ਬਠਿੰਡਾ, 2 ਅਗੱਸਤ (ਕਿਰਪਾਲ ਸਿੰਘ): ਜਦੋਂ ਵਿਕਾਰੀ ਮਨੁੱਖ
ਨੂੰ ਸਮਾਜ ਵੱਲੋਂ ਮਾਣਤਾ ਮਿਲਣੀ ਸ਼ੁਰੂ ਹੋ ਜਾਵੇ ਤਾਂ ਸਮਝੋ ਕਲਜੁਗ ਆ ਗਿਆ। ਇਹ ਸ਼ਬਦ
ਇੱਥੇ ਗੁਰਦੁਆਰਾ ਸਾਹਿਬ ਬਾਬਾ ਫਰੀਦ ਨਗਰ ਦੇ ਸਾਹਮਣੇ ਖੁਲ੍ਹੇ ਮੈਦਾਨ ’ਚ ਸਜੇ
ਵਿਸ਼ਾਲ ਪੰਡਾਲ ਵਿੱਚ ਚੱਲ ਰਹੇ ਤਿੰਨ ਦਿਨਾ ਗੁਰਮਤਿ ਸਮਾਗਮ ਦੇ ਪਹਿਲੇ ਦੀਵਾਨ ਦੌਰਾਨ
ਬੀਤੀ ਦੇਰ ਰਾਤ ਬੋਲਦਿਆਂ ਹੋਇਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ
ਨੇ ਕਹੇ।
ਉਨ੍ਹਾਂ
ਕਿਹਾ ਕਿ ਡੇਰੇਦਾਰ ਜੋ ਕਲਜੁਗ ਦਾ ਹੁਲੀਆ ਬਿਆਨ ਕਰਕੇ ਸਾਖੀਆਂ ਸੁਣਾਉਂਦੇ ਹਨ ਕਿ ਉਸ
ਦੇ ਵੱਡਾ ਸਾਰਾ ਮੂੰਹ, ਵੱਡੇ ਵੱਡੇ ਦੰਦ, ਵੱਡੀਆਂ ਵੱਡੀਆਂ ਅੱਖਾਂ ਦੋ ਸਿੰਗਾਂ ਵਾਲਾ
ਕਲਜੁਗ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ; ਜਿਸ ਨੂੰ ਗੁਰੂ ਸਾਹਿਬ ਜੀ ਨੇ ਕਿਹਾ
ਤੂੰ ਜੋੜਾਘਰ ਤੋਂ ਅੱਗੇ ਨਹੀਂ ਆਉਣਾਂ ਜਾਂ ਫਿਰ ਸਮਾਗਮ ਦੀ ਸਮਾਪਤੀ ਉਪ੍ਰੰਤ ਦੇਗ
ਬਰਤਾਉਣ ਸਮੇਂ ਆ ਅੰਦਰ ਆ ਜਾਇਆ ਕਰ; ਇਹ ਸਭ ਝੂਠ ਹੈ। ਉਨ੍ਹਾਂ ਕਿਹਾ ਜਿਸ ਤਰ੍ਹਾਂ
ਪੁਜਾਰੀ ਸ਼੍ਰੇਣੀ ਆਪਣੇ ਕੁਕਰਮਾਂ ’ਤੇ ਪੜਦਾ ਪਾਉਣ ਲਈ ਕਹਿ ਦਿੰਦੇ ਸਨ ਕਿ ਕੀ ਕਰੀਏ
ਜੀ ਹੁਣ ਕਲਜੁਗ ਦਾ ਪਹਿਰਾ ਹੈ। ਉਸੇ ਤਰ੍ਹਾਂ ਜਦੋਂ ਪ੍ਰਬੰਧਕਾਂ ਤੋਂ ਪ੍ਰਬੰਧ ਵਿੱਚ
ਕੋਈ ਕਮੀ ਰਹਿ ਜਾਵੇ ਤਾਂ ਉਸ ਦਾ ਠੀਕਰਾ ਕਲਜੁਗ ਸਿਰ ਭੰਨ ਕੇ ਆਪ ਮੁਕਤ ਹੋਣਾ
ਚਾਹੁੰਦੇ ਹਨ।
ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਅਜਿਹੀਆਂ ਕਹਾਣੀਆਂ
ਸੁਣਾਉਣ ਵਾਲੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਤਾਂ ਪੁੱਛ ਲੈਣ ਕਿ ਕੀ ਉਨ੍ਹਾਂ
ਅਨੁਸਾਰ ਕੋਈ ਕਲਜੁਗ ਹੁੰਦਾ ਵੀ ਹੈ ਤੇ ਉਹ ਕਿਸ ਥਾਂ ਰਹਿੰਦਾ ਹੈ। ਗੁਰੂ ਜੀ ਤਾਂ ਕਹਿ
ਰਹੇ ਹਨ ਕਿ ਕਿਸੇ ਵਿਸ਼ੇਸ਼ ਆਕਾਰ ਤੇ ਸਰੀਰ ਵਾਲਾ ਕੋਈ ਕਲਜੁਗ ਹੁੰਦਾ ਹੀ ਨਹੀ ਅਸਲ
ਵਿੱਚ ਇਹ ਇੱਕ ਮਨ ਦੀ ਅਵਸਥਾ ਹੈ। ਵਿਕਾਰਾਂ ਦਾ ਪ੍ਰਭਾਵ ਮਨੁੱਖ ਦੇ ਮਨਾਂ ’ਤੇ ਪੈਣਾ
ਅਤੇ ਜੋਰ ਜੁਲਮ ਧੱਕਾ ਕਰਨ ਵਾਲੇ ਵਿਕਾਰੀ ਮਨੁੱਖ ਨੂੰ ਸਮਾਜ ਵਿੱਚ ਮਾਣਤਾ ਮਿਲ ਜਾਣਾ
ਅਤੇ ਉੱਚੇ ਆਚਰਨ ਵਾਲਾ ਮਨੁੱਖ ਦਾ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗ ਜਾਣਾ ਹੀ ਕਲਜੁਗ
ਹੈ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰ: 903 ’ਤੇ ਰਾਮਕਲੀ
ਰਾਗੁ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਹਨ:
‘ਸੋਈ ਚੰਦੁ ਚੜਹਿ ਸੇ ਤਾਰੇ ਸੋਈ
ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥1॥’
(ਜਿਸ ਅਸਲ ਕਲਿਜੁਗ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ ਉਸ) ਕਲਿਜੁਗ ਦਾ
ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡ੍ਹਾਂ) ਖੇਡ੍ਹਦਾ ਹੈ ਕਿਸੇ ਖ਼ਾਸ ਥਾਵਾਂ ਵਿਚ
ਨਹੀਂ ਖੇਡ੍ਹ ਸਕਦਾ (ਕਿਉਂਕਿ ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ)
ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ
ਆ ਰਿਹਾ ਹੈ, ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ ॥1॥
‘ਜੀਵਨ ਤਲਬ ਨਿਵਾਰਿ ॥ ਹੋਵੈ
ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥1॥ ਰਹਾਉ ॥’ (ਹੇ ਪੰਡਿਤ! ਆਪਣੇ
ਮਨ ਵਿਚ) ਖ਼ੁਦ-ਗ਼ਰਜ਼ੀ ਦੂਰ ਕਰ (ਇਹੀ ਖ਼ੁਦ-ਗ਼ਰਜ਼ੀ ਕਲਿਜੁਗ ਹੈ। ਇਸ ਖ਼ੁਦ-ਗ਼ਰਜ਼ੀ ਦੇ ਅਸਰ
ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ (ਉਹਨਾਂ ਦੀਆਂ ਨਜ਼ਰਾਂ ਵਿਚ)
ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖ਼ੁਦ-ਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ-ਹੇ ਪੰਡਿਤ!
ਇਹਨਾਂ ਨੂੰ) ਕਲਿਜੁਗ ਦੇ ਲੱਛਣ ਸਮਝ ॥1॥ ਰਹਾਉ ॥
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਪਿੱਛੇ ਜਿਹੇ ਅਖ਼ਬਾਰਾਂ ਵਿੱਚ
ਖ਼ਬਰ ਛਪੀ ਸੀ ਕਿ ਪਾਰਲੀਮੈਂਟ ਦੇ 162 ਮੈਂਬਰਾਂ ’ਤੇ ਅਪਰਾਧਕ ਕਿਸਮ ਦੇ ਕੇਸ ਚੱਲ ਰਹੇ
ਹਨ, ਪਰ ਉਹ ਫਿਰ ਵੀ ਸਾਡੇ ਆਗੂ ਹਨ, ਬੱਸ ਇਹੀ ਕਲਜੁਗ ਹੈ। ਸਾਬਕਾ ਡੀਜੀਪੀ (ਜੇਲ੍ਹਾਂ)
ਸ਼੍ਰੀ ਸ਼ਸ਼ੀ ਕਾਂਤ ਨੇ ਬਿਆਨ ਦਿੱਤਾ ਸੀ ਪੰਜਾਬ ਵਿੱਚ ਚੱਲ ਰਹੇ ਗੈਰ ਕਾਨੂੰਨੀ ਨਸ਼ਿਆਂ
ਦੇ ਵਾਪਾਰ ਵਿੱਚ ਪੰਜਾਬ ਦੇ 7 ਵੱਡੇ ਸਿਆਸੀ ਆਗੂ ਜਿਨ੍ਹਾਂ ਦੇ ਨਾਮ ਉਨ੍ਹਾਂ ਸਰਕਾਰ
ਨੂੰ ਭੇਜੀ ਚਿੱਠੀ ਵਿੱਚ ਦਿੱਤੇ ਹਨ; ਦਾ ਸਿੱਧੇ ਤੌਰ ’ਤੇ ਹੱਥ ਹੈ ਤੇ ਇਨ੍ਹਾਂ ਆਗੂਆਂ
ਸਦਕਾ ਹੀ ਪੁਲਿਸ ਨਸ਼ਿਆਂ ਦੇ ਸਮੱਗਲਰਾਂ ਨੂੰ ਹੱਥ ਨਹੀਂ ਪਾ ਸਕਦੀ। ਸ਼ਸ਼ੀਕਾਂਤ ਦੇ ਇਸ
ਬਿਆਨ ਪਿੱਛੋਂ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਨੇ ਸਿੱਧ ਕਰ ਦਿੱਤਾ ਹੈ ਕਿ
ਸਰਕਾਰ ਦੀ ਸਹਿਮਤੀ ਨਾਲ ਹੀ ਪੰਜਾਬ ਵਿੱਚ ਨਸ਼ਿਆਂ ਦਾ ਵਾਪਾਰ ਚੱਲ ਰਿਹਾ ਹੈ ਤੇ ਇੱਥੋਂ
ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾਇਆ ਜਾ ਰਿਹਾ ਹੈ। ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ
ਸਿੰਘ ਨੇ ਹਲਫੀਆਂ ਬਿਆਨ ਦਿੱਤਾ ਕਿ ਉਹ ਸਿਪਾਹੀ ਭਰਤੀ ਹੋਇਆ ਸੀ ਤੇ ਜਦੋਂ ਉੱਚ ਅਫਸਰਾਂ
ਦੇ ਕਹਿਣ ’ਤੇ ਉਸ ਨੇ 15 ਬੇਕਸੂਰ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਿਲਆਂ ਵਿੱਚ
ਮਾਰ ਦਿੱਤੇ ਤਾਂ ਉਸ ਨੂੰ ਥਾਣੇਦਾਰ ਬਣਾ ਦਿੱਤਾ। ਉਸ ਪਿੱਛੋਂ ਜਦੋਂ ਵੀ ਕੋਈ ਮੁੰਡੇ
ਮਾਰਨੇ ਹੁੰਦੇ ਤਾਂ ਉਸ ਕੋਲ ਭੇਜ ਦਿੱਤੇ ਜਾਂਦੇ ਤੇ ਇਸ ਤਰ੍ਹਾਂ ਉਸ ਨੇ 83 ਬੇਕਸੂਰ
ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ। ਇਸ ਬਿਆਨ ਪਿੱਛੋਂ
ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨਾ ਸਿੱਧ ਕਰਦਾ ਹੈ ਕਿ ਝੂਠੇ ਮੁਕਾਬਲੇ ਸਰਕਾਰ
ਤੇ ਆਗੂਆਂ ਦੀ ਸਹਿਮਤੀ ਨਾਲ ਹੁੰਦੇ ਰਹੇ। ਜਿਸ ਸਰਕਾਰ ਦਾ ਫਰਜ ਨਸ਼ਾ ਰਹਿਤ ਨਿਰੋਆ
ਸਮਾਜ ਸਿਰਜਣਾ ਸੀ ਜੇ ਓਹੀ ਨਸ਼ਿਆਂ ਦੇ ਵਾਪਾਰ ਦੀ ਖੁਲ੍ਹ ਦੇ ਕੇ ਨੌਜਵਾਨਾਂ ਨੂੰ
ਨਸ਼ੇੜੀ ਬਣਾਉਣ ਵਿੱਚ ਰੋਲ ਅਦਾ ਕਰੇ; ਜਿਸ ਸਕਾਰ ਨੇ ਲੋਕਾਂ ਦਦੀ ਮਾਲ ਜਾਨ ਦੀ ਰਾਖੀ
ਅਤੇ ਮਨੁੱਖੀ ਅਧਿਕਾਰਾਂ ਕਰਨੀ ਸੀ ਜੇ ਓਹੀ ਝੂਠੇ ਮੁਕਾਬਲਿਆਂ ਵਿੱਚ ਲੋਕਾਂ ਨੂੰ ਕਤਲ
ਕਰਕੇ ‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।’ {ਭਾਈ ਗੁਰਦਾਸ ਜੀ (ਵਾਰ 1
ਪਉੜੀ 30)} ਵਾਲੀ ਸਥਿਤੀ ਬਣਾ ਦੇਣ ਤਾਂ ਸਮਝੋ ਇਹੀ ਕਲਜੁਗ ਹੈ।
ਗਰੀਬ ਲੋਕਾਂ ਦੇ ਅਰਬਾਂਪਤੀ ਭਗਵਾਨ ਹੋਣੇ ਜਿਵੇਂ ਕਿ ਸਾਂਈਦਾਸ
ਦੀ ਜਾਇਦਾਦ ਦਾ ਵੇਰਵਾ ਸਭ ਨੇ ਪੜ੍ਹਿਆ ਹੈ। ਸਵਾਮੀ ਨਿਤਿਆ ਨੰਦ, ਇੱਛਾਧਾਰੀ ਬਾਬਾ
ਤੇ ਹੋਰ ਕਈ ਵਿਵਾਦਤ ਬਾਬੇ ਜਿਨ੍ਹਾਂ ’ਤੇ ਗੈਰ ਇਖਲਾਕੀ ਦੋਸ਼ ਲੱਗੇ ਹਨ, ਜਿਨ੍ਹਾਂ
ਬਾਬਿਆਂ ਨੇ ਗਲਤ ਢੰਗਾਂ ਨਾਲ ਧਨ ਇਕੱਠਾ ਕੀਤਾ ਤੇ ਲੋਕਾਂ ਜਾਂ ਸਰਕਾਰ ਦੀਆਂ ਜਮੀਨਾਂ
’ਤੇ ਕਬਜ਼ੇ ਕੀਤੇ ਉਨ੍ਹਾਂ ਦੀ ਸੰਤ ਮਹਾਤਮਾਂ ਜਾਂ ਰੱਬ ਵਾਂਗ ਪੂਜਾ ਹੋਣੀ ਹੀ ਕਲਜੁਗ
ਹੈ।
‘ਕਿਤੈ ਦੇਸਿ ਨ ਆਇਆ ਸੁਣੀਐ ਤੀਰਥ
ਪਾਸਿ ਨ ਬੈਠਾ ॥ ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥2॥’ ਕਿਸੇ
ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ਼ ਵਿਚ ਆਇਆ ਹੋਇਆ ਹੈ, ਕਿਸੇ ਖ਼ਾਸ
ਤੀਰਥ ਕੋਲ ਬੈਠਾ ਹੋਇਆ ਹੈ। ਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਭੀ ਬੈਠਾ ਹੋਇਆ
ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ ॥2॥
‘ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ
ਤਪੁ ਨ ਹੋਈ ॥ ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥3॥’ ਜੇ ਕੋਈ
ਮਨੁੱਖ ਆਪਣਾ ਆਚਰਨ ਉੱਚਾ ਬਣਾਂਦਾ ਹੈ ਤਾਂ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ)
ਡਿੱਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੇ ਆਪਣੇ ਵੱਸ
ਵਿਚ ਨਹੀਂ ਹਨ, ਜੇ ਜੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿਚ ਸਗੋਂ ਉਸ
ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿਚ ਨਾਹ ਹੋਣੇ,
ਪ੍ਰਭੂ-ਨਾਮ ਵੱਲੋਂ ਨਫ਼ਰਤ) ਇਹੀ ਹਨ ਕਲਿਜੁਗ ਦੇ ਲੱਛਣ ॥3॥