Share on Facebook

Main News Page

ਅਸ਼ਲੀਲਤਾ ਜਿਨ੍ਹਾਂ ਸ਼ਬਦਾਂ ਨੂੰ ਅਸੀਂ ਕਹਿੰਦੇ ਹਾਂ, ਐਸੇ ਸ਼ਬਦ ਤਾਂ ਗੁਰਬਾਣੀ ਅਤੇ ਗੁਰ-ਇਤਿਹਾਸ ਅੰਦਰ ਬੇਅੰਤ ਮਿਲਦੇ ਹਨ
-: ਪੱਪੂ ਮੱਲ ਸਿੰਘ

ਗਿਆਨੀ ਮੱਲ ਸਿੰਘ, ਜਿਨ੍ਹਾਂ ਨੂੰ ਕਈ ਲੋਕ ਇਹ ਮੰਨਦੇ ਹਨ ਕਿ ਇਹ ਬਾਕੀ ਪੱਪੂਆਂ ਨਾਲੋਂ ਵੱਧ ਗਿਆਨਵਾਨ ਹਨ, ਉਨ੍ਹਾਂ ਦੀ ਗਿਆਨਤਾ ਦਾ ਸਬੂਤ ਹੈ, ਉਨ੍ਹਾਂ ਵਲੋਂ ਲਿਖੀ ਗਈ ਅਖੌਤੀ ਦਸਮ ਗ੍ਰੰਥ ਦੇ ਹੱਕ 'ਚ ਲਿਖੀ ਗਈ ਕਿਤਾਬ "ਸ੍ਰੀ ਦਸਮ ਗ੍ਰੰਥ ਪ੍ਰਬੋਧ", ਜਿਸ ਵਿੱਚ ਉਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਦੇ ਗੁਣ ਗਾਏ ਹਨ, ਅਸ਼ਲੀਲਤਾ ਦੇ ਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਉਂਗਲੀ ਚੁੱਕੀ ਹੈ।

ਇਸ ਕਿਤਾਬ ਦੇ ਪੰਨਾ ਨੰ: 84 'ਤੇ ਲਿਖਦੇ ਹਨ "ਬਾਕੀ ਅਸ਼ਲੀਲਤਾ ਜਿਨ੍ਹਾਂ ਸ਼ਬਦਾਂ ਨੂੰ ਅਸੀਂ ਕਹਿੰਦੇ ਹਾਂ, ਐਸੇ ਸ਼ਬਦ ਤਾਂ ਗੁਰਬਾਣੀ ਅਤੇ ਗੁਰ-ਇਤਿਹਾਸ ਅੰਦਰ ਬੇਅੰਤ ਮਿਲਦੇ ਹਨ":-

ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥

ਪੂਰਾ ਸ਼ਬਦ ਇਉਂ ਹੈ:

ਪ੍ਰਭਾਤੀ ਮਹਲਾ ੧ ਦਖਣੀ ॥ ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥ ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥ ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥ ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥ ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥ ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥ ਰਾਜਾ ਜਨਮੇਜਾ ਦੇ ਮਤੀ ਬਰਜਿ ਬਿਆਸਿ ਪੜ੍ਹ੍ਹਾਇਆ ॥ ਤਿਨ੍ਹ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥ ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥ ਜੋ ਕਿਛੁ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ॥੫॥ ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥ ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥ ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥ ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥ ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥ {ਪੰਨਾ 1344}

ਇਸ ਸ਼ਬਦ ਦੀ ਵਿਆਖਿਆ ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਪ੍ਰਕਾਰ ਕੀਤੀ ਹੈ:

ਅਰਥ:- ਹੇ ਭਾਈ! ਕੋਈ ਭੀ ਜੀਵ ਜਾਣ ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ) । ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ । ਉਹੀ ਮਨੁੱਖ (ਸਹੀ ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ ।1।ਰਹਾਉ।

ਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ) ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ । (ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ 'ਤੇ) ਪਛੁਤਾਇਆ ।1।

ਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ । ਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ ਮੰਡੀ ਵਿਚ ਵਿਕਦਾ ।2।

(ਵਿਸ਼ਨੂੰ ਨੇ) ਵਉਣੇ ਰੂਪ ਵਿਚ (ਆ ਕੇ) ਬਹਾਨੇ ਨਾਲ ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ । ਜੇ ਬਲਿ ਰਾਜਾ ਵਉਣੇ ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿਚ ਜਾਂਦਾ ।3।

ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿਚ ਨਾਹ ਲਿਆਈਂ । ਪਰ ਪਰਮਾਤਮਾ ਨੇ ਉਸ ਦੀ ਮਤਿ ਮਾਰੀ ਹੋਈ ਸੀ । ਉਹ ਰਿਸ਼ੀ ਦੇ ਆਖੇ ਨਾਹ ਲੱਗਾ । ਅਪੱਛਰਾਂ ਨੂੰ ਲੈ ਕੇ ਆਇਆ । ਫਿਰ) ਉਸ ਨੇ ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿਚ ਆਈ ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ) । ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ ।4।

ਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿਚ (ਮਗਨ ਹੋ ਕੇ) ਤੇਰੇ ਗੁਣ ਉਚਾਰਦਾ ਹਾਂ । ਮੈਂ ਤਾਂ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ । ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ ।5।

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ । ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿਚ ਫਸਦਾ ਹੈ ਤਾਂ ਹੱਥ ਮਲਦਾ ਹੈ ।6।

ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ ਕੁਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ ।

ਹੇ ਪ੍ਰਭੂ! (ਅਸੀ ਜੀਵ ਮੂਰਖ ਹਾਂ, ਅਸੀ ਇਹ ਮਾਣ ਕਰਦੇ ਹਾਂ ਕਿ ਅਸੀ ਹੀ ਸਭ ਕੁਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ । ਅਹੰਕਾਰ ਵਿਚ ਪੈ ਕੇ ਖ਼ੁਆਰ ਹੁੰਦੇ ਹਾਂ ।7।

ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ ਫਸਦਾ ਰਹਿੰਦਾ ਹੈ ।

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ । ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ ।8।4।

ਇਸ ਸ਼ਬਦ 'ਚ ਹਿੰਦੂ ਮਿਥਿਹਾਸ 'ਚੋਂ ਉਦਾਹਰਣ ਲੈਕੇ ਬੜੀ ਸ਼ਾਲੀਨਤਾ ਨਾਲ ਸਮਝਾਇਆ ਗਿਆ ਹੈ, ਕਿ ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ, ਇਥੇ ਤਾਂ ਇੰਦਰ ਦੇਵਤਾ ਕੁਕਰਮ ਕਰਣ ਤੋਂ ਪਛਤਾ ਰਿਹਾ ਹੈ, ਇਸ ਵਿੱਚ ਅਸ਼ਲੀਲਤਾ ਵਾਲੀ ਕਿਹੜੀ ਗੱਲ ਹੈ? ਜਦ ਕਿ ਅਖੌਤੀ ਦਸਮ ਗ੍ਰੰਥ ਦੀ ਭਾਸ਼ਾ ਦੀ ਉਦਾਹਰਣ ਦੇਖੋ:

ਸਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਤੇ ਅਧਿਕ ਦੁਖਤਿ ਤਹਿ ਕੀਯਾ॥ ਚਰਿਤ੍ਰ 378, ਅੰਕ 5

ਸਕਲ ਜਗਤ ਮੈ ਜੋ ਪੁਰਖੁ ਤ੍ਰਿਯਾ ਕੋ ਕਰਤ ਬਿਸਵਾਸ॥ ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ॥ 11॥ ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿੱਤ॥ ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿੱਤ॥ 12॥ ਦਸਮ ਗ੍ਰੰਥ, ਪੰਨਾ 829॥ ਇਸ ਜਗਤ ਵਿੱਚ ਜਿਹੜਾ ਵੀ ਮਨੁੱਖ ਇਸਤਰੀ ਤੇ ਵਿਸ਼ਵਾਸ਼ ਕਰੇਗਾ, ਉਸ ਦਾ ਸੱਤਾਂ ਦਿਨਾਂ ਦੇ ਅੰਦਰ ਅੰਦਰ ਨਾਸ ਹੋ ਜਾਵੇਗਾ ਅਤੇ ਜਿਹੜਾ ਆਪਣੇ ਦਿਲ ਦੀ ਗੱਲ ਔਰਤ ਨੂੰ ਦੱਸੇਗਾ, ਉਸਦੀ ਇਸ ਜਗਤ ਵਿੱਚ ਹਰ ਰੋਜ ਖੁਆਰੀ ਹੋਵੇਗੀ। ਦੱਸੋ ਔਰਤਾਂ ਦਾ ਕੀ ਕਰੀਏ?

ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥ 11॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥ 12॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦੱਰਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ॥ 13॥ ਦ: ਗ੍ਰੰ: ਪੰਨਾ 967॥ ਚ੍ਰਿਤਰ 111

ਪ੍ਰੀਤ ਕਰੇ ਪ੍ਰਭੁ ਪਾਯਤ ਹੈ॥ ਕਿਰਪਾਲ ਨ ਭੀਜਤ ਲਾਂਡ ਕਟਾਏ॥

ਚਾਰ ਪ੍ਰਕਾਰ ਕੋ ਭੋਗ ਕੀਯੋ ਨਰ ਨਾਰ ਹੁਲਾਸ ਜੀਯੈ ਮੈ ਬਢੈਕੈ॥ ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਭੈ ਇਨ ਕੈਕੈ॥ ਬਾਤ ਕਹੀ ਅਨਰੁੱਧ ਕਛੂ ਮਹਸਕਾਇ ਤ੍ਰੀਆ ਸੰਗ ਨੈਨ ਨਚੈਕੈ॥ ਜਿਉ ਹਮਰੀ ਤੁਮ ਹੋਇ ਰਹੀ ਸੁੰਦਰਿ ਤਿਉ ਹਮਹੂ ਤੁਮਰੇ ਰਹੇ ਹਵੈਕੈ॥ 2205॥ ਦ. ਗ੍ਰੰਥ ਪੰਨਾ 533, ਇਸਤਰੀ ਨਾਲ ਨੈਨ ਮਿਲਾ ਕੇ ਕੋਕ ਸ਼ਾਸ਼ਤਰ ਵਾਲੇ ਸਾਰੇ ਆਸਨਾਂ ਵਿਚੋਂ ਚਾਰ ਕਿਸਮ ਦੇ ਆਸਨ ਕਰਕੇ, ਜਦੋਂ ਭੋਗ ਕੀਤਾ, ਤਾਂ ਹੱਸ ਕੇ ਕ੍ਰਿਸਨ ਜੀ ਨੇ ਕਿਹਾ ਕਿ ਜੇ ਤੂੰ ਮੇਰੀ ਹੋ ਕੇ ਰਹੀ ਤਾਂ ਮੈਂ ਵੀ ਤੇਰਾ ਹੀ ਹੋ ਜਾਵਾਂਗਾ। ਕ੍ਰਿਸ਼ਨ ਅਵਤਾਰ ਵਿੱਚ ਵੀ ਕਵੀ, ਕ੍ਰਿਸ਼ਨ ਭਗਵਾਨ ਨੂੰ ਕਾਮ ਵਾਸ਼ਨਾ ਵੱਸ ਹੋਣ ਤੋਂ ਸਿਵਾਏ ਹੋਰ ਕੁੱਝ ਨਹੀਂ ਦਿਖਾ ਰਿਹਾ।

ਇਹ ਇੱਕ ਵੰਨਗੀ ਮਾਤਰ ਹੈ, 60% ਤੋਂ ਜ਼ਿਆਦਾ ਅਖੌਤੀ ਦਸਮ ਗ੍ਰੰਥ ਇਸ ਤਰ੍ਹਾਂ ਦੀ ਫੂਹੜਤਾ ਨਾਲ ਭਰਿਆ ਪਿਆ ਹੈ। ਕੀ ਗਿਆਨੀ ਮੱਲ ਸਿੰਘ ਇਸ ਤਰ੍ਹਾਂ ਰਚਨਾਵਾਂ ਨੂੰ ਸੰਗਤ 'ਚ ਬਿਆਨ ਕਰ ਸਕਦੇ ਹਨ?

ਗਿਆਨੀ ਮੱਲ ਸਿੰਘ ਪੰਨਾ ਨੰ 87 'ਤੇ ਲਿਖਦੇ ਹਨ "ਜੋ ਆਦਿ ਬਾਣੀ (ਗੁਰੂ ਗ੍ਰੰਥ ਸਾਹਿਬ) ਜੋ ਹੋਈ ਸੋ ਭਗਤ ਮਈ ਹੈ ਤੇ ਸਾਹਿਬ ਦਸਵੇਂ ਪਾਤਸ਼ਾਹ ਜੋ ਬਾਣੀ ਕੀਤੀ ਹੈ ਜੁਧ ਮਈ ਹੈ।"

ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦੁਰ ਜੀ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ, ਉਨ੍ਹਾਂ ਵੀ ਜੁੱਧ ਕੀਤੇ, ਬਿਨਾਂ ਬਹਾਦੁਰੀ ਦੇ ਕੀਤੇ?

ਗਿਆਨੀ ਮੱਲ ਸਿੰਘ ਪੰਨਾ ਨੰ: 116 'ਤੇ ਲਿਖਦੇ ਹਨ "ਤ੍ਰਿਆ ਚਰਿਤ੍ਰ ਲੌਕਿਕ ਸਾਹਿਤ ਹੈ, ਗੁਰਬਾਣੀ ਅਥਵਾ ਗੁਰਵਾਕ, ਜਿਵੇਂ ਕਿ ਬਚਿੱਤ੍ਰ ਬਾਟਕ ਹੈ, ਇਹ ਨਹੀਂ ਹੈ। ਇਹ ਲੌਕਿਕ ਗ੍ਰੰਥ ਨਹੀਂ ਹੈ। ਇਸ ਦੀਆਂ ਕਹਾਣੀਆਂ ਤੇ ਕਥਾ ਵਸਤੂ ਅਸਾਡੇ ਦੇਸ਼ ਦੇ ਹਜ਼ਾਰਾਂ ਵਰ੍ਹੇ ਪੁਰਾਣੇ ਲੋਕ ਸਾਹਿਤ, ਲੋਕ ਵਾਰਤਾ ਅਤੇ ਗ੍ਰੰਥ ਸਾਹਿਤ ਵਿਚੋਂ ਮਾਂਗਵਾਂ ਲਿਆ ਗਿਆ ਹੈ।"

ਕੀ ਮੰਗਵੀਂ ਚੀਜ਼ ਆਪਣੀ ਹੁੰਦੀ ਹੈ? ਕੀ ਮਾਂਗਵਾਂ ਸਾਹਿਤ, ਗੁਰੂ ਸਾਹਿਬ ਦਾ ਹੋ ਸਕਦਾ ਹੈ? ਕੀ ਗੁਰੂ ਸਮਰੱਥ ਨਹੀਂ ਸੀ?

ਆਪਣੀ ਲਿਖੀ ਗੱਲ ਨੂੰ ਗਿਆਨੀ ਮੱਲ ਸਿੰਘ ਆਪ ਹੀ ਕੱਟਦੇ ਹਨ ਪੰਨਾ ਨੰ 123 'ਤੇ "ਬਚਿਤ੍ਰ ਨਾਟਕ ਵਿੱਚ ਚੰਡੀ ਚਰਿਤ੍ਰ ਦਾ ਵੇਰਵਾ, ਅਕਾਲ ਉਸਤਤਿ ਵਿੱਚ ਚੌਬੀਸ ਅਵਤਾਰ ਦਾ ਵਰਨਣ, ਚੌਬੀਸ ਅਵਤਾਰ ਵਿੱਚ ਚਰਿਤ੍ਰੋ ਪਾਖਯਾਨ ਦਾ ਸੰਕੇਤ ਮਹਿੰਦੀਵਤਾਰ, ਅਕਾਲ ਉਸਤਤਿ, ਕ੍ਰਿਸ਼ਨਾਵਤਾਰ, ਰਾਮਾਵਤਾਰ, ਚਰਿਤ੍ਰੋ ਪਾਖਯਾਨ, ਬਚਿਤ੍ਰ ਨਾਟਕ ਆਦਿ, ਸ਼ਸਤ੍ਰਨਾਮ ਮਾਲਾ, ਨਿਹਕਲੰਕੀ ਅਵਤਾਰ, ਅਲੱਗ-ਅਲੱਗ ਗ੍ਰੰਥਾਂ ਵਿੱਚ ਇਕ ਦੂਜੇ ਦਾ ਵਰਨਣ, ਇਸ ਗੱਲ ਦਾ ਪੱਕਾ ਸਬੂਤ ਹੈ, ਕਿ ਸਾਰਾ ਦਸਮ ਗ੍ਰੰਥ ਸਾਹਿਬ ਦਸਮੇਸ਼ ਜੀ ਦੀ ਲਿਖਤ ਹੈ।"

ਇਸ ਤਰ੍ਹਾਂ ਦੀ ਭਾਗਹੀਨਤਾ ਦੇਖ ਕੇ ਗੁਰਬਾਣੀ ਦਾ ਇਕ ਸ਼ਬਦ ਯਾਦ ਆਇਆ

ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥ ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥ SGGS ਪੰਨਾ ਨੰ 492-493

ਗਿਆਨੀ ਮੱਲ ਸਿੰਘ, ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਰਹਿ ਕੇ ਅੰਮ੍ਰਿਤ ਰਸੁ ਪੀਣ ਦਾ, ਪਰ ਭਾਗਹੀਨ ਹੋਣ ਕਰਕੇ, ਕਾਂ ਵਾਂਗੂੰ ਅਖੌਤੀ ਦਸਮ ਗ੍ਰੰਥ ਰੂਪੀ ਵਿਸ਼ਟਾ ਖਾਣ ਨੂੰ ਤਰਜੀਹ ਦਿੱਤੀ। ਇਸ ਤਰ੍ਹਾਂ ਦੇ ਵਤੀਰੇ ਨੂੰ "ਹਰਾਮਖੋਰੀ" ਕਿਹਾ ਜਾਂਦਾ ਹੈ। ਪਾਠਕ ਕਹਿਣਗੇ ਕਿ ਕਿਸ ਤਰ੍ਹਾਂ ਦੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ, ਪਰ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਵਰਤਿਆ ਗਿਆ ਹੈ, "ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥ ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥" SGGS ਪੰਨਾ ਨੰ 1000-1001

ਜਿਸ ਥਾਲੀ ਦਾ ਖਾਂਦੇ ਨੇ, ਉਸੀ 'ਚ ਛੇਦ ਕਰਦੇ ਨੇ। ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜ਼ਰੀਏ ਪੇਟ ਪਾਲਿਆ, ਤੇ ਗੁਣ ਅਖੌਤੀ ਦਸਮ ਗ੍ਰੰਥ ਦੇ ਗਾਉਂਦੇ ਨੇ, ਇਹ ਹਰਾਮਖੋਰੀ ਦੀ ਨਿਸ਼ਾਨੀ ਨਹੀਂ?

ਸੰਪਾਦਕ ਖ਼ਾਲਸਾ ਨਿਊਜ਼

ਪੇਸ਼ ਹਨ ਪੱਪੂ ਮੱਲ ਸਿੰਘ ਵਲੋਂ ਲਿਖੀ ਕਿਤਾਬ ਦੇ ਕੁੱਝ ਕੁ ਹਿੱਸੇ, ਜਿਸ ਨੂੰ ਪੜ੍ਹ ਕੇ ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਨੇ।

ਪਾਠਕਾਂ ਦੀ ਜਾਣਕਾਰੀ ਲਈ ਪੱਪੂ ਮੱਲ ਸਿੰਘ ਦੀ ਲਿਖੀ ਪੁਸਤਕ "ਸ੍ਰੀ ਦਸਮ ਗ੍ਰੰਥ ਬੋਧ" ਦੀ ਪੂਰੀ ਕਿਤਾਬ
-
ਧੰਨਵਾਦ ਸਹਿਤ ਸ. ਸਰਵਜੀਤ ਸਿੰਘ ਸੈਕਰਾਮੈਂਟੋ

Its a pdf file, if this file doesn't opens up, please download Adobe Reader by clicking here.
http://get.adobe.com/reader/?promoid=JOPDC

 



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top