Share on Facebook

Main News Page

ਬ੍ਰਾਹਮਣਸ਼ਾਹੀ ਕੈਲੰਡਰ ਨੂੰ ਜਬਰੀ ਲਾਗੂ ਕਰਵਾਉਣ ਲਈ ਕੋਝੇ ਹਥਕੰਡੇ ਅਪਣਾਅ ਰਹੇ ਅਖੌਤੀ ਜਥੇਦਾਰ ਗਿ: ਗੁਰਬਚਨ ਸਿੰਘ ਨੂੰ 31 ਸਵਾਲ

ਗਿ: ਗੁਰਬਚਨ ਸਿੰਘ,
ਮੁੱਖ ਸੇਵਾਦਾਰ - ਸ੍ਰੀ ਅਕਾਲ ਤਖ਼ਤ ਸਾਹਿਬ,
ਅੰਮ੍ਰਿਤਸਰ, (ਪੰਜਾਬ).
ਸ੍ਰੀਮਾਨ ਜੀਓ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਜਿਵੇਂ ਕਿ ਆਪਜੀ ਜਾਣਦੇ ਹੀ ਹੋ ਕਿ ਸੰਨ 2003 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਅਖੌਤੀ ਜਥੇਦਾਰ ਵੱਲੋਂ ਦੁਨੀਆ ਭਰ ਦੇ ਵਿਦਵਾਨਾਂ ਨਾਲ ਵਿਚਾਰ-ਵਟਾਂਦਰੇ ਉਪਰੰਤ ਸਿੱਖ ਜਗਤ ਨੂੰ ਬਿਕਰਮੀ ਕੈਲੰਡਰ ਛੱਡ ਕੇ ਨਾਨਕਸ਼ਾਹੀ ਕੈਲੰਡਰ ਅਪਣਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਸ ਆਦੇਸ਼ ਦੀ ਪਾਲਨਾ ਕਰਦਿਆਂ ਸਿੱਖ ਸੰਗਤਾਂ ਨੇ ਸਾਰੇ ਗੁਰਪੁਰਬ ਇਸ ਸਰਬ-ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਮਨਾਏ। ਪਰ ਪਿਛਲੇ ਸਾਲ ਦੇ ਅੰਤ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਤੁਸੀਂ ਇਸ ਚੰਗੀ ਤਰ੍ਹਾਂ ਅਪਣਾਏ ਜਾ ਚੁੱਕੇ ਕੈਲੰਡਰ ਦਾ ਕਤਲ ਕਰਕੇ ਸਿੱਖਾਂ ਨੂੰ ਮੁੜ ਤੋਂ ਭੰਬਲ-ਭੂਸੇ ਦਾ ਸ਼ਿਕਾਰ ਬਣਾਉਣ ਦੇ ਇਲਾਵਾ ਬ੍ਰਾਹਮਣਵਾਦੀਆਂ ਦਾ ਗੁਲਾਮ ਬਣਾ ਕੇ ਰੱਖ ਦਿੱਤਾ। ਇਹੀ ਨਹੀਂ, ਦਾਸ ਨੂੰ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਿਕ, ਜਿਹੜੇ ਸਿੱਖ ਤੁਹਾਡੇ ਝਾਂਸੇ ਵਿਚ ਨਹੀਂ ਫਸੇ, ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਰਸੂਖ ਦੀ ਦੁਰਵਰਤੋਂ ਕਰਕੇ ਧਮਕਾਉਣ ਲਈ ਤੁਹਾਡੇ ਵੱਲੋਂ ਪਿਛਲੇ ਦਿਨੀਂ ਦਿੱਲੀ ਵਿਚ ਵਿਸ਼ੇਸ਼ ਤੌਰ ’ਤੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਸਾਰੇ ਘਟਨਾਕ੍ਰਮ ਨੇ ਮੇਰੇ ਮਨ ਵਿਚ ਕਈ ਸਵਾਲ ਖੜੇ ਕਰ ਦਿੱਤੇ ਹਨ। ਆਸ ਹੈ ਕਿ ਆਪ ਜੀ ਆਪਣੇ ਸਤਿਕਾਰਤ ਅਹੁਦੇ ਦਾ ਮਾਣ ਰੱਖਦਿਆਂ, ਛੇਤੀ ਤੋਂ ਛੇਤੀ ਹੇਠ ਲਿਖੇ ਸਵਾਲਾਂ ਦੇ ਜਵਾਬ ਦੇਣ ਦੀ ਜ਼ਿੰਮੇਵਾਰੀ ਅਦਾ ਕਰੋਗੇ :

  1. ਮਿਤੀ 19 ਦਸੰਬਰ 2010 ਨੂੰ ਤੁਸੀਂ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵਿਚ ਪ੍ਰੈਸ ਕਾਨਫਰੰਸ ਕਰਕੇ ਬ੍ਰਾਹਮਣਸ਼ਾਹੀ ਕੈਲੰਡਰ (ਜਿਸਨੂੰ ਤੁਸੀਂ ਨਾਨਕਸ਼ਾਹੀ ਕੈਲੰਡਰ ਵਜੋਂ ਪ੍ਰਚਾਰ ਕੇ ਅਸਲ ਨਾਨਕਸ਼ਾਹੀ ਕੈਲੰਡਰ ਬਾਰੇ ਭੁਲੇਖਾ ਖੜਾ ਕਰ ਰਹੇ ਹੋ) ਬਾਰੇ ਆਪਣੇ ਵਿਚਾਰ ਰੱਖੇ। ਕੀ ਤੁਸੀਂ ਸਿੱਖ ਪੰਥ ਦੇ ਜਥੇਦਾਰ ਹੋ ਜਾਂ ਬਾਦਲ ਦਲ ਦੇ ਜਥੇਦਾਰ, ਜੋ ਪ੍ਰੈਸ ਕਾਨਫਰੰਸ ਬਾਦਲ ਦਲ ਦੇ ਦਫ਼ਤਰ ਵਿਚ ਜਾ ਕੇ ਕੀਤੀ ?
  2. ਕੀ ਸਿੱਖਾਂ ਦੇ ਕੌਮੀ ਮਸਲਿਆਂ ਬਾਰੇ ‘ਨਿਰਪੱਖ’ ਹੋਣ ਦਾ ਦਾਅਵਾ ਕਰਣ ਵਾਲੇ ਜਥੇਦਾਰ ਨੂੰ ਇਹ ਸੋਭਦਾ ਹੈ ਕਿ ਉਹ ਸਿਆਸਤ ਦੀ ਗੰਦੀ ਦਲਦਲ ਵਿਚ ਫਸੀਆਂ ਪਾਰਟੀਆਂ ਨਾਲ ਸਾਂਝ ਦਰਸਾਉਂਦਿਆਂ ਉਨ੍ਹਾਂ ਦੇ ਦਫ਼ਤਰਾਂ ਵਿਚ, ਉਨ੍ਹਾਂ ਦੇ ਵਿਵਾਦਿਤ ਸਿਆਸੀ ਆਗੂਆਂ ਨਾਲ ਬੈਠ ਕੇ ਪ੍ਰੈਸ ਕਾਨਫਰੰਸਾਂ ਕਰੇ?
  3. ਕੀ ਤੁਹਾਡਾ ਇਹ ਫ਼ਰਜ਼ ਨਹੀਂ ਬਣਦਾ ਸੀ ਕਿ ਤੁਸੀਂ ਵਿਚਾਰ ਪ੍ਰਗਟ ਕਰਨ ਲਈ ਇਕ ਵਿਸ਼ੇਸ਼ ਸਿਆਸੀ ਪਾਰਟੀ ਦੇ ਦਫ਼ਤਰ ਦੀ ਬਜਾਏ ਕਿਸੇ ਗੁਰਦੁਆਰਾ ਸਾਹਿਬ ਜਾਂ ਹੋਰ ਨਿਰਪੱਖ ਤੇ ਢੁਕਵੀਂ ਥਾਂ ’ਤੇ ਆਪਣੇ ਵਿਚਾਰ ਪ੍ਰਗਟ ਕਰੋ ?
  4. ਕੀ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਨ ਲਈ ਤੁਹਾਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਹਿਯੋਗ ਦੀ ਮੰਗ ਨਹੀਂ ਕਰਨੀ ਚਾਹੀਦੀ ਸੀ ?
  5. ਕੀ ਤੁਸੀਂ ਦਿੱਲੀ ਗੁਰਦੁਆਰਾ ਕਮੇਟੀ ਦਾ ਸਹਿਯੋਗ ਲੈਣ ਤੋਂ ਜਾਣਬੁੱਝ ਕੇ ਸੰਕੋਚ ਤਾਂ ਨਹੀਂ ਕੀਤਾ, ਤਾਂ ਜੋ ਤੁਹਾਡੇ ਵੱਲੋਂ ਪੇਸ਼ ਕੀਤੇ ਗਏ ਗਲਤ ਦਾਅਵਿਆਂ ਦਾ ਕੋਈ ਫੌਰੀ ਖੰਡਨ ਨਾ ਹੋ ਸਕੇ?
  6. ਕੀ ਏਨੇ ਅਹਿਮ ਕੌਮੀ ਮਸਲੇ ਬਾਬਤ ਪ੍ਰੈਸ ਵਿਚ ਬਿਆਨਬਾਜ਼ੀ ਕਰਨ ਦੀ ਬਜਾਏ ਤੁਹਾਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨਾਲ ਸੁਹਿਰਦ ਮਾਹੌਲ ਵਿਚ ਵਿਚਾਰ-ਵਟਾਂਦਰਾ ਨਹੀਂ ਕਰਨਾ ਚਾਹੀਦਾ ਸੀ?
  7. ਨਾਨਕਸ਼ਾਹੀ ਕੈਲੰਡਰ ਨੂੰ ਬ੍ਰਾਹਮਣਸ਼ਾਹੀ ਕੈਲੰਡਰ ਵਿਚ ਬਦਲਣ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਿਆਨ ਦਿੱਤਾ ਸੀ ਕਿ (ਜੇਕਰ ਜਾਗ੍ਰਿਤ ਸਿੱਖਾਂ ਨੇ ਇਸ ਗਲਤ ਕੈਲੰਡਰ ਨੂੰ ਅਪਣਾਉਣ ਤੋਂ ਨਾਂਹ ਕੀਤੀ ਤਾਂ) ਅਸੀਂ ਜੁੱਤੀ ਦੇ ਜੋਰ ’ਤੇ ਇਹ ਕੈਲੰਡਰ ਲਾਗੂ ਕਰਾਂਗੇ ? ਕੀ ਤੁਹਾਡੀ ਪ੍ਰੈਸ ਕਾਨਫਰੰਸ ਇਸੇ ਨੀਤੀ ਦਾ ਇਕ ਹਿੱਸਾ ਤਾਂ ਨਹੀਂ ਸੀ ?
  8. ਪ੍ਰੈਸ ਕਾਨਫਰੰਸ ਦੌਰਾਨ ਤੁਸੀਂ ਦਾਅਵਾ ਕੀਤਾ ਕਿ ਬ੍ਰਾਹਮਣਸ਼ਾਹੀ ਕੈਲੰਡਰ ਰੱਬ ਦੀ ਦਾਤਿ ਹੈ। ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਕੌਮ ਵਿਚ ਆਈ ਕੋਈ ਮਨਮਤਿ ਰੱਬ ਦੀ ਦਾਤਿ ਕਿਵੇਂ ਹੋ ਸਕਦੀ ਹੈ ? ਕੀ ਦਰਬਾਰ ਸਾਹਿਬ ਕੰਪਲੈਕਸ ਵਿਚ ਮਨਮਤੀਆਂ ਵੱਲੋਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ ਕਰ ਦੇਣਾ ਵੀ ਰੱਬ ਦੀ ਦਾਤਿ ਸੀ ?
  9. ਪ੍ਰੈਸ ਕਾਨਫਰੰਸ ਦੌਰਾਨ ਤੁਸੀਂ ਇਹ ਵੀ ਕਿਹਾ ਕਿ ਇਹ ਕੈਲੰਡਰ ਗੁਰੂ ਸਾਹਿਬਾਨ ਨੇ ਆਪ ਬਣਾਇਆ ਹੈ। ਕੀ ਤੁਸੀਂ ਇਸ ਬਾਬਤ ਕੋਈ ਜਾਣਕਾਰੀ ਦੇ ਸਕਦੇ ਹੋ ਕਿ ਤੁਸੀਂ ਅਜਿਹਾ ਹਾਸੋਹੀਣਾ ਦਾਅਵਾ ਕਿਸ ਅਧਾਰ ’ਤੇ ਕੀਤਾ?
  10. ਕੀ ਤੁਸੀਂ ਦੱਸ ਸਕਦੇ ਹੋ ਕਿ ਕੈਲੰਡਰ ਧਰਮਾਂ ਦੇ ਸੰਸਥਾਪਕਾਂ ਵੱਲੋਂ ਬਣਾਏ ਜਾਂਦੇ ਹਨ ਜਾਂ ਫਿਰ ਉਨ੍ਹਾਂ ਦੇ ਵਿਦਵਾਨਾਂ ਵੱਲੋਂ? ਕੀ ਇਸਲਾਮ ਧਰਮ ਦਾ ਹਿਜਰੀ ਅਤੇ ਹਿੰਦੂ ਸਮਾਜ ਦਾ ਬਿਕਰਮੀ ਕੈਲੰਡਰ ਇਨ੍ਹਾਂ ਧਰਮਾਂ ਦੇ ਪੈਗਬੰਰਾਂ/ਦੇਵਤਿਆਂ ਵੱਲੋਂ ਬਣਾਇਆ ਗਿਆ ਸੀ? ਜੇਕਰ ਹਾਂ, ਤਾਂ ਕ੍ਰਿਪਾ ਕਰਕੇ ਇਨ੍ਹਾਂ ਬਾਬਤ ਕੁਝ ਜਾਣਕਾਰੀ ਦੇਣ ਦੀ ਖੇਚਲ ਕਰੋ ਜੀ।
  11. ਕੀ ਤੁਸੀਂ ਦੱਸ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਬ੍ਰਾਹਮਣਸ਼ਾਹੀ ਕੈਲੰਡਰ ਵਿਚ ਬਦਲਣ ਵਾਲੀ ਮੀਟਿੰਗ ਵਿਚ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਵਾਕ-ਆਊਟ ਕਿਉਂ ਕੀਤਾ ਸੀ? ਕੀ ਇਹ ਸੱਚ ਨਹੀਂ ਕਿ ਸ੍ਰ: ਭੌਰ ਨੇ ਨਾਨਕਸ਼ਾਹੀ ਕੈਲੰਡਰ ਦੇ ਕਤਲ ਦੇ ਮਤੇ ਦੇ ਵਿਰੋਧ ਵਜੋਂ ਮੀਟਿੰਗ ਤੋਂ ਵਾਕ-ਆਊਟ ਕੀਤਾ ਸੀ?
  12. ਤੁਸੀਂ ਕਿਹਾ ਕਿ ਨਾਨਕਸ਼ਾਹੀ ਕੈਲਡੰਰ ਵਿਚ ਸੋਧ (ਕੈਲੰਡਰ ਦਾ ਕਤਲ) ਤਖ਼ਤਾਂ ਦੇ ਜਥੇਦਾਰਾਂ ਵਿਚ ਏਕਤਾ ਕਾਇਮ ਕਰਨ ਲਈ ਕੀਤੀ ਗਈ। ਕੀ ਜਥੇਦਾਰਾਂ ਦੀ ਕਥਿਤ ਏਕਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਇਤਿਹਾਸ ਨਾਲੋਂ ਵਧੇਰੇ ਮਹੱਤਵਪੂਰਨ ਹੈ?
  13. ਕੀ ਤੁਸੀਂ ਪੰਜਾਬ ਤੋਂ ਬਾਹਰਲੇ ਦੋ ਤਖ਼ਤਾਂ ਦੇ ਜਥੇਦਾਰਾਂ ਨਾਲ ਏਕਤਾ ਕਰਨ ਵਾਸਤੇ ਇਤਿਹਾਸਕ ਤੱਥਾਂ ਨੂੰ ਤੋੜਨਾ-ਮਰੋੜਨਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਖ ਨੂੰ ਵਿਅੰਗ ਅਤੇ ਵਿਵਾਦ ਦਾ ਵਿਸ਼ਾ ਬਣਾ ਦੇਣਾ ਜਾਇਜ਼ ਸਮਝਦੇ ਹੋ ?
  14. ਤਖ਼ਤ ਹਜ਼ੂਰ ਸਾਹਿਬ ਵਿਖੇ ਬਕਰਿਆਂ ਦੀ ਬਲੀ ਦੇ ਕੇ, ਉਨ੍ਹਾਂ ਦੇ ਖੂਨ ਨੂੰ ਗੁਰੂ ਗੋਬਿੰਦ ਸਿੰਘ ਜੀ ਕਹੇ ਜਾਂਦੇ ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ। ਹਜ਼ੂਰ ਸਾਹਿਬ ਦੇ ਜਥੇਦਾਰ ਨਾਲ ਹੋਰ ਵਧੇਰੇ ਏਕਤਾ ਕਰਨ ਲਈ ਤੁਸੀਂ ਅਕਾਲ ਤਖ਼ਤ ਸਾਹਿਬ / ਦਰਬਾਰ ਸਾਹਿਬ ਕੰਪਲੈਕਸ ਵਿਚ ਵੀ ਬਕਰੇ ਝਟਕਾ ਕੇ ਸ਼ਸਤਰਾਂ ਦੀ ਪੂਜਾ ਕਰਨ ਦੀ ਰਵਾਇਤ ਕਦੋਂ ਤੋਂ ਅਰੰਭ ਕਰ ਰਹੇ ਹੋ ?
  15. ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਅਸ਼ਲੀਲ ਤੇ ਮਨਮਤੀ ਰਚਨਾਵਾਂ ਦੇ ਪੁਲਿੰਦੇ ਬਚਿੱਤਰ ਨਾਟਕ ਗ੍ਰੰਥ ਨੂੰ ਵੀ ਗੁਰੂ ਵਾਂਗ ਸਜਾ ਕੇ ਸੰਗਤਾਂ ਤੋਂ ਮੱਥੇ ਟਿਕਵਾਏ ਜਾਂਦੇ ਹਨ। ਇਨ੍ਹਾਂ ਤਖ਼ਤਾਂ ਨਾਲ ਹੋਰ ਏਕਤਾ ਕਰਨ ਵਾਸਤੇ ਕੀ ਤੁਸੀਂ ਅਕਾਲ ਤਖ਼ਤ ਸਾਹਿਬ ’ਤੇ ਵੀ ਬਚਿੱਤਰ ਨਾਟਕ ਗ੍ਰੰਥ ਦਾ ਅੰਧਕਾਰ (ਕਥਿਤ ਪ੍ਰਕਾਸ਼) ਕਰਵਾਉਣ ਦਾ ਕੋਈ ਹੁਕਮਨਾਮਾ ਜਾਰੀ ਕਰਨ ਜਾ ਰਹੇ ਹੋ?
  16. ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਫਲਸਫ਼ੇ ਦੇ ਉਲਟ, ਗੁਰੂ ਗ੍ਰੰਥ ਸਾਹਿਬ ਦੀ ਹੀ ਥਾਲ ਵਿਚ ਦੀਵੇ ਜਗਾ ਕੇ ਆਰਤੀ ਕੀਤੀ ਜਾਂਦੀ ਹੈ। ਗੰਗਾ-ਗੋਦਾਵਰੀ ਜੀ ਕੇ ਇਸ਼ਨਾਨ ਦੀ ਅਰਦਾਸ ਕੀਤੀ ਜਾਂਦੀ ਹੈ। ਕੀ ਤੁਸੀਂ ਹਜ਼ੂਰ ਸਾਹਿਬ ਦੇ ਜਥੇਦਾਰ ਨਾਲ ਏਕਤਾ ਕਰਨ ਵਾਸਤੇ ਬ੍ਰਾਹਮਣੀ ਆਰਤੀ ਅਤੇ ਮਨਮਤੀ ਅਰਦਾਸ ਦਾ ਇਹ ਰੂਪ ਅਕਾਲ ਤਖ਼ਤ ਅਤੇ ਹੋਰ ਗੁਰਦੁਆਰਿਆਂ ’ਤੇ ਜਾਰੀ ਕਰਵਾਉਣ ਲਈ ਵੀ ਕੋਈ ਹੁਕਮਨਾਮਾ ਜਾਰੀ ਕਰਨ ਵਾਲੇ ਹੋ?
  17. ਹਜ਼ੂਰ ਸਾਹਿਬ ਵਿਖੇ ਹੀ ਅਖੌਤੀ ਜਥੇਦਾਰ ਵੱਲੋਂ ਆਪਣਾ ਪਜਾਮਾ ਲਾਹ ਕੇ ਸਾਰੇ ਧਾਰਮਕ ਰਸਮੋ-ਰਿਵਾਜ ਕਰਨ ਦੀ ਬੇਲੋੜੀ ਅਤੇ ਮਨਮਤੀ ਪ੍ਰਥਾ ਅਪਣਾਈ ਜਾਂਦੀ ਹੈ। ਕੀ ਤੁਸੀਂ ਉਥੋਂ ਦੇ ਜਥੇਦਾਰ ਨਾਲ ਏਕਤਾ ਕਰਨ ਵਾਸਤੇ ਇਹ ਰਵਾਇਤ ਖ਼ੁਦ ਵੀ ਅਪਣਾਉਣ ਵਾਲੇ ਹੋ? ਜੇਕਰ ਹਾਂ, ਤੇ ਕਦੋਂ ਤੋਂ ਅਤੇ ਜੇਕਰ ਨਹੀਂ ਤਾਂ ਕਿਉਂ ਨਹੀਂ?
  18. ਜੇਕਰ ਨਾਨਕਸ਼ਾਹੀ ਕੈਲੰਡਰ ਦਾ ਕਤਲ (ਕਥਿਤ ਸੋਧ) ਹੋਣ ਨਾਲ ਜਥੇਦਾਰਾਂ ਵਿਚ ਏਕਤਾ ਹੁੰਦੀ ਸੀ, ਤਾਂ ਹੋਰਨਾਂ ਜਥੇਦਾਰਾਂ ਨੇ ਕੈਲੰਡਰ ਵਿਚਲੀ ਸੋਧ ਵਾਲੇ ਆਦੇਸ਼ ’ਤੇ ਦਸਤਖ਼ਤ ਕਿਉਂ ਨਹੀਂ ਕੀਤੇ ? ਗੌਰ ਤਲਬ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਕਹਿਣਾ ਹੈ ਕਿ ਉਨ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਕਤਲ (ਕਥਿਤ ਸੋਧ) ਵਾਲੇ ਆਦੇਸ਼ ’ਤੇ ਦਸਤਖ਼ਤ ਨਹੀਂ ਕੀਤੇ। ਇਸ ਬਾਬਤ ਆਪ ਜੀ ਕੀ ਕਹਿਣਾ ਚਾਹੋਗੇ ?
  19. ਕੀ ਜਥੇਦਾਰ ਨੰਦਗੜ੍ਹ ਝੂਠ ਬੋਲ ਰਹੇ ਹਨ ? ਜੇਕਰ ਹਾਂ, ਤਾਂ ਕ੍ਰਿਪਾ ਕਰਕੇ ਆਪਣੀ ਨਿਜੀ ਰਵਾਇਤ ਮੁਤਾਬਿਕ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਕਰੋ। ਜੇਕਰ ਉਹ ਸੱਚ ਬੋਲ ਰਹੇ ਹਨ, ਤਾਂ ਫਿਰ ਤੁਸੀਂ ਸੰਗਤ ਅੱਗੇ ਇਸ ਤੱਥ ਬਾਰੇ ਆਪਣੀ ਸਫ਼ਾਈ ਪੇਸ਼ ਕਰੋ।
  20. ਤੁਸੀਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੋਧ (ਤੋੜ-ਮਰੋੜ) ਤਖ਼ਤਾਂ ਦੇ ਜਥੇਦਾਰਾਂ ਵਿਚ ਏਕਤਾ ਕਰਨ ਵਾਸਤੇ ਕੀਤੀ ਗਈ। ਪਰ ਤੁਹਾਨੂੰ ਜਥੇਦਾਰ ਦੀ ਨੌਕਰੀ ’ਤੇ ਲਗਾਉਣ ਵਾਲੇ ਤੁਹਾਡੇ ਬਾਸ (ਭੋਸਸ) ਅਵਤਾਰ ਸਿੰਘ ਮੱਕੜ (ਪ੍ਰਧਾਨ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਕੈਲੰਡਰ ਦਾ ਕਤਲ ਕਰਨ ਉਪਰੰਤ ਕੁਝ ਦਿਨਾਂ ਬਾਅਦ ਪੰਜਾਬੀ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਇਸ ਕੁਕਰਮ ਨੂੰ ਜਾਇਜ਼ ਠਹਿਰਾਉਣ ਦਾ ਜਤਨ ਕਰਦਿਆਂ ਸਾਫ਼ ਲਫ਼ਜ਼ਾਂ ਵਿਚ ਲਿਖਿਆ - ‘‘ਨਾਨਕਸ਼ਾਹੀ ਕੈਲੰਡਰ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਦਾ ਇਕੋ-ਇਕ ਮਕਸਦ ਪੰਥ ਨਾਲੋਂ ਅਲੱਗ-ਥਲੱਗ ਹੋਏ ਸੰਤ ਸਮਾਜ ਨੂੰ ਪੰਥ ਦੀ ਮੁੱਖ ਧਾਰਾ ਵਿਚ ਲਿਆਉਣਾ ਹੈ ਜੋ ਕਿ ਪੰਥ ਦਾ ਇਕ ਅਨਿੱਖੜਵਾ ਅਤੇ ਅਹਿਮ ਅੰਗ ਹੈ।...’’ ਇਸ ਇਸ਼ਤਿਹਾਰ ਰਾਹੀਂ ਸ੍ਰੀ ਮੱਕੜ ਨੇ ਸਾਫ਼ ਤੌਰ ’ਤੇ ਮੰਨਿਆ ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ (ਸੋਧ) ਡੇਰੇਦਾਰਾਂ (ਅਤੇ ਉਨ੍ਹਾਂ ਜ਼ਰੀਏ ਆਰ.ਐਸ.ਐਸ. ਵਰਗੀ ਫਿਰਕਾਪ੍ਰਸਤ ਤਾਕਤਾਂ) ਨੂੰ ਖੁਸ਼ ਕਰਨ (ਅਤੇ ਉਨ੍ਹਾਂ ਤੋਂ ਸਿਆਸੀ ਤੇ ਨਿਜੀ ਲਾਭ ਲੈਣ) ਵਾਸਤੇ ਕੀਤਾ ਗਿਆ।
  21. ਕੀ ਸ੍ਰ: ਅਵਤਾਰ ਸਿੰਘ ਮੱਕੜ ਦਾ ਬਿਆਨ ਗਲਤ ਹੈ ਜਾਂ ਤੁਹਾਡਾ (ਤਖ਼ਤਾਂ ਦੀ ਏਕਤਾ ਵਾਲਾ) ਬਿਆਨ ਗਲਤ ਹੈ ?
  22. ਜੇਕਰ ਸ੍ਰ: ਮੱਕੜ ਨੇ ਗਲਤ ਬਿਆਨੀ ਕੀਤੀ (ਹਾਲਾਂਕਿ ਜਲਦਬਾਜ਼ੀ ਵਿਚ ਉਨ੍ਹਾਂ ਨੇ ਸੱਚ ਕਬੂਲ ਲਿਆ ਪ੍ਰਤੀਤ ਹੁੰਦਾ ਹੈ) ਤਾਂ ਕੀ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਨ ਕੀਤੀ ਜਾ ਸਕੇ ?
  23. ਕ੍ਰਿਪਾ ਕਰਕੇ ਇਹ ਵੀ ਸਪਸ਼ਟ ਕਰੋ ਕਿ ਕੀ ਸ੍ਰ: ਮੱਕੜ ਦੇ ਬਿਆਨ ਮੁਤਾਬਿਕ ‘ਸੰਤ ਸਮਾਜ’ ਨਾਂ ਦੀ ਡੇਰੇਦਾਰਾਂ ਦੀ ਐਸੋਸੀਏਸ਼ਨ ਸਿੱਖ ‘‘ਪੰਥ ਦਾ ਅਨਿਖੜਵਾਂ ਅਤੇ ਅਹਿਮ ਅੰਗ’’ ਹੈ ਜਾਂ ਨਹੀਂ? ਕੀ ਡੇਰੇਦਾਰ ਸਿੱਖ ਸਮਾਜ ਨੂੰ ਧਾਰਮਕ, ਸਿਆਸੀ ਤੇ ਆਰਥਕ ਤੌਰ ਤੋਂ ਕਮਜ਼ੋਰ ਕਰ ਰਹੇ ਹਨ ਜਾਂ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨ ਵਿਚ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦੀ ਕੋਈ ਮਦਦ ਕਰ ਰਹੇ ਹਨ?
  24. ਜੇਕਰ ਸੰਤ ਸਮਾਜ (ਡੇਰੇਦਾਰ) ਪੰਥ ਦਾ ਅਨਿਖੜਵਾਂ ਹਿੱਸਾ ਹਨ ਤਾਂ ਕਿਵੇਂ? ਜੇਕਰ ਅਜਿਹਾ ਨਹੀਂ ਹੈ ਤਾਂ ਅਜਿਹੀ ਗੁਰਮਤਿ-ਵਿਰੋਧੀ ਅਤੇ ਪੰਥ-ਮਾਰੂ ਬਿਆਨਬਾਜ਼ੀ ਕਰਨ ਲਈ ਸ੍ਰ: ਅਵਤਾਰ ਸਿੰਘ ਮੱਕੜ ਦੇ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ?
  25. ਜੇਕਰ ਸ੍ਰ: ਮੱਕੜ ਦਾ ਬਿਆਨ (ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ ਡੇਰੇਦਾਰਾਂ ਨੂੰ ਖੁਸ਼ ਕਰਨ ਲਈ ਕੀਤਾ ਗਿਆ) ਠੀਕ ਹੈ, ਤਾਂ ਸੁਭਾਵਕ ਤੌਰ ’ਤੇ ਆਪ ਜੀ ਦਾ ਬਿਆਨ (ਕਿ ਅਜਿਹਾ ਜਥੇਦਾਰਾਂ ਦੀ ਆਪਸੀ ਏਕਤਾ ਲਈ ਕੀਤਾ ਗਿਆ) ਗਲਤ ਹੈ। ਅਜਿਹੇ ਹਾਲਾਤ ਵਿਚ ਆਪ ਜੀ ਦੇ ਖਿਲਾਫ਼ ਕੀ ਕਾਰਵਾਈ ਹੋਣੀ ਚਾਹੀਦੀ ਹੈ ?
  26. ਤੁਹਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਅਕਾਲੀ ਦਲ ਬਾਦਲ ਅਤੇ ਆਰ.ਐਸ.ਐਸ./ ਬੀਜੇਪੀ ਦੇ ਆਗੂ ਦਿੱਲੀ ਦੇ ਵੱਖ-ਵੱਖ ਸਥਾਨਕ ਗੁਰਦੁਆਰਿਆਂ (ਖ਼ਾਸਕਰ ਜਿਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ 5 ਜਨਵਰੀ ਨੂੰ ਮਨਾਉਣਾ ਚਾਹੁੰਦੇ ਹਨ) ਵਿਚ ਜਾ ਕੇ ਅਕਾਲ ਤਖ਼ਤ ਦੇ ਲੈਟਰ-ਪੈਡ ’ਤੇ ਤੁਹਾਡੇ ਦਸਤਖ਼ਤਾਂ ਵਾਲੇ ਇਕ ‘ਆਦੇਸ਼’ ਦੀਆਂ ਅਸਲ ਪ੍ਰਤੀਆਂ (ਫੋਟੋ ਕਾਪੀਆਂ ਨਹੀਂ) ਥੋਕ ਵਿਚ ਵੰਡ ਰਹੇ ਹਨ। ਬ੍ਰਾਹਮਣਸ਼ਾਹੀ ਕੈਲੰਡਰ ਬਾਬਤ ਤੁਹਾਨੂੰ ਮੁੜ ਤੋਂ ‘ਆਦੇਸ਼’ ਜਾਰੀ ਕਰਨ ਦੀ ਲੋੜ ਕਿਉਂ ਪਈ ? ਕੀ ਇਹ ਸੱਚ ਨਹੀਂ ਕਿ ਅਜਿਹਾ ਇਸਲਈ ਕਰਨਾ ਪਿਆ ਕਿ ਜਾਗਰੂਕ ਸਿੱਖ ਤੁਹਾਡੇ ਆਪ-ਹੁਦਰੇ ਫੈਸਲਿਆਂ ਅਤੇ ਬ੍ਰਾਹਮਣਸ਼ਾਹੀ ਕੈਲੰਡਰ ਰਾਹੀਂ ਸਿੱਖਾਂ ਨੂੰ ਗੰਗੂਕਿਆਂ ਦਾ ਗੁਲਾਮ ਬਣਾਉਣ ਵਾਲੀ ਕੋਝੀ ਹਰਕਤ ਤੋਂ ਸਹਿਮਤ ਨਹੀਂ?
  27. ਇਸ ਆਦੇਸ਼ ਦੀਆਂ ਕਿੰਨੀਆਂ ਪ੍ਰਤੀਆਂ ਜਾਰੀ ਕੀਤੀਆਂ ਗਈਆਂ ਹਨ? ਕੀ ਜਿਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਹ ‘ਆਦੇਸ਼’ ਦਿੱਤਾ ਜਾ ਰਿਹਾ ਹੈ, ਉਨ੍ਹਾਂ ਬਾਬਤ ਤੁਹਾਨੂੰ ਕੋਈ ਜਾਣਕਾਰੀ ਹੈ? ਕੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਤੋਂ ਅਕਾਲੀ ਦਲ ਬਾਦਲ ਜਾਂ ਬੀਜੇਪੀ ਦੇ ਵਰਕਰਾਂ ਨੂੰ ਅਜਿਹਾ ਕੋਈ ਨਿਰਦੇਸ਼ ਦਿੱਤਾ ਗਿਆ ਹੈ, ਕਿ ਉਹ ਇਸ ‘ਆਦੇਸ਼’ ਦੀਆਂ ਪ੍ਰਤੀਆਂ ਗੁਰਦੁਆਰਿਆਂ ਵਿਚ ਵੰਡਣ? ਕੀ ਅਕਾਲ ਤਖ਼ਤ ਸਾਹਿਬ ਵਿਚ ਇਸ ਬਾਬਤ ਕੋਈ ਰਿਕਾਰਡ ਰੱਖਿਆ ਗਿਆ ਹੈ ਕਿ ਉਕਤ ਆਦੇਸ਼ ਦੀਆਂ ਕਿੰਨੀਆਂ ਪ੍ਰਤੀਆਂ ਜਾਰੀ ਕੀਤੀਆਂ ਗਈਆਂ, ਕਿਹੜੇ-ਕਿਹੜੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਅਤੇ ਕਿਸ ਅਧਾਰ ’ਤੇ ਦਿੱਤੀਆਂ ਗਈਆਂ?
  28. ਦਿੱਲੀ ਵਿਚ ਅਕਾਲੀ ਦਲ ਬਾਦਲ ਅਤੇ ਆਰ.ਐਸ.ਐਸ. ਦੇ ਸਿੱਖੀ ਭੇਖ ਵਾਲੇ ਵਰਕਰ 5 ਜਨਵਰੀ 2011 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਉਣਾ ਚਾਹੁੰਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਧਮਕਾ ਰਹੇ ਹਨ ਕਿ ਜੇਕਰ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਬ੍ਰਾਹਮਣਸ਼ਾਹੀ ਕੈਲੰਡਰ ਨੂੰ ਅਪਣਾਉਣ ਸਬੰਧੀ ਜਾਰੀ ‘ਆਦੇਸ਼’ ਦੀ ਪਾਲਨਾ ਨਾ ਕੀਤੀ ਤਾਂ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਲਿਆ ਜਾਏਗਾ, ਜਿਸ ਨਾਲ ਆਮ ਲੋਕਾਂ ਵਿਚ ਉਨ੍ਹਾਂ ਦੀ ਸਾਖ ਖ਼ਰਾਬ ਹੋਵੇਗੀ। ਕੀ ਅਜਿਹਾ ਆਪ ਜੀ ਦੀ ਸਹਿਮਤੀ ਜਾਂ ਨਿਰਦੇਸ਼ਾਂ ਮੁਤਾਬਿਕ ਕਿਹਾ ਜਾ ਰਿਹਾ ਹੈ? ਜੇਕਰ ਹਾਂ ਤਾਂ ਇਸ ਕਾਰਜ ਲਈ ਅਪਣਾਈ ਗਈ ਪ੍ਰਕ੍ਰਿਆ ਬਾਰੇ ਪੂਰੀ ਜਾਣਕਾਰੀ ਦੇਣ ਦੀ ਖੇਚਲ ਕਰੋ ਜੀ (ਕਿ ਤੁਸੀਂ ਕਿਹੜੇ-ਕਿਹੜੇ ਵਿਅਕਤੀ/ਆਗੂ ਨੂੰ ਅਕਾਲ ਤਖ਼ਤ ਸਾਹਿਬ ਦੇ ਲੈਟਰ-ਪੈਡ ’ਤੇ ਜਾਰੀ ਪੱਤਰ/ਆਦੇਸ਼ ਵੰਡਣ ਅਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਧਮਕਾ ਕੇ ਬ੍ਰਾਹਮਣਸ਼ਾਹੀ ਕੈਲੰਡਰ ਅਪਣਾਉਣ ਦਾ ਅਧਿਕਾਰ ਦਿੱਤਾ ਸੀ)।
  29. ਅਕਾਲੀ ਦਲ ਬਾਦਲ ਅਤੇ ਆਰ.ਐਸ.ਐਸ. ਦੇ ਵਰਕਰਾਂ ਵੱਲੋਂ ਹੁਣੇ ਤੋਂ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰਾਹਮਣਸ਼ਾਹੀ ਕੈਲੰਡਰ ਨੂੰ ਨਾ ਮੰਨਣ ਕਾਰਨ ਪਰਮਜੀਤ ਸਿੰਘ ਸਰਨਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰਨਾਂ ਅਹੁਦੇਦਾਰਾਂ ਨੂੰ ਅਕਾਲ ਤਖ਼ਤ ’ਤੇ ਤਲਬ ਕੀਤਾ ਜਾਵੇਗਾ। ਕੀ ਆਪਜੀ ਨੇ ਪਰਮਜੀਤ ਸਿੰਘ ਸਰਨਾ ਨੂੰ ‘ਤਲਬ’ ਕਰਨ ਵਾਲਾ ਕੋਈ ਆਦੇਸ਼ ਜਾਰੀ ਕਰ ਦਿੱਤਾ ਹੈ, ਜਿਸਦੀ ਅਗਾਊਂ ਸੂਚਨਾ ਬਾਦਲ ਦਲ ਅਤੇ ਬੀਜੇਪੀ ਵਰਕਰਾਂ ਨੂੰ ਦੇ ਦਿੱਤੀ ਗਈ ਹੈ? ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਜਾਣ ਵਾਲੇ ਆਦੇਸ਼ਾਂ ਸਬੰਧੀ ਅਗਾਊਂ ਜਾਣਕਾਰੀ ਦੇਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ?
  30. ਜੇਕਰ ਬ੍ਰਾਹਮਣਸ਼ਾਹੀ ਕੈਲੰਡਰ ਨੂੰ ਮੰਨਣ ਦੀ ਬਜਾਏ ਸਰਬ-ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਦੇ ਕਥਿਤ ‘ਜੁਰਮ’ ਜਾਂ ਅਵੱਗਿਆ ਕਾਰਨ ਪਰਮਜੀਤ ਸਿੰਘ ਸਰਨਾ ਜਾਂ ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਦੋਸ਼ੀ ਠਹਿਰਾ ਕੇ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾ ਸਕਦਾ ਹੈ ਤਾਂ 2003 ਵਿਚ ਜਦ ਦੋ ਤਖ਼ਤਾਂ ਅਤੇ ਡੇਰੇਦਾਰਾਂ (ਕਥਿਤ ਸੰਤ-ਸਮਾਜ) ਦੇ ਇਲਾਵਾ ਸਮੁੱਚੇ ਸਿੱਖ ਸਮਾਜ ਨੇ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰ ਲਿਆ ਸੀ, ਤਾਂ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਅਤੇ ਸੰਤ-ਸਮਾਜ ਦੇ ਮੈਂਬਰਾਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਗਈ? ਕੀ ਅਕਾਲ ਤਖ਼ਤ ਸਾਹਿਬ ਦਾ ਅਸਥਾਨ ਸਿਰਫ਼ ਗੁਰਮਤਿ ਸਿਧਾਂਤਾਂ ਅਤੇ ਇਤਿਹਾਸਕ ਤੱਥਾਂ ਦੀ ਪੈਰਵੀ ਕਰਨ ਵਾਲਿਆਂ ਨੂੰ ਤਲਬ ਕਰਨ, ਧਮਕਾਉਣ ਅਤੇ ਬਾਦਲ ਦਲ ਦੇ ਹਥਠੋਕੇ ਜਥੇਦਾਰਾਂ ਦੇ ਸਿੱਖੀ-ਵਿਰੋਧੀ ਆਦੇਸ਼ਾਂ ਪ੍ਰਤੀ ਸਿਰ ਨਾ ਝੁਕਾਉਣ ਵਾਲੇ ਜਾਂ ਬਾਦਲ ਦਲ ਦੇ ਸਿਆਸੀ ਵਿਰੋਧੀ ਆਗੂਆਂ ਅਤੇ ਸਿੱਖਾਂ ਨੂੰ ਪੰਥ ਵਿਚੋਂ ਛੇਕਣ ਲਈ ਹੀ ਰਹਿ ਗਿਆ ਹੈ? ਸਰਬ-ਪ੍ਰਵਾਣਿਤ ਕੈਲੰਡਰ ਨੂੰ ਨਾ ਮੰਨਣ ਵਾਲਿਆਂ ਖਿਲਾਫ਼ 7 ਸਾਲਾਂ ਤੱਕ ਕੋਈ ਕਾਰਵਾਈ ਨਾ ਕਰਨਾ ਪਰ ਇਸੇ ਸਰਬ-ਪ੍ਰਵਾਣਿਤ ਕੈਲੰਡਰ ਨੂੰ ਮੰਨਣ ਲਈ ਤਿਆਰ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ‘ਕਾਰਵਾਈ’ ਦੀਆਂ ਧਮਕੀਆਂ ਦੇਣਾ ਕਿਥੋਂ ਦੀ ਨਿਰਪੱਖਤਾ ਹੈ? ਅਜਿਹੀ ਕਾਰਵਾਈ ਅਤੇ ਨੀਤੀਆਂ ਨਾਲ ਕਿਹੜੀ ਸਿਆਸੀ ਪਾਰਟੀ ਨੂੰ ਸਿਆਸੀ ਲਾਭ ਹੋ ਸਕਦਾ ਹੈ? ਕੀ ਤੁਸੀਂ ਜਾਗਰੁਕ ਧਿਰਾਂ ਵੱਲੋਂ ਅਕਸਰ ਲਗਾਏ ਜਾਂਦੇ ਇਲਜ਼ਾਮ ਕਿ ਵਿਕਾਊ ਕਿਸਮ ਦੇ ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਨੂੰ ‘ਬਾਦਲ ਤਖ਼ਤ’ ਬਣਾ ਕੇ ਰੱਖ ਦਿੱਤਾ ਹੈ, ਨੂੰ ਸੱਚਾ ਸਾਬਿਤ ਨਹੀਂ ਕਰ ਰਹੇ ?
  31. ਕੀ ਇਹ ਸੱਚ ਨਹੀਂ ਕਿ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਕੇ ਸਮੇਂ-ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਗੁੰਮਰਾਹ ਕਰਦੀਆਂ ਰਹੀਆਂ ਹਨ? ਕੀ ਇਹ ਸੱਚ ਨਹੀਂ ਕਿ ਅਕਾਲ ਤਖ਼ਤ ਸਾਹਿਬ ਦੇ ਰਸੂਖ ਦੀ ਦੁਰਵਰਤੋਂ ਕਰਦਿਆਂ ਹੀ ਜਲ੍ਹਿਆਂਵਾਲਾ ਬਾਗ ਕਾਂਡ ਵਿਚ ਹਜ਼ਾਰਾਂ ਨਿਰਦੋਸ਼ ਪ੍ਰਾਣੀਆਂ ਦਾ ਕਤਲ ਕਰਵਾਉਣ ਵਾਲੇ ਅੰਗਰੇਜ਼ ਅਫ਼ਸਰ ਨੂੰ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਅਖੌਤੀ ਜਥੇਦਾਰ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਸੀ? ਕੀ ਮੌਜੂਦਾ ਦੌਰ ਵਿਚ ਪੰਜਾਬ ਦੀ ਬਾਦਲ ਸਰਕਾਰ ਆਪਣੀ ਸਿਆਸੀ ਭਾਈਵਾਲ ਬੀਜੇਪੀ ਤੇ ਆਰ.ਐਸ.ਐਸ. ਦੇ ਸਿੱਖ-ਵਿਰੋਧੀ ਮਨਸੂਬਿਆਂ ਨੂੰ ਪੂਰਾ ਕਰਕੇ ਨਿਜੀ ਲਾਭ ਲੈਣ ਲਈ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਨਹੀਂ ਕਰਦੀ ਆ ਰਹੀ? ਕੀ ਇਸੇ ਕੜੀ ਵਿਚ ਨਾਨਕਸ਼ਾਹੀ ਕੈਲੰਡਰ ਨੂੰ ਬ੍ਰਾਹਮਣਸ਼ਾਹੀ ਕੈਲੰਡਰ ਵਿਚ ਬਦਲਣ ਅਤੇ ਫਿਰ ਭੋਲੇ-ਭਾਲੇ ਸਿੱਖਾਂ ਨੂੰ ਅਕਾਲ ਤਖ਼ਤ ਦੇ ਹੁਕਮਨਾਮੇ/ਆਦੇਸ਼ ਦਾ ਡਰਾਵਾ ਦੇ ਕੇ ਬ੍ਰਾਹਮਣਵਾਦ ਅਪਣਾਉਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ?

ਆਸ ਹੈ ਕਿ ਜਿਸ ਫੁਰਤੀ ਅਤੇ ਤਨਦੇਹੀ ਨਾਲ ਆਪ ਜੀ ਨੇ ਉਚੇਚੇ ਤੌਰ ’ਤੇ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਨ ਬ੍ਰਾਹਮਣਸ਼ਾਹੀ ਕੈਲੰਡਰ ਨੂੰ ਪ੍ਰਚਾਰਨ ਦਾ ਸਮਾਂ ਕੱਢਿਆ, ਉਸੇ ਤੋਂ ਬਹੁਤ ਘੱਟ ਜਤਨ ਕਰਕੇ ਉਕਤ ਸਰਲ ਤੇ ਸਪਸ਼ਟ ਸਵਾਲਾਂ ਦੇ ਜਵਾਬ ਦੇ ਕੇ ਸੰਗਤਾਂ ਨੂੰ ਸੱਚ ਤੋਂ ਜਾਣੂ ਕਰਵਾਉਣ ਦੀ ਖੇਚਲ ਕਰੋਗੇ। ਜੇਕਰ ਆਪ ਜੀ ਅਜਿਹਾ ਨਹੀਂ ਕਰੋਗੇ ਤਾਂ ਕਈ ਸਿੱਖ ਵਿਦਵਾਨਾਂ ਵੱਲੋਂ ਬਾਰ-ਬਾਰ ਲਗਾਏ ਜਾ ਰਹੇ ਇਸ ਇਲਜ਼ਾਮ ਨੂੰ ਹੋਰ ਬਲ ਮਿਲੇਗਾ, ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਬਾਦਲ ਪਰਵਾਰ ਦੀਆਂ ਸਿਆਸੀ ਰਖੈਲਾਂ ਬਣ ਗਏ ਹਨ। ਇਸਦੇ ਇਲਾਵਾ ਆਪ ਜੀ ਨੂੰ ਸਿੱਖ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 11 ਜਨਵਰੀ ਮਨਾਉਣ ਦਾ ਆਦੇਸ਼ ਜਾਰੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਏਗਾ।

ਆਪ ਜੀ ਦੇ ਫੌਰੀ ਉੱਤਰ ਦੀ ਉਡੀਕ ਵਿਚ,

ਸਰਬਜੀਤ ਸਿੰਘ (ਸੰਪਾਦਕ - ਇੰਡੀਆ ਅਵੇਅਰਨੈਸ, ਏ-11, ਸ਼ਾਮ ਨਗਰ, ਨਵੀਂ ਦਿੱਲੀ)
26/12/2010


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top