Share on Facebook

Main News Page

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ, ਸਿਰਫ਼ ਸਿੱਖਾਂ ਨੂੰ ਹੀ ਕਿਉਂ ਬਣਾਇਆ ਜਾਂਦੈ ਨਿਸ਼ਾਨਾ ?

* ਪਿਛਲੇ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ!!

ਕੋਟਕਪੂਰਾ, 7 ਸਤੰਬਰ (ਗੁਰਿੰਦਰ ਸਿੰਘ) :- ਸ੍ਰ. ਗੁਰਬਖਸ਼ ਸਿੰਘ ਕਾਲਾ-ਅਫਗਾਨਾ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ.ਦਰਸ਼ਨ ਸਿੰਘ ਖਾਲਸਾ, ਪ੍ਰੋ.ਇੰਦਰ ਸਿੰਘ ਘੱਗਾ, ਪ੍ਰੋ.ਸਰਬਜੀਤ ਸਿੰਘ ਧੂੰਦਾ ਆਦਿਕ ਪੰਥਕ ਵਿਦਵਾਨਾਂ ਨੂੰ ਗੁਰਮਤਿ ਸਿਧਾਂਤ ਸਮਝਾਉਣ ਲਈ ਕੀਤੇ ਪ੍ਰਵਚਨਾਂ ਜਾਂ ਲਿਖਤਾਂ ਦੇ ਬਦਲੇ ਜਾਂ ਤਾਂ ਅਕਾਲ ਤਖ਼ਤ ’ਤੇ ਤਲਬ ਕੀਤਾ ਜਾਂਦਾ ਹੈ, ਤੇ ਜਾਂ ਉਨਾਂ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਝੂਠਾ ਦੋਸ਼ ਲਾ ਕੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ।

ਇਹ ਹੈ ਸਾਡੇ ਦੇਸ਼ ਦਾ ਕਾਨੂੰਨ, ਜਿਸ ’ਚ ਸੱਚੀ ਗੱਲ ਕਹਿਣ ਵਾਲਿਆਂ ਨੂੰ ਜ਼ਲੀਲ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਜਾਂਦਾ ਤੇ ਦੂਜੇ ਪਾਸੇ ਝੂਠੀਆਂ ਕਹਾਣੀਆਂ, ਗੁੰਮਰਾਹਕੁੰਨ ਦਿਲਾਸੇ, ਕਰਮਕਾਂਡ, ਅੰਧਵਿਸ਼ਵਾਸ਼, ਵਹਿਮ-ਭਰਮ ਆਦਿਕ ਫੈਲਾਉਣ ਵਾਲਿਆਂ ਨੂੰ ਇਹ ਕਾਨੂੰਨ ਕੁਝ ਨਹੀਂ ਕਹਿੰਦਾ ਤੇ ਸਿੱਖਾਂ ਦੀਆਂ ਭਾਵਨਾਵਾਂ ਸ਼ਾਇਦ ਲੋਹੇ, ਪੱਥਰ ਜਾਂ ਕਿਸੇ ਹੋਰ ਸਖ਼ਤ ਚੀਜ਼ ਦੀਆਂ ਬਣੀਆਂ ਹਨ, ਜੋ ਭੜਕਦੀਆਂ ਹੀ ਨਹੀਂ। ਹਾਲ ਹੀ ’ਚ ਪ੍ਰੋ.ਇੰਦਰ ਸਿੰਘ ਘੱਗਾ ਖਿਲਾਫ ਦਰਜ ਹੋਇਆ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਵਾਲਾ ਮਾਮਲਾ ਵਿਚਾਰ-ਅਧੀਨ ਹੈ। ਭਾਵੇਂ ਪ੍ਰੋ. ਘੱਗਾ ਦੀ 3 ਸਾਲ ਪਹਿਲਾਂ ਛਪੀ ਪੁਸਤਕ ਤੋਂ ਇਲਾਵਾ ਉਕਤ ਰੱਖੜੀ ਸਬੰਧੀ ਲੇਖ ਵੱਖ-ਵੱਖ ਮੈਗਜ਼ੀਨਾਂ ਅਤੇ ਵੈਬਸਾਈਟਾਂ ’ਤੇ ਵੀ ਪ੍ਰਕਾਸ਼ਤ ਹੋ ਚੁੱਕਾ ਹੈ ਪਰ ਕੁਝ ਫਿਰਕਾਪ੍ਰਸਤ ਲੋਕ ਇਸਨੂੰ ਮੁੱਦਾ ਬਣਾ ਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ’ਚ ਹਨ। ਪਿਛਲੇ ਲੰਮੇ ਸਮੇਂ ਤੋਂ ਆਰ.ਐਸ.ਐਸ.ਸਮੇਤ ਹੋਰ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਅਰਥਾਤ ਕਿਤਾਬਾਂ ਤੇ ਰਸਾਲਿਆਂ ’ਚ ਸਿੱਖ ਇਤਿਹਾਸ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਕਿਸੇ ਖਿਲਾਫ ਵੀ ਅਜੇ ਤੱਕ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਨਹੀਂ ਹੋਇਆ।

ਪੰਥ ਵਿਰੋਧੀ ਤਾਕਤਾਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਲਈ ਯਤਨਸ਼ੀਲ ਹਨ। ਐਮ.ਬੀ.ਡੀ.ਵਾਲੇ ਬੜੀ ਦੇਰ ਤੋਂ ਆਪਣੀਆਂ ਪੁਸਤਕਾਂ ’ਚ ਬੱਚਿਆਂ ਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਬਾਰੇ ਗਲਤ ਤੇ ਚੁਟਕਲਿਆਂ ਵਰਗੀ ਜਾਣਕਾਰੀ ਦੇਣ ਦੇ ਯਤਨ ਕਰਦੇ ਆ ਰਹੇ ਹਨ। ਜਦੋਂ ਸਿੱਖ ਗੁੱਸਾ ਕਰਦੇ ਹਨ ਤਾਂ ਇਹ ਕਹਿ ਛੱਡਦੇ ਹਨ ਕਿ ਇਨਾਂ ਦੀ ਤਾਂ ਸਿੱਖਾਂ ਦਾ ਦਿਲ ਦੁਖਾਉਣ ਦੀ ਕੋਈ ਮਨਸ਼ਾ ਨਹੀਂ ਸੀ ਤੇ ਉਸ ਗਲਤੀ ਨੂੰ ਸੁਧਾਰ ਲਿਆ ਜਾਂਦਾ ਹੈ ਪਰ ਫਿਰ ਥੋੜੇ ਸਮੇਂ ਬਾਅਦ ਫਿਰ ਉਹੀ ਸ਼ੁਗਲ ਸ਼ੁਰੂ ਹੋ ਜਾਂਦਾ ਹੈ।

ਅੱਠਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਐਮ.ਬੀ.ਡੀ.ਪੁਸਤਕ ਵਾਲੇ ਲਿਖਦੇ ਹਨ ਕਿ ਜਦੋਂ ਦਿੱਲੀ ਵਿਖੇ ਗੁਰੂ ਜੀ ਦੇ ਪਹੁੰਚਣ ’ਤੇ ਔਰੰਗਜ਼ੇਬ ਨੇ ਉਨਾਂ ਦੇ ਦੋਵੇਂ ਹੱਥ ਫੜ ਕੇ ਉਨਾਂ ਨੂੰ ਪ੍ਰਸ਼ਨ ਕੀਤਾ ਕਿ ਜੇ ਮੈਂ ਤੇਰੇ ਚਪੇੜ ਮਾਰ ਦਿਆਂ ਤਾਂ ਤੂੰ ਕੀ ਕਰੇਗਾ? ਅੱਗੋਂ ਗੁਰੂ ਜੀ ਨੇ ਬਹੁਤ ਹੀ ਨਿਮਰਤਾ ਨਾਲ ਉੱਤਰ ਦਿੱਤਾ ਕਿ ਬਾਦਸ਼ਾਹ ਤੂੰ ਜਿਸ ਦਾ ਇਕ ਵੀ ਹੱਥ ਫੜ ਲਵੇਂ, ਉਸਨੂੰ ਤਾਂ ਕਿਸੇ ਕਿਸਮ ਦਾ ਡਰ ਨਹੀਂ ਰਹਿੰਦਾ, ਮੇਰੇ ਤਾਂ ਤੂੰ ਦੋਵੇ ਹੱਥ ਫੜ ਰੱਖੇ ਹਨ, ਫਿਰ ਭਲਾ ਮੈਨੂੰ ਕੀ ਖਤਰਾ ਹੋ ਸਕਦਾ ਹੈ? ਜਦੋਂਕਿ ਸਿੱਖ ਇਤਿਹਾਸ ਅਨੁਸਾਰ ਅੱਠਵੇਂ ਗੁਰੂ ਕਦੇ ਔਰੰਗਜ਼ੇਬ ਨੂੰ ਮਿਲੇ ਹੀ ਨਹੀਂ ਸਨ।

ਦਿੱਲੀ ਦੇ ਸਕੂਲਾਂ ’ਚ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੜਾਈ ਜਾਣ ਵਾਲੀ ਹਿੰਦੀ ਦੀ ਕਿਤਾਬ ’ਚ ਲਿਖਿਆ ਹੈ ਕਿ ਔਰੰਗਜ਼ੇਬ ਹਿੰਦੂਆਂ ਦਾ ਨਹੀਂ, ਬਲਕਿ ਸਿੱਖਾਂ ਦਾ ਧਰਮ ਪਰਿਵਰਤਨ ਕਰਾਉਣਾ ਚਾਹੁੰਦਾ ਸੀ, ਜਿਸ ਕਰਕੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ।

ਆਰ.ਐਸ.ਐਸ ਵੱਲੋਂ ਆਪਣੇ ਹਿੰਦੀ ਕਿਤਾਬਚਿਆਂ ’ਚ ਸਿੱਖ ਗੁਰੂਆਂ ਨੂੰ ਹਿੰਦੂ ਦਰਸਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਆਰ.ਐਸ.ਐਸ.ਦੇ ਰਸਾਲਿਆਂ ’ਚ ਅਕਸਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਸ਼ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਵ ਦੀ ਵੰਸ਼ ’ਚੋਂ ਦੱਸਿਆ ਜਾਂਦਾ ਹੈ।

ਖਾਲਸਾ ਸਿਰਜਣ ਦਿਵਸ ਦੀ ਤੀਜੀ ਸ਼ਤਾਬਦੀ ਮੌਕੇ 1999 ’ਚ ਆਰ.ਐਸ.ਐਸ.ਵੱਲੋਂ ਲੱਖਾਂ ਦੀ ਗਿਣਤੀ ’ਚ ਅਜਿਹੇ ਕੈਲੰਡਰ ਵੰਡੇ ਗਏ, ਜਿਨਾਂ ਉੱਪਰ ਰਾਮ ਤੇ ਗੁਰੂ ਨਾਨਕ ਵੱਲੋਂ ਨੀਹਾਂ ’ਚ ਖੜੇ ਸਾਹਿਬਜ਼ਾਦਿਆਂ ਨੂੰ ਅਸ਼ੀਰਵਾਦ ਦਿੰਦਾ ਦਿਖਾਇਆ ਗਿਆ ਹੈ।

ਇਸ ਤੋਂ ਇਲਾਵਾ ਦਸਾਂ ਗੁਰੂਆਂ ਨੂੰ ਗਊ ਪੂਜਕ ਦਰਸਾਉਣ ਵਾਲੇ ਇਸ਼ਤਿਹਾਰ ਤੇ ਪਰਚੇ ਵੀ ਵੰਡੇ ਗਏ। ਇਸ ਕੱਟੜ ਜੱਥੇਬੰਦੀ ਦੇ ਰਸਾਲਿਆਂ ਵਿਚ ਦਸਾਂ ਗੁਰੂਆਂ ਦੀਆਂ ਤਸਵੀਰਾਂ ਦੇ ਵਿਚਕਾਰ ਦੀ ਬਜਾਇ ਓਮ ਸ਼ਬਦ ਉੱਕਰਿਆ ਹੁੰਦਾ ਹੈ।

ਇਕ ਰਸਾਲੇ ’ਚ ਪ੍ਰਿਥੀਪਾਲ ਸਿੰਘ ਕਪੂਰ ਵੱਲੋਂ ਇਤਿਹਾਸ ਨੂੰ ਵਿਗਾੜਨ ਵਾਲੇ ਲੇਖ ਦਾ ਟਾਈਟਲ "ਸ਼੍ਰੀ ਗੁਰੂ ਮਤੀ ਦਾ ਸ਼ਰਮਾ" ਲਿਖਿਆ ਗਿਆ ਹੈ।

ਆਰ.ਐਸ.ਐਸ.ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੱਟੜ ਹਿੰਦੂ ਦਰਸਾਉਣ ਵਾਲੀ ਪੁਸਤਕ ਵੀ ਵੱਡੀ ਤਦਾਦ ’ਚ ਵੇਚੀ ਗਈ। ਖਾਲਸੇ ਦੀ ਤੀਜੀ ਸ਼ਤਾਬਦੀ ਮੌਕੇ ਆਰ.ਐਸ.ਐਸ.ਨੇ. ਖਾਲਸਾ ਸਿਰਜਣਾ 300 ਸਾਲਾ ਸਮਾਰੋਹ ਸਮਿਤੀ, ਪੰਜਾਬ ਬਣਾ ਕੇ ਆਪਣੇ ਵੱਲੋਂ ਖੂਬ ਕਿਤਾਬਾਂ ਤੇ ਪਰਚੇ ਵੰਡੇ। ਉਸ ਸਮੇਂ ਆਰ.ਐਸ.ਐਸ.ਦੇ ਵਰਕਰਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਨਾਲ ਸਬੰਧਤ ਪ੍ਰਸ਼ਨ-ਉੱਤਰ ਵਾਲੀ ਪ੍ਰੀਖਿਆ ਪੰਜਾਬ ਭਰ ਦੇ ਸਕੂਲਾਂ ’ਚ ਲਈ, ਜਿਸ ’ਚ 100 ਪ੍ਰਸ਼ਨਾਂ ਦੇ ਉੱਤਰਾਂ ਵਿਚੋਂ ਕੁਝ ਕੁ ਸਵਾਲ-ਜਵਾਬ ਅਜਿਹੇ ਸਨ, ਜੋ ਸਿੱਖ ਇਤਿਹਾਸ ਨੂੰ ਪੂਰੀ ਤਰਾਂ ਝੁਠਲਾਉਣ ’ਚ ਸਹਾਈ ਹੋ ਰਹੇ ਸਨ, ਪਰ ਕਿਸੇ ਵੀ ਸਕੂਲ ਪ੍ਰਬੰਧਕ ਜਾਂ ਸਿੱਖ ਜੱਥੇਬੰਦੀ ਨੇ ਇਸਦੀ ਵਿਰੋਧਤਾ ਕਰਨ ਦੀ ਜੁਰਅੱਤ ਨਾ ਦਿਖਾਈ।

ਸਿੱਖ ਕੌਮ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਨੂੰ ਵੀਰ ਬੰਦਾ ਬੈਰਾਗੀ ਦਰਸਾਉਣ ਲਈ ਆਰ.ਐਸ.ਐਸ.ਦੇ ਇਕ ਮੈਗਜ਼ੀਨ ’ਚ ਸੁਖਪ੍ਰੀਤ ਸਿੰਘ ਰੰਧਾਵਾ ਦਾ ਲੇਖ ਦੇਖੋ। ਭਾਸ਼ਾ ਵਿਭਾਗ ਦੀਆਂ ਪੁਸਤਕਾਂ ’ਚ ਸਿੱਖ ਗੁਰੂਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਦਾ ਸਮੇਂ-ਸਮੇਂ ਵਿਰੋਧ ਹੋਇਆ ਪਰ ਅਪਮਾਨਜਨਕ ਟਿੱਪਣੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ ਤੇ ਕਿਸੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ’ਚ ਮਾਮਲਾ ਦਰਜ ਨਹੀਂ ਹੋਇਆ।

ਆਰ.ਐਸ.ਐਸ.ਦੇ ਇਕ ਮੈਗਜ਼ੀਨ ਰਵਾਨੀ ਦੇ ਪਹਿਲੇ ਪੰਨੇ ’ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਹੈ ਤੇ ਇਸ ਮੈਗਜ਼ੀਨ ’ਚ ਪ੍ਰੇਰਕ ਪ੍ਰਸੰਗ ਵਜੋਂ ਆਰ.ਐਸ.ਐਸ.ਦੱਸਦੀ ਹੈ ਕਿ ਅਬਦਾਲੀ ਵੱਲੋਂ ਦਰਬਾਰ ਸਾਹਿਬ ਢਾਹ ਦਿੱਤੇ ਜਾਣ ਤੋਂ ਬਾਅਦ ਜਦੋਂ ਇਸ ਦੀ ਮੁੜ ਉਸਾਰੀ ਹੋ ਗਈ, ਤਾਂ ਗੁਰੂ ਘਰ ਦੀ ਸੇਵਾ ਸੰਭਾਲ ਲਈ ਕਿਸੇ ਯੋਗ ਸੇਵਾਦਾਰ ਦੀ ਭਾਲ ਹੋਣ ਲੱਗੀ। ਕਈ ਵਿਅਕਤੀਆਂ ਨੂੰ ਪਰਖਿਆ ਗਿਆ, ਪਰ ਸਿਰਫ ਭਾਈ ਚੰਚਲ ਸਿੰਘ ਨਾਂਅ ਦਾ ਇਕ ਸਿੱਖ ਹੀ ਯੋਗ ਸਾਬਤ ਹੋਇਆ। ਭਾਈ ਚੰਚਲ ਸਿੰਘ ਜੀ ਕਿੱਤੇ ਵਜੋਂ ਨਾਈ ਸਨ। ਉਨਾਂ ਨੂੰ ਗੁਰਬਾਣੀ ਪੜਨ ਦਾ ਚੰਗਾ ਅਭਿਆਸ ਸੀ ਤੇ ਕਾਫੀ ਵਿਦਵਾਨ ਵੀ ਸਨ। ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਬਣਨ ਤੋਂ ਬਾਅਦ ਵੀ ਉਨਾਂ ਆਪਣਾ ਇਹ ਕੰਮ ਨਾ ਛੱਡਿਆ। ਸਾਬਤ-ਸੂਰਤ ਦਸਤਾਰ ਸਿਰਾ ਕਹਿਣ ਵਾਲੇ ਮੁੱਖ ਗ੍ਰੰਥੀ ਤੋਂ ਆਰ.ਐਸ.ਐਸ.ਵੱਲੋਂ ਨਾਈਪੁਣੇ ਦਾ ਕੰਮ ਕਰਾਉਣ ਵਾਲੀਆਂ ਗੱਲਾਂ ਉਸਦੇ ਰਸਾਲਿਆਂ ’ਚ ਲਿਖਣੀਆਂ ਕਿਥੋਂ ਤੱਕ ਠੀਕ ਹਨ? ਆਰ.ਐਸ.ਐਸ.ਵੱਲੋਂ ਸਿੱਖਾਂ ਦੇ ਮੂੰਹੋਂ ਖੁਦ ਨੂੰ ਹਿੰਦੂ ਅਖਵਾਉਣ ਦੀਆਂ ਗੱਲਾਂ ਇਕ ਤਸਵੀਰ ’ਚ ਡਾ. ਕਰਮ ਸਿੰਘ ਨਾਂਅ ਦਾ ਸਿੱਖ ਸ਼ਕਲ ਵਾਲਾ ਵਿਅਕਤੀ ਲੇਖ ਲਿਖ ਰਿਹਾ ਹੈ ਕਿ "ਗਰਵ ਸੇ ਕਹਿਤਾ ਹੂੰ ਕਿ ਮੈਂ ਹਿੰਦੂ ਹੂੰ"।

ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਆਰ.ਐਸ.ਐਸ.ਦੇ ਇਕ ਮੈਗਜ਼ੀਨ ’ਚ ਲਿਖਿਐ ਕਿ "ਹਿੰਦੂ ਹੀ ਸਨ ਪੰਜ ਪਿਆਰੇ"।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਮੌਕੇ ਇਕ ਰਸਾਲੇ ’ਚ ਸ਼੍ਰੀ ਗੁਰੂ ਨਾਨਕ ਦੇਵ ਜੀ-ਇਕ ਰਾਸ਼ਟਰਵਾਦੀ ਸੰਤ ਸਨ ਦਾ ਲੇਖ ਲਿਖਿਆ ਗਿਆ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ’ਚ ਸਿੱਖ ਇਤਿਹਾਸ ਨਾਂਅ ਦੀ ਅਜਿਹੀ ਪੁਸਤਕ ਪ੍ਰਕਾਸ਼ਤ ਕੀਤੀ ਗਈ, ਜੋ ਆਰ.ਐਸ.ਐਸ.ਦੇ ਮੁੱਖ ਦਫ਼ਤਰ ਨਾਗਪੁਰ ਤੋਂ ਲੱਖਾਂ ਦੀ ਗਿਣਤੀ ’ਚ ਪੰਜਾਬ ਤੋਂ ਬਿਨਾਂ ਹੋਰ ਸਾਰੇ ਰਾਜਾਂ ’ਚ ਮੁਫ਼ਤ ਦੇ ਭਾਅ ਪਹੁੰਚਾਈ ਗਈ।

ਉਕਤ ਪੁਸਤਕ ’ਚ ਸਿੱਖ ਗੁਰੂਆਂ ਬਾਰੇ ਅਪਮਾਨਜਨਕ ਸ਼ਬਦਾਵਲੀ ਲਿਖਣ ਦੇ ਨਾਲ-ਨਾਲ ਸਿੱਖ ਇਤਿਹਾਸ ਨੂੰ ਗੰਧਲਾ ਤੇ ਕਲੰਕਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਪੁਸਤਕ ’ਚ ਸਿੱਖ ਗੁਰੂਆਂ ਬਾਰੇ ਐਨੀ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ, ਜਿਸ ਨੂੰ ਦੁਹਰਾਉਣਾ ਵੀ ਬੜਾ ਮੁਸ਼ਕਲ ਜਾਪਦਾ ਹੈ।

ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜੱਥੇਦਾਰ ਜੋਗਿੰਦਰ ਸਿੰਘ ਵੇਂਦਾਤੀ ਵੱਲੋਂ ਰਿਲੀਜ਼ ਕੀਤੀ ਗਈ ਪੁਸਤਕ ‘ਗੁਰਬਿਲਾਸ ਪਾਤਸ਼ਾਹੀਂ ਛੇਵੀਂ’ ਵੀ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਦੇ ਨਾਲ-ਨਾਲ ਸਿੱਖ ਗੁਰੂਆਂ ਦਾ ਕਿਰਦਾਰ ਵੀ ਸ਼ੱਕੀ ਕਰਦੀ ਹੈ। ਪੰਥ ਦਰਦੀਆਂ ਤੇ ਸਿੱਖ ਚਿੰਤਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਸਿੱਖ ਇਤਿਹਾਸ ਕਿਤਾਬ ਜਾਂ ਗੁਰਬਿਲਾਸ ਪਾਤਸ਼ਾਹੀਂ ਛੇਵੀਂ ਨੂੰ ਪ੍ਰਕਾਸ਼ਿਤ ਕਰਨ ਵਾਲਿਆਂ ਖਿਲਾਫ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਾਮਲਾ ਦਰਜ ਨਾ ਹੋਇਆ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀਂ ਦਸਵੀਂ ਜਿਨਾਂ ਨੂੰ ਅਸੀਂ ਸਰਬੰਸਦਾਨੀ ਕਹਿ ਕੇ ਮਾਣ ਕਰਦੇ ਹਾਂ ਉਸ ਮਨੁੱਖਤਾ ਪਿੱਛੇ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਕਿਰਦਾਰ ਸ਼ੱਕੀ ਕਰਨ ’ਚ ਵੀ ਦੁਸ਼ਮਣਾਂ ਤਾਕਤਾਂ ਨੇ ਕੋਈ ਕਸਰ ਨਹੀਂ ਛੱਡੀ। ਉਕਤ ਪੀੜਾ ਉਸ ਸਮੇਂ ਅਸਹਿ ਹੋ ਜਾਂਦੀ ਹੈ, ਜਦੋਂ ਗੁਰੂ ਜੀ ਦਾ ਜੀਵਨ ਸ਼ੱਕੀ ਕਰਨ ਵਾਲੀਆਂ ਦੁਸ਼ਮਣ ਤਾਕਤਾਂ ਦਾ ਸਾਥ ਸਾਡੇ ਪੰਜਾਂ ਤਖ਼ਤਾਂ ਦੇ ਜੱਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਦਿੰਦੀ ਹੈ। ਇਸ ਬਾਰੇ ਸਾਰੀ ਕੌਮ ਭਲੀ-ਭਾਂਤ ਜਾਣੂ ਹੈ ਕਿ ਉਦਾਸੀ ਸੰਪਰਦਾ ਦੇ ਡੇਰੇਦਾਰਾਂ, ਨਿਰਮਲੇ, ਨਾਨਕਸਰੀਏ ਸਮੇਤ ਕਈ ਦਰਜਨਾਂ ਅਜਿਹੀਆਂ ਵੱਖ-ਵੱਖ ਜੱਥੇਬੰਦੀਆਂ ਹੋਂਦ ’ਚ ਆਈਆਂ ਹਨ, ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਤੋਂ ਇਨਕਾਰੀ ਹਨ।

1. ਪੰਥਕ ਵਿਦਵਾਨ ਤੇਜ਼ਾ ਸਿੰਘ ਭਸੌੜ ਵਾਲਿਆਂ ਨੂੰ 1928 ’ਚ ਇਹ ਦੋਸ਼ ਲਾ ਕੇ ਪੰਥ ’ਚੋਂ ਛੇਕ ਦਿੱਤਾ ਗਿਆ ਕਿ ਉਸਨੇ ਦੂਜਾ ਵਿਆਹ ਕਿਉਂ ਕਰਵਾਇਆ, ਜਦਕਿ ਉਸਨੂੰ ਛੇਕਣ ਵਾਲੇ ਪਟਿਆਲੇ ਦੇ ਰਾਜੇ ਦੀਆਂ 365 ਰਾਣੀਆਂ ਸਨ। ਅਸਲ ’ਚ ਉਕਤ ਵਿਦਵਾਨ ਨੇ ਕੁਝ ਅਖੌਤੀ ਸਾਧਾਂ-ਸੰਤਾਂ ਦੇ ਪਰਦੇਫਾਸ਼ ਵੀ ਕੀਤੇ ਸਨ।

2. ਪੰਥਕ ਵਿਦਵਾਨ ਤੇ ਸਿੱਖ ਚਿੰਤਕ ਗਿਆਨੀ ਭਾਗ ਸਿੰਘ ਅੰਬਾਲਾ ਨੂੰ 1970 ’ਚ ‘ਦਸਮ ਗੰ੍ਰਥ ਨਿਰਣੈ’ ਪੁਸਤਕ ਲਿਖਣ ਦੇ ਦੋਸ਼ ’ਚ ਪੰਥ ’ਚੋਂ ਛੇਕਿਆ ਗਿਆ।

3. ਭਾਈ ਕਾਹਨ ਸਿੰਘ ਨਾਭਾ ਨੂੰ ‘ਹਮ ਹਿੰਦੂ ਨਹੀਂ’ ਪੁਸਤਕ ਲਿਖਣ ਦੇ ਦੋਸ਼ ’ਚ ਲੰਮਾ ਸਮਾਂ ਲੁਕ-ਲੁਕ ਕੇ ਜੀਵਨ ਬਤੀਤ ਕਰਨਾ ਪਿਆ।

4. ਗਿਆਨੀ ਦਿੱਤ ਸਿੰਘ ਤੇ ਪ੍ਰੋ.ਗੁਰਮੁੱਖ ਸਿੰਘ ਨੂੰ ਵੀ ਸੰਗਤਾਂ ਨੂੰ ਜਾਗਰੂਕ ਕਰਨ ਦੇ ਦੋਸ਼ ਹੇਠ ਪੰਥ ’ਚੋਂ ਛੇਕਿਆ ਗਿਆ।

5. ਹੁਣ ਤੱਕ ਵੀ ਅਖੌਤੀ ਜੱਥੇਦਾਰਾਂ ਵੱਲੋਂ ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਨੂੰ ਪੰਥ ’ਚੋਂ ਛੇਕਣ ਅਤੇ ਜਲੀਲ ਕਰਨ ਦਾ ਸਿਲਸਿਲਾ ਜਾਰੀ ਹੈ।

ਆਪਣੇ ਰਸਾਲਿਆਂ ’ਚ ਆਰ.ਐਸ.ਐਸ.ਵੱਲੋਂ ਭਾਈ ਮਤੀ ਦਾਸ ਨੂੰ ਸ਼੍ਰੀ ਗੁਰੂ ਮਤੀ ਦਾਸ ਸ਼ਰਮਾ ਲਿਖਣਾ, ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਸਾਬਤ ਕਰਨਾ, ਸਿੱਖਾਂ ਦੇ ਦਿਲ ਦੁਖਾਉਣ ਲਈ ਕਲਮਾਂ ਦੀ ਵਰਤੋਂ ਤੇਜ਼, ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਸਵਾਲ/ਜਵਾਬ, ਐਡਵੋਕੇਟ ਮਲਕੀਤ ਸਿੰਘ ਰਾਹੀਂ ਵੱਲੋਂ ਵਿਗਾੜੇ ਜਾ ਰਹੇ ਸਿੱਖ ਇਤਿਹਾਸ ਦੀ ਕਹਾਣੀ ਦਰਸਾਉਂਦੀ ਕਿਤਾਬ ਲਿਖਣਾ, ਆਰ.ਐਸ.ਐਸ.ਦੇ ਪੰਜਾਬ ’ਚ 35 ਹਿੰਦੀ, ਪੰਜਾਬੀ ਮਾਸਿਕ ਮੈਗਜ਼ੀਨਾਂ ’ਚ ਹਰ ਮਹੀਨੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼, ਸਰਵ ਸਿੱਖਿਆ ਅਭਿਆਨ ਦੀ ਪ੍ਰਾਇਮਰੀ ਦੇ ਬੱਚਿਆਂ ਨੂੰ ਪੜ•ਾਈ ਜਾਣ ਵਾਲੀ ਪੁਸਤਕ ਬਾਲੂ ਦੇ ਵਾਲ, ਗੁਰਦਵਾਰਿਆਂ ’ਚ ਹਵਨ ਜਾਂ ਜਗਰਾਤੇ ਅਤੇ ਮੰਦਰਾਂ ’ਚ ਅਖੰਡ ਪਾਠ ਕਰਨ ਦੀਆਂ ਗੱਲਾਂ। ਆਰ.ਐਸ.ਐਸ.ਵੱਲੋਂ ਛਾਪੇ ਜਾਂਦੇ ਲਿਟਰੇਚਰ ਅਤੇ ਆਰ.ਐਸ.ਐਸ.ਦੀ ਵੈਬਸਾਈਟ ਰਾਹੀਂ ਉਹ ਖੁਦ ਮੰਨਦੀ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਵੱਡੀ ਜੱਥੇਬੰਦੀ ਹੈ ਤੇ 125 ਸੰਸਥਾਵਾਂ ਦੀ ਉਹ ਅਗਵਾਈ ਕਰਦੀ ਹੈ। ਸਿੱਖਾਂ ਦੀ ਇਕ ਵੀ ਸੰਸਥਾ ਇਕਮੱਤ ਨਹੀਂ। ਜੇਕਰ ਕੋਈ ਸੰਸਥਾ ਮਾਣਮੱਤਾ ਜਾਂ ਜ਼ਿਕਰਯੋਗ ਕੰਮ ਕਰਨ ਲੱਗਦੀ ਹੈ ਤਾਂ ਦੁਸ਼ਮਣ ਤਾਕਤਾਂ ਦੀ ਘੁਸਪੈਠ ਤੁਰਤ ਉਸਨੂੰ ਦੋ ਫਾੜ ਕਰ ਦਿੰਦੀ ਹੈ।

ਆਰ.ਐਸ.ਐਸ.ਦੇ ਰਵਾਨੀ ਮੈਗਜ਼ੀਨ ’ਚ ਆਰ.ਐਸ.ਐਸ.ਵੱਲੋਂ ਗੁਪਤ ਹਦਾਇਤਾਂ ਦਾ ਵਰਨਣ ਕੀਤਾ ਗਿਆ ਹੈ। ਜਿਸ ’ਚ ਹਰ ਇਤਿਹਾਸਕ ਗੁਰਦਵਾਰਿਆਂ ਦੇ ਨਾਲ-ਨਾਲ ਹਿੰਦੂ ਮੂਰਤੀਆਂ ਸਥਾਪਤ ਕਰਨ ਸਮੇਤ ਘੱਟ ਗਿਣਤੀਆਂ ਖਿਲਾਫ ਜ਼ਹਿਰ ਭਰਨ ਦਾ ਜ਼ਿਕਰ ਹੈ। ਆਰ.ਐਸ.ਐਸ.ਦੀ ਅਗਵਾਈ ਵਾਲੀ ਇਕ ਸੰਸਥਾ ਸਰਵ ਹਿੱਤਕਾਰੀ ਸਭਾ ਵੱਲੋਂ ਲੱਖਾਂ ਦੀ ਗਿਣਤੀ ’ਚ ਪੋਸਟਰ ਛਾਪ ਕੇ ਵੰਡੇ ਜਾ ਰਹੇ ਹਨ, ਜਿਸ ’ਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੂੰ ਗਊ ਰੱਖਿਅਕ, ਛੋਟੇ ਸ਼ਾਹਿਬਜ਼ਾਦਿਆਂ ਨੂੰ ਲਵ-ਕੁਸ਼ ਤੋਂ ਅਸ਼ੀਰਵਾਦ ਦਿਵਾਉਣ ਆਦਿ ਦੀਆਂ ਤਸਵੀਰਾਂ ਹਨ। ਐਨ.ਸੀ.ਈ.ਆਰ.ਟੀ. ਦੀ ਕਿਤਾਬ ’ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਿਆਰਥੀਆਂ ਨੂੰ ਪੜਾਇਆ ਜਾ ਰਿਹੈ ਕਿ ਗੁਰੂ ਗੋਬਿੰਦ ਸਿੰਘ ਨੇ ਅਖੀਰ ’ਚ ਹਾਰ ਮੰਨ ਲਈ ਸੀ। ਇਕ ਵਕੀਲ ਮਲਕੀਤ ਸਿੰਘ ਰਾਹੀ ਦੇ ਬੇਟੇ ਨੇ ਰੋਸ ਕੀਤਾ ਕਿ ਮੇਰਾ ਗੁਰੂ ਕਦੇ ਵੀ ਹਾਰ ਨਹੀਂ ਮੰਨ ਸਕਦਾ। ਕਈ ਕਿਤਾਬਾਂ ’ਚ ਲਿਖਿਐ ਕਿ ਗੁਰੂ ਗੋਬਿੰਦ ਸਿੰਘ ਅੱਤਵਾਦੀ ਸਨ। ਇਹ ਗੱਲਾਂ ਸਿਰਫ਼ ਸੰਕੇਤ ਮਾਤਰ ਹੀ ਹਨ, ਜੇਕਰ ਆਰ.ਐਸ.ਐਸ.ਜਾਂ ਸਿੱਖ ਵਿਰੋਧੀ ਤਾਕਤਾਂ ਦੇ ਮਨਸੂਬੇ ਉਜਾਗਰ ਕਰਨੇ ਹੋਣ ਤਾਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਪੰਨੇ ਭਰੇ ਜਾ ਸਕਦੇ ਹਨ। ਕੀ ਤਸਵੀਰਾਂ ਸਮੇਤ ਦਰਸਾਏ ਗਏ ਉਕਤ ਸਬੂਤਾਂ ਦੇ ਮੱਦੇਨਜ਼ਰ ਸਾਡੇ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਕੋਈ ਸਿੱਖ ਸੰਸਥਾ ਜਾਂ ਜੱਥੇਬੰਦੀ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ’ਚ ਮਾਮਲਾ ਦਰਜ ਕਰਾਉਣ ਦੀ ਜੁਰਅੱਤ ਦਿਖਾਵੇਗੀ?

  


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top