* ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ।। (ਅੰਕ ੪੬)
* ਜੇਹਾ ਡਿਠਾ ਮੈ ਤੇਹੋ ਕਹਿਆ।। ਤਿਸੁ ਰਸੁ ਆਇਆ ਜਿਨਿ ਭੇਦੁ
ਲਹਿਆ।। (ਅੰਕ ੯੭)
* ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ।। ਮਨੁ ਪੀਵੈ ਸੁਨਿ ਸਬਦੁ
ਬੀਚਾਰਾ।। (ਅੰਕ ੧੦੨)
* ਪਾਰਬ੍ਰਹਮ ਗੁਣ ਅਗਮ ਬੀਚਾਰ।। ਸਾਧੂ ਸੰਗਮਿ ਹੈ ਨਿਸਤਾਰ।।
(ਅੰਕ ੨੦੦)
* ਅਗਾਧਿ ਬੋਧਿ ਹਰਿ ਅਗਮ ਅਪਾਰੇ।। ਨਾਮੁ ਜਪਤ ਨਾਮੁ ਰਿਦੇ
ਬੀਚਾਰੇ।। (ਅੰਕ ੨੦੨)
* ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ।। ਤਤੁ
ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ।। (ਅੰਕ ੨੦੮)
* ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ।।
ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ।। (ਅੰਕ ੨੧੬)
* ਤਿਸ ਕਾ ਹੁਕਮੁ ਬੂਝਿ ਸੁਖੁ ਹੋਇ।। ਤਿਸ ਕਾ ਨਾਮੁ ਰਖੁ ਕੰਠਿ
ਪਰੋਇ।। (ਅੰਕ ੨੮੧)
* ਰਾਮ ਨਾਮ ਤਤੁ ਕਰਹੁ ਬੀਚਾਰੁ।। ਦ੍ਰੁਲਭ ਦੇਹ ਕਾ ਕਰਹੁ
ਉਧਾਰੁ।। (ਅੰਕ ੨੯੩)
* ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ।। ਕੋ ਉਪਦੇਸੈ ਕੋ
ਦ੍ਰਿੜੈ ਤਿਸ ਕਾ ਹੋਇ ਉਧਾਰੁ।। (ਅੰਕ ੩੦੦)
* ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ।। ਜੋ ਸੁਣੇ ਕਮਾਵੈ ਸੁ
ਉਤਰੈ ਪਾਰਿ।। (ਅੰਕ ੩੭੦)
* ਸਹਜ ਗੁਫਾ ਮਹਿ ਆਸਣੁ ਬਾਧਿਆ।। ਜੋਤਿ ਸਰੂਪ ਅਨਾਹਦੁ ਵਾਜਿਆ।।
ਮਹਾ ਅਨੰਦੁ ਗੁਰ ਸਬਦੁ ਵੀਚਾਰਿ।। ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ।। (ਅੰਕ
੩੭੦)
* ਏਕ ਵਸਤੁ ਬੂਝਹਿ ਤਾ ਹੋਵਹਿ ਪਾਕ।। ਬਿਨੁ ਬੂਝੇ ਤੂੰ ਸਦਾ
ਨਾਪਾਕ।। (ਅੰਕ ੩੭੪)
* ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ।। ਖੀਨ ਭਏ
ਸਭਿ ਤਸਕਰਾ ਗੁਰਮੁਖਿ ਜਨੁ ਜਾਗੈ।। (ਅੰਕ ੩੯੯)
* ਤੂ ਬੇਅੰਤੁ ਕੋ ਵਿਰਲਾ ਜਾਣੈ।। ਗੁਰ ਪ੍ਰਸਾਦਿ ਕੋ ਸਬਦਿ
ਪਛਾਣੈ।। (ਅੰਕ ੫੬੩)
* ਰਾਮਦਾਸ ਸਰੋਵਰਿ ਨਾਤੇ।। ਸਭਿ ਉਤਰੇ ਪਾਪ ਕਮਾਤੇ।। … ….
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ।। (ਅੰਕ ੬੨੫)
* ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ।। (ਅੰਕ
੬੮੨)
* ਮਾਨੁਖੁ ਬਿਨੁ ਬੂਝੇ ਬਿਰਥਾ ਆਇਆ।। ਅਨਿਕ ਸਾਜ ਸੀਗਾਰ ਬਹੁ
ਕਰਤਾ ਜਿਉ ਮਿਰਤਕੁ ਓਢਾਇਆ।। (ਅੰਕ ੭੧੨)
* ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ।। (ਅੰਕ
੮੨੨)
* ਜਾ ਹਰਿ ਪ੍ਰਭਿ ਕਿਰਪਾ ਧਾਰੀ।। ਤਾ ਹਉਮੈ ਵਿਚਹੁ ਮਾਰੀ।।
ਸੋ ਸੇਵਕਿ ਰਾਮ ਪਿਆਰੀ।। ਜੋ ਗੁਰ ਸਬਦੀ ਬੀਚਾਰੀ।। (ਅੰਕ ੮੭੯)
* ਗੁਰ ਕਾ ਸਬਦੁ ਵੀਚਾਰਿ ਜੋਗੀ।। ਦੁਖੁ ਸੁਖੁ ਸਮ ਕਰਣਾ ਸੋਗ
ਬਿਓਗੀ।। ਭੁਗਤਿ ਨਾਮੁ ਗੁਰ ਸਬਦਿ ਬੀਚਾਰੀ।। ਅਸਥਿਰੁ ਕੰਧੁ ਜਪੈ ਨਿਰੰਕਾਰੀ।। (ਅੰਕ
੮੭੯)
* ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ।। ਕਹੁ
ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ।। (ਅੰਕ ੯੨੪)
* ਇਹੁ ਜਗੁ ਧੂਏ ਕਾ ਪਹਾਰ।। ਤੈ ਸਾਚਾ ਮਾਨਿਆ ਕਿਹ ਬਿਚਾਰਿ।।
ਧਨੁ ਦਾਰਾ ਸੰਪਤਿ ਗ੍ਰੇਹ।। ਕਛੁ ਸੰਗਿ ਨ ਚਾਲੈ ਸਮਝ ਲੇਹ।। (ਅੰਕ ੧੧੮੭)
* ਧਨਵੰਤ ਨਾਮ ਕੇ ਵਣਜਾਰੇ।। ਸਾਂਝੀ ਕਰਹੁ ਨਾਮ ਧਨੁ ਖਾਟਹੁ
ਗੁਰ ਕਾ ਸਬਦੁ ਵੀਚਾਰੇ।। (ਅੰਕ ੧੨੨੦)
* ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ।। ਨਾਨਕ
ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ।। (ਅੰਕ ੧੨੨੫)
* ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ।। (ਅੰਕ
੧੩੦੦)
ਗੁਰਬਾਣੀ ਨੂੰ ਬਿਨਾਂ ਵਿਚਾਰੇ ਅਤੇ ਉਸ ਵਿੱਚ ਦਿੱਤੇ ਹੋਏ
ਉਪਦੇਸ਼ਾਂ ਨੂੰ ਬਿਨਾਂ ਕਮਾਏ ਕਿਸੇ ਭਰਮ ਅਧੀਨ ਕਿਸੀ ਮੰਤ੍ਰ ਜਾਂ ਤੰਤ੍ਰ ਵਾਂਗੂ ਪਾਠ
ਕਰੀ ਜਾਣ ਨੂੰ ਗੁਰਦੇਵ ਨੇ ਨਿਸ਼ਫਲ ਫੁਰਮਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ
ਫੁਰਮਾਨ ਹੈ:-
* ਕੇਤੇ ਕਹਹਿ ਵਖਾਣ ਕਹਿ ਕਹਿ
ਜਾਵਣਾ।। ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ।। ਪੜਿਐ ਨਾਹੀ ਭੇਦੁ ਬੁਝਿਐ ਪਾਵਣਾ।।
(ਅੰਕ ੧੪੮)
ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਹੀ ਐਸੇ ਸ਼ਬਦ ਦਰਜ਼ ਹਨ ਜੋ
ਸਾਨੂੰ ਸਮਝਾਉਂਦੇ ਹਨ ਕਿ ਬਾਣੀ ਸਿਰਫ ਪੜ੍ਹਨ ਦੀ ਥਾਂ ਪੜ੍ਹ ਕੇ ਸਮਝਣੀ ਅਤੇ ਸਮਝਕੇ
ਕਮਾਉਣੀ ਪਏਗੀ ਤਾਂ ਹੀ ਉਸ ਤੋਂ ਅਸੀਂ ਲਾਭ ਲੈ ਸਕਾਂਗੇ। ਇਹ ਹੀ ਇੱਕ ਵਸੀਲਾ ਹੋ ਸਕਦਾ
ਹੈ ਜਨਮ ਜਨਮ ਕੇ ਦੁਖ ਮਿਟਾਉਣ ਦਾ, ਆਵਾਗਮਨ ਦਾ ਭੈ ਮਿਟਾਉਣ ਦਾ।
ਏਥੇ ਮੈਨੂੰ ਮਸਕੀਨ ਸਾਹਿਬ ਜੀ ਦੀ ਕਹੀ ਹੋਈ ਇੱਕ ਗੱਲ ਯਾਦ
ਆਉਂਦੀ ਹੈ। ਉਨ੍ਹਾਂ ਨੇ ਇੱਕ ਲੈਕਚਰ ਵਿੱਚ ਦੱਸਿਆ ਸੀ। ਇੱਕ ਬੰਦਾ ਜਿਸਦੇ ਦੋ ਪੁੱਤਰ
ਸਨ, ਮਰਨ ਵੇਲੇ ਆਪਣੇ ਦੋਹਾਂ ਪੁੱਤਰਾਂ ਨੂੰ ਬੁਲਾ ਕੇ ਕਹਿੰਦਾ ਹੈ ਬੱਚਿਉ ਇਹ ਛੋਟੀ
ਜਿਹੀ ਸੰਦੂਕ ਹੈ, ਜੋ ਮੈਂ ਹੁਣ ਤੁਹਾਡੇ ਹਵਾਲੇ ਕਰਦਾ ਹਾਂ ਇਸ ਨੂੰ ਸਾਂਭ ਕੇ ਰੱਖਣਾ।
ਬੱਚਿਆਂ ਨੇ ਉਹ ਸੰਦੂਕ ਸਾਂਭ ਲਈ ਅਤੇ ਰੋਜ਼ ਉਸ ਨੂੰ ਬੜੇ ਅਦਬ ਨਾਲ ਸਾਫ ਕਰਕੇ ਧੂਪ
ਦੀਵਾ ਵਗੈਰਾ ਕਰਿਆ ਕਰਦੇ ਫੇਰ ਸੁੰਦਰ ਰੁਮਾਲੇ ਨਾਲ ਢੱਕ ਕੇ ਰੱਖ ਦਿੰਦੇ। ਰੱਬ ਦੀ
ਕਰਨੀ ਹੁਣ ਉਨ੍ਹਾਂ ਤੇ ਗਰੀਬੀ ਆ ਗਈ। ਦਿਨ ਬੜੇ ਔਖੇ ਲੰਘ ਰਹੇ ਸਨ। ਇੱਕ ਦਿਨ ਉਨ੍ਹਾਂ
ਦੇ ਘਰ ਇੱਕ ਫਕੀਰ ਆਇਆ, ਉਸ ਨੂੰ ਵੇਖ ਕੇ ਵੱਡੇ ਪੁੱਤਰ ਨੇ ਕਿਹਾ ਭਾਈ ਅਸੀਂ ਤਾਂ ਆਪ
ਦੋ ਦਿਨਾਂ ਦੇ ਭੁਖੇ ਹਾਂ ਤੈਨੂੰ ਕੁੱਝ ਨਹੀਂ ਦੇ ਸਕਦੇ। ਅੱਗੋਂ ਫਕੀਰ ਨੇ ਕਿਹਾ ਮੈਂ
ਤੁਹਾਨੂੰ ਇੱਕ ਸੁਨੇਹਾ ਦੇਣ ਆਇਆ ਹਾਂ, ਕੀ ਤੁਹਾਡੇ ਪਿਉ ਨੇ ਤੁਹਾਨੂੰ ਇੱਕ ਸੰਦੂਕ
ਦਿੱਤੀ ਸੀ? ਉਸ ਲੜਕੇ ਨੇ ਕਿਹਾ, ਹਾਂ। ਅਸੀਂ ਉਸ ਸੰਦੂਕ ਨੂੰ ਬੜਾ ਸਾਂਭ ਕੇ ਅਤੇ ਬੜੇ
ਅਦਬ ਨਾਲ ਰੱਖਿਆ ਹੈ, ਅਸੀਂ ਉਸ ਨੂੰ ਆਪਣੇ ਪਿਉ ਦੀ ਆਖਰੀ ਨਿਸ਼ਾਨੀ ਜਾਣ ਕੇ ਆਪਣੇ
ਪਿਉ ਜਿੱਡਾ ਸਤਿਕਾਰ ਦਿੰਦੇ ਹਾਂ, ਰੋਜ਼ ਉਸ ਦੀ ਪੂਜਾ ਕਰਦੇ ਹਾਂ। ਤਾਂ ਫਕੀਰ ਨੇ
ਪੁੱਛਿਆ ਕੀ ਕਦੀ ਉਸ ਨੂੰ ਖੋਲ੍ਹ ਕੇ ਵੇਖਿਆ ਹੈ? ਮੁੰਡਿਆਂ ਨੇ ਕਿਹਾ ਨਹੀਂ। ਤਾਂ
ਫਕੀਰ ਨੇ ਕਿਹਾ ਉਸ ਨੂੰ ਖੋਲ੍ਹ ਕੇ ਵੇਖੋ। ਜਦ ਉਨ੍ਹਾਂ ਨੇ ਉਸ ਸੰਦੂਕ ਨੂੰ ਖੋਲ੍ਹ
ਕੇ ਵੇਖਿਆ ਤਾਂ ਹੈਰਾਨ ਰਹਿ ਗਏ। ਉਹ ਸੰਦੂਕ ਸੋਨੇ ਦੀਆਂ ਅਸ਼ਰਫੀਆਂ ਨਾਲ ਭਰੀ ਹੋਈ
ਸੀ। ਹੁਣ ਉਹ ਮਾਲਾ ਮਾਲ ਹੋ ਗਏ। ਜੇਹੜੇ ਹੁਣ ਤੱਕ ਮੁਫਲਿਸੀ ਵਿੱਚ ਦਿਨ ਕੱਟ ਰਹੇ ਸਨ
ਰਈਸ ਹੋ ਗਏ। ਇਸੇ ਤਰ੍ਹਾਂ ਸਾਨੂੰ ਵੀ ਲੋੜ ਹੈ ਪਿਉ ਦਾਦੇ ਦੇ ਖਜ਼ਾਨੇ ਨੂੰ ਖੋਲ੍ਹ ਕੇ
ਵੇਖਣ ਦੀ। ਲੋੜ ਹੈ ਉਸ ਖਜ਼ਾਨੇ ਨੂੰ ਪੜ੍ਹਕੇ ਸਮਝ੍ਹਣ ਦੀ ਅਤੇ ਸਮਝ ਕੇ ਕਮਾਉਣ ਦੀ।
ਇਨੇ ਵੱਡੇ ਖਜ਼ਾਨੇ ਦੇ ਹੁੰਦਿਆਂ ਹੋਇਆਂ ਵੀ ਅਸੀਂ ਧਰਮ ਗਿਆਨ ਅਤੇ ਇਨਸਾਨੀਅਤ ਦੇ ਪੱਖੋਂ
ਕੰਗਾਲ ਬਣੇ ਹੋਏ ਹਾਂ।
* ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ।।
ਤਾ ਮੇਰੈ ਮਨਿ ਭਇਆ ਨਿਧਾਨਾ।। ਰਤਨ ਲਾਲ ਜਾ ਕਾ ਕਛੂ ਨ ਮੋਲੁ।। ਭਰੇ ਭੰਡਾਰ ਅਖੂਟ
ਅਤੋਲ।। (ਅੰਕ ੧੮੬)
ਵੈਸੇ ਵੀ ਕੋਈ ਮਾਸਟਰ ਜਾਂ ਉਸਤਾਦ ਆਪਣੇ ਵਿਦਿਆਰਥੀ ਨੂੰ ਇਹ
ਕਦੀ ਵੀ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰੀਆਂ ਕਿਤਾਬਾਂ ਪੜ੍ਹ ਲਵੋ ਪਰ ਇਨ੍ਹਾਂ ਨੂੰ
ਸਮਝ੍ਹਣ ਦੀ ਕੋਈ ਲੋੜ ਨਹੀਂ। ਅਗਰ ਕੋਈ ਐਸਾ ਕਹਿੰਦਾ ਵੀ ਹੈ ਤਾਂ ਉਸ ਉਸਤਾਦ ਕੋਲ
ਕੋਈ ਵੀ ਆਪਣਾ ਬੱਚਾ ਪੜ੍ਹਨ ਵਾਸਤੇ ਨਹੀਂ ਭੇਜੇਗਾ।
* ਪੜਿਐ ਨਾਹੀ ਭੇਦੁ ਬੁਝਿਐ ਪਾਵਣਾ।।
(ਅੰਕ ੧੪੮)
ਸਮਝ੍ਹਣ ਦੀ ਲੋੜ ਨੂੰ ਛੱਡਕੇ ਧਰਮ ਗ੍ਰੰਥਾਂ ਦੇ ਪਾਠ ਕਰਨ ਦੀ
ਰੀਤ ਸਭ ਤੋਂ ਪਹਿਲਾਂ ਬ੍ਰਾਹਮਣ ਨੇ ਚਲਾਈ ਸੀ। ਉਸ ਦਾ ਕਾਰਨ ਇਹ ਸੀ ਕਿ ਬ੍ਰਾਹਮਣ
ਮਨੁੱਖਾਂ ਨੂੰ ਅਗਿਆਨੀ ਹੀ ਬਣਾਈ ਰੱਖਣਾ ਚਾਹੁੰਦਾ ਸੀ ਤਾਂ ਕਿ ਉਸ ਦਾ ਆਪਣਾ ਬੁੱਤਾ
ਸਰਦਾ ਰਹੇ। ਪਰ ਇਹ ਕਿਡੇ ਅਫਸੋਸ ਦੀ ਗੱਲ ਹੈ ਕਿ ਬ੍ਰਾਹਮਣੀ ਰੀਤ ਦਾ ਇਹ ਭੂਤ ਸਿੱਖਾਂ
ਉਤੇ ਅੱਜ ਤੱਕ ਸਵਾਰ ਹੈ ਅੱਜ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਤਾਂ ਹਾਂ ਪਰ ਪੜ੍ਹ
ਕੇ ਸਮਝ੍ਹਣ ਦੀ ਅਤੇ ਸਮਝ੍ਹ ਕੇ ਕਮਾਉਣ ਦੀ ਕਦੀ ਲੋੜ ਹੀ ਮਹਿਸੂਸ ਨਹੀਂ ਕਰਦੇ।
ਕਿਉਂਕਿ ਸਾਡੇ ਧਾਰਮਕ ਅਦਾਰਿਆਂ ਨੇ ਸਾਨੂੰ ਕਦੀ ਏਸ ਵਲੋਂ ਸੁਚੇਤ ਹੀ ਨਹੀਂ ਕੀਤਾ।
ਅੱਜ ਸਾਨੂੰ ਇਹੀ ਦਸਿਆ ਜਾਂਦਾ ਹੈ ਕਿ ਸੁਖਮਨੀ ਦੇ ਇਨ੍ਹੇ ਪਾਠ ਕਰੋ ਤੇ ਇਹ ਫਲ ਮਿਲਦੇ
ਹਨ। ਇਨੇ ਜਪੁਜੀ ਦੇ ਪਾਠ ਕਰਨ ਨਾਲ ਇਹ ਲਾਭ ਹੁੰਦੇ ਹਨ ਅਤੇ ਇਨੇ ਅਖੰਡ ਪਾਠ ਕਰਾਉਣ
ਦੇ ਐਨੇ ਫਲ ਪ੍ਰਾਪਤ ਹੁੰਦੇ ਹਨ। ਅੱਜ ਸਿੱਖ ਜਗਤ ਵਿੱਚ ਗੁਰਬਾਣੀ ਨੂੰ ਮੰਤ੍ਰ ਪਾਠ
ਦੀ ਤਰ੍ਹਾਂ ਪੜ੍ਹਿਆ ਜਾਂਦਾ ਹੈ। ਪਰ ਬਿਨਾਂ ਸਮਝੇ ਅਤੇ ਬਿਨਾਂ ਉਸ ਬਾਣੀ ਨੂੰ ਜੀਵਨ
ਵਿੱਚ ਢਾਲਣ ਤੋਂ ਕਿਸੇ ਖਾਸ ਫਲ ਦੀ ਇਛਿਆ ਦੇ ਅਧੀਨ ਬਾਣੀ ਨੂੰ ਪੜ੍ਹੀ ਜਾਣ ਨੂੰ ਗੁਰੂ
ਸਾਹਿਬ ਨੇ ਨਿਸ਼ਫਲ ਫੁਰਮਾਇਆ ਹੈ।
* ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ
ਮੋਹਿ ਬਿਆਪਿਓ ਮਾਇਆ।। (ਅੰਕ ੧੩੦੦)
* ਸਭਿ ਜਪ ਸਭਿ ਤਪ ਸਭ ਚਤੁਰਾਈ।।
ਊਝੜਿ ਭਰਮੈ ਰਾਹਿ ਨ ਪਾਈ।। ਬਿਨੁ ਬੂਝੇ ਕੋ ਥਾਇ ਨ ਪਾਈ।। (ਅੰਕ ੪੧੨)
ਪਰ ਗੁਰੂ ਸਾਹਿਬ ਦੇ ਇਹੋ ਜਿਹੇ ਫੁਰਮਾਨ ਅਤੇ ਹੁਕਮਾਂ ਦੇ
ਹੁੰਦਿਆਂ ਵੀ ਅਜ ਅਸੀਂ ਗੁਰੂ ਜੀ ਦੀ ਮੱਤ ਤੇ ਚੱਲਣ ਦੀ ਥਾਂ ਉਲਟਾ ਉਹ ਕੁੱਝ ਕਰੀਂ
ਜਾ ਰਹੇ ਹਾਂ ਜਿਸ ਤੋਂ ਗੁਰੂ ਜੀ ਨੇ ਸਾਨੂੰ ਬਾਰ ਬਾਰ ਰੋਕਿਆ ਅਤੇ ਵਰਜਿਆ ਹੈ।
ਸਤਿਗੁਰਾਂ ਨੇ ਤਾਂ ਦਸਾਂ ਜਾਮਿਆਂ ਵਿੱਚ ਆ ਕੇ ਤਰਕੀਬਨ ਤਿੰਨ ਸੋ ਵਰ੍ਹੇ ਲਗਾਏ ਅਤੇ
ਬ੍ਰਾਹਮਣੀ ਕੁਰੀਤੀਆਂ ਨੂੰ ਆਪਣੇ ਸਿੱਖ ਸ਼ਰਧਾਲੂਆਂ ਵਿਚੋਂ ਕੱਢਣ ਦੇ ਜਤਨ ਕੀਤੇ ਪਰ
ਅੱਜ ਇਹ ਵੇਖਣ ਵਿੱਚ ਆ ਰਿਹਾ ਹੈ ਕਿ ਕਈ ਡੇਰੇਦਾਰ, ਸੰਤ ਅਤੇ ਪ੍ਰਚਾਰਕ ਇਸ ਕੁਰੀਤੀ
ਨੂੰ ਆਪਣੇ ਨਿੱਜੀ ਸੁਆਰਥਾਂ ਲਈ ਪ੍ਰੱਚਲਤ ਅਤੇ ਪਰਪੱਕ ਕਰ ਰਹੇ ਹਨ ਅਤੇ ਗੁਰਦੇਵ ਜੀ
ਦੇ ਅਸਲੀ ਆਸ਼ੇ ਬਾਣੀ ਨੂੰ ਸਮਝਣ ਅਤੇ ਸਮਝਕੇ ਇਸ ਨੂੰ ਜੀਵਨ ਵਿੱਚ ਢਾਲਣ ਅਤੇ ਜੀਵਨ
ਦੇ ਗਿਆਨ ਤੋਂ ਦੂਰ ਕਰਨ ਦਾ ਘੋਰ ਅਪਰਾਧ ਕਰੀ ਜਾ ਰਹੇ ਹਨ। ਭਾਈ ਗੁਰਦਾਸ ਜੀ ਨੇ ਆਪਣੇ
ਕਬਿਤ ਵਿੱਚ ਬੜੇ ਖੂਬਸੂਰਤ ਢੰਗ ਨਾਲ ਸਪੱਸ਼ਟ ਕੀਤਾ ਹੈ।
ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦ ਮੀਠੋ
ਆਵੈ।। ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ।।
ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂੰ ਕੋ।। ਦ੍ਰਬ ਦ੍ਰਬ ਕਹੈ ਕੋਉ ਦ੍ਰਬਹਿ ਨ ਬਿਨਾਸਾ
ਹੈ।।
ਚੰਦਨ ਚੰਦਨ ਕਹੈ ਪ੍ਰਗਟੈ ਨ ਸੁਭਾਸ ਬਾਸ।। ਚੰਦ ਚੰਦ ਕਹੈ ੳਜਿਆਰੋ ਨ ਪ੍ਰਗਾਸ ਹੈ।।
ਤੈਸੇ ਗਿਆਨ ਗੋਸਟਿ ਕਰਤ ਨ ਰਹਤ ਪਾਵੈ।।
ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ।।
ਏਥੇ ਭਾਈ ਗੁਰਦਾਸ ਜੀ ਬੜੇ ਸਪੱਸ਼ਟ ਸ਼ਬਦਾਂ ਵਿੱਚ ਸਮਝਾ ਰਹੇ ਹਨ
ਕਿ ਕਰਨੀ ਹੀ ਪ੍ਰਧਾਨ ਹੈ। ਖਾਲੀ ਖੰਡ ਖੰਡ ਕਰਨ ਨਾਲ ਮੂੰਹ ਵਿੱਚ ਮਿਠਾਸ ਨਹੀਂ ਆ
ਜਾਂਦੀ। ਚੰਦ ਚੰਦ ਕਰਨ ਨਾਲ ਚਾਂਦਨੀ ਨਹੀਂ ਹੋ ਜਾਂਦੀ ਵੈਦ ਵੈਦ ਕਰਨ ਨਾਲ ਰੋਗ ਠੀਕ
ਨਹੀਂ ਹੋ ਸਕਦਾ। ਇਸੀ ਤਰ੍ਹਾਂ ਕਿਸੀ ਵੀ ਬਾਣੀ ਨੂੰ ਪੜ੍ਹਿਆਂ ਉਸ ਵਿੱਚ ਲਿਖੇ ਫਲਾਂ
ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਦ ਤੱਕ ਲਗਕੇ ਇਮਾਨਦਾਰੀ ਨਾਲ ਉਨ੍ਹਾਂ ਗੁਰੂ ਸ਼ਬਦਾਂ
ਨੂੰ ਕਮਾਇਆ ਨਾ ਜਾਵੇ।
* ਪੜਿ ਪੜਿ ਗਡੀ ਲਦੀਅਹਿ।।
(ਅੰਕ ੪੬੭)
ਵੈਸੇ ਵੀ ਅਗਰ ਵਿਚਾਰਿਆ ਜਾਵੇ ਤਾਂ ਇਹੀ ਸਮਝ ਆਉਂਦੀ ਹੈ ਕਿ
ਗੁਰੂ ਦੀ ਖੁਸ਼ੀ ਦੇ ਪਾਤਰ ਉਹੀ ਬਣ ਸਕਦੇ ਹਨ ਜੋ ਗੁਰੂ ਦੀ ਖੁਸ਼ੀ ਵਾਸਤੇ ਪੂਜਾ ਕਰਨ,
ਆਪਣੀ ਖੁਸ਼ੀ ਵਾਸਤੇ ਪੂਜਾ ਕਰਨ ਵਾਲੇ ਗੁਰੂ ਦੀਆਂ ਰਹਿਮਤਾਂ ਦੇ ਪਾਤਰ ਕਦੀ ਵੀ ਨਹੀਂ
ਬਣ ਸਕਦੇ। ਗੁਰਸਿੱਖ ਦਾ ਸਭ ਤੋਂ ਪਹਿਲਾ ਫਰਜ਼ ਇਹ ਦੇਖਣਾ ਹੈ ਕਿ ਗੁਰੂ ਦੀ ਖੁਸ਼ੀ ਕਿਸ
ਗੱਲ ਵਿੱਚ ਹੈ। ਕੇਹੜੇ ਕੰਮ ਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ ਜਰੂਰੀ ਹਨ। ਸੱਚੀ
ਮੁਹੱਬਤ ਦੀ ਸਭ ਤੋਂ ਪਹਿਲੀ ਸ਼ਰਤ ਆਪਣੀ ਖੁਸ਼ੀ ਆਪਣੇ ਯਾਰ ਦੀ ਖੁਸ਼ੀ ਦੇ ਅਧੀਨ ਕਰਨ
ਵਿੱਚ ਹੁੰਦੀ ਹੈ। ਪਿਆਰੇ ਦੀ ਰਜਾ ਦੇ ਅਧੀਨ ਰਾਜੀ ਰਹਿਣਾ ਹੀ ਪਿਆਰ ਦਾ ਪਹਿਲਾ ਨਿਯਮ
ਹੁੰਦਾ ਹੈ। ਜਿਸ ਨੇ ਇਸ ਰਮਜ਼ ਨੂੰ ਸਮਝ ਲਿਆ ਉਸ ਨੇ ਗੁਰਸਿੱਖੀ ਦਾ ਮੂਲ ਸਮਝ ਲਿਆ
ਜਾਣੋ। ਸ਼ਬਦ “ਸਿੱਖ” ਦੇ ਅਸਲ ਅਰਥ ਹਨ, ਸਿਖਣ ਦਾ ਅਭਿਲਾਸ਼ੀ, ਸੱਚ ਦਾ ਖੋਜੀ, ਗਿਆਨ
ਦਾ ਜਿਗਿਆਸੂ। ਸੱਚ ਦੀ ਤਲਾਸ਼ ਸਿੱਖ ਦੇ ਜੀਵਨ ਦਾ ਅਧਾਰ ਅਤੇ ਆਦਰਸ਼ ਹੋਣਾ ਚਾਹੀਦਾ ਹੈ
ਪਰ ਗ੍ਰਿਹਸਤ ਜੀਵਨ ਦੇ ਆਪਣੇ ਸਾਰੇ ਫਰਜ ਨਿਭਾਂਦੇ ਹੋਇਆ।
ਸਾਰੇ ਜਗਤ ਦਾ ਹਿਰਦਾ ਪ੍ਰਭੂ ਸਿਮਰਨ ਵਲੋਂ ਉਲੱਰਿਆ ਹੋਇਆ ਹੈ
ਅਤੇ ਇਸੇ ਕਾਰਣ ਇਹ ਭੈੜੀ ਮੱਤ ਦੀ ਅੱਗ ਨਾਲ ਜੀਵਾਂ ਦੀ ਆਤਮਕ ਦਸ਼ਾ ਨੂੰ ਸਾੜ ਰਿਹਾ
ਹੈ। ਇਸ ਅੱਗ ਵਿਚੋਂ ਉਹੀ ਬਚਦਾ ਹੈ ਜਿਹੜਾ ਗੁਰੂ ਸ਼ਬਦ ਵਿਚਾਰਦਾ ਹੈ ਅਤੇ ਉਸ ਨੂੰ
ਆਪਣੇ ਜੀਵਨ ਅੰਦਰ ਘਟਾਉਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਸੌਰ ਮੰਡਲ ਵਿੱਚ
ਟਿਕਿਆ ਰਹਿੰਦਾ ਹੈ। ਉਸ ਦੀ ਹਉਮੈ ਦੂਰ ਹੋ ਜਾਂਦੀ ਹੈ। ਉਹ ਭਟਕਣ ਵਿੱਚ ਪਾਉਣ ਵਾਲੀ
ਆਪਣੀ ਹੋਛੀ ਮੱਤ ਤਿਆਗ ਦਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵੈਰੀਆਂ
ਦਾ ਨਾਸ ਹੋ ਜਾਂਦਾ ਹੈ। ਮਨੁੱਖ ਗੁਰੂ ਦੇ ਸ਼ਬਦ ਨੂੰ ਵੀਚਾਰ ਕੇ ਪਰਮਾਤਮਾ ਦਾ ਨਾਮ ਜਪ
ਕੇ ਉਤਮ ਪੁਰਖ ਬਣ ਸਕਦਾ ਹੈ। ਇਸ ਮਾਯਾਵੀ ਸੰਸਾਰ ਸਾਗਰ ਤੋਂ ਪਾਰ ਉਹੀ ਲੰਘ ਸਕਦਾ ਹੈ
ਜੋ ਗੁਰੂ ਦੀ ਸ਼ਰਨ ਪਵੇ। ਇਹ ਤਾਂ ਹੀ ਹੋ ਸਕਦਾ ਹੈ ਜੇ ਗੁਰੂ ਦੀ ਦੱਸੀ ਹੋਈ ਮੱਤ ਤੇ
ਚਲੀਏ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਰਾਹੀ ਗੁਰੂ ਦੇ ਗੁਣਾਂ ਨੂੰ ਵੀਚਾਰਦਾ ਹੈ, ਉਹ
ਪ੍ਰਭੂ ਦਾ ਸੇਵਕ ਹੋ ਜਾਂਦਾ ਹੈ। ਸਿਫਤ ਸਲਾਹ ਤੋਂ ਬਿਨਾਂ ਅਨੇਕਾਂ ਪੁੰਨ ਦਾਨ ਕੀਤਿਆਂ,
ਅਨੇਕਾਂ ਤੀਰਥਾਂ ਤੇ ਇਸ਼ਨਾਨ ਕੀਤਿਆਂ ਕੋਈ ਜੀਵ ਵਿਚਾਰਾਂ ਦੀ ਮੈਲ ਨਹੀਂ ਧੋ ਸਕਦਾ।
ਵਿਖਾਵੇ ਦੀ ਭਗਤੀ ਤਾਂ ਦੁੱਖਾਂ ਦਾ ਕਾਰਣ ਬਣ ਜਾਂਦੀ ਹੈ। ਗੁਰੂ ਦੇ ਸ਼ਬਦ ਦੀ ਵੀਚਾਰ
ਜੀਵ ਨੂੰ ਆਤਮਕ ਅਡੋਲਤਾ ਵਿੱਚ ਲੈ ਆਉਂਦੀ ਹੈ। ਉਸ ਦੀ ਭਟਕਣਾ ਮੁੱਕ ਜਾਂਦੀ ਹੈ।
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਵੀਚਾਰਕੇ ਗੁਰੂ ਦੀ ਮੱਤ ਉਤੇ ਚਲਦੇ ਹਨ ਉਹ ਸਦਾ
ਹਰਿ ਨਾਮ ਵਿੱਚ ਲੀਨ ਰਹਿੰਦੇ ਹਨ। ਨਾਮ ਵਿੱਚ ਰਹਿ ਕੇ ਦੁਨੀਆਂ ਦੇ ਕਾਰ ਵਿਹਾਰ ਅਤੇ
ਕਿਰਤ ਕਮਾਈ ਕਰਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਨਾਮ ਟਿਕਿਆ ਰਹਿੰਦਾ ਹੈ।
ਨਾ ਪੜ੍ਹਨ ਨਾਲੋ ਗੁਰਬਾਣੀ ਨੂੰ ਬਗੈਰ ਸਮਝੇ ਵੀ ਪੜ੍ਹਨਾ
ਮੁਬਾਰਕ ਪਰ ਜੋ ਫਲ ਅਤੇ ਫਾਇਦਾ ਗੁਰਬਾਣੀ ਨੂੰ ਸਮਝ ਕੇ ਪੜ੍ਹਨ ਅਤੇ ਉਸ ਤੇ ਵਿਚਾਰ
ਕਰਨ ਨਾਲ ਨਿਕਲਦਾ ਹੈ ਉਸ ਦੀ ਉਪਮਾਂ ਕਥਨ ਤੋਂ ਬਾਹਰ ਹੈ। ਗੁਰਬਾਣੀ ਪੜ੍ਹਨ ਦਾ ਅਸਲੀ
ਮਕਸਦ ਹੀ ਇਸ ਤਰ੍ਹਾਂ ਪੂਰਾ ਹੁੰਦਾ ਹੈ।
* ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ
ਬਾਨੀ।। ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ।। (ਅੰਕ ੬੬੯)
ਗੁਰੂ ਦਾ ਉਪਦੇਸ਼ ਕੋਈ ਫਾਇਦਾ ਨਹੀਂ ਪਹੁੰਚਾ ਸਕਦਾ ਜਦ ਤੱਕ
ਗੁਰੂ ਦੇ ਬਚਨਾਂ ਨੂੰ ਕਮਾਇਆ ਨਾ ਜਾਵੇ। ਅਭਿਆਸੀ ਨੂੰ ਅਭਿਆਸ ਕਮਾਈ ਦਾ, ਨਿਸਚੇ ਦਾ,
ਮਿਹਨਤ ਦਾ ਸਦਾ ਆਸਰਾ ਰੱਖਣਾ ਚਾਹੀਦਾ ਹੈ। ਜਿਸ ਤਰ੍ਹਾਂ ਸਾਰੀ ਜੰਗ ਵਿਦਿਆ ਜਾਣਦਾ
ਹੋਇਆ ਸਿਪਾਹੀ ਹਥਿਆਰ ਤੋਂ ਬਗੈਰ ਕਿਸੇ ਕੰਮ ਦਾ ਨਹੀਂ ਹੁੰਦਾ। ਉਸੇ ਤਰ੍ਹਾਂ ਜਿਸ
ਆਦਮੀ ਵਿੱਚ ਮਿਹਨਤ ਪੁਰਸ਼ਾਰਥ ਉਦਮ ਨਾ ਹੋਣ, ਗੁਰੂ ਉਪਦੇਸ਼ਾਂ ਦੀ ਕਮਾਈ ਕਰਨ ਦਾ ਚਾਉ
ਨਾ ਹੋਵੇ, ਉਹ ਚੰਗੇ ਗੁਰ ਉਪਦੇਸ਼ਾਂ ਦੇ ਹੁੰਦਿਆਂ ਵੀ ਕਿਸੇ ਬੰਨੇ ਨਹੀਂ ਲੱਗ ਸਕਦਾ।
ਜਿਥੇ ਰੱਬ ਕੋਲੋਂ ਪੂਰੇ ਸਤਿਗੁਰ ਅਤੇ ਸੰਤਾਂ ਮਹਾਤਮਾ ਦਾ ਮੇਲ ਅਤੇ ਸਾਧ ਸੰਗਤ ਦੀ
ਪ੍ਰਾਪਤੀ ਮੰਗੀਏ ਉਥੇ ਸਤਿਗੁਰਾਂ ਦੇ ਉਪਦੇਸ਼ਾਂ ਅਤੇ ਬਚਨਾਂ ਨੂੰ ਕਮਾਉਣ ਦੀ ਦਲੇਰੀ
ਤੇ ਸ਼ਕਤੀ ਵੀ ਮੰਗਣੀ ਜਰੂਰੀ ਹੈ। ਰਸਤਾ ਪੁੱਛਣ ਨਾਲ ਸਫਰ ਤੈਅ ਨਹੀਂ ਹੁੰਦਾ। ਸਫਰ
ਰਸਤੇ ਤੇ ਤੁਰਨ ਨਾਲ ਹੀ ਤੈਅ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ।
* ਪੂਛਤ ਪਥਿਕ ਤਿਹ ਮਾਰਗ ਨ ਧਰੈ ਪਗਿ।। ਪ੍ਰੀਤਮ ਕੇ ਦੇਸ ਕੈਸੇ ਬਾਤਨ ਸਿਉ ਜਾਈਏ।।
ਪੂਛਤ ਹੈ ਬੈਦ ਖਾਤ ਅਉਖਧਿ ਨ ਸੰਜਮ ਸੇ।। ਕੈਸੇ ਮਿਟੈ ਰੋਗ ਸੁਖ ਸਹਜ ਸਮਾਈਐ।।
ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੇ।। ਕਰੈ ਵਿਭਚਾਰ ਕੈਸੇ ਸਿਹਜਾ ਬੁਲਾਈਐ।।
ਗਾਏ ਸੁਨੇ ਆਖੇ ਮੀਚੇ ਪਾਈਐ ਨ ਪਰਮ ਪਦ।। ਗੁਰ ਉਪਦੇਸ਼ ਜਉ ਲਉ ਗਹਿ ਨ ਕਮਾਈਐ।।
ਪੂਰੀ ਮਿਹਨਤ ਨਾਲ ਘਾਲਣਾ ਘਾਲ ਕੇ ਉਸ ਦੇ ਸਿੱਟੇ ਨੂੰ
ਵਾਹਿਗੁਰੂ ਜੀ ਦੀ ਮੇਹਰ ਉਤੇ ਛੱਡ ਦੇਣਾ ਹੋਰ ਗੱਲ ਹੈ ਅਤੇ ਐਵੇਂ ਜੁਬਾਨੀ ਆਰਜੀ ਤੌਰ
ਤੇ ਵਾਹਿਗੁਰੂ ਦੀ ਮਿਹਰ ਦੀਆਂ ਆਸਾ ਬੰਨ੍ਹਣੀਆਂ ਕੁੱਝ ਹੋਰ ਗੱਲ ਹੈ। ਜਬਾਨੀ ਤੌਰ ਤੇ
ਵਾਹਿਗੁਰੂ ਜੀ ਉਤੇ ਡੋਰੀ ਛੱਡਣ ਵਾਲੇ ਆਦਮੀ ਆਮ ਤੌਰ ਤੇ ਸੁਸਤ ਡਰਪੋਕ ਤੇ ਮਿਹਨਤ
ਤੋਂ ਜੀ ਚੁਰਾਉਣ ਵਾਲੇ ਹੁੰਦੇ ਹਨ। ਧੁੱਪ ਉਸ ਨੂੰ ਨਿੱਘ ਅਤੇ ਰੋਸ਼ਨੀ ਦਿੰਦੀ ਹੈ
ਜਿਹੜਾ ਧੁੱਪ ਤੱਕ ਜਾਣ ਦਾ ਉਪਰਾਲਾ ਕਰੇ। ਇਸੀ ਤਰ੍ਹਾਂ ਪਾਣੀ ਉਸੇ ਨੂੰ ਸ਼ੀਤਲਤਾ
ਦਿੰਦਾ ਹੈ ਜਿਹੜਾ ਉਸ ਤਕ ਅਪੜਨ ਦੀ ਖੇਚਲ ਕਰੇ। ਵਾਹਿਗੁਰੂ ਦੀ ਕ੍ਰਿਪਾ ਵੀ ਉਸੇ ਉਤੇ
ਹੁੰਦੀ ਹੈ। ਜੋ ਕ੍ਰਿਪਾ ਦਾ ਪਾਤਰ ਬਣਨ ਵਿੱਚ ਆਪਣੀ ਸਾਰੀ ਇਨਸਾਨੀ ਤਾਕਤ ਲਗਾ ਦੇਵੇ।
ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ।। ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ।।
(ਅੰਕ ੬੬੮)
ਭਾਵ ਨੌ ਵਿਆਕਰਣ, ਛੇ ਸ਼ਾਤਸਰ ਤੇ ਚਾਰ ਵੇਦ ਮੂੰਹ ਜਬਾਨੀ ਪਏ
ਯਾਦ ਹੋਣ ਤੇ ਇਨ੍ਹਾਂ ਨੂੰ ਰੋਜ਼ ਮੂੰਹ ਜਬਾਨੀ ਬੋਲਦਾ ਰਹੇ। ਮੇਰਾ ਹਰਿ ਪ੍ਰਭੁ ਇੰਜ
ਨਹੀਂ ਪ੍ਰਸੰਨ ਹੁੰਦਾ। ਤਾਂ ਤੇ ਹੇ ਨਾਨਕ! ਪ੍ਰਭੂ ਦੀ ਪ੍ਰਸੰਨਤਾ ਲਈ ਜਰੂਰੀ ਹੈ ਕਿ
ਹਰੀ ਨੂੰ ਸਦਾ ਹੀ ਹਿਰਦੇ ਨਾਲ ਧਿਆਉ। ਇਸ ਨਾਲ ਹੀ ਪ੍ਰਭੂ ਪ੍ਰਸੰਨ ਹੁੰਦਾ ਹੈ।
ਇਹ ਇੱਕ ਸਰਬ ਮੰਨੀ ਸਚਾਈ ਹੈ ਅਤੇ ਗੁਰਮਤਿ ਵੀ ਸਪਸ਼ੱਟ
ਫੁਰਮਾਉਂਦੀ ਹੈ ਕਿ ਧਿਆਨ ਤੋਂ ਬਿਨਾਂ ਧਾਰਮਕ ਗ੍ਰੰਥ, ਵੇਦ, ਸ਼ਾਸਤਰ ਵੀ ਲਾਭਦਾਇਕ ਨਹੀਂ
ਹੋ ਸਕਦੇ ਅਤੇ ਪ੍ਰਭੂ ਦੀ ਪ੍ਰਸੰਨਤਾ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ। ਜਦ ਤਾਂਈ ਅਸੀਂ
ਪਾਠ ਵਿਚਾਰ ਨਾਲ ਨਹੀਂ ਕਰਾਂਗੇ ਤੇ ਫੇਰ ਪਾਠ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ
ਘਟਾਵਾਂਗੇ ਨਹੀਂ ਨਾਮ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਸਾਡੀ ਗੁਰੂ ਕੇ ਸਿਖ
ਅਖਵਾਉਣ ਵਾਲਿਆਂ ਦੀ ਬਹੁ ਗਿਣਤੀ ਇਹੀ ਸਮਝਦੀ ਹੈ ਕਿ ਗੁਰਬਾਣੀ ਸਮਝਣੀ ਜਰੂਰੀ ਨਹੀਂ,
ਬਸ ਅਸੀਂ ਪੜ੍ਹਨ ਤੱਕ ਹੀ ਸੀਮਿਤ ਰਹਿੰਦੇ ਹਾਂ। ਸਾਨੂੰ ਇਉਂ ਭਾਸਦਾ ਹੈ ਕਿ ਗੁਰਦੁਆਰੇ
ਮੱਥਾ ਟੇਕ ਕੇ, ਬਾਣੀ ਪੜ੍ਹ ਕੇ, ਸਰੋਵਰ ਵਿੱਚ ਇਸ਼ਨਾਨ ਕਰਕੇ ਕੀਰਤਨ ਸੁਣ ਕੇ, ਪਰਕਰਮਾ
ਕਰਕੇ ਹੀ ਸਤਗੁਰਾਂ ਦੀ ਮਿਹਰ ਤੇ ਬਖਸ਼ਿਸ਼ ਦੇ ਪਾਤਰ ਬਣ ਜਾਈਂਦਾ ਹੈ। ਪਰ ਸਾਡੀ ਮਾਨਤਾ
ਗਲਤ ਹੈ। ਗੁਰੂ ਜੀ ਨੇ ਤਾਂ ਬਾਣੀ ਨੂੰ ਸਮਝ੍ਹਣ ਦਾ ਹੁਕਮ ਕੀਤਾ ਹੋਇਆ ਹੈ ਅਤੇ ਹੁਕਮ
ਮੰਨਣਾ ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਹੁਕਮ ਨਾ ਮੰਨਣ ਕਰਕੇ ਹੀ ਗੁਰੂ ਨਾਨਕ
ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਆਪਣੇ ਬੇਟੇ ਗੁਰਗੱਦੀ
ਦੇ ਪਾਤਰ ਨਹੀਂ ਬਣ ਸਕੇ ਅਤੇ ਹੁਕਮ ਮੰਨਣ ਵਾਲੇ ਭਾਈ ਲਹਿਣਾ ਜੀ, ਅਮਰੂ ਨਿਥਾਵਾਂ ਅਤੇ
ਬੇਸਹਾਰਾ ਭਾਈ ਜੇਠਾ ਜੀ ਸਭ ਤੋਂ ਉੱਚੀ ਗੁਰੂ ਵਾਲੀ ਪਦਵੀ ਤੇ ਜਾ ਵਿਰਾਜਮਾਨ ਹੋਏ।
ਹੁਕਮ ਨ ਮੰਨਣ ਵਾਲਿਆਂ ਨੂੰ ਗੁਰਬਾਣੀ ਮਨਮੁੱਖ ਅਥਵਾ ਬੇਮੁੱਖ ਕਹਿੰਦੀ ਹੈ।
* ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ।। ਮਨਮੁਖ ਸ਼ਬਦ ਨ ਜਾਨਣੀ ਜਾਸਨ ਪਤਿ ਗਵਾਏ।। ੩੩।।