Share on Facebook

Main News Page

ਫੇਸ ਬੁੱਕ 'ਤੇ ਬਾਣਾਧਾਰੀ ਸਿੰਘਾਂ ਦੀ ਦਿਲ ਟੁੰਬਵੀਂ ਸਪੀਚ ਸੁਣ ਕੇ, ਪੰਥ ਦਰਦੀ ਤੌਰ 'ਤੇ ਲਿਖੇ ਕੁਝ ਸਾਂਝੇ ਵਿਚਾਰ
ਅਵਤਾਰ ਸਿੰਘ ਮਿਸ਼ਨਰੀ (510-432-5827)

ਨੌਜਵਾਨ ਭੁਝੰਗੀ ਸਿੰਘ ਭਾਈ ਰਣਜੀਤ ਸਿੰਘ ਜੀ ਟਕਸਾਲੀ ਆਪ ਜੀ ਦੀ ਤਕਰੀਰ ਦਾ ਧੰਨਵਾਦ ਹੈ! ਭਾਈ ਸਾਹਿਬ ਜੀ ਅਸਲੀ ਮਿਸ਼ਨਰੀ ਕਦੇ ਵੀ ਬਾਣੇ ਦਾ ਵਿਰੋਧ ਨਹੀਂ ਕਰਦੇ ਸਗੋਂ ਕਦਰ ਕਰਦੇ ਹਨ। ਜੇ ਬਾਣਾਧਾਰੀ ਵੀਰ “ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ” ਦੇ ਵਿਸ਼ਵਾਸ਼ੀ ਅਤੇ ਪ੍ਰਚਾਰਕ ਹਨ ਤਾਂ ਕੋਈ ਵਿਰੋਧ ਨਹੀਂ। ਅਸਲੀ ਮਿਸ਼ਨਰੀ ਓਦੋਂ ਵਿਰੋਧ ਕਰਦੇ ਜਾਂ ਸਮਝਾਉਣ ਲਈ ਪ੍ਰਚਾਰ ਕਰਦੇ ਹਨ ਜਦੋਂ ਕੋਈ ਸਿੱਖ ਬਾਣਾ ਪਾ ਕੇ ਬ੍ਰਾਹਮਣੀ ਕਰਮਕਾਂਡ ਕਰਦਾ ਅਤੇ ਅੰਧਵਿਸ਼ਵਾਸ਼ੀ ਹੋ ਡੇਰੇਦਾਰ ਭੇਖੀ ਸਾਧਾਂ ਦੇ ਡੇਰਿਆਂ ਤੇ ਵੀ ਸ਼ਰਧਾ ਨਾਲ ਜਾਂਦਾ ਹੈ ਜੋ ਅਕਾਲ ਤਖਤ ਤੋਂ ਪੰਥ ਪ੍ਰਮਾਣਿਤ ਮਰਯਾਦਾ ਦਾ ਪਾਲਣ ਨਹੀਂ ਕਰਦੇ। ਅੱਜ ਸਿੱਖ ਕੌਮ ਦੀ ਵੱਡੀ ਤਰਾਸਦੀ ਹੈ ਕਿ ਉਸ ਨੂੰ “ਇੱਕ ਧੁਰੇ ਅਕਾਲ ਪੁਰਖ, ਇੱਕ ਗੁਰੂ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਕੌਮੀ ਕੈਲੰਡਰ” ਨਾਲੋਂ ਤੋੜ ਕੇਵੱਖ ਵੱਖ ਗ੍ਰੰਥਾਂ, ਵੱਖ ਵੱਖ ਪੰਥਾਂ, ਵੱਖ ਵੱਖ ਨਿਸ਼ਾਨਾਂ, ਵੱਖ ਵੱਖ ਵਿਧਾਨਾਂ ਅਤੇ ਵੱਖ ਵੱਖ ਕੈਲੰਡਰਾਂ”  ਦੇ ਰਾਹੇ ਤੋਰ ਕੇ ਉਲਝਾ ਦਿੱਤਾ ਹੈ। ਇਸ ਲਈ ਅਸੀਂ ਸਭ ਆਪਸ ਵਿੱਚ ਹੀ ਲੜੀ ਮਰੀ ਜਾ ਰਹੇ ਹਾਂ।

ਅੱਜ ਸਾਡੀ ਸਿੱਖਾਂ ਦੀ ਇੱਕ ਪਛਾਣ ਨਹੀਂ ਰਹਿਣ ਦਿੱਤੀ। ਦੇਖੋ! ਕੋਈ ਗੋਲ ਪੱਗ, ਕੋਈ ਨੁਕਰਵਾਲੀ ਪੋਚਵੀਂ ਪੱਗ, ਕੋਈ ਚਪਟੀ, ਕੋਈ ਢੇਡੀ, ਕੋਈ ਨਾਮਧਾਰੀ ਸਟਾਈਲ, ਕੋਈ ਡੇਰਾ ਸਟਾਈਲ, ਕੋਈ ਪਟਕਾ, ਕੋਈ ਚਿਤਰ-ਮਿਤਰੀ ਦਸਤਾਰ ਸਜਾ ਜਾਂ ਪੱਗ ਬੰਨ੍ਹ ਰਿਹਾ ਹੈ। ਕਿਸੇ ਦਾ ਰੰਗ ਨੀਲਾ, ਕਿਸੇ ਦਾ ਪੀਲਾ, ਕਿਸੇ ਦਾ ਕਾਲਾ, ਕਿਸੇ ਦਾ ਚਿੱਟਾ, ਕਿਸੇ ਦਾ ਕੇਸਰੀ ਅਤੇ ਕਿਸੇ ਦਾ ਬਸੰਤੀ ਆਦਿਕ ਵੱਖ-ਵੱਖ ਰੰਗ ਬਰੰਗੇ ਕਲਰ ਹਨ। ਗੈਰ ਸਿੱਖ ਕਿਵੇਂ ਅੰਦਾਜਾ ਲਾਉਣ ਜਾਂ ਜੱਜ ਕਰਨ ਕਿ ਇਹ ਗੁਰਸਿੱਖ ਹੈ। ਕੋਈ ਖੁਲ੍ਹੀ ਦਾੜੀ, ਕੋਈ ਬੰਨ੍ਹੀ ਦਾੜੀ, ਕਿਸੇ ਦੇ ਸਿਰ ਲੰਬੇ ਕੇਸ, ਕੋਈ ਸਫਾ ਚੱਟ ਮੋਨਾਂ ਪਰ ਸਭਨਾਂ ਦੇ ਨਾਵਾਂ ਪਿੱਛੇ ਸਿੰਘ ਲਫਜ਼ ਪਰ ਸਿੰਘ ਦੀ ਸ਼ਕਲ ਅਤੇ ਅਕਲ ਵੱਖੋ ਵੱਖਰੀ ਕਿਉਂ?। ਕੌਮ ਕਿਵੇਂ ਖਖੜੀਆਂ ਕਰੇਲੇ ਹੋਈ ਪਈ ਹੈ। ਹਰ ਰੋਜ ਅਨੇਕਾਂ ਵਾਰ ਸਾਰੇ ਹੀ ਅਰਦਾਸ ਕਰਦੇ ਹਾਂ ਕਿ “ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਫਿਰ ਵੀ ਅਸੀਂ ਬਹੁਤੇ ਹੋਰ ਗ੍ਰੰਥਾਂ ਨੂੰ ਵੀ ਗੁਰੂ ਦੇ ਬਰਾਬਰ ਪ੍ਰਕਾਸ਼ ਕਰਕੇ ਮੱਥੇ ਟੇਕੀ ਜਾ ਰਹੇ ਹਾਂ। ਸਾਨੂੰ ਇੱਕ ਅਕਾਲ ਪੁਰਖ ਅਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਪੂਰਨ ਵਿਸ਼ਵਾਸ਼ ਕਰਨਾ ਪਵੇਗਾ ਵਰਨਾ ਅਸੀਂ ਨਾ ਇੱਕ ਹੋ ਸਕਾਂਗੇ ਅਤੇ ਨਾਂ ਹੀ ਸਾਡੇ ਮਤਭੇਦ ਆਦਿਕ ਝਗੜੇ ਮੁਕਣਗੇ।

ਜਰਾ ਸੋਚੋ! ਬਾਣਾਧਾਰੀ ਵੀਰ ਵੀ ਅਸਲੀ ਮਿਸਨਰੀਆਂ ਦੇ ਹੀ ਭੈਣ ਭਰਾ ਹਨ। ਜੇ ਸਾਡਾ ਗੁਰੂ ਇੱਕ, ਬਾਣਾ ਇੱਕ ਅਤੇ ਮਰਯਾਦਾ ਇੱਕ ਹੋ ਜਾਵੇ ਤਾਂ ਸਾਰੇ ਕਲੇਸ਼ ਖਤਮ ਹੋ ਸਕਦੇ ਹਨ। ਅਜੋਕੀ ਕੌਮੀ ਦੁਰਦਸ਼ਾ ਨੂੰ ਏਕਤਾ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਸਾਡਾ ਮਾਤਾ ਪਿਤਾ ਇੱਕ ਅਕਾਲ ਪੁਰਖ ਅਤੇ ਸਾਡਾ ਗਿਆਨ ਦਾਤਾ ਇੱਕ ਗੁਰੂ ਗ੍ਰੰਥ ਸਾਹਿਬ ਫਿਰ ਵੱਖਰੇਵੇਂ ਕਾਹਦੇ? ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥(611) ਅਤੇ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥(648) ਅਸੀਂ ਸਾਰੇ ਹੀ ਗੁਰਸਿੱਖ ਹਾਂ ਨਾਂ ਕਿ ਬਾਬੇ, ਸੰਤ, ਸਾਧ, ਮਹਾਂਰਾਜ ਜਾਂ ਅਖੌਤੀ ਬ੍ਰਹਮ ਗਿਆਨੀ। ਅਸੀਂ ਸੰਤ ਸਿਪਾਹੀ ਹਾਂ ਇਕੱਲੇ ਸੰਤ ਨਹੀਂ। ਅਸੀਂ ਖਾਲਸੇ ਹਾਂ ਦੋਗਲੇ ਨਹੀਂ। ਅਸੀਂ ਖਾਲਸਾ ਪੰਥ ਦੇ ਮੈਂਬਰ ਹਾਂ ਨਾਂ ਕਿ ਵੱਖ-ਵੱਖ ਸੰਪ੍ਰਦਾਵਾਂ ਅਤੇ ਡੇਰੇ ਮੱਠਾਂ ਦੇ ਅਨੁਯਾਈ। ਆਪਸੀ ਵਿਚਾਰ ਵਿਟਾਦਰਾ ਕਰਕੇ ਹੀ ਅਸੀਂ ਆਪਣੇ ਗੁੱਸੇ ਗਿਲੇ ਦੂਰ ਕਰ ਸਕਦੇ ਹਾਂ ਕਿਉਂਕਿ ਸਾਡਾ ਗੁਰਸਿੱਖਾਂ ਦਾ ਇੱਕ ਸਾਂਝਾ ਪ੍ਰਵਾਰ ਖਾਲਸਾ ਪੰਥ ਹੈ। ਅਸੀਂ ਭੁਲਣਹਾਰ ਹਾਂ ਅਤੇ ਗੁਰੂ ਹੀ ਸਾਨੂੰ ਭੁਲਿਆਂ ਨੂੰ ਰਾਹੇ ਪਾ ਸਕਦਾ ਹੈ।

ਆਓ ਇਕ ਦੂਜੇ ਦੇ ਪੈਰ ਖਿਚਣੇ, ਪੱਗਾਂ ਲਹੁਣੀਆਂ, ਅੱਖਾਂ ਦਿਖਾਉਣੀਆਂ ਅਤੇ ਨਫਰਤਾਂ ਪਾਲਣੀਆਂ ਬੰਦ ਕਰਕੇ ਆਪਸੀ ਪ੍ਰੇਮ, ਪਿਆਰ ਅਤੇ ਵਿਚਾਰ ਵਿਟਾਂਦਰੇ ਦੇ ਰਾਹੇ ਪੈ ਕੇ ਸੰਸਾਰ ਵਿੱਚ ਅੱਗੇ ਵਧੀਏ-ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ (1196) ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ॥ (ਭਾ. ਨੰਦ ਲਾਲ)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top