ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕਰਨ ਲਈ ਲਿਆਂਦੇ
ਫੁੱਲਾਂ ਵਿੱਚੋਂ ਨਿਕਲੀ ਸਿਗਰਟ, ਉਪਰੋਕਤ ਲਾਇਨ 8 ਸਤੰਬਰ 2013 ਦੇ ਰੋਜਾਨਾ ਪਹਿਰੇਦਾਰ
ਅਖਬਾਰ ਦੇ ਪੰਨਾ ਨੰ: 6 ਉੱਤੇ ਜੰਡਿਆਲਾ ਗੁਰੂ ਤੋਂ ਲੱਗੀ ਖਬਰ ਦਾ ਸਿਰਲੇਖ ਹੈ। ਇਸ ਖਬਰ
ਵਿੱਚ ਦੱਸਿਆ ਗਿਆ ਹੈ ਕਿ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਵਿਖੇ, ਗੁਰੂ ਗ੍ਰੰਥ
ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਰੱਖਿਆ ਗਿਆ ਸੀ
। ਇਸ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਫੁੱਲਾਂ ਦੀ ਵਰਖਾ ਕਰਨ ਲਈ ਫੁੱਲ
ਮੰਗਵਾਏ ਗਏ ਸਨ । ਇੰਨ੍ਹਾਂ ਫੁੱਲਾਂ ਵਿੱਚੋਂ ਬੀੜੀਆਂ ਨਿਕਲ ਆਈਆਂ, ਇਸ ਮੌਕੇ ਪਹੁੰਚੇ
ਹੋਏ ਸਤਿਕਾਰ ਕਮੇਟੀ ਦੇ ਆਗੂਆਂ ਨੇ ਇਸਦਾ ਭਾਰੀ ਵਿਰੋਧ ਕੀਤਾ ਅਤੇ ਕਿਹਾ ਕਿ ਸਾਨੂੰ ਅਜਿਹੇ
ਕੰਮਾਂ ਲਈ ਗੁਰਸਿੱਖਾਂ ਜਾਂ ਸਾਫ ਸੁਥਰੇ ਅਕਸ ਵਾਲੇ ਦੁਕਾਨਦਾਰਾਂ ਕੋਲੋਂ ਫੁੱਲ ਖਰੀਦਣੇ
ਚਾਹੀਦੇ ਹਨ ।
ਬਾਅਦ
ਵਿੱਚ ਸਤਿਕਾਰ ਕਮੇਟੀ ਵਾਲੇ ਸਿੰਘ ਇੰਨ੍ਹਾਂ ਫੁੱਲਾਂ ਨੂੰ ਨਹਿਰ ਵਿੱਚ ਜਲ ਪ੍ਰਵਾਹ ਕਰਨ
ਲਈ ਚੁੱਕ ਕੇ ਲੈ ਗਏ । ਚੰਗੀ ਗੱਲ ਹੈ ਕਿ ਸਤਿਕਾਰ ਕਮੇਟੀ ਦੇ ਆਗੂ ਵੀਰ ਗੁਰੂ ਗ੍ਰੰਥ
ਸਾਹਿਬ ਜੀ ਦੇ ਸਤਿਕਾਰ ਲਈ ਉਪਰਾਲੇ ਕਰਦੇ ਹਨ । ਪਰ ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ
ਕਿਤੇ ਅਸੀਂ ਅਣਜਾਣੇ ਵਿੱਚ ਬ੍ਰਾਹਮਣਵਾਦੀ ਕਰਮਕਾਂਡਾਂ ਵਿੱਚ ਹੀ ਉਲਝ ਕੇ ਨਾ ਰਹਿ ਜਾਈਏ ।
ਜਿਵੇਂ ਕਿ ਅਖਬਾਰ ਵਿੱਚ ਲਿਖਿਆ ਹੈ ਕਿ ਫੁੱਲਾਂ ਨੂੰ ਜਲਪ੍ਰਵਾਹ
ਕਰਨ ਲਈ ਸਿੰਘ ਚੁੱਕ ਕੇ ਲੈ ਗਏ । ਫੁੱਲਾਂ ਨੂੰ ਜਲਪ੍ਰਵਾਹ ਕਰਨਾ ਕਿਹੜੀ ਗੁਰਮਤਿ ਹੈ ।
ਫਿਰ ਫੁੱਲ ਵੀ ਉਹ ਅਪਵਿੱਤਰ ਫੁੱਲ ਸਨ ਜਿਹਨਾਂ ਵਿੱਚੋਂ ਬੀੜੀਆਂ ਨਿਕਲੀਆਂ ਸਨ । ਫੁੱਲ
ਗੁਰਸਿੱਖ ਦੀ ਦੁਕਾਨ ਤੋਂ ਤਾਂ ਖਰੀਦੇ ਜਾ ਸਕਦੇ ਹਨ, ਪਰ ਇਹਨਾਂ ਦੀ ਖੇਤੀ ਤਾਂ ਕਿਤੇ ਹੋਰ
ਹੁੰਦੀ ਹੈ। ਉਹ ਖੇਤੀ ਕਰਨ ਵਾਲੇ ਬੀੜੀਆਂ ਪੀਣ ਵਾਲੇ ਵੀ ਹੋ ਸਕਦੇ ਹਨ। ਜੇ ਗੁਰਸਿੱਖ ਦੀ
ਦੁਕਾਨ ਤੇ ਆਏ ਫੁੱਲਾਂ ਵਿੱਚ ਵੀ ਬੀੜੀਆਂ ਆ ਜਾਣ ਤਾਂ ਫਿਰ ਕੀ ਮਹਿੰਗੇ ਭਾਅ ਦੇ ਖਰੀਦੇ
ਇਹਨਾਂ ਫੁੱਲਾਂ ਨੂੰ ਉਹ ਗੁਰਸਿੱਖ ਦੁਕਾਨਦਾਰ ਸੁੱਟ ਦੇਵੇਗਾ ਜਾਂ ਵਿੱਚੋਂ ਬੀੜੀਆਂ ਕੱਢ
ਕੇ ਅੱਗੇ ਵੇਚ ਦੇਵੇਗਾ ਜਾਂ ਕੀ ਅਜਿਹੇ ਫੁੱਲ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਵਰਸਾਉਣੇ
ਜਰੂਰੀ ਹਨ ?
ਮੂਰਤੀਆਂ ਨੂੰ ਫੁੱਲਾਂ ਦੇ ਹਾਰ ਪਾਉੇਣੇ ਜਾਂ ਮੂਰਤੀਆਂ ਉੱਪਰ ਫੁੱਲਾਂ
ਦੀ ਵਰਖਾ ਕਰਨੀ ਮੇਰੇ ਖਿਆਲ ਵਿੱਚ ਤਾਂ ਇਹ ਬ੍ਰਾਹਮਣਵਾਦੀ ਕਰਮਕਾਂਢ ਹੈ, ਜਿਸਨੂੰ ਅਸੀਂ
ਮੰਦਰਾਂ ਵਿੱਚੋਂ ਨਕਲ ਕਰਕੇ ਗੁਰੂ ਘਰਾਂ ਵਿੱਚ ਵਾੜ ਰਹੇ ਹਾਂ । ਹੋ ਸਕਦੈ ਮੈਂ ਗਲਤ ਹੋਵਾਂ
ਪਰ ਮੇਰੇ ਖਿਆਲ ਵਿੱਚ ਤਾਂ ਗੁਰਹੁਕਮਾਂ (ਗੁਰਬਾਣੀ) ਨੂੰ ਮੰਨਣਾ ਜਾਂ ਗੁਰਬਾਣੀ ਨੂੰ
ਪੜ੍ਹ-ਬੁੱਝ ਕੇ ਮਨ ਵਿੱਚ ਵਸਾਉਣਾ ਹੀ ਗੁਰੂ ਦਾ ਸਤਿਕਾਰ ਹੈ। ਜਿਵੇਂ ਕਿ ਗੁਰਵਾਕ ਹਨ :-
"ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ
ਵਸਾਵਣਿਆ ॥ (ਪੰਨਾ ਨੰ:127) ਅਤੇ, ਤੁਧਨੋ ਨਿਵਣੁ
ਮੰਨਣੁ ਤੇਰਾ ਨਾਉ ॥ (ਪੰਨਾ ਨੰ: 878)"
ਮੇਰਾ ਇੱਥੇ ਇਹ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਗ੍ਰੰਥ
ਸਾਹਿਬ ਜੀ ਦਾ ਬਾਹਰੀ ਸਤਿਕਾਰ ਨਹੀਂ ਕਰਨਾ । ਸਤਿਕਾਰ ਕਰਨਾ ਸਾਡਾ ਫਰਜ ਹੈ ਪਰ ਸਾਨੂੰ ਇਹ
ਵੀ ਸੋਚਣਾ ਚਾਹੀਦਾ ਹੈ ਕਿ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਮ ਹੇਠ
ਭਰਮ ਤਾਂ ਨਹੀਂ ਫੈਲਾ ਰਹੇ ? ਕਿਉਂਕਿ ਗੁਰਹੁਕਮਾਂ ਜਾਂ ਗੁਰਮਤਿ ਦੇ ਸਿਧਾਂਤਾਂ ਨੂੰ ਅੱਖੋਂ
ਓਹਲੇ ਕਰਕੇ ਕੀਤਾ ਸਤਿਕਾਰ, ਸਤਿਕਾਰ ਦੀ ਥਾਂ ਨਿਰਾਦਰ ਹੀ ਹੁੰਦਾ ਹੈ । ਬਾਹਰੀ ਸਤਿਕਾਰ/ਪੂਜਾ
ਸਬੰਧੀ ਗੁਰਬਾਣੀ ਦਾ ਹੁਕਮ ਹੈ ਕਿ ਗੋਬਿੰਦ ਦੀ ਪੂਜਾ ਸੁੱਚੇ ਫੁੱਲਾਂ, ਦੁੱਧ, ਪਾਣੀ, ਧੂਪ
ਆਦਿ ਨਾਲ ਨਹੀਂ ਹੋ ਸਕਦੀ ।
ਜਿਵੇਂ ਕਿ ਗੁਰਵਾਕ ਹੈ :-
"ਦੂਧੁ ਤ ਬਛਰੈ ਥਨਹੁ ਬਿਟਾਰਿਓ ॥
ਫੂਲੁ ਭਵਰਿ, ਜਲੁ ਮੀਨਿ ਬਿਗਾਰਿਓ॥1॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥ ਅਵਰੁ ਨ
ਫੂਲੁ ਅਨੂਪੁ ਨ ਪਾਵਉ॥1॥ਰਹਾਉ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ਬਿਖੁ ਅੰਮ੍ਰਿਤੁ ਬਸਹਿ
ਇਕ ਸੰਗਾ॥2॥ ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ ਦਾਸਾ॥3॥ ਤਨੁ ਮਨੁ
ਅਰਪਉ ਪੂਜ ਚਰਾਵਉ॥ਗੁਰੁ ਪਰਸਾਦਿ ਨਿਰੰਜਨੁ ਪਾਵਉ॥4॥ ਪੂਜਾ ਅਰਚਾ ਆਹਿ ਨ ਤੋਰੀ॥ਕਹਿ
ਰਵਿਦਾਸ ਕਵਨ ਗਤਿ ਮੋਰੀ ॥5॥1॥" (ਪੰਨਾ ਨੰ: 525)
ਅਰਥ :- ਦੁੱਧ ਤਾਂ ਥਣਾਂ ਤੋਂ
ਹੀ ਵੱਛੇ ਨੇ ਜੂਠਾ ਕਰ ਦਿੱਤਾ ਹੈ, ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖਰਾਬ
ਕਰ ਦਿੱਤਾ ਹੈ । (ਸੋ ਦੁੱਧ, ਫੁੱਲ, ਪਾਣੀ ਇਹ ਤਿੰਨੇ ਹੀ ਜੂਠੇ ਹੋ ਜਾਣ ਕਰਕੇ ਪ੍ਰਭੂ
ਅੱਗੇ ਭੇਟ ਕਰਨ ਜੋਗੇ ਨਾਹ ਰਹਿ ਗਏ) ।1। ਹੇ ਮਾਂ, ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ
ਕੋਈ ਚੀਜ ਲੈ ਕੇ ਭੇਟ ਕਰਾਂ ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ) ।
ਕੀ ਮੈਂ (ਇਸ ਘਾਟ ਕਰਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ ? ।1। ਰਹਾਉ।
ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ
ਹੈ), ਜਹਿਰ ਤੇ ਅੰਮ੍ਰਿਤ (ਭੀ ਸੰਮੁਦਰ ਵਿੱਚ) ਇਕੱਠੇ ਹੀ ਵਸਦੇ ਹਨ ।2। ਸੁਗੰਧੀਆਂ ਆ
ਜਾਣ ਕਰਕੇ ਧੂਪ ਦੀਪ ਤੇ ਨੈਵੇਦ ਭੀ (ਜੂਠੇ ਹੋ ਜਾਂਦੇ ਹਨ), (ਫਿਰ ਹੇ, ਪ੍ਰਭੂ ! ਜੇ ਤੇਰੀ
ਪੂਜਾ ਇਹਨਾਂ ਚੀਜਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜਾਂ ਤੇਰੇ ਅੱਗੇ ਰੱਖ
ਕੇ) ਤੇਰੇ ਭਗਤ ਕਿਸ ਤਰ੍ਹਾਂ ਪੂਜਾ ਕਰਨ ?।3। (ਹੇ ਪ੍ਰਭੁ !) ਮੈਂ ਆਪਣਾ ਤਨ ਤੇ ਮਨ
ਅਰਪਣ ਕਰਦਾ ਹਾਂ, ਤੇਰੀ ਪੂਜਾ ਵੱਜੋਂ ਭੇਟ ਕਰਦਾ ਹਾਂ, (ਇਸੇ ਭੇਟਾ ਨਾਲ ਹੀ) ਸਤਿਗੁਰ ਦੀ
ਮਿਹਰ ਦੀ ਬਰਕਤਿ ਨਾਲ ਤੈਨੂੰ ਮਾਇਆ-ਰਹਿਤ ਨੂੰ ਲੱਭ ਸਕਦਾ ਹਾਂ ।4। ਰਵਿਦਾਸ ਆਖਦਾ ਹੈ
(ਹੇ ਪ੍ਰਭੂ ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿਕ ਭੇਟਾ ਨਾਲ ਹੀ ਤੇਰੀ
ਪੂਜਾ ਹੋ ਸਕਦੀ ਤਾਂ ਕਿਤੇ ਵੀ ਇਹ ਸ਼ੈਆਂ ਸੁੱਚੀਆਂ ਨਾ ਮਿਲਣ ਕਰਕੇ) ਮੈਥੋਂ ਤੇਰੀ ਪੂਜਾ
ਤੇ ਤੇਰੀ ਭਗਤੀ ਹੋ ਹੀ ਨਾਂਹ ਸਕਦੀ, ਤਾਂ ਫਿਰ (ਹੇ ਪ੍ਰਭੂ !) ਮੇਰਾ ਕੀ ਹਾਲ ਹੁੰਦਾ ?
।5।1।
ਭਾਵ :- ਲੋਕ ਦੇਵੀ ਦੇਵਤਿਆਂ
ਦੀਆਂ ਮੂਰਤੀਆਂ ਨੂੰ ਆਪਣੇ ਵੱਲੋਂ ਸੁੱਚੇ ਜਲ, ਫੁੱਲ ਤੇ ਦੁੱਧ ਆਦਿਕ ਨਾਲ ਪ੍ਰਸੰਨ ਕਰਨ
ਦਾ ਜਤਨ ਕਰਦੇ ਹਨ । ਪਰ ਇਹ ਚੀਜਾਂ ਤਾਂ ਪਹਿਲਾਂ ਹੀ ਜੂਠੀਆਂ ਹੋ ਜਾਂਦੀਆਂ ਹਨ ।
ਪ੍ਰਮਾਤਮਾ ਅਜਿਹੀਆਂ ਚੀਜਾਂ ਦੀ ਭੇਟਾ ਨਾਲ ਖੁਸ਼ ਨਹੀਂ ਹੁੰਦਾ, ਉਹ ਤਾਂ ਤਨ, ਮਨ ਦੀ ਭੇਟ
ਮੰਗਦਾ ਹੈ । (ਪੋਥੀ ਚੌਥੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਪੰਨਾ ਨੰ: 175-176)
"ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ
ਜੀਉ ॥ ਜਿਸੁ ਪਾਹਨ ਕਉੇ ਪਾਤੀ ਤੋਰੈ, ਸੋ ਪਾਹਨ ਨਿਰਜੀਉ॥1॥ ਭੂਲੀ ਮਾਲਿਨੀ ਹੈ ਏਉ॥
ਸਤਿਗੁਰੁ ਜਾਗਤਾ ਹੈ ਦੇਉ॥1॥ਰਹਾਉ॥ ਬ੍ਰਹਮੁ ਪਾਤੀ, ਬਿਸਨੁ ਡਾਰੀ, ਫੂਲ ਸੰਕਰਦੇਉ॥
ਤੀਨਿ ਦੇਵ ਪ੍ਰਤਖਿ ਤੋਰਹਿ, ਕਰਹਿ ਕਿਸ ਕੀ ਸੇਉ ॥2॥ ਪਾਖਾਨ ਗਢਿ ਕੈ ਮੂਰਤਿ ਕੀਨੀ
ਦੇ ਕੈ ਛਾਤੀ ਪਾਉ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥3॥ ਭਾਤੁ ਪਹਿਤਿ
ਅਰੁ ਲਾਪਸੀ, ਕਰਕਰਾ ਕਾਸਾਰੁ ॥ ਭੋਗਨਹਾਰੇ ਭੋਗਿਆ, ਇਸੁ ਮੂਰਤਿ ਕੇ ਮੁਖ ਛਾਰੁ॥4॥
ਮਾਲਿਨਿ ਭੂਲੀ ਜਗੁ ਭੁਲਾਨਾ, ਹਮ ਭੁਲਾਨੇ ਨਾਹਿ॥ ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ
ਕਰਿ ਹਰਿ ਰਾਇ॥5॥1॥14॥ (ਪੰਨਾ ਨੰ: 479)
ਅਰਥ :- (ਮੂਰਤੀ ਅੱਗੇ ਭੇਂਟ
ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿੱਚ ਜਿੰਦ ਹੈ
। ਜਿਸ ਪੱਥਰ (ਦੀ ਮੂਰਤੀ) ਦੀ ਖਾਤਰ (ਮਾਲਣ) ਪੱਤਰ ਤੋੜਦੀ ਹੈ ਉਹ ਪੱਥਰ (ਦੀ ਮੂਰਤੀ)
ਨਿਰਜਿੰਦ ਹੈ।1। (ਇੱਕ ਨਿਰਜਿੰਦ ਮੂਰਤੀ ਦੀ ਸੇਵਾ ਕਰਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ
ਰਹੀ ਹੈ, (ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ ।1। ਰਹਾਉ । (ਹੇ
ਮਾਲਣ), ਪੱਤਰ ਬ੍ਰਹਮਾ ਰੂਪ ਹਨ, ਡਾਲੀ ਵਿਸ਼ਨੂੰ ਰੂਪ ਅਤੇ ਫੁੱਲ ਸ਼ਿਵ ਰੂਪ । ਇਹਨਾਂ ਤਿੰਨ
ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ਼ ਕਰ ਰਹੀ ਹੈਂ, (ਫਿਰ) ਸੇਵਾ ਕਿਸਦੀ ਕਰਦੀ
ਹੈਂ ॥2॥ (ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ
ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ। ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ
ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ ।3। ਭੱਤ, ਦਾਲ, ਲੱਪੀ ਅਤੇ ਮੁਰਕਣੀ
ਪੰਜੀਰੀ ਤਾਂ ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿੱਚ ਕੁੱਝ
ਭੀ ਨਹੀਂ ਪੈਂਦਾ । (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ ?) ।4। ਹੇ ਕਬੀਰ !
ਆਖ-ਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿੱਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ,
ਪਰ ਅਸਾਂ ਇਹ ਗਲਤੀ ਨਹੀਂ ਖਾਧੀ, ਕਿਉਂਕਿ ਪ੍ਰਮਾਤਮਾ ਨੇ ਆਪਣੀ ਮਿਹਰ ਕਰਕੇ ਸਾਨੂੰ ਇਸ
ਭੁਲੇਖੇ ਤੋਂ ਬਚਾ ਲਿਆ ਹੈ।
ਨੋਟ :- ਕੁੱਝ ਸੱਜਣ ਅੱਜ
ਕੱਲ੍ਹ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ
ਰੋਟੀ ਦਾ ਥਾਲ ਲਿਆ ਕੇ ਰੱਖਦੇ ਹਨ ਤੇ ਭੋਗ ਲਾਉਂਦੇ ਹਨ । ਕੀ ਇਸ ਤਰ੍ਹਾਂ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਨੂੰ ਮੂਰਤੀ ਦਾ ਦਰਜਾ ਦੇ ਕੇ ਨਿਰਾਦਰੀ ਨਹੀਂ ਕੀਤੀ ਜਾ ਰਹੀ ? ਪੰਥ
ਨੂੰ ਸੁਚੇਤ ਰਹਿਣ ਦੀ ਲੋੜ ਹੈ । (ਪੋਥੀ ਤੀਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੰਨਾ
ਨੰ: 718)
ਕੀ ਇਹ ਗੁਰਵਾਕ ਸਿਰਫ ਬ੍ਰਾਹਮਣ ਪੁਜਾਰੀਆਂ ਜਾਂ ਮਾਲਣ ਲਈ ਹੀ ਹਨ ?
ਕੀ ਇਹ ਸਾਡੇ ਲਈ ਨਹੀਂ ਹਨ ? ਗੁਰਬਾਣੀ ਦੀ ਸੇਧ ਤਾਂ ਸਮੁੱਚੀ ਮਨੁੱਖਤਾ ਲਈ ਹੈ। ਜਿਵੇਂ
ਕਿ ਗੁਰਵਾਕ ਹੈ:-"ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ (ਪੰਨਾ ਨੰ: 647)
ਅਰਥ :- ਮਹਾਂ ਪੁਰਖ ਕਿਸੇ ਦੇ
ਸਬੰਧ ਵਿੱਚ ਸਿੱਖਿਆ ਦਾ ਵਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ
ਹੈ ।
ਇਸ ਲਈ ਸਾਨੂੰ ਬਾਹਰੀ ਕਰਮ ਕਾਂਡਾਂ ਦੀ ਥਾਂ ਗੁਰਬਾਣੀ ਤੋਂ ਸੇਧ
ਲੈਣੀ ਚਾਹੀਦੀ ਹੈ । ਸਾਨੂੰ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹ ਕੇ ਸਮਝਣਾ ਚਾਹੀਦਾ ਹੈ ਕਿ
ਇਹ ਸ਼ਬਦ ਸਿਰਫ ਮਾਲਣ ਜਾਂ ਮੂਰਤੀਆਂ ਦੀ ਪੂਜਾ ਕਰਨ ਵਾਲਿਆਂ ਲਈ ਹੀ ਨਹੀਂ ਹਨ । ਜਿੰਨ੍ਹਾਂ
ਨੂੰ ਸੰਬੋਧਨ ਕਰਦਿਆਂ ਇਹ ਸ਼ਬਦ ਉਚਾਰਣ ਕੀਤੇ ਗਏ ਹਨ, ਇਹ ਉਨ੍ਹਾਂ ਲਈ ਵੀ ਅਤੇ ਸਾਡੇ (ਸਿੱਖਾਂ)
ਲਈ ਵੀ ਇਹਨਾਂ ਸ਼ਬਦਾਂ ਦੀ ਸਿੱਖਿਆ ਉਹੀ (ਇੱਕੋ) ਹੀ ਹੈ । ਗੁਰੂ ਗ੍ਰੰਥ ਸਾਹਿਬ ਜੀ ਉੱਪਰ
ਫੁੱਲ ਬਰਸਾਉਣੇ ਜਾਂ ਫੁੱਲ ਜਲਪ੍ਰਵਾਹ ਕਰਨੇ, ਗੁਰੂ ਗ੍ਰੰਥ ਸਾਹਿਬ ਜੀ ਲਈ ਏ.ਸੀ. ਆਦਿ
ਲਾਉਣੇ ਜਾਂ ਭੋਗ ਲਵਾਉਣੇ ਆਦਿ ਕਰਮਕਾਂਡ ਗੁਰਮਤਿ ਵਿਰੋਧੀ ਹਨ । ਇਹਨਾਂ ਨਾਲ ਮਨਮੱਤਾਂ ਹੀ
ਫੈਲਦੀਆਂ ਹਨ ।
ਸਾਨੂੰ ਅਜਿਹੇ ਵਿਖਾਵੇ ਦੇ ਕਰਮਕਾਂਡਾਂ ਤੋਂ ਸੁਚੇਤ ਰਹਿੰਦਿਆਂ
ਗੁਰਬਾਣੀ ਦੀ ਸੋਚ (ਸਿਧਾਂਤਾਂ) ਤੇ ਪਹਿਰਾ ਦੇਣਾ ਚਾਹੀਦਾ ਹੈ, ਇਸ ਵਿੱਚ ਹੀ ਗੁਰੂ ਦਾ
ਸਤਿਕਾਰ ਹੈ ।