ਜਿਸ ਦਿਨ ਸਿੱਖਾਂ ਨੂੰ ਸਵਾਲ ਪੁੱਛਣ ਦਾ ਹੀਆ
ਬੱਝ ਗਿਆ, ਕੋਈ ਵੀ ਸਿੱਖਾਂ ਨੂੰ ਵਰਗਲਾ ਨਹੀਂ ਸਕੇਗਾ
-: ਸੰਪਾਦਕ ਖ਼ਾਲਸਾ ਨਿਊਜ਼
ਪੰਚ ਪ੍ਰਧਾਨੀ (ਟਾਈਗਰ ਜਥਾ ਯੂਕੇ), ਖ਼ਾਲਸਾ ਨਿਊਜ਼, ਸਿੰਘ ਸਭਾ
ਯੂ ਐਸ ਏ ਵਲੋਂ ਸਾਥ ਦੇਣ ਵਾਲੀਆਂ ਜਥੇਬੰਦੀਆਂ ਅਤੇ ਉਨ੍ਹਾਂ ਵੀਰਾਂ ਦਾ ਧੰਨਵਾਦ,
ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਦਿੱਲੀ 'ਚ ਇੱਕ ਦਿਨ 'ਚ ਤਰਥੱਲੀ ਮਚਾ ਦਿੱਤੀ,
ਪੱਪੂਆਂ ਦੇ ਤੱਖ਼ਤੇ ਹਿਲਾ ਦਿੱਤੇ।
ਇਹ ਸ਼ੁਰੁਆਤ ਹੈ, ਇੱਕ ਪੜਾਅ ਹੈ, ਕੋਈ ਮੰਜ਼ਿਲ ਨਹੀਂ। ਸਾਨੂੰ ਖੁਸ਼ ਹੋਣਾ ਚਾਹੀਦਾ ਹੈ
ਪਰ ਰੁਕਣਾ ਨਹੀਂ, ਅਗਲੇ ਕਦਮ ਦੀ ਤਿਅਰੀ ਲਈ ਕਮਰਕੱਸੇ ਕਰ ਲੈਣੇ ਚਾਹੀਦੇ ਨੇ। ਜਿਨ੍ਹਾਂ
ਨਾਲ ਟੱਕਰ ਲਈ ਹੈ, ਉਨ੍ਹਾਂ ਕੋਲ ਪੈਸਾ ਅਤੇ ਸਰਮਾਇਆ ਬਹੁਤ ਹੈ, ਪਰ ਸਾਡੇ ਸਾਰਿਆਂ
ਕੋਲ ਗੁਰੂ ਦੀ ਬਖਸ਼ੀ ਸਿੱਖੀ ਅਤੇ ਗੁਰਮਤਿ ਸਿਧਾਂਤਾਂ 'ਤੇ ਡੱਟ ਕੇ ਪਹਿਰਾ ਦੇਣ ਦੀ
ਹਿੰਮਤ ਹੈ। ਕਿਸੇ ਇੱਕਲੇ ਦਾ ਕੰਮ ਨਹੀਂ, ਤਖ਼ਤੇ ਇੱਕ ਦਿਨ 'ਚ ਨਹੀਂ ਪਲਟਦੇ, ਸਮਾਂ
ਲਗਦਾ ਹੈ, ਕੰਮ ਲਗਾਤਾਰ ਕਰਦੇ ਰਹਿਣਾ ਪੈਂਦਾ ਹੈ, ਜਿਸ ਵਿੱਚ ਜਿੱਤ ਵੀ ਹੁੰਦੀ ਹੈ
ਅਤੇ ਕਈ ਵਾਰੀ ਨਮੋਸ਼ੀ ਵੀ ਝਲਣੀ ਪੈਂਦੀ ਹੈ, ਪਰ ਹੌਂਸਲਾ ਨਹੀਂ ਟੁੱਟਣਾ ਚਾਹੀਦਾ।
ਸਾਨੂੰ ਹੁਣ ਘਰਾਂ ਤੋਂ ਬਾਹਰ ਆਉਣਾ ਪੈਣਾ ਹੈ, ਫੇਸਬੁੱਕ 'ਤੇ ਬਹੁਤ ਹੋ ਗਈ ਜਾਗਰੂਕਤਾ,
ਸਿਵਾਏ ਆਪਸ 'ਚ ਸਿੰਗ ਫਸਾਉਣ ਦੇ, ਕੱਖ ਨਹੀਂ ਹੈ ਉਥੇ। ਕੋਈ ਵਿਰਲਾ ਹੈ ਜਿਹੜਾ,
ਵਾਰਤਾਲਾਪ ਕਰਦਾ ਹੈ, ਨਹੀਂ ਤਾਂ ਸਾਰੇ ਹੀ ਆਪੂੰ ਬਣੇ ਵਿਦਵਾਨ ਹੀ ਹਨ, ਕੋਈ ਕਿਸੇ
ਦੀ ਨਹੀਂ ਸੁਣਦਾ। ਸ਼ਾਬਸ਼ੇ ਉਨ੍ਹਾਂ ਦੇ ਜਿਹੜੇ ਘੰਟਿਆਂ ਬੱਧੀ ਕੰਪਿਯੂਟਰ ਦੀ ਸਕਰੀਨ
'ਤੇ ਬਹਿ ਕੇ ਖਹਿ ਤਾਂ ਸਕਦੇ ਨੇ, ਕੈਂਡੀ ਕਰਸ਼ (Candy Crush) ਦੇ 300 ਲੈਵਲ ਤਾਂ
ਪਾਰ ਕਰਨ ਨੂੰ ਤਾਂ ਸਮਾਂ ਹੈਗਾ, ਪਰ ਗੁਰਬਾਣੀ, ਗੁਰਮਤਿ ਸਿਧਾਂਤ ਦੀ ਗੱਲ ਕਰਨ ਜਾਂ
ਸੁਣਨ ਲਈ ਇੱਕ ਮਿੰਟ ਨਹੀਂ, ਕੰਮ ਕਰਨਾ ਬਹੁਤ ਦੂਰ ਦੀ ਗੱਲ ਹੈ।
ਜਦੋਂ ਦੀ ਕੱਲ ਖਬਰ ਲਗਾਈ ਹੈ, ਅਨੇਕਾਂ ਹੀ ਈ-ਮੇਲ ਆਈਆਂ ਹਨ, ਕਿ ਸਾਨੂੰ ਵੀ ਦੱਸੋ
ਅਸੀਂ ਕੀ ਕਰ ਸਕਦੇ ਹਾਂ। ਫਿਲਹਾਲ ਤਾਂ ਇਹ ਪੋਸਟਰ ਆਪਣੇ ਆਪਣੇ ਦੇਸ਼ਾਂ ਵਿੱਚ ਜਿੱਥੇ
ਵੀ ਜਾਗਰੂਕ ਸਿੱਖ ਰਹਿੰਦਾ ਹੈ, ਹੋ ਸਕੇ ਤਾਂ ਅਖਬਾਰ ਵਿੱਚ ਲਵਾ ਲਵੇ, ਜਾਂ ਫਿਰ
ਪੋਸਟਰ ਦੇ ਰੂਪ 'ਚ ਛਪਵਾ ਕੇ ਟੀਮ ਬਣਾ ਕੇ ਵੰਡੇ। ਗੁਰਦੁਆਰਿਆਂ 'ਚ, ਰੇਲਵੇ ਸਟੇਸ਼ਨਾਂ
'ਤੇ, ਬਸ ਅਡਿਆਂ 'ਤੇ, ਕਾਲਜਾਂ 'ਚ, ਲਾਈਬ੍ਰੇਰੀਆਂ 'ਚ, ਮੇਲਿਆਂ 'ਚ, ਗਲ਼ੀਆਂ 'ਚ,
ਮੁਹਲਿਆਂ 'ਚ ਜਿੱਥੇ ਕਿਤੇ ਸਿੱਖ ਦਿਖੇ, ਉਸਦੇ ਹੱਥ 'ਚ ਇਹ ਪੋਸਟਰ ਫੜਾ ਦਿਓ।
ਅੱਜ ਦਾ ਯੁਗ ਮੀਡੀਏ ਦਾ ਯੁਗ ਹੈ, ਇਸ ਲਈ ਜਿੱਥੇ ਵੀ ਇਹ ਪੋਸਟਰ ਵੰਡੇ ਜਾਣ ਕੈਮਰੇ /
ਫੋਨ ਨਾਲ ਤਸਵੀਰਾਂ ਵੀ ਨਾਲ ਖਿੱਚ ਲਈਆਂ ਜਾਣ, ਜਿਸ ਨਾਲ ਇਹ ਨਿਊਜ਼ ਦੇ ਰੂਪ ਵਿੱਚ
ਪੋਸਟ ਕੀਤੀਆਂ ਜਾਣਗੀਆਂ।
ਇਸ ਕੰਮ 'ਚ ਵਿਰੋਧ ਦਾ ਵੀ ਸਾਹਮਣਾ ਕਰਨ ਪੈ ਸਕਦਾ ਹੈ, ਪਰ ਬਿਨਾਂ ਖੱਪਖਾਨੇ 'ਚ ਪਏ
ਕੋਈ ਕੰਮ ਹੋਣਾ ਵੀ ਨਹੀਂ। ਜਿਨਾਂ ਹੋ ਸਕੇ, ਇਸ ਤੋਂ ਬਚੋ, ਕੰਮ 'ਤੇ ਧਿਆਨ ਦੇ ਕੇ
ਵੰਡੀ ਜਾਵੋ।
ਅਸੀਂ ਪੰਜਾਬੀ ਵਾਲਾ ਪੋਸਟਰ ਥੱਲੇ ਪਾ ਰਹੇ ਹਾਂ, ਜਿਹੜਾ ਕਿ ਦੋ ਭਾਗਾਂ 'ਚ ਹੈ, ਦੋਨੋਂ
ਛਪਵਾਏ ਜਾ ਸਕਦੇ ਹੈ। ਥੱਲੇ ਦਿੱਤੇ ਪੋਸਟਰਾਂ 'ਤੇ ਕਲਿੱਕ ਕਰਕੇ ਵੱਡਾ ਪੋਸਟਰ
ਖੁੱਲੇਗਾ, ਉਸ ਨੂੰ ਆਪਣੇ ਕੰਪਿਯੂਟਰ 'ਤੇ ਸੇਵ (Save) ਕਰਕੇ, ਛਪਵਇਆ ਜਾ ਸਕਦਾ ਹੈ।
ਅੰਗ੍ਰੇਜ਼ੀ ਵਾਲਾ ਪੋਸਟਰ ਸ਼ਨਿਚਰਵਾਰ ਤੱਕ ਤਿਆਰ ਹੋ ਜਾਵੇਗਾ। ਆਸ ਹੈ ਕਿ ਆਪ ਸਭ ਦੀ
ਮਿਹਨਤ ਇੱਕ ਦਿਨ ਰੰਗ ਲਿਆਵੇਗੀ, ਅਤੇ ਸਾਨੂੰ ਸਵਾਲ ਪੁੱਛਣ ਦੀ ਆਦਤ ਪੈ ਜਾਵੇਗੀ।
ਇਹ ਸਵਾਲ ਪੁੱਛਣ ਦਾ ਸਾਡਾ ਮੁੱਖ
ਮੰਤਵ ਇਨ੍ਹਾਂ ਅਖੌਤੀ ਆਗੂਆਂ ਨੂੰ ਸਿੱਖਾਂ ਸਾਹਮਣੇ ਜਵਾਬਦੇਹ ਕਰਨਾ ਹੈ ਅਤੇ ਸੰਗਤਾਂ
ਨੂੰ ਇੱਕ ਹਥਿਆਰ ਮੁੱਹਈਆ ਕਰਵਾਉਣਾ ਹੈ। ਇਹ ਮੁੱਖ ਸੇਵਾਦਾਰ ਜਿੱਥੇ ਵੀ ਜਾਣ, ਵਿਰੋਧ
ਕਰੋ, ਪਰ ਵਿਰੋਧ ਦਾ ਤਰੀਕਾ ਬਦਲਣਾ ਪਵੇਗਾ, ਉਨ੍ਹਾਂ ਨੂੰ ਸਵਾਲ ਪੁੱਛੋ, ਇਹ ਸਵਾਲ
ਪ੍ਰਿੰਟ ਕਰਕੇ ਉਨ੍ਹਾਂ ਦੇ ਸਾਹਮਣੇ ਰੱਖੋ, ਜਵਾਬ ਮੰਗੋ। ਇਹ ਸਵਾਲ ਕੋਈ ਇੱਕਲੇ
ਗੁਰਬਚਨ ਸਿੰਘ ਨੂੰ ਨਹੀਂ, ਕੱਲ ਨੂੰ ਇਹ ਨਹੀਂ ਰਹੇਗਾ ਤਾਂ ਫਿਰ ਵੀ ਇਹ ਸਵਾਲ ਜ਼ਿੰਦਾ
ਰਹਿਣਗੇ, ਅਤੇ ਅਗਲੇ ਪੁੱਪੂ ਨੂੰ ਪੁੱਛੇ ਜਾਣਗੇ, ਜਦੋਂ ਤੱਕ ਸਿੱਖਾਂ ਨੂੰ ਕੋਈ ਆਜ਼ਾਦ
ਮੁੱਖ ਸੇਵਾਦਾਰ (ਜੱਥੇਦਾਰ ਨਹੀਂ, ਗੁਰੂ ਤੋਂ ਇਲਾਵਾ ਸਾਡਾ ਕੋਈ ਜੱਥੇਦਾਰ ਨਹੀਂ) ਨਹੀਂ
ਮਿਲ ਜਾਂਦਾ, ਜਿਹੜਾ ਗੁਰਬਾਣੀ, ਗੁਰਮਤਿ ਸਿਧਾਂਤ ਅਤੇ ਦੁਨਿਆਵੀ ਪੱਧਰ ਦੀ ਉੱਚ
ਵਿਦਿਆ ਦਾ ਮਾਹਿਰ ਹੋਵੇ, ਸੱਚ 'ਤੇ ਪਹਿਰਾ ਦੇ ਸਕੇ, ਤਦੋਂ ਤੱਕ ਇਹ ਸਵਾਲ ਹਰ ਉਸ
ਪੱਪੂ ਦੇ ਸਾਹਮਣੇ ਰੱਖੋ, ਜਿਹੜਾ ਕਿਸੇ ਰਾਜਨੀਤਿਕ ਪਾਰਟੀ ਦੇ ਨੇਤਾ ਦਾ ਤਲਵੇਚੱਟ
ਹੋਵੇ।
ਜਿਸ ਦਿਨ ਸਿੱਖਾਂ ਨੂੰ ਸਵਾਲ ਪੁੱਛਣ ਦਾ ਹੀਆ ਬੱਝ ਗਿਆ, ਕੋਈ ਵੀ ਸਿੱਖਾਂ ਨੂੰ ਵਰਗਲਾ
ਨਹੀਂ ਸਕੇਗਾ। ਇਹ ਕੰਮ ਸਾਰਿਆਂ ਦਾ ਸਾਂਝਾ ਹੈ, ਸਭ ਨੂੰ ਹਿੰਮਤ ਕਰਕੇ ਅੱਗੇ ਆਉਣਾ
ਪੈਣਾ ਹੈ, ਜਿਸ ਨਾਲ ਪੁਜਾਰੀਵਾਦ ਦਾ ਇਹ ਜੂਲਾ ਸਾਡੇ ਸਿਰੋਂ ਲਹਿ ਸਕੇ।
|
ਥੱਲੇ ਦਿੱਤੇ
ਪੋਸਟਰਾਂ 'ਤੇ ਕਲਿੱਕ ਕਰਕੇ ਵੱਡਾ ਪੋਸਟਰ ਖੁੱਲੇਗਾ, ਉਸ ਨੂੰ ਆਪਣੇ
ਕੰਪਿਯੂਟਰ 'ਤੇ ਸੇਵ (Save) ਕਰਕੇ, ਛਪਵਇਆ ਜਾ ਸਕਦਾ ਹੈ। |
|
 |
 |
|