Share on Facebook

Main News Page

ਬਠਿੰਡਾ ਦੇ ਜਿਨ੍ਹਾਂ ਟਿੱਬਿਆਂ ’ਚੋਂ ਕਿਸੇ ਵੇਲੇ ਰੇਤ ਦੀ ਹਨੇਰੀ ਉਠਦੀ ਸੀ, ਅੱਜ ਉਥੋਂ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਉਣ ਲਈ ਜਾਗ੍ਰਤੀ ਦੀ ਲਹਿਰ ਉੱਠੀ
-: ਕਿਰਪਾਲ ਸਿੰਘ ਬਠਿੰਡਾ

ਬਠਿੰਡਾ, 1 ਅਕਤੂਬਰ (ਤੁੰਗਵਾਲੀ): ਬਠਿੰਡਾ ਦੇ ਜਿਨ੍ਹਾਂ ਟਿੱਬਿਆਂ ’ਚੋਂ ਕਿਸੇ ਵੇਲੇ ਰੇਤ ਦੀ ਹਨੇਰੀ ਉਠਦੀ ਸੀ ਅੱਜ ਉਥੋਂ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਉਣ ਲਈ ਜਾਗ੍ਰਤੀ ਦੀ ਲਹਿਰ ਉੱਠ ਖੜ੍ਹੀ ਹੈ। ਇਹ ਸ਼ਬਦ ਬਠਿੰਡਾ ਵਿਖੇ ਪਿਛਲੇ ਦਿਨੀ ਨਾਨਕਸ਼ਾਹੀ ਕੈਲੰਡਰ ਸਬੰਧੀ ਹੋਏ ਸੈਮੀਨਾਰ ਦੀ ਸਫਲਤਾ ਦੀ ਖੁਸ਼ੀ ਜ਼ਾਹਰ ਕਰਦਿਆਂ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਦੇ ਪ੍ਰਧਾਨ ਭਾਈ ਕਿਰਪਾਲ ਸਿੰਘ ਨੇ ਕਹੇ। ਉਨ੍ਹਾਂ ਦੱਸਿਆ ਕਿ (ਕੁ)ਸੋਧੇ ਕੈਲੰਡਰ ਅਨੁਸਾਰ ਗੁਰਪੁਰਬਾਂ ਤੇ ਹੋਰ ਇਤਿਹਾਸਕ ਤਰੀਖਾਂ ਵਿੱਚ ਪਏ ਵਿਗਾੜ ਨੂੰ ਉਹ ਲਗਾਤਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਧਿਆਨ ਵਿੱਚ ਲਿਆਉਂਦੇ ਰਹੇ; ਜਿਨ੍ਹਾਂ ਦਾ ਉਨ੍ਹਾਂ ਪਾਸ ਕੋਈ ਜਵਾਬ ਨਾ ਹੋਣ ਕਰਕੇ ਅੰਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਨਣਾ ਪਿਆ ਕਿ ਸੋਧਾਂ ਕਰਨ ਸਮੇਂ ਕੁਝ ਗਲਤੀਆਂ ਹੋਈਆਂ ਹਨ। ਉਨ੍ਹਾਂ ਮੰਨਿਆ ਕਿ ਜੇ ਹੁਣ ਸੁਚਾਰੂ ਸੁਝਾਉ ਆਉਣਗੇ ਤਾਂ ਹੁਣ ਦੁਬਾਰਾ ਵੀ ਸੋਧਾਂ ਹੋ ਸਕਦੀਆਂ ਹਨ; ਕਿਉਂਕਿ ਕੈਲੰਡਰ ਕੋਈ ਗੁਰਬਾਣੀ ਨਹੀਂ ਹੈ ਜਿਸ ਨੂੰ ਸੋਧਿਆ ਨਾ ਜਾ ਸਕੇ।

ਕਿਰਪਾਲ ਸਿੰਘ ਨੇ ਦੱਸਿਆ ਕਿ ਜਥੇਦਾਰ ਸਾਹਿਬ ਜੀ ਦੇ ਇਸ ਬਿਆਨ ਪਿੱਛੋਂ ਬਹੁਤ ਹੀ ਯੋਜਨਾਬਧ ਢੰਗ ਨਾਲ ਮੁਹਿੰਮ ਵਿੱਢੀ ਗਈ ਜਿਸ ਅਧੀਨ ਬਠਿੰਡਾ ਸ਼ਹਿਰ ਦੇ 45 ਦੇ ਕਰੀਬ ਗੁਰਦੁਆਰਿਆਂ ਅਤੇ ਧਾਰਮਿਕ/ਰਾਜਨੀਤਕ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਦੇ ਤਿੰਨਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਸੌਂਪੇ ਅਤੇ ਮੰਗ ਕੀਤੀ ਕਿ ਸੋਧਾਂ ਨੂੰ ਰੱਦ ਕਰਕੇ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕੀਤਾ ਜਾਵੇ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਪੰਜਾਬ ਹਰਿਆਣਾ ਰਾਜਸਥਾਨ ਸੂਬਿਆਂ ਵਿੱਚ ਆਪਣੇ ਧਾਰਮਿਕ ਦੀਵਾਨਾਂ ਦੌਰਾਨ ਮਤੇ ਦੇ ਖਰੜੇ ਦੀਆਂ ਕਾਪੀਆਂ ਵੰਡ ਕੇ ਗੁਰਦੁਆਰਾ ਕਮੇਟੀਆਂ/ਜਥੇਬੰਦੀਆਂ ਨੂੰ ਮਤੇ ਪਾਸ ਕਰਕੇ ਤਿੰਨਾਂ ਤਖ਼ਤਾਂ ਨੂੰ ਭੇਜਣ ਲਈ ਪ੍ਰੇਰਿਆ; ਜਿਸ ਸਦਕਾ ਹੁਣ ਤੱਕ ਸੈਂਕੜੇ ਮਤੇ ਪਾਸ ਕਰਕੇ ਭੇਜੇ ਜਾ ਚੁੱਕੇ ਅਤੇ ਹੋਰ ਭੇਜੇ ਜਾਣੇ ਜਾਰੀ ਹਨ। ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਸਬੰਧੀ ਮੁਢਲੀ ਜਾਣਕਾਰੀ ਮੁਹਈਆ ਕਰਵਾਉਣ ਲਈ ਗੁਰਮਤਿ ਸੇਵਾ ਲਹਿਰ ਭਾਈ ਬਖਤੌਰ (ਬਠਿੰਡਾ) ਵੱਲੋਂ “ਨਾਨਕਸ਼ਾਹ ਿਕੈਲੰਡਰ ਦੀ ਵਿਥਿਆ” ਨਾਮੀ ਕਿਤਾਬਚਾ ਛਪਵਾ ਕੇ ਮੁਫਤ ਵੰਡਿਆ ਗਿਆ।

ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਵੱਲੋਂ ਬੀਤੀ 27 ਸਤੰਬਰ ਨੂੰ ਸਥਾਨਕ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਜੀ ਪੁਰੇਵਾਲ, ਉਚਕੋਟੀ ਦੇ ਪੰਥਕ ਵਿਦਵਾਨ ਭਾਈ ਅਸ਼ੋਕ ਸਿੰਘ ਜੀ ਬਾਗੜੀਆਂ, ਲੈਫਟੀਨੈਂਟ ਜਨਰਲ (ਰਿਟਾ:) ਕਰਤਾਰ ਸਿੰਘ ਗਿੱਲ, ਪ੍ਰੋ: (ਡਾ:) ਸੂਬਾ ਸਿੰਘ, ਗੁਰਮਤਿ ਦੇ ਮਹਾਨ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ, ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਜਾਚਕ ਸਾਬਕਾ ਗ੍ਰੰਥੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਅਤੇ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਨੇ ਮੁਖ ਬੁਲਾਰਿਆਂ ਦੇ ਤੌਰ ’ਤੇ ਭਾਗ ਲਿਆ। ਸ: ਪੁਰੇਵਾਲ ਨੇ ਦੱਸਿਆ ਕਿ ਮੌਜੂਦਾ ਬਿਕ੍ਰਮੀ ਕੈਲੰਡਰ ਗੁਰਬਾਣੀ ਅਤੇ ਮੌਸਮਾਂ ਦੇ ਅਨੂਕੂਲ ਨਹੀਂ ਹੈ ਅਤੇ ਇਸ ਅਨੁਸਾਰ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਵੀ ਸਥਿਰ ਤਰੀਖਾਂ ਨੂੰ ਨਹੀਂ ਆਉਂਦੇ ਇਸ ਲਈ ਸਿੱਖ ਪੰਥ ਨੂੰ ਇੱਕ ਐਸੇ ਕੈਲੰਡਰ ਦੀ ਲੋੜ ਹੈ ਜਿਹੜਾ ਗੁਰਬਾਣੀ ਅਤੇ ਵਿਗਿਆਨ ਦੀ ਕਸਵੱਟੀ ’ਤੇ ਪੂਰਾ ਉਤਰਦਾ ਹੋਵੇ, ਮੌਸਮ ਨਾਲ ਹਮੇਸ਼ਾਂ ਜੁੜਿਆ ਰਿਹਾ ਅਤੇ ਇਸ ਅਨੁਸਰ ਨੀਯਤ ਕੀਤੇ ਦਿਹਾੜੇ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਆਉਣ ਤਾ ਕਿ ਸਾਨੂੰ ਯਾਦ ਰੱਖਣੇ ਸੌਖੇ ਹੋ ਜਾਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਦਿਆਂ ਨਾਨਕਸ਼ਾਹੀ ਕੈਲੰਡਰ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ।

ਇਹ ਕੈਲੰਡਰ ਸਮਝਣ ਅਤੇ ਯਾਦ ਰੱਖਣ ਵਿੱਚ ਬਹੁਤ ਹੀ ਸਰਲ ਹੈ, ਕਿਉਂਕਿ ਇਸ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 30 ਅਤੇ 31 ਨਿਸਚਤ ਹੈ ਜਦੋਂ ਕਿ ਬਾਕੀ ਦੇ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਤੋਂ 31 ਤੱਕ ਹੈ। ਬਿਕ੍ਰਮੀ ਕੈਲੰਡਰ ਸੂਰਜ ਅਤੇ ਚੰਦਰਮਾਂ ਦੋਵਾਂ ’ਤੇ ਅਧਾਰਤ ਹੈ ਅਤੇ ਇਸ ਵਿੱਚ ਇੱਕ ਨਾਮ ਦੇ ਮਹਨਿਆਂ ਦੇ ਦਿਨਾਂ ਦੀ ਗਿਣਤੀ ਵੱਖ ਵੱਖ ਸਾਲਾਂ ਵਿੱਚ ਵੱਖ ਹੋ ਜਾਣ ਕਰਕੇ ਇਸ ਦੀ ਸੰਗ੍ਰਾਂਦ ਕਦੀ ਵੀ ਸਥਿਰ ਨਹੀਂ ਰਹਿੰਦੀ ਤੇ ਹਰ ਸਾਲ ਬਦਲਦੀ ਰਹਿੰਦੀ ਹੈ ਜਿਸ ਕਾਰਣ ਸਾਰੀਆਂ ਹੀ ਤਰੀਖਾਂ ਬਦਲਦੀਆਂ ਰਹਿੰਦੀਆਂ ਹਨ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਕੇਵਲ ਸੂਰਜ ’ਤੇ ਅਧਾਰਤ ਹੈ ਅਤੇ ਇਸ ਵਿੱਚ ਮਹੀਨਿਆਂ ਦੇ ਅਰੰਭ ਦੀਆਂ ਤਰੀਖਾਂ ਹਮੇਸ਼ਾਂ ਲਈ ਸਥਿਰ ਰਹਿੰਦੀਆਂ ਹਨ ਜਿਸ ਕਾਰਣ ਯਾਦ ਰੱਖਣੀਆਂ ਬਹੁਤ ਹੀ ਆਸਾਨ ਹਨ। ਕੈਲੰਡਰ ਵਿਗਿਆਨ ਸਬੰਧੀ ਵਿਸਥਾਰਤ ਜਾਣਕਾਰੀ ਦੇਣ ਲਈ ਸ: ਪੁਰੇਵਾਲ ਨੇ ਕਈ ਪੁਸਤਕਾਂ ਦੇ ਹਵਾਲੇ ਪ੍ਰੋਜੈਕਟਰ ਰਾਹੀਂ ਸਕਰੀਨ ’ਤੇ ਪ੍ਰਦਸ਼ਿਤ ਕੀਤੇ ਅਤੇ ਗੁਰਪੁਰਬਾਂ ਤੇ ਹੋਰ ਇਤਿਹਾਸਕ ਦਿਹਾੜਿਆਂ ਦੇ ਦਿਨ ਨੀਯਤ ਕਰਨ ਲਈ ਗੁਰਬਾਣੀ/ਇਤਹਾਸ ਚੋਂ ਹਵਾਲੇ ਦਿੱਤੇ।

ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਨਾਨਕਸ਼ਾਹੀ ਕੈਲੰਡਰ “ਕਿਉਂ ਤੇ ਕਿਵੇਂ” ਵਿਸ਼ੇ ’ਤੇ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਦਰ ਸਾਲ ਅਨੁਸਾਰ ਗੁਰਪੁਰਬ ਕਦੀ ਵੀ ਸਥਿਰ ਨਹੀਂ ਰਹਿ ਸਕਦੇ ਇਸ ਲਈ ਸਾਨੂੰ ਚੰਦਰ ਕੈਲੰਡਰ ਦਾ ਤਿਆਗ ਕਰਕੇ ਸੂਰਜੀ ਕੈਲੰਡਰ ਹੀ ਅਪਨਾਉਣਾ ਪੈਣਾ ਹੈ। ਉਨ੍ਹਾਂ ਸ: ਪੁਰੇਵਾਲ ਵੱਲੋਂ ਬਣਾਏ ਨਾਨਕਸ਼ਾਹੀ ਕੈਲੰਡਰ ਦੀ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਸ: ਪੁਰੇਵਾਲ ਨੇ ਮੁਸਲਮਾਨ ਜਗਤ ਲਈ ਹਿਜਰੀ ਕੈਲੰਡਰ ਵੀ ਬਣਾਇਆ ਜਿਹੜਾ ਕਿ 2007 ਤੋਂ ਲਾਗੂ ਹੈ ਪਰ ਹੈਰਾਨੀ ਹੈ ਕਿ ਸਿੱਖ ਪੰਥ ਜਿਸ ਨਾਲ ਸ: ਪੁਰੇਵਾਲ ਸਬੰਧਤ ਹਨ, ਦੇ ਆਗੂਆਂ ਨੇ ਵੋਟ ਰਾਜਨੀਤੀ ਅਧੀਨ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ ਤੇ ਸੋਧਾਂ ਦੇ ਨਾਮ ਤੇ ਇਸ ਨੂੰ ਮਿਲਗੋਭਾ ਬਣਾ ਕੇ ਵਿਗਾੜ ਦਿੱਤਾ ਹੈ।

ਜਨਰਲ ਕਰਤਾਰ ਸਿੰਘ ਗਿੱਲ ਨੇ ਕਿਹਾ ਕਿ ਕੈਲੰਡਰ ਸਬੰਧੀ ਹੋਰ ਸੈਮੀਨਾਰ ਕਰਵਾ ਕੇ ਸਿੱਖ ਸੰਗਤ ਨੂੰ ਜਾਗਰੂਕ ਕਰਕੇ ਲਾਮਬੰਦੀ ਕੀਤੀ ਜਾਵੇ ਅਤੇ ਅਕਾਲ ਤਖ਼ਤ ਤੱਕ ਪਹੁੰਚ ਕੀਤੀ ਜਾਵੇ ਤਾਂ ਪ੍ਰਬੰਧਕਾਂ ਨੂੰ ਇੱਕ ਨਾ ਇੱਕ ਦਿਨ ਨਾਨਕਸ਼ਾਹੀ ਕੈਲੰਡਰ ਬਹਾਲ ਕਰਨਾ ਹੀ ਪਏਗਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਧਰਮ ’ਤੇ ਸਿਆਸਤ ਭਾਰੂ ਹੋਣ ਕਾਰਣ ਸਿੱਖ ਪੰਥ ਦੀ ਹਾਲਤ ਉਸ ਹਸਪਤਾਲ ਵਰਗੀ ਹੋਈ ਪਈ ਹੈ ਜਿਸ ਵਿੱਚ ਮਾਹਰ ਡਾਕਟਰਾਂ ਦੀ ਬਜਾਏ ਉਸ ਦੇ ਮੈਨੇਜਰ ਹੀ ਮਰੀਜ ਨੂੰ ਦੁਆਈ ਦੇਣ ਲੱਗ ਪਏ ਹਨ। ਉਨ੍ਹਾਂ ਕਿਹਾ ਕੈਲੰਡਰ ਬਣਾਉਣਾ ਭਾਈ ਪਾਲ ਸਿੰਘ ਪੁਰੇਵਾਲ ਵਰਗੇ ਕੈਲੰਡਰ ਮਾਹਰਾਂ ਦਾ ਕੰਮ ਹੈ ਪਰ ਪ੍ਰਬੰਧਕ ਸੁਚੱਜਾ ਪ੍ਰਬੰਧ ਕਰਨ ਦੀ ਥਾਂ ਮੈਨੇਜਰ ਵੱਲੋਂ ਮਰੀਜ ਨੂੰ ਦੁਆਈ ਦੇਣ ਵਾਂਗ ਕੈਲੰਡਰ ਵੀ ਆਪ ਹੀ ਬਣਾਉਣ ਲੱਗ ਪਏ ਹਨ। ਇਸੇ ਤਰ੍ਹਾਂ ਦੇ ਵੀਚਾਰ ਪ੍ਰੋ: (ਡਾ:) ਸੂਬਾ ਸਿੰਘ, ਗਿਆਨੀ ਕੇਵਲ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਨੇ ਪੇਸ਼ ਕਰਦਿਆਂ ਸ: 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਹਮਾਇਤ ਕਰਦਿਆਂ ਇਸ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਰੱਖੀ।

ਇਸ ਮੌਕੇ ਗੁਰਮਤਿ ਸੇਵਾ ਲਹਿਰ ਵੱਲੋਂ ਛਪਵਾਇਆ ਗਿਆ ਕਿਤਾਬਚਾ “ਨਾਨਕਸ਼ਾਹੀ ਕੈਲੰਡਰ ਦੀ ਵਿਥਿਆ” ਦਾ ਦੂਸਰਾ ਅਡੀਸ਼ਨ (ਜਿਸ ਵਿੱਚ ਪਹਿਲੇ ਅਡੀਸ਼ਨ ਨਾਲੋਂ ਮਾਮੂਲੀ ਵਾਧਾ ਕਰਦਿਆਂ ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਵੀ ਦਿੱਤੀਆਂ ਗਈਆਂ ਹਨ) ਰਲੀਜ਼ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਮੁਫਤ ਵੰਡਿਆ ਗਿਆ।

ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਪੁੱਜੀ ਬੁੱਧੀਜੀਵੀ ਸੰਗਤ; ਜਿਨ੍ਹਾਂ ਵਿੱਚ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਸਕੱਤਰ ਸ: ਖੁਸ਼ਹਾਲ ਸਿੰਘ, ਸ਼੍ਰੋ:ਅ:ਦ: (ਪੰਚ ਪ੍ਰਧਾਨੀ) ਦੇ ਉਪ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ, ਸ਼੍ਰੋਮਣੀ ਗੁਰਮਤਿ ਚੇਤਨਾ ਦੇ ਮੁੱਖ ਸੰਪਾਦਕ ਪ੍ਰਿੰ: ਪਰਮਿੰਦਰ ਸਿੰਘ, ਪ੍ਰਿੰ: ਚਮਕੌਰ ਸਿੰਘ, ਪ੍ਰਿੰ: ਰਘਬੀਰ ਸਿੰਘ, ਪ੍ਰਿੰ: ਰਣਜੀਤ ਸਿੰਘ ਸਮੇਤ ਅਤੇ ਹੋਰ ਵਿਦਵਾਨ ਸੱਜਣ ਸ਼ਾਮਲ ਸਨ; ਵੱਲੋਂ ਧਿਆਨ ਪੂਰਬਕ ਵਿਦਵਾਨਾਂ ਦੇ ਵੀਚਾਰ ਸੁਣਨ ਮਗਰੋਂ ਕੀਤੀ ਜਾ ਰਹੀ ਸ਼ਾਲਾਘਾ ਨੂੰ ਵੇਖਦਿਆਂ ਇਸ ਸੈਮੀਨਾਰ ਨੂੰ ਪੂਰਾ ਸਫਲ ਕਿਹਾ ਜਾ ਸਕਦਾ ਹੈ। ਸੈਮੀਨਾਰ ਦੀ ਕਾਰਵਾਈ ਇੰਟਰਨੈੱਟ ਰਾਹੀਂ ਪ੍ਰਸਾਰਤ ਕੀਤੇ ਜਾਣ ਸਦਕਾ ਇਸ ਨੂੰ ਸਮੁਚੇ ਸੰਸਾਰ ਵਿੱਚ ਸਿਖ ਜਗਤ ਵਲੋਂ ਵੇਖਿਆ ਗਿਆ ਅਤੇ ਥਾਂ ਥਾਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਸਿੱਖ ਜਗਤ ਵਿੱਚ ਇਸ ਸੈਮੀਨਾਰ ਦੀ ਵਿਆਪਕ ਚਰਚਾ ਹੋਣ ਕਰਕੇ ਬੀਤੇ ਐਤਵਾਰ ਸ਼ੇਰੇ ਪੰਜਾਬ ਰੀਡੀਓ ਕੈਨੇਡਾ ’ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਲਾਈਵ ਟਾਕ ਸ਼ੋ ਕੀਤਾ ਜਿਸ ਵਿੱਚ ਸ: ਪੁਰੇਵਾਲ, ਭਾਈ ਬਾਗੜੀਆਂ ਜੀ, ਜਨਰਲ ਕਰਤਾਰ ਸਿੰਘ ਗਿੱਲ ਅਤੇ ਕਿਰਪਾਲ ਸਿੰਘ ਬਠਿੰਡਾ ਸ਼ਾਮਲ ਹੋਏ। ਇਸ ਟਾਕ ਸ਼ੋ ਦੌਰਾਨ ਹੋਸਟ ਸ: ਕੁਲਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਲਰਾਂ ਨੇ ਬਠਿੰਡਾ ਵਿਖੇ ਹੋਏ ਸੈਮੀਨਾਰ ਦੀ ਸ਼ਾਲਾਘਾ ਕੀਤੀ ਤੇ ਦੱਸਿਆ ਕਿ ਉਹ ਅਮਰੀਕਾ ਵਿੱਚ ਸਿਆਟਲ ਵਿਖੇ 26 ਅਕਤੂਬਰ ਅਤੇ ਫਰਿਜ਼ਨੋ ਵਿਖੇ 9 ਨਵੰਬਰ ਨੂੰ ਇਸੇ ਤਰ੍ਹਾਂ ਦੇ ਸੈਮੀਨਾਰ ਕਰਵਾ ਰਹੇ ਹਨ ਜਿਸ ਵਿੱਚ ਭਾਗ ਲੈਣ ਲਈ ਭਾਈ ਪੰਥਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਆਲ ਇੰਡਿਆ ਰੇਡੀਓ ਬਠਿੰਡਾ ਤੋਂ ਸੋਮਵਾਰ ਸਵੇਰੇ 7.15 ਵਜੇ ਸ: ਪਾਲ ਸਿੰਘ ਪੁਰੇਵਾਲ ਨਾਲ ਵਿਸ਼ੇਸ਼ ਇੰਟਰਵਿਊ ਪ੍ਰਸਾਰਤ ਕੀਤੀ ਗਈ ਜਿਹੜੀ ਕਿ ਅੱਜ 4.00 ਵਜੇ ਮੁੜ ਪ੍ਰਸਾਰਤ ਕੀਤੀ ਗਈ। ਮੀਡੀਆ ਪੰਜਾਬ ਦੇ ਜਲੰਧਰ ਸਥਿਤ ਸਟੂਡਿਓ ਵੱਲੋਂ ਸ: ਪੁਰੇਵਾਲ ਦੀ ਇੰਟਰਵਿਊ ਰੀਕਾਰਡ ਕਰਨ ਲਈ ਸਮਾਂ ਮੰਗਿਆ ਜਾ ਰਿਹਾ ਹੈ।

ਇਸੇ ਤਰ੍ਹਾਂ ਇੰਗਲੈਂਡ, ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਅੰਮ੍ਰਿਤਸਰ ਦੀਆਂ ਜਾਗਰੂਕ ਸਿੱਖ ਸੰਗਤਾਂ ਵੱਲੋਂ ਸੈਮੀਨਾਰ ਕਰਵਾਉਣ ਲਈ ਸ: ਪਾਲ ਸਿੰਘ ਪੁਰੇਵਾਲ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਬਠਿੰਡਾ ਵਿਖੇ ਹੋਏ ਸਫਲ ਸੈਮੀਨਾਰ ਨੇ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਉਣ ਲਈ ਜਾਗ੍ਰਤੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top