Share on Facebook

Main News Page

ਸਿੱਖ ਪੰਥ ਨੂੰ ਖੇਰੂੰ ਖੇਰੂੰ ਕਿਸ ਨੇ ਕੀਤਾ... ਇਨ੍ਹਾਂ ਡੇਰੇਦਾਰਾਂ ਸਾਧਾਂ ਸੰਤਾਂ ਨੇ...
-: ਦਲਜੀਤ ਸਿੰਘ ਇੰਡਿਆਨਾ

ਗੁਰੂ ਨਾਨਕ ਸਾਹਿਬ ਜੀ ਨੇ ਟੁਕੜਿਆਂ ਵਿੱਚ ਵੰਡੀ ਮਨੁੱਖਤਾ, ਨਫ਼ਰਤ ਦੀ ਅੱਗ ਵਿੱਚ ਸੜ ਰਹੀ ਲੋਕਾਈ ਨੂੰ, ''ੴ'' ਦੇ ਲੜ ਲਾ ਕੇ, ਇੱਕੋ ਅਕਾਲ ਪੁਰਖ ਦੇ ਪੈਦਾ ਕੀਤੇ ਹੋਣ ਦਾ ਅਹਿਸਾਸ ਕਰਾਇਆ।

ਖੱਤਰੀ ਬ੍ਰਾਹਮਣ ਸੂਦ ਵੈਸ਼ ਦਾ ਭਿੰਨ ਭੇਦ ਮਿਟਾ ਕੇ, ਇਨਸਾਨ ਹੋਣ ਦਾ ਹੋਕਾ ਦਿੱਤਾ। ਨਿੱਕੀਆਂ ਵੱਡੀਆਂ ਜਥੇਬੰਦੀਆਂ ਵਿੱਚ ਵੰਡੇ, ਜੋਗੀ ਬ੍ਰਾਹਮਣ ਈਰਖਾ ਦੀ ਤਪਸ਼ ਵਿੱਚ ਭੀ ਸੜ ਰਹੇ ਸਨ, ਅਤੇ ਸਦੀਆਂ ਤੋਂ ਗੁਲਾਮੀ ਦਾ ਦੁੱਖ ਭੀ ਸਹਿ ਰਹੇ ਸਨ। ਇਹਨਾਂ ਭਵਿੱਖ ਮੁਖੀ ਲਾਸਾਨੀ ਕਾਰਜਾਂ ਨੂੰ, ਗੁਰੂ ਜੀ ਨੇ ਖੁਦ ਸਮਝਿਆ, ਤੇ ਸਭ ਨੂੰ ਸਮਝਾਇਆ। ਹਰ ਪੱਖੋਂ ਟੁੱਟ ਚੁੱਕੇ ਕਮਜ਼ੋਰ ਲੋਕ ਸਤਿਗੁਰੂ ਜੀ ਦੀ ਸ਼ਰਣ ਵਿੱਚ ਇਕੱਠੇ ਹੋਣ ਲੱਗੇ। ਜਿਉਂ ਜਿਉਂ ਸਿਆਣਪ ਵਾਲੀ ਅਗਵਾਈ ਵਿੱਚ ਲੋਕ ਜੁੜਦੇ ਗਏ, ਤਿਵੇਂ ਤਿਵੇਂ ਬਹੁਪੱਖੀ ਫਤਿਹਯਾਬੀ ਵੱਲ ਵਧਦੇ ਗਏ। ਗਿਣਤੀ ਵਿੱਚ ਸਭ ਤੋਂ ਘੱਟ ਹੋਣ ਦੇ ਬਾਵਜੂਦ ਸਿੱਖ ਧਰਮ ਸਭ ਲੋਕਾਂ ਨੂੰ ਮਾਤ ਪਾ ਗਿਆ। ਸਿੱਖੀ ਜੀਵਨ ਇੱਕ ਮਾਡਲ ਰੂਪ ਵਿੱਚ ਸਤਕਾਰਿਆ ਜਾਣ ਲੱਗਿਆ।

ਹੋਰ ਅੱਗੇ ਵਧਦਿਆਂ ਹਰ, ਫਿਰਕੇ ਤਬਕੇ ਦੇ ਲੋਕ, ਅਤਿ ਦੀ ਸਖ਼ਤੀ ਦੇ ਬਾਵਜੂਦ, ਆਪਣੇ ਪੁੱਤਰਾਂ ਨੂੰ ਬੇਖੌਫ ਹੋ ਕੇ, ਸਿੰਘ ਸਜਾ ਰਹੇ ਸਨ। ਇਸ ਬਹਾਦਰੀ ਅਤੇ ਨੇਕੀ ਦੀ ਬਦੌਲਤ (ਸਤਿਗੁਰੂ ਜੀ ਦੀ ਦਿੱਤੀ ਸੋਝੀ) ਸਿੱਖ, ਜ਼ਾਲਮ ਹਕੂਮਤ ਦੀਆਂ ਜੜਾਂ ਪੁੱਟਣ ਵਿੱਚ ਕਾਮਯਾਬ ਹੋਏ। ਬਦੇਸ਼ੀ ਲੁਟੇਰਿਆਂ ਨੂੰ ਭੱਜਣ ਵਾਸਤੇ ਮਜ਼ਬੂਰ ਕਰ ਦਿੱਤਾ। ਸ਼ਾਨਾਮੱਤੇ ਸਿੱਖ ਰਾਜ ਦੇ ਝੰਡੇ ਝੁਲਾ ਦਿੱਤੇ, ਡੰਕੇ ਵੱਜ ਗਏ। ਸਿੱਖ ਸਮਾਜ, ਚੋਰਾਂ ਡਾਕੂਆਂ ਲੁਟੇਰਿਆਂ ਦੇ ਬਦਨਾਮ ਗਰੋਹ ਤੋਂ ਬਦਲਕੇ, ਪਰਉਪਕਾਰੀ, ਬਹਾਦਰਾਂ, ਜਾਂਬਾਜ਼ ਰਾਖਿਆਂ ਦੇ ਰੂਪ ਵਿੱਚ ਸਵੀਕਾਰਿਆ ਗਿਆ। ਸੰਸਾਰ ਭਰ ਵਿੱਚ, ਗੁਰੂ ਕਿਰਪਾ ਸਦਕਾ, ਸਿੱਖਾਂ ਦੀ ਕੀਰਤੀ ਫੈਲ ਗਈ। ਸਿੱਖਾਂ ਨਾਲ ਦੋਸਤੀ ਪਾਉਣੀ, ਮਾਣ ਦਾ ਪ੍ਰਤੀਕ ਬਣ ਗਈ।

ਸਮੇਂ ਨੇ ਕਰਵਟ ਬਦਲੀ, ਰਾਜਨੀਤਕ ਆਗੂ ਐਸ਼ਪ੍ਰਸਤ ਹੋ ਗਏ। ਧਾਰਮਕ ਆਗੂ ਭਟਕ ਗਏ, ਧਰਮ ਤੋਂ ਦੂਰ ਹੋ ਗਏ। ਡੇਰੇਦਾਰੀ ਦਾ ਫਨੀਅਰ ਨਾਗ, ਸਾਰੇ ਸਿੱਖ ਪੰਥ ਨੂੰ ਆਪਣੀ ਜੋਰਦਾਰ ਜਕੜ ਵਿੱਚ ਨਪੀੜਦਾ ਚਲਾ ਗਿਆ। ਜਿਸ ਬੁਜ਼ਦਿਲ ਬਿਰਤੀ ਵਾਲੇ ਸਾਧਾਂ ਸੰਤਾਂ ਨੂੰ, ਸਤਿਗੁਰੂ ਜੀ ਨੇ ਦੁਰਕਾਰਿਆ ਫਿਟਕਾਰਿਆ ਸੀ, ਉਹੀ ਖਾਸੀਅਤਾਂ ਅਤੇ ਖੁਦਗਰਜ਼ੀ ਲੈ ਕੇ, ਭਾਂਤ ਸੁਭਾਂਤੇ ਡੇਰੇਦਾਰ, ਮੁੜ ਤੋਂ ਬਰਸਾਤ ਦੇ ਡੱਡੂਆਂ ਵਾਂਗ ''ਟਰੈਂ ਟਰੈਂ'' ਕਰਦੇ ਸੁਣਾਈ ਦੇਣ ਲੱਗੇ। ਜਦੋਂ ਇਹਨਾਂ ਵੇਖਿਆ ਕਿ ''ਹਿੰਗ ਲੱਗੇ ਨਾ ਫਟਕੜੀ, ਪੂਜਾ ਪੈਸਾ ਵਾਧੂ।'' ਤਾਂ ਇਹਨਾਂ ਲੋਕਾਂ ਨੇ ਰੰਗ ਬਰੰਗੇ ਨਾਮ ਰਖਕੇ, ਜੀਵਨ ਵਾਲੇ, ਸਿਰ ਕੱਢਵੇਂ ਗੁਰ ਸਿੱਖਾਂ ਦੇ ਨਾਮ ਦੀ ਵਰਤੋਂ ਕਰਕੇ, ਆਪਣੇ ਡੇਰੇ ਸਥਾਪਤ ਕਰ ਲਏ।

ਗੁਰੂ ਸਾਹਿਬ ਜੀ ਨੇ ''ਵਣ ਵਣ ਦੀ ਲਕੜੀ'' ਨੂੰ ਇੱਕੋ ਪ੍ਰੇਮ ਸੂਤਰ ਵਿੱਚ ਪਰੋਇਆ ਸੀ। ਇਹਨਾਂ ਡੇਰੇਦਾਰਾਂ ਮੁੜ ਸਮੁੱਚੇ ਪੰਥ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ। ਅੱਜ ਕੱਲ ਤਾਂ ਇਨ੍ਹਾਂ ਸਾਧਾਂ ਦੇ ਡੇਰਿਆਂ ਵਿੱਚ ਅਖੌਤੀ ਜੱਥੇਦਾਰਾਂ ਦੀ ਹਾਜਰੀ ਆਮ ਦੇਖੀ ਜਾ ਸਕਦੀ ਹੈ, ਜਿਸ ਦੇ ਕਾਰਨ ਆਮ ਆਦਮੀ ਨੂੰ ਇਸ ਤਰ੍ਹਾਂ ਲਗਦਾ ਹੈ, ਕਿ ਜਿਹੜੇ ਆਹ ਜਥੇਦਾਰ ਇਥੇ ਫਿਰਦੇ ਨੇ ਇਸ ਦਾ ਮਤਲਬ ਇਹ ਡੇਰੇਦਾਰ ਸਹੀ ਹੈ, ਪਰ ਇਨ੍ਹਾਂ ਭੋਲੇ ਲੋਕਾਂ ਨੂੰ ਕੀ ਪਤਾ ਜਥੇਦਾਰ ਤਾਂ ਇਨ੍ਹਾਂ ਡੇਰਿਆਂ ਵਿੱਚ ਪੈਸਿਆਂ ਵਾਲੇ ਲਿਫਾਏ ਲੈਣ ਜਾਂਦੇ ਨੇ, ਇਸ ਬਹਾਨੇ ਡੇਰੇਦਾਰ ਨੂੰ ਇਕ ਤਰਾਂ ਦਾ ਲਾਇਸੰਸ ਮਿਲ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਨੂੰ ਡੇਰਾਵਾਦ ਰੋਕਣਾ ਚਾਹੀਦਾ ਸੀ ਅਤੇ ਸਭ ਡੇਰੇਦਾਰਾਂ ਨੂੰ ਹੁਕਮ ਕਰਨਾ ਚਾਹੀਦਾ ਸੀ ਕਿ ਤੁਸੀਂ ਸਾਰੇ ਅਕਾਲ ਤਖ਼ਤ ਦੀ ਪੰਥ ਪ੍ਰਵਾਨਤ ਰਹਿਤ ਮਰਿਆਦਾ ਥੱਲੇ ਆਓ। ਪਰ ਇਹਨਾ ਅਖੌਤੀ ਜਥੇਦਾਰਾਂ ਨੇ ਡੇਰਿਆਂ ਵਿਚ ਹਾਜਰੀ ਭਰਕੇ, ਅਕਾਲ ਤਖ਼ਤ ਦੀ ਮਹਾਨਤਾ ਦਾ ਬਹੁਤ ਨੁਕਸਾਨ ਕੀਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top