ਸਿੱਖ
ਧਰਮ ਵਿਚ ਗੁਰਦੁਆਰੇ ਦੇ ਵਿੱਚ ਗ੍ਰੰਥੀ ਦੀ ਸੇਵਾ ਕਰਨ ਵਾਲੇ ਸੱਜਣ ਨੂੰ ਆਮ ਕਰਕੇ ਕਈ ਮੇਰੇ
ਵੀਰ ਸਤਿਕਾਰ ਦੇਣ ਲਈ "ਵਜ਼ੀਰ" ਦਾ ਰੁਤਬਾ ਦੇ ਕੇ
ਬੁਲਾਦੇਂ ਹਨ। ਕਿਸੇ ਨੂੰ ਅਦਬ ਦੇਣਾ ਜਾਂ ਸਤਿਕਾਰ ਦੇਣਾ ਬਹੁਤ ਚੰਗੀ ਗਲ ਹੈ। ਸਿੱਖ ਧਰਮ
ਹਰ ਇਕ ਦਾ ਅਦਬ ਕਰਨਾ ਤੇ ਪਿਆਰ ਦੇਣਾ ਸਿਖਾਉਂਦਾ ਹੈ। ਪਰ ਇੱਕ ਗਲ ਜਰੂਰ ਚੇਤੇ ਵਿਚ ਰਖਨੀ
ਚਾਹੀਦੀ ਹੈ ਕਿ ਇਕ ਦਾ ਸਤਿਕਾਰ ਕਰਦਿਆਂ ਕਿਤੇ ਅਸੀਂ ਦੁਸਰੇ ਦੀ ਨਿੰਦਾਂ ਤਾਂ ਨਹੀਂ ਕਰੀ
ਜਾ ਰਹੇ।ਇਸ ਗਲ ਦਾ ਸਾਨੂੰ ਜਰੂਰ ਧਿਆਨ ਰਖਨਾ ਪਵੇਗਾ । ਅੱਜ ਦਾ ਸ਼ਬਦ ਮੈਂ ਆਪ ਜੀ ਨਾਲ ਜੋ
ਸਾਂਝਾਂ ਕਰਨਾ ਚਾਹੁੰਦਾਂ ਹਾਂ, ਉਹ ਸ਼ਬਦ "ਵਜ਼ੀਰ" ਹੈ।
ਹੁਣ ਅਸਾਂ ਇਹ ਵਿਚਾਰਨਾਂ ਹੈ, ਕਿ "ਵਜ਼ੀਰ"
ਸ਼ਬਦ ਦੇ ਅਰਥ ਕੀ ਹਨ।
ਕਿਸੇ ਰਾਜੇ ਦੇ ਸਲਾਹਕਾਰ ਨੂੰ ਸਿਆਣੇ ਲੋਕ ਵਜੀਰ ਕਿਹਾ ਕਰਦੇ ਸਨ,
ਜੋ ਰਾਜੇ ਨੂੰ ਸਮੇਂ 2 ਸਲਾਹ ਮਸ਼ਵਰਾ ਦਿਆ ਕਰਦਾ ਸੀ, ਇਸ ਨੂੰ ਇਕ ਹੋਰ ਭੀ ਨਾਮ ਦਿਤਾ
ਜਾਂਦਾ ਸੀ ਉਹ ਨਾਮ ਮੰਤ੍ਰੀ ਸੀ। ਇਹ ਸਲਾਹ ਦੇਣ ਵਾਲੇ ਇਕ ਨਹੀਂ ਸਗੋਂ ਇਨ੍ਹਾਂ ਦੀ ਗਿਣਤੀ
ਚਾਰ ਜਾਂ ਪੰਜ ਭੀ ਹੋਇਆ ਕਰਦੀ ਸੀ। ਰਾਜਾ ਜਾਂ ਬਾਦਸ਼ਾਹ ਇਕ ਦੀ ਸਲਾਹ ਤੇ ਨਹੀਂ ਸੀ ਰਹਿੰਦਾਂ
ਬਹੁਤੇ ਮੰਤ੍ਰੀਆਂ ਦੀ ਸਲਾਹ ਲੈ ਕੇ ਹੀ ਕੋਈ ਫੈਸਲਾ ਕਰਿਆ ਕਰਦਾ ਸੀ। ਆਪ ਅਪਣਾ ਦਿਮਾਗ
ਘੱਟ ਹੀ ਵਰਤਦਾ ਸੀ। ਜਾਂ ਰਾਜੇ ਨੂੰ ਰਾਜ ਭਾਗ ਚਲਾਉਣ ਲਈ ਵਜੀਰਾਂ ਮੰਤ੍ਰੀਆਂ ਦੇ ਸਹਾਰੇ
ਦੀ ਲੋੜ ਸੀ। ਕਈਆਂ ਰਾਜਿਆਂ ਦੇ ਰਾਜ ਸਿਆਣੇ ਵਜੀਰਾਂ ਦੀ ਘਾਟ ਦਾ ਸਦਕਾ ਜਿਆਦਾ ਸਮਾਂ ਨਾ
ਚਲ ਸਕੇ। ਜਾਂ ਓਨ੍ਹਾਂ ਦੀ ਪਰਜਾ ਸੰਤੁਸ਼ਟੀ ਅਪਣੇ ਰਾਜੇ ਕੋਲੋ ਨਹੀਂ ਸੀ ਹੁੰਦੀ। ਇਸ ਲਈ
ਰਾਜ ਭਾਗ ਅੰਦਰ ਬਗਾਵਤਾਂ ਲੜਾਈ ਝਗੜੇ ਆਦਿ ਹੁੰਦੇ ਰਹਿੰਦੇ ਸਨ। ਇਸੇ ਲਈ ਰਾਜਿਆਂ ਨੂੰ
ਸਿਆਣੇ 2 ਵਜ਼ੀਰਾਂ ਦੀ ਲੋੜ ਪਈ ਹੀ ਰਹਿੰਦੀ ਸੀ। ਅਕਬਰ ਦੇ ਸਮੈਂ ਵਿਚ ਬੀਰਬਲ ਦਾ ਨਾਮ
ਜਹਾਂਗੀਰ ਸ਼ਾਹਜਹਾਂ ਦੇ ਵੇਲੇ ਵਜ਼ੀਰ, ਵਜ਼ੀਰਖਾਨ ਦਾ ਨਾਮ ਕਾਫੀ ਪ੍ਰਚਲਤ ਰਿਹਾ ਹੈ।
ਹੁਣ ਅਸੀਂ ਇਹ ਸੋਚੀਏ ਕਿ, ਕੀ ਸਾਡੇ
ਗੁਰੁ ਸਾਹਿਬਾਨਾਂ ਨੂੰ ਭੀ ਕਦੇ ਕਿਸੇ ਮਸ਼ਵਰੇ ਲਈ ਕਿਸੇ ਮੰਤ੍ਰੀ ਜਾਂ ਵਜ਼ੀਰ ਦੀ ਕਦੇ ਲੋੜ
ਪਈ ਹੈ? ਜਾਂ ਕਿਤੇ ਇਤਿਹਾਸ ਵਿਚ ਜਿਕਰ ਆਉਂਦਾ ਹੈ ਕਿ ਇਹ ਸਿੱਖ ਗੁਰੁ ਦੇ ਸਮੇਂ
ਸਮੇਂ ਵਜ਼ੀਰ ਜਾਂ ਮੰਤਰੀ ਰਹੇ ਹਨ? ਨਹੀਂ ਐਸਾ ਕਿਤੇ ਭੀ ਲਿਖਤ ਜਾਂ ਸੁਨਣ ਪੜ੍ਹਨ ਵਿਚ ਨਹੀਂ
ਆਉਂਦਾ।
ਜਦੋਂ ਅਸੀ ਪ੍ਰਮਾਤਮਾਂ ਬਾਰੇ ਬਾਣੀ ਵਿਚ ਇਹ ਪੜਦੇ ਹਾਂ, ਕਿ ਪ੍ਰਭੂ
ਦੇ ਕੰਮ ਅਪਣੇ ਕੰਮ ਹਨ, ਉਹ ਅਪਣੇ ਕੰਮਾਂ ਲਈ ਕਦੀ ਭੀ ਕਿਸੇ ਪਾਸੋਂ ਸਲਾਹ ਨਹੀਂ ਪੁਛਦਾ,
ਜੋ ਕੁਝ ਭੀ ਕਰਦਾ ਹੈ ਅਪਣੀ ਮਰਜੀ ਨਾਲ ਕਰਦਾ ਹੈ। ਪ੍ਰਮਾਣ ਹਾਜ਼ਰ ਹੈ:
ਬੀਓ ਪੂਛਿ ਨ ਮਸਲਤਿ ਧਰੈ। ਜੋ ਕਿਛੁ ਕਰੈ
ਸੁ ਆਪਹਿ ਕਰੈ। ਗੋਂਡ ਮ.5 (863)
ਅਤੇ ਇਹ ਭੀ ਪੜਦੇ ਹਾਂ ਕਿ ਉਹ ਮਾਲਕ ਭੀ ਆਪ ਹੀ ਹੈ ਤੇ ਵਜ਼ੀਰ ਭੀ
ਆਪ ਹੈ। ਇਸ ਸਬੰਧੀ ਇਹ ਪਾਵਨ ਪੰਗਤੀ ਸਭ ਨੂੰ ਚੇਤੇ ਹੋਵੇਗੀ।
ਆਪੇ ਸਾਹਿਬੁ ਆਪਿ ਵਜੀਰੁ॥ ਨਾਨਕ ਸੇਵਿ
ਸਦਾ ਹਰਿ ਗੁਣੀ ਗਹੀਰੁ॥.. ਗਾੳੜੀ ਮ:3॥
ਰਾਗ ਸੋਰਿਠ ਵਿਚ ਗੁਰੂ ਅਰਜਨ ਸਾਹਿਬ ਜੀ ਫੁਰਮਾਨ ਕਰਦੇ ਹਨ ਹੇ
ਪ੍ਰਭੂ ਤੂੰ ਅਪਣਾ ਆਪ ਹੀ ਸਲਾਹਕਾਰ ਹੈਂ। ਹਰੇਕ ਜੀਵ ਨੂੰ ਦਾਤਾ ਦੇਣ ਵਾਲਾ ਹੈਂ। ਤੂੰ ਆਪ
ਹੀ ਸਭ ਜੀਵਾਂ ਵਿਚ ਬੈਠਾ ਪਦਾਰਥਾ ਨੂੰ ਭੋਗਣ ਵਾਲਾ ਹੈ। ਇਸ ਜੀਵ ਦੀ ਕੋਈ ਪਾਇਆ ਨਹੀਂ।
ਪੰਨਾਂ 625 ਤੇ ਕਿਤਨਾ ਸੁੰਦਰ ਲਿਖਿਆ ਮਿਲਦਾ ਹੈ।
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭ ਕਿਛੁ
ਕਰਣੈਹਾਰਾ ॥
ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥
ਪਿਛੇ ਜਿਹੇ ਇਕ ਸਕੂਲ ਪੜ੍ਹਦੀ ਬਚੀ ਨੇ ਇਹ ਸਵਾਲ ਪੈਦਾ ਕੀਤਾ ਸੀ
ਕਿ ਮਹਾਤਮਾਂ ਗਂਾਧੀ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਕਦੋਂ ਦਿਤਾ ਗਿਆ, ਕਿਥੇ ਦਿਤਾ ਗਿਆ,
ਕਿਸ ਨੇ ਦਿਤਾ ਇਸਦਾ ਉਤਰ ਉਸ ਬਚੀ ਨੂੰ ਨਹੀਂ ਮਿਲ ਸਕਿਆ। ਜੇਕਰ ਸਾਨੂੰ ਸਿੱਖ ਧਰਮ ਨਾਲ
ਸਬੰਧ ਰਖਨ ਵਾਲਿਆਂ ਨੂੰ ਕੋਈ ਇਹ ਪੁਛੇ ਕਿ ਆਪ ਜੀ ਦੇਗੁਰੂ ਘਰ ਦੇ ਗ੍ਰੰਥੀ ਸਿਘ ਨੂੰ ਇਹ
ਵਜ਼ੀਰ ਵਾਲਾ ਲਕਬ ਕਿਸ ਨੇ, ਕਦੋਂ ਅਤੇ ਕਿਥੇ ਦਿਤਾ ਤਾਂ ਇਸ ਦਾ ਉਤਰ ਕੀ ਦੇ ਸਕਦੇ ਹਾਂ?
ਅਸਲ ਵਿਚ ਪ੍ਰਭੂ ਪ੍ਰਮਾਤਮਾ ਇੱਕ ਐਸੀ ਹਸਤੀ ਹੈ, ਜਿਸ ਨੂੰ ਕਿਸੇ
ਮੰਤ੍ਰੀ ਜਾਂ ਵਜ਼ੀਰ ਦੀ ਕੋਈ ਲੋੜ ਨਹੀਂ। ਅਸੀਂ ਸਾਰੇ ਗੁਰੂ ਦੇ ਸੇਵਾਦਾਰ ਹਾਂ, ਗ੍ਰੰਥੀ
ਹਾਂ ਪ੍ਰਚਾਰਕ ਜਾਂ ਰਾਗੀ ਕੀਰਤਨੀਏ ਹਾਂ। ਮੇਰਾ ਸਾਹਿਬ ਬਹੁਤ ਵਡਾ ਹੈ, ਜਿਸ ਦੀ ਵਡਿਤੱਨ
ਬਾਰੇ ਕੋਈ ਭੀ ਨਹੀਂ ਜਾਣ ਸਕਦਾ, ਉਸਦਾ ਵਜ਼ੀਰ ਕੌਣ ਬਣੇਗਾ। ਫਿਰ ਸਾਡੇ ਗੁਰੁ ਸ਼ਬਦ ਗੁਰੁ
ਗ੍ਰੰਥ ਸਾਹਿਬ ਜੀ ਹਨ ਜੋ ਉਸ ਨਿੰਰਕਾਰ ਦਾ ਹੀ ਰੂਪ ਹਨ ਤੇ ਬਾਣੀ ਭੀ ਇਹੋ ਹੀ ਕਹਿੰਦੀ ਹੈ
ਗੁਰੂ ਤੇ ਪ੍ਰਮੇਸ਼ਰ ਵਿਚ ਕੋਈ ਅੰਤਰ ਨਹੀਂ ਫਰਮਾਣ ਹੈ॥
ਗੁਰੁ ਪ੍ਰਮੇਸ਼ਰੁ ਏਕੋ ਜਾਣੁ॥ ਜੋ ਤਿਸੁ
ਭਾਵੈ ਸੋ ਪਰਵਾਣੁ॥ ਗੋਂਡ ਮ; 5 (864)
ਫਿਰ ਪ੍ਰਮੇਸ਼ਰ ਦਾ ਕੋਈ ਵਜ਼ੀਰ ਨਹੀਂ ਹੋ
ਸਕਦਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਭੀ ਕੋਈ ਵਜ਼ੀਰ ਨਹੀਂ ਹੋ ਸਕਦਾ। ਭਾਈ ਬਣੋ,
ਸੇਵਾਦਾਰ ਬਣੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
ਮਨ ਦੇ ਖਿਆਲ ਆਏ ਲਿਖ ਦਿਤੇ ਹਨ। ਭੁੱਲ ਚੁੱਕ ਖਿਮਾਂ ਕਰ ਦੇਣੀ ਅਪਣੀ
ਰਾਏ ਜਰੂਰ ਲਿਖਣੀ ਜੀ।