ਧੂਰੀ,
20 ਅਗਸਤ (ਅਜੈਬ ਸਿੰਘ ਮੋਰਾਂਵਾਲੀ): ਇੱਥੋਂ ਨਜ਼ਦੀਕ ਪਿੰਡ ਹਸਨਪੁਰਾ ਵਿਖੇ ਚੱਲ ਰਹੇ
ਤਿੰਨ ਦਿਨਾ ਗੁਰਮਤਿ ਸਮਾਗਮ ਦੇ ਅਖੀਰਲੇ ਦਿਨ; ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਹਾਲ
ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਲਿਖਿਆ ਗਿਆ ਅਤੇ ਗੁਰਮਤਿ ਸੇਵਾ ਲਹਿਰ ਭਾਈ ਬਖਤੌਰ (ਬਠਿੰਡਾ)
ਵੱਲੋਂ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਸਬੰਧੀ ਮੁੱਢਲੀ ਜਾਣਕਾਰੀ ਦੇਣ ਹਿੱਤ ਮੁਫਤ ਵੰਡਣ
ਲਈ ਛਪਵਾਇਆ ਗਿਆ ਕਿਤਾਬਚਾ ‘ਨਾਨਕਸ਼ਾਹੀ ਕੈਲੰਡਰ ਦੀ ਵਿਥਿਆ’ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ
ਭਾਈ ਬਖਤੌਰ ਵਾਲਿਆਂ ਵੱਲੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਸੰਗਤ ਦੀ ਹਾਜਰੀ
ਵਿੱਚ ਰੀਲੀਜ ਕੀਤਾ ਗਿਆ।
ਇਸ ਸਮੇਂ ਇਸ ਕਿਤਾਬਚੇ ਦੇ ਲੇਖਕ ਭਾਈ ਕਿਰਪਾਲ ਸਿੰਘ ਬਠਿੰਡਾ ਅਤੇ
ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਕੀਤੀਆਂ ਗੈਰ ਸਿਧਾਂਤਕ ਅਤੇ ਗੈਰ ਸੰਵਿਧਾਨਕ ਸੋਧਾਂ
ਨੂੰ ਰੱਦ ਕਰਵਾਕੇ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਉਣ ਲਈ ਵਿੱਢੀ ਮੁਹਿੰਮ
ਨੂੰ ਜਥੇਬੰਦਕ ਤੌਰ ’ਤੇ ਚਲਾ ਰਹੀ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਮੈਂਬਰ ਖ਼ਾਲਸਾ
ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਭਾਈ ਰਾਜਿੰਦਰ ਸਿੰਘ ਸਿੱਧੂ, ਸੱਚਖੰਡ
ਸ਼੍ਰੀ ਹਜੂਰ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਭਾਈ ਆਤਮਾ ਸਿੰਘ ਚਹਿਲ,
ਗੁਰਦੁਆਰਾ ਸ਼ਹੀਦ ਭਾਈ ਮਤੀਦਾਸ ਨਗਰ ਬਠਿੰਡਾ ਦੇ ਪ੍ਰਧਾਨ ਭਾਈ ਬਿਕ੍ਰਮ ਸਿੰਘ ਧਿੰਗੜ,
ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਬਠਿੰਡਾ ਦੇ ਪ੍ਰਧਾਨ ਭਾਈ ਹਰਮਿੰਦਰ ਸਿੰਘ ਸਮਾਘ,
ਸਕੱਤਰ ਭਾਈ ਅਵਤਾਰ ਸਿੰਘ ਤੁੰਗਵਾਲੀ, ਏਕਸ ਕੇ ਬਾਰਕ ਜਥੇਬੰਦੀ ਬਠਿੰਡਾ ਇਕਾਈ ਦੇ ਪ੍ਰਧਾਨ
ਮਹਿੰਦਰ ਸਿੰਘ ਖ਼ਾਲਸਾ, ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਕਿੱਕਰ
ਸਿੰਘ ਅਤੇ ਭਾਈ ਮਲਕੀਤ ਸਿੰਘ, ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।
ਇਹ ਕਿਤਾਬਚਾ ਰੀਲੀਜ਼ ਕਰਦੇ ਸਮੇਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ
ਕਿ ਸਿੱਖ ਪੰਥ ਵੱਲੋਂ ਚੱਲੀ ਆ ਰਹੀ ਰਵਾਇਤ ਮੁਤਾਬਕ ਬਿਕ੍ਰਮੀ ਕੈਲੰਡਰ ਅਨੁਸਾਰ ਗੁਰਪੁਰਬ
ਅਤੇ ਹੋਰ ਇਤਿਹਾਸਕ ਦਿਹਾੜੇ ਮਨਾਏ ਜਾਣ ਕਰਕੇ ਇਹ ਕਦੀ ਵੀ ਬੱਝਵੀਆਂ ਤਰੀਖਾਂ ਨੂੰ ਨਹੀਂ
ਆਉਂਦੇ ਜਿਸ ਕਰਕੇ ਸਾਨੂੰ ਕਿਸੇ ਨੂੰ ਵੀ ਯਾਦ ਨਹੀਂ ਰਹਿੰਦੇ। ਇਸ ਲਈ ਕਿਸੇ ਗੈਰ ਸਿੱਖ
ਵੱਲੋਂ; ਆ ਰਹੇ ਗੁਰਪੁਰਬ ਦੀ ਤਰੀਖ ਪੁੱਛੇ ਜਾਣ ’ਤੇ ਸਾਨੂੰ ਉਸ ਸਮੇਂ ਬੜਾ ਹੀ ਸ਼ਰਮਿੰਦਾ
ਹੋਣਾ ਪੈਂਦਾ ਹੈ ਜਦੋਂ ਅਸੀਂ ਗੁਰੂ ਸਾਹਿਬਾਨ ਦਾ ਪ੍ਰਕਾਸ਼ ਦਿਹਾੜਾ ਤਾਂ ਦੱਸ ਨਹੀਂ ਸਕਦੇ
ਕਿ ਇਹ ਕਦੋਂ ਆਏਗਾ ਪਰ ਮਹਾਤਮਾ ਗਾਂਧੀ ਤੇ ਨਹਿਰੂ ਆਦਿਕ ਦੇ ਜਨਮ ਦਿਨ ਦਾ ਸਭ ਨੂੰ ਪਤਾ
ਹੁੰਦਾ ਹੈ ਕਿ ਇਹ 2 ਅਕਤੂਬਰ ਤੇ 14 ਨਵੰਬਰ ਨੂੰ ਆਏਗਾ। ਉਨ੍ਹਾਂ ਕਿਹਾ ਜੇ ਮੱਸਿਆ,
ਸੰਗ੍ਰਾਂਦਾਂ, ਪੂਰਨਮਾਸ਼ੀਆਂ ਮਨਾਉਣ ਵਾਲੇ ਗਾਂਧੀ, ਨਹਿਰੂ ਦੇ ਜਨਮ ਦਿਨ ਵਿਸ਼ਵ ਭਰ ਵਿੱਚ
ਪ੍ਰਚੱਲਤ ਸਾਂਝੇ ਕੈਲੰਡਰ ਅਨੁਸਾਰ ਮਨਾਏ ਜਾ ਰਹੇ ਹਨ ਤਾਂ ਸਿੱਖ ਜਿਨ੍ਹਾਂ ਦਾ ਮੱਸਿਆ,
ਸੰਗ੍ਰਾਂਦਾਂ, ਪੂਰਨਮਾਸ਼ੀਆਂ ਨਾਲ ਕੋਈ ਸਬੰਧ ਹੀ ਨਹੀਂ ਹੈ; ਉਹ ਸਾਂਝੇ ਸਾਲ ਕੈਲੰਡਰ ਦੀਆਂ
ਤਰੀਖਾਂ ਨਾਲ ਪੱਕੇ ਤੌਰ ’ਤੇ ਮੇਲ ਖਾਣ ਵਾਲੀਆਂ ਤਰੀਖਾਂ ਨੂੰ ਕਿਉਂ ਨਹੀਂ ਮਨਾ ਸਕਦੇ?
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਹ ਸਮੱਸਿਆ 2003 ਵਿੱਚ ਲਾਗੂ ਹੋਏ
ਨਾਨਕਸ਼ਾਹੀ ਕੈਲੰਡਰ ਨਾਲ ਹੱਲ ਹੋ ਗਈ ਸੀ ਪਰ ਡੇਰੇਦਾਰਾਂ ਜਿਨ੍ਹਾਂ ਦੀ ਸੋਚ ’ਤੇ ਗੁਰਮਤਿ
ਨਾਲੋਂ ਬਿਪ੍ਰਵਾਦ ਜਿਆਦਾ ਭਾਰੂ ਹੈ, ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਸੋਧਾਂ ਦੇ
ਨਾਮ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਇਤਨਾ ਵਿਗਾੜ ਦਿੱਤਾ ਹੈ ਕਿ ਇਸ ਅਨੁਸਾਰ ਕਦੀ ਤਾਂ ਗੁਰੂ
ਅਰਜੁਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪੇ ਜਾਣ
ਤੋਂ 17-18 ਦਿਨ ਪਹਿਲਾਂ ਵਿਖਾਈ ਹੈ ਤੇ ਕਦੀ ਪਿੱਛੋਂ। ਅਜਿਹੇ ਕੈਲੰਡਰ ਨੂੰ ਨਾਨਕਸ਼ਾਹੀ
ਕਹਿਣਾ ਹੀ ਕੌਮ ਨਾਲ ਧੋਖਾ ਹੈ, ਇਸ ਲਈ ਇਸ ਨੂੰ ਮਿਲਗੋਭਾ ਕੈਲੰਡਰ ਕਹਿਣਾ ਹੀ ਜਿਆਦਾ
ਢੁੱਕਵਾਂ ਹੈ। ਉਨ੍ਹਾਂ ਕਿਹਾ ਇਸ ਮਿਲਗੋਭੇ ਕੈਲੰਡਰ ਦੀਆਂ ਗੈਰਸਿਧਾਂਤਕ ਅਤੇ
ਗੈਰਸੰਵਿਧਾਨਕ ਸੋਧਾਂ ਨੂੰ ਰੱਦ ਕਰਵਾ ਕੇ ਮੁੜ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ
ਕਰਵਾਉਣ ਲਈ ਵਿੱਢੀ ਮੁਹਿੰਮ ਨੂੰ ਤੇਜ ਕਰਨ ਲਈ ਆਮ ਲੋਕਾਂ ਨੂੰ ਕੈਲੰਡਰ ਸਬੰਧੀ ਮੁੱਢਲੀ
ਜਾਣਕਾਰੀ ਦੇ ਕੇ ਜਾਗਰੂਕ ਕਰਨ ਵਾਸਤੇ ਸਾਡੀ ਸੰਸਥਾ ‘ਗੁਰਮਤਿ ਸੇਵਾ ਲਹਿਰ’ ਵੱਲੋਂ ਇਹ
ਕਿਤਾਬਚਾ ਛਪਵਾ ਕੇ ਮੁਫਤ ਵੰਡਿਆ ਜਾ ਰਿਹਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਹ
ਸੰਗਤ ਦੀ ਦਸਵੰਧ ਦੀ ਮਾਇਆ ਵਿੱਚੋਂ ਖਰਚ ਕਰਕੇ ਛਪਵਾਇਆ ਗਿਆ ਹੈ ਇਸ ਲਈ ਕਿਸੇ ਨੇ ਵੀ ਇਸ
ਨੂੰ ਅਜਾਂਈ ਨਹੀਂ ਗੁਆਉਣਾ ਬਲਕਿ ਖੁਦ ਪੜ੍ਹ ਕੇ ਵੱਧ ਤੋਂ ਵੱਧ ਸੰਗਤ ਨੂੰ ਪੜ੍ਹਾਉਣ ਦੀ
ਕੋਸ਼ਿਸ਼ ਕੀਤੀ ਜਾਵੇ।
ਇਸ
ਕਿਤਾਬਚੇ ਦੇ ਲੇਖਕ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਦੱਸਿਆ ਕਿ ਇਸ ਵਿੱਚ ਮੁੱਖ ਤੌਰ ’ਤੇ
ਚਾਰ ਲੇਖ ਹਨ ਜਿਨ੍ਹਾਂ ਵਿੱਚੋਂ ਪਹਿਲਾ ਲੇਖ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ
ਸਿੰਘ ਪੁਰੇਵਾਲ ਅਤੇ ਡਾ: ਦਰਸ਼ਨ ਸਿੰਘ ਢਿੱਲੋਂ, ਮੁਖੀ ਗੁਰੂ ਨਾਨਕ ਅਧਿਐਨ ਵਿਭਾਗ ਗੁਰੂ
ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ‘ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ?’
ਸਿਰਲੇਖ ਹੇਠ ਛਪਿਆ ਲੇਖ ਹੈ ਜੋ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਅਤੇ ਜਾਰੀ ਕੀਤੇ ਗਏ
ਨਾਨਕਸ਼ਾਹੀ ਕੈਲੰਡਰ ਸੰਮਤ 535 (ਸੰਨ 2003-04) ਤੋਂ ਲੈ ਕੇ ਇਸ ਨੂੰ ਵਿਗਾੜੇ ਜਾਣ ਦੇ
ਸੰਮਤ 542 (ਸੰਨ 2010-11) ਤੱਕ ਲਗਾਤਾਰ ਛਪਦਾ ਰਿਹਾ ਹੈ ਪਰ (ਕੁ)ਸੋਧਾਂ ਕੀਤੇ ਜਾਣ
ਉਪ੍ਰੰਤ ਸ਼੍ਰੋਮਣੀ ਕਮੇਟੀ ਨੇ ਜਿੱਥੇ ਇਹ ਲੇਖ ਛਾਪਣਾ ਬੰਦ ਕਰ ਦਿੱਤਾ ਹੈ ਉਥੇ ‘ਸੋਧਾਂ
ਕਿਉਂ ਤੇ ਕਿਵੇਂ?’ ਵਰਗਾ ਕੋਈ ਲੇਖ ਛਾਪਣ ਦੀ ਵੀ ਹਿੰਮਤ ਨਹੀਂ ਕਰ ਸਕੀ ਕਿਉਂਕਿ ਇਹ ਸੋਧਾਂ
ਪੂਰੀ ਤਰ੍ਹਾਂ ਗੈਰ ਸਿਧਾਂਤਕ ਅਤੇ ਗੈਰ ਸੰਵਿਧਾਨਕ ਹਨ ਜਿਨ੍ਹਾਂ ਸਬੰਧੀ ਇਹ ਕੁਝ ਲਿਖ ਹੀ
ਨਹੀਂ ਸਕਦੇ ਅਤੇ ਜੇ ਲਿਖਦੇ ਹਨ ਤਾਂ ਇਨ੍ਹਾਂ ਦੀ ਸਾਜਿਸ਼ ਨੰਗੀ ਹੁੰਦੀ ਹੈ।
ਇਸ ਲਈ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਦੀ ਲੋੜ ਤੋਂ ਜਾਣੂ
ਕਰਵਾਉਣ ਹਿੱਤ ਸ: ਪੁਰੇਵਾਲ ਵਾਲੇ ਲੇਖ ਨੂੰ ਇਸ ਕਿਤਾਬਚੇ ਵਿੱਚ ਸ਼ਾਮਲ ਕੀਤਾ ਗਿਆ ਹੈ।
ਬਾਕੀ ਦੇ ਤਿੰਨੇ ਲੇਖ ਇਸ ਲੇਖਕ ਵੱਲੋਂ ਹਨ। ਜਿਨ੍ਹਾਂ ਵਿੱਚੋਂ ਪਹਿਲਾ ਲੇਖ ‘ਕੁਸੋਧਿਆ
ਕੈਲੰਡਰ ਗਜਾ ਕਰਕੇ ਲਿਆਂਦੀ ਦਾਲ ਵਰਗਾ’ ਸਿਰਲੇਖ ਹੇਠ ਹੈ।
ਇਸ ਲੇਖ ਵਿੱਚ ਭਾਰਤ ਵਿੱਚ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ
ਪ੍ਰਚੱਲਤ ਕੈਲੰਡਰਾਂ ਦੀ ਮੁਢਲੀ ਜਾਣਕਾਰੀ ਦੇ ਕੇ ਕੁਸੋਧੇ ਕੈਲੰਡਰ ਸਬੰਧੀ ਜਾਣਕਾਰੀ ਦਿੱਤੀ
ਗਈ ਹੈ ਕਿ ਕਿਸ ਤਰਾਂ ਪ੍ਰਚੱਲਤ ਤਿੰਨੇ ਕੈਲੰਡਰਾਂ ਵਿੱਚੋਂ ਥੋਹੜਾ ਥੋਹੜਾ ਲੈ ਕੇ ਇਸ
ਤਰ੍ਹਾਂ ਦਾ ਮਿਲਗੋਭਾ ਕਰ ਦਿੱਤਾ ਹੈ, ਕਿ ਇਸ ਦਾ ਹੁਲੀਆ ਗਜਾ ਕਰਕੇ ਲਿਆਂਦੀ ਦਾਲ ਵਰਗਾ ਹੈ, ਜਿਸ ਵਿੱਚ ਵੱਖ ਵੱਖ ਘਰਾਂ ਵਿੱਚੋਂ ਇੱਕ ਇੱਕ ਕੜਛੀ ਦਾਲ, ਸਬਜ਼ੀ, ਸਾਗ, ਕੜ੍ਹੀ ਆਦਿਕ
ਪਵਾਈ ਗਈ ਹੁੰਦੀ ਹੈ। ਇਸ ਲਈ ਇਸ ਮਿਲਗੋਭੇ ਕੈਲੰਡਰ ਨੂੰ
ਨਾਨਕਸ਼ਾਹੀ ਕੈਲੰਡਰ ਦੀ ਬਜਾਏ ਇਸ ਨੂੰ ਵਿਗਾੜਨ ਵਾਲੇ ਭਾਈ ਹਰਨਾਮ ਸਿੰਘ ਧੁੰਮਾ ਅਤੇ
ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਨਾਮ ’ਤੇ ਧੁਮੱਕੜਸ਼ਾਹੀ ਕੈਲੰਡਰ ਕਹਿਣ
ਹੀ ਠੀਕ ਹੋਵੇਗਾ।
ਦੂਸਰਾ ਲੇਖ ਬੀਬੀ ਅਮਰਜੀਤ ਕੌਰ ਬੈਲਜ਼ੀਅਮ ਵੱਲੋਂ ਲਿਖੇ ਗਏ ਕਿਤਾਬਚੇ
‘ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ - ਨਾਨਕਸ਼ਾਹੀ ਕੈਲੰਡਰ’
ਦੇ ਜਵਾਬ ਵਿੱਚ ਹੈ ਜਿਸ ਦਾ ਸਿਰਲੇਖ ਹੈ ‘ਨਾਨਕਸ਼ਾਹੀ ਕੈਲੰਡਰ
ਦੇ ਵਿਰੋਧ ਦਾ ਮੁੱਖ ਕਾਰਨ: ਕੂੜੇ ਮੂਰਖ ਕੀ ਹਾਠੀਸਾ’। ਬੀਬੀ ਜੀ ਨੇ ਨਾਨਕਸ਼ਾਹੀ
ਕੈਲੰਡਰ ਅਤੇ ਸੋਧੇ ਕੈਲਡਰ ਦੋਵਾਂ ਨੂੰ ਹੀ ਮੁੱਢੋਂ ਰੱਦ ਕਰਕੇ ਦੋਸ਼ ਪੂਰਣ ਪ੍ਰਚਲਤ
ਬਿਕ੍ਰਮੀ ਕੈਲੰਡਰ ਅਪਨਾਉਣ ਦੀ ਵਕਾਲਤ ਕੀਤੀ ਹੈ। ਬੀਬੀ ਜੀ ਦੇ ਇਸ ਲੇਖ ਦਾ ਗੁਰਬਾਣੀ ਅਤੇ
ਵਿਗਿਆਨ ਦੇ ਅਧਾਰ ’ਤੇ ਤਰਕ ਸੰਗਤ ਜਵਾਬ ਦਿੱਤਾ ਗਿਆ ਹੈ, ਤਾ ਕਿ ਕੈਲੰਡਰ ਸਬੰਧੀ ਘੱਟ
ਜਾਣਕਾਰੀ ਰੱਖਣ ਵਾਲਾ ਕੋਈ ਵਿਅਕਤੀ ਉਸ ਦਾ ਲੇਖ ਪੜ੍ਹ ਕੇ ਗੁੰਮਰਾਹ ਨਾ ਹੋ ਜਾਵੇ। ਤੀਸਰੇ
ਲੇਖ ਵਿੱਚ ਗੁਰਬਾਣੀ ਅਤੇ ਇਤਹਾਸਕ ਹਵਾਲੇ ਦੇ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ
ਗਿਆਨੀ ਗੁਰਬਚਨ ਸਿੰਘ ਜੀ ਦੀ ਜ਼ਮੀਰ ਨੂੰ ਹਲੂਣਾ ਦੇ ਕੇ ਉਸ ਨੂੰ ਅਸਲੀ ਜਥੇਦਾਰ ਵਜੋਂ
ਫੈਸਲੇ ਲੈਣ ਦੀ ਸਲਾਹ ਦਿੱਤੀ ਗਈ ਹੈ।
ਇਹ ਵਰਨਣ ਯੋਗ ਹੈ ਕਿ ਇਸ ਕਿਤਾਬਚੇ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ
ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਛਪੇ ਸੰਦੇਸ਼ ਵਿੱਚ ਤਰਕ
ਭਰਪੂਰ ਸਚਾਈ ਪ੍ਰਗਟ ਕਰਦੀ ਸ਼ਬਦਾਵਲੀ ਵਿੱਚ ਲਿਖਿਆ ਗਿਆ ਹੈ ਕਿ ਜਿਸ ਤਰ੍ਹਾਂ ਈਸਾਈਆਂ ਦਾ
ਧਰਮ ਈਸਾਈਅਤ ਹੈ, ਧਰਮ ਗ੍ਰੰਥ ਬਾਈਬਲ ਤੇ ਕੈਲੰਡਰ ਈਸਵੀ ਹੈ। ਹਿੰਦੂਆਂ ਦਾ ਧਰਮ ਹਿੰਦੂ,
ਧਰਮ ਗ੍ਰੰਥ ਚਾਰ ਵੇਦ 18 ਪੁਰਾਣ ਅਤੇ ਸਿਮ੍ਰਤੀਆਂ ਸਮੇਤ ਅਨੇਕਾਂ ਗ੍ਰੰਥ ਹਨ ਤੇ ਇਨ੍ਹਾਂ
ਦਾ ਕੈਲੰਡਰ ਬਿਕ੍ਰਮੀ ਹੈ। ਮੁਸਲਮਾਨਾਂ ਦਾ ਧਰਮ ਇਸਲਾਮ, ਧਰਮ ਗ੍ਰੰਥ ਕੁਰਾਨ ਸ਼ਰੀਫ਼ ਅਤੇ
ਕੈਲੰਡਰ ਹਿਜ਼ਰੀ ਹੈ। ਇਸੇ ਤਰ੍ਹਾਂ ਸਿੱਖਾਂ ਦਾ ਧਰਮ ਸਿੱਖ ਧਰਮ, ਧਾਰਮਕ ਗ੍ਰੰਥ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਅਤੇ ਕੈਲੰਡਰ ਨਾਨਕਸ਼ਾਹੀ ਕੈਲੰਡਰ ਹੈ। ਪਰ ਹਿੰਦੂ ਲਾਬੀ ਸਿੱਖ ਧਰਮ ਨੂੰ
ਇੱਕ ਵੱਖਰਾ ਧਰਮ ਨਹੀਂ ਮੰਨਦੀ ਇਸ ਲਈ ਉਹ ਸਿੱਖ ਧਰਮ ਦੀ ਵੱਖਰੀ ਹੋਂਦ ਦੇ ਪ੍ਰਤੀਕ
ਨਾਨਕਸ਼ਾਹੀ ਕੈਲੰਡਰ ਨੂੰ ਬ੍ਰਦਾਸ਼ਤ ਨਹੀਂ ਕਰ ਰਹੇ। ਉਨ੍ਹਾਂ ਕੋਲ ਵਿਕੇ ਸਾਡੇ ਸਾਧ ਲਾਣੇ
ਨੇ ਇਸ ਦਾ ਕਤਲ ਕਰਵਾ ਦਿੱਤਾ ਹੈ। ਸਿੰਘ ਸਾਹਿਬ ਗਿਆਨੀ ਨੰਦਗੜ੍ਹ ਨੇ ਆਪਣੇ ਸੰਦੇਸ਼ ਵਿੱਚ
ਲਿਖਿਆ ਹੈ ਕਿ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਵਿਸ਼ੇਸ਼ ਤੌਰ ’ਤੇ ਮੇਰੇ ਵੱਲੋਂ ਸੰਦੇਸ਼ ਹੈ ਕਿ
ਉਹ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦਿੰਦੇ ਰਹਿਣ; ਇੱਕ ਨਾ ਇੱਕ ਦਿਨ ਇਸੇ ਕੈਲੰਡਰ ਨੇ
ਲਾਗੂ ਹੋਣਾ ਹੈ ਕਿਉਂਕਿ ਬਿਕ੍ਰਮੀ ਕੈਲੰਡਰ ਨਾਲ ਸਾਡਾ ਕੋਈ ਸਬੰਧ ਨਹੀਂ ਹੈ।
ਨੋਟ: ‘ਨਾਨਕਸ਼ਾਹੀ ਕੈਲੰਡਰ ਦੀ ਵਿਥਿਆ’ ਨਾਮੀ ਪੂਰਾ ਕਿਤਾਬਚਾ ਅਟੈਚ
ਕੀਤੀ ਗਈ PDF ਫਾਈਲ ਵਿੱਚ ਪੜ੍ਹਿਆ ਜਾ ਸਕਦਾ ਹੈ। ਇਸ ਲਈ ਆਮ ਪਾਠਕਾਂ ਦੀ ਜਾਣਕਾਰੀ
ਲਈ ਇਸ ਫਾਈਲ ਨੂੰ ਵੀ ਖ਼ਬਰ ਦੇ ਨਾਲ ਪਾ ਦਿੱਤਾ ਜੀ।
Its a pdf file, if this file doesn't
opens up, please download Adobe Reader by clicking here.
http://get.adobe.com/reader/?promoid=JOPDC