ਕੇ ਆਪਣੇ ਹਲਵੇ ਮਾਂਡੇ ਦਾ ਜੁਗਾੜ ਕਰਣ ਵਾਲੇ ਹੋਣ ਦੀ ਥਾਂ ਆਪਣੇ ਸੀਮਤ ਸਾਧਨਾ ਨਾਲ ਕਿਰਤ ਕਰਨ ਵਾਲਾ ਅਤੇ ਸ਼ੋਂਕ ਨਾਲ ਖੋਜ ਕਰਨ ਵਾਲਾ ਬੰਦਾ ਹੈ ਉਸ ਛੋਟੀ ਜੇਹੀ ਮੁਲਾਕਾਤ ਦੇ ਅੰਤ ‘ਚ ਚਲਦੇ ਚਲਦੇ ਮੈਂ ਉਸਨੂੰ ਕਿਹਾ ਕਿ ਵੀਰਜੀ ਜੇ ਤੁਸੀਂ ਸਿੱਖੀ ਤੋਂ ਇੰਨਾ ਹੀ ਪ੍ਰਭਾਵਿਤ ਹੋ ਤੇ ਤੁਸੀਂ ਵੀ ਸਿੱਖੀ ਧਾਰਨ ਕਰਕੇ ਸਰੂਪ ‘ਚ ਕਯੋਂ ਨਹੀਂ ਆ ਜਾਂਦੇ। ਇਸ ਇਸ ਤੇ ਉਸ ਵੇਲੇ ਉਸਦਾ ਜਵਾਬ ਸੀ ਕਿ ਜੇ ਕੋਈ ਮੈਨੂੰ ਹੁਣੇ ਦੱਸ ਦਵੇ ਕੇ ਕੇਵਲ ਕੇਸ ਰਖਣ ਨਾਲ ਹੀ ਅਤੇ ਸਰੂਪ ਧਾਰਣ ਕਰਨ ਨਾਲ ਹੀ ਮੈਂ ਸਿਖ ਹੋ ਸਕਦਾ ਹਾਂ ਤੇ ਮੈਂ ਹੁਣੇ ਕੇਸ ਰਖ ਕੇ ਸਰੂਪ ਧਾਰਣ ਕਰ ਲਵਾਂਗਾ। ਉਸ ਵੇਲੇ ਮੈਂ ਇੱਕੋ ਕਹੀ ਕਿ ਸੋਹਨ ਲਾਲ ਜੀ ਮੈਂ ਆਪਜੀ ਨਾਲ ਅੱਜ ਤੋਂ ਬਾਦ ਆਪਜੀ ਨਾਲ ਸਰੂਪ ਧਾਰਣ ਕਰਨ ਵਾਲੀ ਗੱਲ ਨਹੀਂ ਕਰਾਂਗਾ ਤੇ ਜੇ ਆਪਜੀ ਸੱਚਾਈ ਨਾਲ ਗੁਰੂ ਦੇ ਰਾਹ ‘ਤੇ ਚਲਦੇ ਰਹੇ ਤੇ ਜਰੂਰ ਆਪਜੀ ਖੁਦ ਮੈਨੂੰ ਇਹ ਗੱਲ ਕਹੋਗੇ, ਮੈਂ ਫਤਿਹ ਬੁਲਾਈ ਤੇ ਉਨ੍ਹਾਂ ਸਾਰਿਆਂ ਤੋਂ ਵਿਦਾ ਲਈ। ਮੇਰੇ ਮਨ ‘ਚ ਇਹ ਗੁਰਬਾਣੀ ਦੀਆਂ ਪੰਗਤੀਆਂ ਉਸ ਵੇਲੇ ਆਈਆਂ:

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ
ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥2॥

ਖੈਰ, ਹੌਲੇ ਹੌਲੇ ਸਮਾਂ ਬੀਤਣ ਲੱਗਾ ਤੇ ਆਪਣੇ ਕਾਰੋਬਾਰੀ ਰੁਝੇਵੇਆਂ ਕਰਕੇ ਕਦੀ ਕਦੀ ਹੀ ਕਿਸੇ ਖਾਸ ਮੌਕੇ ਸੋਹਨਲਾਲ ਨਾਲ ਮੁਲਾਕਾਤ ਹੋ ਪਾਂਦੀ ਸੀ ਅਤੇ ਉਨ੍ਹਾਂ ਮੁਲਾਕਾਤਾਂ ਦੌਰਾਨ ਇਹ ਪਤਾ ਲੱਗਾ ਕੇ ਉਨ੍ਹਾਂ ਨੇ ਨਾ ਕੇਵਲ ਸਿੱਖੀ ਬਾਰੇ ਸਟਡੀ ਕੀਤੀ ਸੀ ਬਲਕਿ ਦੁਨਿਆ ਦੇ ਪੁਰਾਤਨ ਧਰਮਾਂ ਬਾਰੇ ਉਨ੍ਹਾਂ ਦੀ ਹੋਂਦ ਅਤੇ ਉਨ੍ਹਾਂ ਦੇ ਖਾਤਮੇ ਦੇ ਕਾਰਣ ਦਾ ਵੀ ਕਾਫੀ ਚੰਗ ਗਿਆਨ ਹੈ ਉਨ੍ਹਾਂ ਨੂੰ, ਸੋਹਨਲਾਲ ਹੋਰਾਂ ਨੂੰ ਅਸੀਂ ਕੁਛਹੀਲੇ ਵਸੀਲੇ ਕਰ ਕੇ ਪ੍ਰੋਗ੍ਰਾਮ ਇਕ ਓਂਕਾਰ ਜੋ ਕੀ ਜ਼ੀ ਪੰਜਾਬੀ ‘ਤੇ ਰੋਜਾਨਾ ਪ੍ਰੋਗ੍ਰਾਮ ਹੈ ਤੇ ਜਾਣ ਲਈ ਪ੍ਰਬੰਧ ਕੀਤਾ ਤੇ ਸੋਹਨਲਾਲ ਹੋਰਾਂ ਨੂੰ ਵੀ ਇਸ ਲਈ ਪ੍ਰੇਰਿਆ । ਇਸ ਦਾ ਇਕ ਬਹੁਤ ਵੱਡਾ ਫਾਇਦਾ ਇਹ ਹੋਇਆ ਕਿ ਉਨ੍ਹਾਂ ਨੂੰ ਜਦ ਵੀ ਉਸ ਪ੍ਰੋਗ੍ਰਾਮ ‘ਤੇ ਸੱਦਿਆ ਜਾਂਦਾ ਸੀ ਅਤੇ ਹੋਰ ਵੀ ਕਿਤੇ ਉਹ ਅਕਸਰ ਕਿਸੇ ਲੇਕਚਰ ਵਗੈਰਾ ਦੇਣ ਜਾਇਆ ਕਰਦੇ ਸਨ ਤੇ ਉਨ੍ਹਾਂ ਨੇ ਹੋਰ ਗੂੜੀ ਸਟਡੀ ਕਰਨੀ ਸ਼ੁਰੂ ਕਰ ਦਿੱਤੀ ਤੇ ਗੁਰਬਾਣੀ ਦੇ ਹੋਰ ਨਜਦੀਕ ਆਂਦੇ ਦਿੱਸੇ।

ਅੰਤ ਇਕ ਦਿਨ ਸੋਹਨਲਾਲ ਜੀ ਦਾ ਫੋਨ ਆਇਆ ਕੇ ਮੈਂ ਖੰਡੇ ਦੀ ਪਾਹੁਲ ਲੈਣੀ ਹੈ ਤੇ ਮੈਨੂੰ ਗੁਰੂ ਦੀ ਵਰਦੀ ਧਾਰਣ ਕਰਨੀ ਹੈ ਤੇ ਮੈਂ ਸਰੂਪ ‘ਚ ਆਉਣਾ ਹੈ ਤੇ ਮੈਂ ਉਨ੍ਹਾਂ ਨੂੰ ਯਾਦ ਕਰਾਇਆ ਕਿ ਤੁਹਾਨੂ ਯਾਦ ਹੈ ਸਾਡੀ ਅੱਜ ਤੋਂ ਕਰੀਬ ਢਾਈ ਕੁ ਸਾਲ ਪਹਿਲੇ ਇੱਸੇ ਬਾਰੇ ਕੁਛ ਗੱਲ ਹੋਈ ਸੀ ਤੇ ਉਹ ਕਹਿੰਦੇ ਕਿ : “ਮੈਨੂੰ ਚੰਗੀ ਤਰਹ ਯਾਦ ਹੈ ਤੇ ਮੈਨੂੰ ਇਹ ਵੀ ਯਾਦ ਹੈ ਕੇ ਜਦ ਸਾਰੇ ਮੈਨੂੰ ਸਰੂਪ ਧਾਰਣ ਕਰਣ ਨੂੰ ਕਹਿੰਦੇ ਸੀ ਅਤੇ ਮੇਰੇ ਸਰੂਪ ‘ਚ ਨਾ ਹੋਣ ਕਰਕੇ ਮੇਰੇ ‘ਤੇ ਸ਼ੰਕੇ ਖੜੇ ਕਰਦੇ ਸੀ ਯਾ ਮੇਰੇ ਨਾਲ ਧੱਕਾ ਵੀ ਕੀਤਾ ਤੇ ਤਾਂ ਵੀ ਤੁਸੀਂ ਮੇਰੇ ਨਾਲ ਖੜੇ ਸੀ, ਤੁਸੀਂ ਸ਼ਖਸੀ ਅਤੇ ਸੋਸਾਇਟੀ ਵੱਲੋਂ ਮੈਨੂੰ ਕਿੰਨਾ ਕੁ ਸਹਾਰਾ ਦਿੱਤਾ ਹੈ, ਮੈਂ ਇੱਸੇ ਕਰਕੇ ਸਬਤੋਂ ਪਹਿਲਾਂ ਇਹ ਇਛਾ ਤੁਹਾਡੇ ਸਾਮਣੇ ਰਖੀ ਹੈ, ਮੇਰੀ ਅਖਾਂ ਭਰ ਆਈਆਂ ਇਹ ਸੁਣਦੇ ਹੀ ਅਤੇ ਦਿਲ 'ਚ ਇਹੀ ਗੱਲ ਬਾਰ ਬਾਰ ਗੂਂਜਨ ਲੱਗ ਪਈ:

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥ ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥ ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥4॥

ਹੁਣ ਜਦ ਵੀਰ ਸੋਹਨ ਲਾਲ ਨੇ ਸੋਹਨ ਸਿੰਘ ਬਣਨ ਦੀ ਪੱਕੀ ਤਿਆਰੀ ਕਰ ਲਈ ਹੈ ਅਤੇ ਉਹ ਪੱਕੇ ਤੌਰ ‘ਤੇ ਖਾਲਸਾ ਫੌਜ ਦੇ ਸਿਪਾਹੀ ਬਣਨ ਨੂੰ ਤਿਆਰ ਨੇ ਅਤੇ 6 ਅਕਤੂਬਰ 2013 ਦਿਨ ਐਤਵਾਰ ਨੂੰ ਉਹ ਖੰਡੇ ਦੀ ਪਾਹੁਲ ਲੈ ਕੇ ਗੁਰੂ ਕੇ ਸਿੰਘ ਸਜ ਰਹੇ ਹਨ, ਮੈਂ ਆਪਣੇ ਨਿਜੀ ਤੌਰ ‘ਤੇ ਅਤੇ ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ ਉਨ੍ਹਾਂ ਦਾ ਸਿਖੀ ਦੇ ਸਕੂਲ ‘ਚ ਗੁਰੂ ਗ੍ਰੰਥ ਦੇ ਖਾਲਸਾ ਪੰਥ ‘ਚ ਨਿਘਾ ਸੁਆਗਤ ਕਰਦਾ ਹਾਂ ਅਤੇ ਸਾਰਿਆਂ ਜਾਗਰੂਕ ਸਿਖ ਵੀਰਾਂ ਅਤੇ ਭੈਣਾਂ ਨੂੰ ਅਪੀਲ ਕਰਦਾ ਹਾਂ ਕਿ ਵਧ ਤੋਂ ਵਧ ਸਮਰਥਨ ਕਰਕੇ, ਇਨ੍ਹਾਂ ਨੂੰ ਇਕ ਮਿਸਾਲ ਬਣਾ ਦਈਏ ਕਿ ਹੋਰ ਵੀ ਲੁਕਾਈ ਗੁਰੂ ਨਾਨਕ ਦੇ ਇਸ ਮਿਸ਼ਨ ਨਾਲ ਜੁੜ ਕੇ ਆਪਣਾ ਅਤੇ ਲੁਕਾਈ ਦਾ ਭਲਾ ਕਰ ਸਕਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top