ਸ਼ਾਡੇ
ਰੋਜ਼ ਦੇ ਜੀਵਨ ਵਿਚ ਕੁਝ ਐਸੇ ਸ਼ਬਦ ਵਰਤੋਂ ਵਿੱਚ ਆਉਦੇਂ ਹਨ ਜੋ ਸਾਡੇ ਵਾਸਤੇ ਬਿਲਕੁਲ
ਸਧਾਰਨ ਸ਼ਬਦ ਹੁੰਦੇ ਹਨ। ਪਰ ਕਦੇ ਅਸੀਂ ਉਹਨਾਂ ਦੀਆਂ ਪਰਤਾਂ ਨੂੰ ਖੋਲਨ ਦਾ ਜਤਨ ਹੀ ਨਹੀਂ
ਕੀਤਾ ਹੁੰਦਾ, ਕਿ ਇਹ ਸਾਦਾ ਜਿਹਾ ਸ਼ਬਦ ਹੋਰ ਅਪਣੇ ਵਿੱਚ ਕੀ ਕੁਝ ਸਮੋਈ ਬੈਠਾ ਹੈ। ਇਹ
ਤਾਂ ਸਾਡੀ ਅਪਣੀ ਰੁਚੀ ਦੀ ਗੱਲ ਹੈ। ਇਕ ਬੱਚਾ ਅਪਣੇ ਮਾਤਾ ਪਿਤਾ ਨੂੰ ਕਈ ਸਵਾਲ ਕਰਦਾ
ਰਹਿੰਦਾ ਹੈ, ਕਿੳਂਕਿ ਬੱਚੇ ਦੇ ਮਨ ਵਿੱਚ ਢੇਰ ਸਾਰੀ ਜਾਣਕਾਰੀ ਪ੍ਰਾਪਤ ਕਰਨ ਦੀ ਪ੍ਰਬਲ
ਇਛਾ ਹੁੰਦੀ ਹੈ, ਤੇ ਉਹ ਅਪਣੇ ਇਸ ਗਿਆਨ ਨੂੰ ਵਧਾਉਣ ਲਈ ਹਰ ਵਕਤ ਕੋਈ ਨਾ ਕੋਈ ਸਵਾਲ ਦਾ
ਉਤਰ ਜਾਣਨ ਦਾ ਚਾਹਵਾਨ ਰਹਿੰਦਾਂ ਹੈ। ਜੇ ਕਿਤੇ ਸਾਡੀ ਬਿਰਤੀ ਭੀ ਐਸੀ ਬਣ ਜਾਵੇ, ਤਾਂ ਅਸੀਂ
ਭੀ ਗੁਰਬਾਣੀ ਦੇ ਸ਼ਬਦ ਅਰਥਾਂ ਦੀ ਜਾਣਕਾਰੀ ਇਕ ਦੂਜੇ ਕੋਲੋ ਪੁਛ ਕੇ, ਵਧੇਰੀ ਇਕੱਤਰ ਕਰ
ਸਕਦੇ ਹਾਂ। ਪਰ ਇਸ ਸਭ ਕੁਝ ਲਈ ਗਿਆਨ ਦੀ ਭੁਖ ਲਗਨੀ ਜਰੂਰੀ ਹੈ।
ਅੱਜ ਦਾ ਸ਼ਬਦ ਹੈ “ਗਲੀ”।
ਗਲੀ ਸ਼ਬਦ ਨੂੰ ਜਦੋਂ ਅਸੀਂ ਬਿਲਕੁਲ ਸਾਦੀ ਨਿਗਾਹ ਨਾਲ ਵੇਖਦੇ ਹਾਂ,
ਤਾਂ ਇਸਦਾ ਇਹ ਰੂਪ ਵੇਖ ਕੇ ਸਾਡੇ ਮਨ ਵਿੱਚ ਜੋ ਇਸਦਾ ਅਰਥ ਬਣਦਾ ਹੈ-
ਰਸਤਾ (ਬੀਹੀ) ਜਾਂ ਫਿਰ ਦੂਸਰਾ ਅਰਥ ਅਸੀਂ ਕਰਾਂਗੇ “ਸੜੀ
ਹੋਈ ਵਸਤੂ” ਜਿਵੇਂ ਆਮ ਸ਼ਬਦ ਬੋਲਦੇ ਹਾਂ ਇਹ ਸਬਜ਼ੀ ਤਾਂ ਗਲੀ ਹੋਈ ਹੈ। ਜਖਮ ਨਾਲ
ਇਹ ਉਗੰਲ ਗਲੀ ਹੋਈ ਹੈ। ਇਕ ਹੋਰ ਅਰਥ “ਮੋਰੀ” ਜੋ
ਕਿਤੇ ਕਿਤੇ ਵਰਤਿਆ ਜਾਂਦਾ ਹੈ। ਇਸ ਘੜੇ ਨੂੰ ਗਲੀ ਹੋ ਗਈ ਹੈ ਸਾਰਾ ਪਾਣੀ ਇਸ ਮੋਰੀ ਰਾਹੀਂ
ਵੱਗ ਰਿਹਾ ਹੈ। ਇਹ ਤਿੰਨ ਅਰਥ ਬਹੁਤ ਹੀ ਮਸ਼ਹੂਰ ਇਸ ਸ਼ਬਦ ਦੇ ਵਰਤੇ ਜਾਂਦੇ ਹਨ।
ਜਦੋਂ ਗੁਰਬਾਣੀ ਵਿੱਚ ਇਸ ਸ਼ਬਦ ਦਾ ਪਾਠ ਪਠਨ ਕੀਤਾ ਜਾਦਾ ਹੈ ਤਾਂ
ਜੀਵ ਨਵੇਂ ਅਰਥ ਜਾਣ ਕੇ ਗਦ ਗਦ ਹੋ ਜਾਦਾ ਹੈ। ਗੁਰਬਾਣੀ ਅੰਦਰ ਇਸ ਸਬਦ ਦੇ ਦਰਸ਼ਨ ਆਪ ਜੀ
ਨੂੰ ਕਰਵਾਵਾਂ ਜੀਓ।
ਗੁਰਬਾਣੀ ਵਿੱਚ ਇਹ ਸ਼ਬਦ ਗੱਲਾਂ, ਰਸਤਾ ਅਤੇ ਗਲੇ (ਜਿਸ ਨੂੰ ਧੌਣ
ਕੀਹੰਦੇ ਹਨ) ਲਈ ਭੀ ਆਇਆ ਹੈ। ਗੱਲਾਂ ਵਾਸਤੇ ਇਹ ਸਬਦ 15 ਵਾਰ ਆਇਆ ਹੈ। ਰਸਤੇ ਜਾਂ ਗਲੀ
ਲਈ 6 ਵਾਰ ਆਇਆ ਹੈ ਅਤੇ ਗਲੇ ਵਾਸਤੇ 3 ਵਾਰ ਆਇਆ ਹੈ। ਜਿਨ੍ਹਾਂ ਦੇ ਅਸਥਾਨ ਅੱਗੇ ਸਾਂਝੇ
ਕੀਤੇ ਜਾ ਰਹੇ ਹਨ ਜੀ।
ਗੱਲਾਂ ਲਈ ਇਸ ਸਬਦ ਦਾ ਬਾਣੀ
ਅੰਦਰ ਸਥਾਨ।
(1) ਕਰਮ ਮਿਲੈ ਤ ਪਾਈਐ ਨਾਹੀ ਗਲੀ ਵਾਉ ਦੁਆਉ॥ਰਾਗ
ਸਿਰੀਰਾਗ,16 ਅੰਗ॥
(2) ਮਤਿ ਜਾਣ ਸਹਿ ਗਲੀ ਪਾਇਆ। ਸਿਰੀ ਰਾਗ ਮ:1॥24॥
(3) ਗਲੀ ਭਿਸਤਿ ਨ ਜਾਈਐ ਛੁਟੇ ਸਚੁ ਕਮਾਇ॥ ਮ:1॥ਵਾਰ ਸ੍ਰਿੀ ਰਾਗ॥141॥
(4) ਨਾਨਕ ਗਲੀ ਕੂੜਈ ਕੂੜੋ ਪਲੈ ਪਾਇ॥ ....
(5) ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ॥ ਵਾਰ ਸ੍ਰਿੀ ਰਾਗ ਅੰਗ 147॥
(6) ਕਰਿ ਪਟੰਬ ਗਲੀ ਮਨ ਲਾਵਸਿ ਸੰਸਾ ਮੂਲ ਨ ਜਾਇ॥...
(7) ਅਧ ਵਿੱਚ ਫਿਰੈ ਮਨਮੁਖ ਵਿਚਾਰਾ,ਗਲੀ ਕਿਉ ਸੁਖ ਪਾਵੈ॥ ਗਾਉੜੀ ਮ: 1॥156॥
(8) ਮੈ ਗੁਣ ਗਲਾ ਕੇ ਸਿਰਿ ਭਾਰ॥ ਗਲੀ ਗਲਾ ਸਿਰਜਹਾਰ॥
(9) ਗਲੀ ਗਰਬਹਿ ਮੁਖਿ ਗੋਵਹਿ ਗਿਆਨ॥ਆਸਾ ਮ:5॥351॥
(10) ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿੰਦ ਗਰਭਿ ਭਇਆ॥ ਮ: 1॥432 ਪੱਟੀ॥
(11) ਗਲੀ ਹਉ ਸੋਹਾਗਣਿ ਭੈਣੇ,ਕੰਤ ਨ ਕਬਹੂ ਮੈ ਮਿਲਿਆ॥ ....
(12) ਗਗੈ ਗੋਬਿੰਦ ਚਿਤਿ ਕਰਿ ਮੂੜੇ,ਗਲੀ ਕਿਨੈ ਨ ਪਾਇਆ॥ ਰਾਗ ਆਸਾਮ:3 ਪੱਟੀ॥
(13) ਗਿਆਨ ਨ ਗਲਈ ਢੂੰਢੰੀਐ ਕਥਨਾ ਕਰੜਾ ਸਾਰੁ॥ ਵਾਰ ਆਸਾ 475॥
(14) ਗਲੀ ਸੈਲ ਉਠਾਵਤ ਚਾਹੈ,ੳਇ ਊਹਾਂ ਹੀ ਹੈ ਧਰੈ॥ ਟੋਡੀ ਮ; 5॥714॥
(15) ਇਕਿ ਫਿਰਹਿ ਘਨੇਰੇ ਕਰਹਿ ਗਲਾਂ, ਗਲੀ ਕਿਨੈ ਨ ਪਾਇਆ॥ ਅਨੰਦ ਸਾਹਿਬ ਜੀ॥919॥
ਇਨ੍ਹਾਂ ਸਾਰੀਆਂ ਓਪਰੋਕਤ ਪੰਕਤੀਆਂ ਵਿੱਚ ਗਲੀ ਸ਼ਬਦ ਗਲਾਂ ਵਾਸਤੇ
ਵਰਤਿਆ ਗਿਆ ਹੈ।
ਅਗਲੀਆਂ ਸਤਰਾਂ ਵਿੱਚ ਜਿਥੇ ਭੀ ਇਹ ਸਬਦ ਆਇਆ ਹੈ ਉਹਨਾਂ ਦਾ ਭਾਵ
ਗਲ ਵਿਚ, ਭਾਵ ਧੌਣ ਵਿੱਚ
ਕੀਤਾ ਜਾਵੇਗਾ।
(ੳ) ਇਕਨਾ ਗਲੀ ਜੰਜੀਰੀਆਂ ਇਕਿ ਤੁਰੀ ਚੜਹਿ ਬਿਸੀਆਰੁ॥ ਆਸਾ
ਜੀ ਦੀ ਵਾਰ॥475॥
(ਅ) ਗਲੀ ਜਿਨਾ ਜਪਮਾਲੀਆ ਲੋਟੇ ਹੱਥ ਨਿਬੱਗ॥ ਭ:ਕਬੀਰ ਜੀ॥476॥ਆਸਾ॥
(ੲ) ਇਕਨਾ ਗਲੀ ਜੰਜੀਰ ਬੰਦ ਰਬਾਣੀਐ॥ ਅੰਗ 887}
ਹੁਣ ਉਹ ਸ਼ਬਦ ਜਿਨ੍ਹਾਂ ਦਾ ਅਰਥ ਰਸਤਾ
ਬਣਦਾ ਹੈ ਆਪ ਜੀ ਨਾਲ ਸਾਝਾਂ ਕਰਨ ਲਗਾ ਹਾਂ ਜੀ ਜੋ ਬਾਣੀ ਵਿਚ ਹੀ ਆਏ ਹਨ।
1) ਮੇਰੋ ਸੁੰਦਰ ਕਹਹੁ ਮਿਲੈ ਕਿਤੁ ਗਲੀ॥ ਦੇਵ ਗੰਧਾਰੀ 527॥
2) ਆਵਨ ਜਾਣ ਨ ਸੁਝਈ ਭੀੜੀ ਗਲੀ ਫਹੀ॥ ਰਾਮਕਲੀ ਕੀ ਵਾ:ਮ:3॥954॥
3) ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ॥ ਮਾਰੂ ਸੋ;ਮ;1॥1028॥
4) ਅਉਘਟ ਰੁਧੇ ਰਾਹ ਗਲੀਆ ਰੋਕੀਆ॥ ਅੰਗ 1288॥
5) ਫਰੀਦਾ ਗਲੀਏ ਚਿਕੜ ਦੂਰਿ ਘਰਿ ਨਾਲਿ ਪਿਆਰੇ ਨੇਹੁ॥ ਲੋਕ ਫਰੀਦ ਜੀ ॥
6) ਜਉ ਤਉ ਪ੍ਰੇਮ ਖੇਲਨ ਕਾ ਚਾਉ ॥ ਸਿਰਿ ਧਰਿ ਤਲੀ ਗਲੀ ਮੇਰੀ ਆਉ॥ ਅੰਗ 1412॥ਸਲੋਕ
ਮ:1॥
ਇਹ ਸਾਰੇ ਅਰਥ ਪੜ ਕੇ ਅਸੀ ਕਹਿ ਸਕਦੇ ਹਾਂ ਕਿ ਬਾਣੀ ਗਿਆਨ ਦਾ
ਅਸਗਾਹ ਸਮੁੰਦਰ ਹੈ, ਜਿਸਦਾ ਥਾਹ ਨਹੀਂ ਪਾਇਆ ਜਾ ਸਕਦਾ, ਪਰ ਵਿਚਾਰ ਨਾਲ ਪੱੜਨ ਵਾਲਾ
ਗਿਆਨਵਾਨ ਜਰੂਰ ਬਣ ਸਕਦਾ ਹੈ।
ਗੁਰੂ ਸਭ ਨੂੰ ਸੁਮਤ ਬਖਸ਼ਨ ਜੀ। ਆਪ ਜੀ ਅਪਣੇ ਵੀਚਾਰ ਭੀ ਦਸਣ ਦੀ
ਕਿਰਪਾ ਕਰਨੀ ਜੀ। ਬਹੁਤ ਧੰਨਵਾਦੀ ਹੋਵਾਂਗਾ ਜੀ।