Share on Facebook

Main News Page

ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗੁਰਬਚਨ ਸਿੰਘ ਨੂੰ 45 ਸਵਾਲ

ਇਹ ਸਵਾਲ ਪੁੱਛਣ ਦਾ ਸਾਡਾ ਮੁੱਖ ਮੰਤਵ ਇਨ੍ਹਾਂ ਅਖੌਤੀ ਆਗੂਆਂ ਨੂੰ ਸਿੱਖਾਂ ਸਾਹਮਣੇ ਜਵਾਬਦੇਹ ਕਰਨਾ ਹੈ ਅਤੇ ਸੰਗਤਾਂ ਨੂੰ ਇੱਕ ਹਥਿਆਰ ਮੁੱਹਈਆ ਕਰਵਾਉਣਾ ਹੈ। ਇਹ ਮੁੱਖ ਸੇਵਾਦਾਰ ਜਿੱਥੇ ਵੀ ਜਾਣ, ਵਿਰੋਧ ਕਰੋ, ਪਰ ਵਿਰੋਧ ਦਾ ਤਰੀਕਾ ਬਦਲਣਾ ਪਵੇਗਾ, ਉਨ੍ਹਾਂ ਨੂੰ ਸਵਾਲ ਪੁੱਛੋ, ਇਹ ਸਵਾਲ ਪ੍ਰਿੰਟ ਕਰਕੇ ਉਨ੍ਹਾਂ ਦੇ ਸਾਹਮਣੇ ਰੱਖੋ, ਜਵਾਬ ਮੰਗੋ।

ਜਿਸ ਦਿਨ ਸਿੱਖਾਂ ਨੂੰ ਸਵਾਲ ਪੁੱਛਣ ਦਾ ਹੀਆ ਬੱਝ ਗਿਆ, ਕੋਈ ਵੀ ਸਿੱਖਾਂ ਨੂੰ ਵਰਗਲਾ ਨਹੀਂ ਸਕੇਗਾ। ਇਹ ਕੰਮ ਸਾਰਿਆਂ ਦਾ ਸਾਂਝਾ ਹੈ, ਸਭ ਨੂੰ ਹਿੰਮਤ ਕਰਕੇ ਅੱਗੇ ਆਉਣਾ ਪੈਣਾ ਹੈ, ਜਿਸ ਨਾਲ ਪੁਜਾਰੀਵਾਦ ਦਾ ਇਹ ਜੂਲਾ ਸਾਡੇ ਸਿਰੋਂ ਲਹਿ ਸਕੇ।

ਸਵਾਲ

  1. 2003 ਵਿੱਚ ਫਿਰ ਤੋਂ ਜਾਰੀ ਹੋਇਆ ਹੁਕਮਨਾਮਾ ਕਿ "ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ (ਤੁੱਲ) ਕਿਸੇ ਹੋਰ ਗ੍ਰੰਥ, ਪੁਸਤਕ ਮੂਰਤੀ ਦਾ ਪ੍ਰਕਾਸ਼ ਨਹੀਂ ਹੋ ਸਕਦਾ।" ਅੱਜ ਵੀ ਦਮਦਮੀ ਟਕਸਾਲ, ਨਿਹੰਗ ਜਥੇਬੰਦੀਆਂ, ਪੰਜਾਬ ਤੋਂ ਬਾਹਰ ਦੋ ਤਖ਼ਤਾਂ 'ਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ, ਕੀ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਆਦੇਸ਼ ਦੀ ਉਲੰਘਣਾ ਨਹੀਂ?
  2. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਨ 2003 ‘ਚ ਜਾਰੀ ਸਿੱਖੀ ਦੀ ਵੱਖਰੀ ਹੋਂਦ ਅਤੇ ਪ੍ਰਭੂਸੱਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਫਿਰ ਤੋਂ ਬਿਕਰਮ ਸੰਮਤ ‘ਚ ਕਿਉਂ ਤਬਦੀਲ ਕੀਤਾ ਗਿਆ? ਕੀ ਇਹ ਸੌਖਾ ਨਹੀਂ ਸੀ ਕਿ ਸਾਰੇ ਗੁਰਪੁਰਬ ਅਤੇ ਦਿਨ ਤਿਉਹਾਰ ਹਰ ਸਾਲ ਇੱਕ ਵਾਰੀ ਮਿਥੇ ਹੋਏ ਦਿਨਾਂ ‘ਤੇ ਆਉਂਦੇ, ਜਿਸ ਨਾਲ ਹਰ ਸਾਲ ਤਰੀਕਾਂ ਬਦਲਣ ਦਾ ਝੰਜਟ ਮੁਕਦਾ?
  3. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਆਧਾਰਿਤ ਪ੍ਰਚਾਰ ਦੇ ਖੇਤਰ ਵਿੱਚ ਤੁਸੀਂ ਕੀ ਮੱਲਾਂ ਮਾਰੀਆਂ ਹਨ?
  4. ਸ਼੍ਰੋਮਣੀ ਕਮੇਟੀ ਅਧੀਨ ਕੋਈ ਭੀ ਇੱਕ ਗੁਰਦੁਆਰਾ ਦੱਸੋ, ਜਿੱਥੇ ਪੂਰਨ ਤੌਰ 'ਤੇ ਸਿੱਖ ਰਹਿਤ ਮਰਿਆਦਾ ਲਾਗੂ ਹੋਵੇ?
  5. ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਣ ਵਾਲੇ ਦੋ ਤੱਖਤਾਂ (ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ) ਦੇ ਮੁੱਖ ਸੇਵਾਦਾਰਾਂ ਨੂੰ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਿਠਾ ਕੇ ਕੌਮੀ ਫੈਸਲਿਆਂ ‘ਤੇ ਦਸਤਖ਼ਤ, ਕਿਸ ਨਿਯਮ ਅਧੀਨ ਕਰਵਾਉਂਦੇ ਹੋ?
  6. ਆਪ ਨੇ ਅੱਜ ਤੱਕ ਪਟਨਾ ਸਾਹਿਬ ਦੇ ਚਰਿਤ੍ਰਹੀਣ ਮੁੱਖ ਸੇਵਾਦਾਰ ਗਿਆਨੀ ਇੱਕਬਾਲ ਸਿੰਘ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਜਿਸਦੀ ਘਰਵਾਲੀ ਉਸਦੇ ਇਖ਼ਲਾਕ ਸੰਬੰਧੀ ਜ਼ੋਰ ਜ਼ੋਰ ਦੀ ਚੀਕਾਂ ਮਾਰ ਕੇ ਇਹ ਵਿਥਿਆ ਬਿਆਨ ਕਰ ਰਹੀ ਹੈ। ਅਤੇ ਇਸੇ ਹੀ ਇਕਬਾਲ ਸਿੰਘ ਨੇ 2016 'ਚ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੋਣ ਬਾਰੇ ਘੋਸ਼ਿਤ ਕੀਤਾ ਹੈ, ਇਸ ਬਾਰੇ ਕੀ ਕਾਰਵਾਈ ਕੀਤੀ ਗਈ?
  7. ਨੀਲਧਾਰੀ ਸੰਪਰਦਾ ਦੇ ਮੁੱਖੀ ਸਤਨਾਮ ਸਿੰਘ ਪੀਪਲੀ ਵਾਲੇ ਨੂੰ “ਸੰਤ ਬਾਬਾ”, “ਰਾਜਾ ਜੋਗੀ” ਜਿਹਿਆਂ ਉਪਾਧੀਆਂ ਕਿਸ ਨਿਯਮ ਅਧੀਨ ਦਿੱਤੀਆਂ ਗਈਆਂ? ਕੀ ਨੀਲਧਾਰੀਆਂ ਨੇ ਆਪਣੇ ਮੁਖੀ ਕਿੱਲੇ ਵਾਲੇ ਨੂੰ ਮੰਨਣਾ ਛੱਡ ਦਿੱਤਾ ਹੈ? ਕੀ ਉਨ੍ਹਾਂ ਨੇ ਨੀਲੇ ਕਮਰਕੱਸੇ ਬੰਨਣੇ ਛੱਡ ਦਿੱਤੇ ਹਨ?
  8. "ਸੰਤ ਸਮਾਜ" ਜਿਸ ਦਾ ਨਾਮ ਹੀ ਗੈਰ ਸਿਧਾਂਤਕ ਹੈ ਤੇ ਗੁਰਮਤਿ ਦੇ ਉਲਟ ਹੈ, ਉਸ ਦੇ ਮੁਖੀ ਕੋਲੋਂ 500 ਵਰ੍ਹੇ ਪੁਰਾਣਾ ਇਤਿਹਾਸਿਕ ਗੁਰਦੁਆਰਾ “ਥੜ੍ਹਾ ਸਾਹਿਬ” ਢਾਹੁਣਾ, ਕਿਸ ਤਰ੍ਹਾਂ ਜਾਇਜ਼ ਹੈ?
  9. ਤੁਸੀਂ ਇਕ ਤਕਰੀਰ ਵਿੱਚ ਕਿਹਾ ਹੈ ਕਿ “ਦਸਮ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇੱਕ ਅੰਗ ਹੈ” ਅਤੇ “ਜੋ ਵਿਸ਼ਾ ਦਸਮ ਗ੍ਰੰਥ ਸਾਹਿਬ ਦਾ ਹੈ, ਉਹੀ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ”, “ਗੁਰੂ ਗ੍ਰੰਥ ਸਾਹਿਬ, ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਸਿਪਾਹੀ”। ਇਹ ਤੁਸੀਂ ਕਿਸ ਆਧਾਰ ‘ਤੇ ਕਿਹਾ?
  10. ਸਿੱਖੀ ਵਿੱਚ ਇਸਤਰੀ ਪੁਰਸ਼ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਹੈ। ਤੁਸੀਂ ਇਕ ਤਕਰੀਰ ‘ਚ ਕਿਹਾ ਹੈ ਕਿ "ਇਸਤਰੀ ਅਖੰਡ ਪਾਠ ਨਹੀਂ ਕਰ ਸਕਦੀ।" ਇਹ ਤੁਸੀਂ ਕਿਸ ਆਧਾਰ ‘ਤੇ ਕਿਹਾ?
  11. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਰਾਮ ਰਹੀਮ ਸਿੰਘ ਦੇ ਖਿਲਾਫ ਜਾਰੀ ਹੁਕਮਨਾਮੇ ਨੂੰ ਤੁਸੀਂ ਅੱਜ ਤੱਕ ਲਾਗੂ ਕਿਉਂ ਨਹੀਂ ਕਰਵਾ ਸਕੇ? ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀ ਪ੍ਰਕਾਸ਼ ਸਿੰਘ ਬਾਦਲ ਦੀ ਸਾਂਝ ਹਾਲੇ ਤੱਕ ਉਸ ਸਾਧ ਨਾਲ ਹੈ, ਤੁਸੀਂ ਕੀ ਕਾਰਵਾਈ ਕੀਤੀ?
  12. ਸਾਧ ਦਲਜੀਤ ਸਿੰਘ ਸ਼ਿਕਾਗੋ ਵਾਲਾ ਜਿਸਦੇ ਉਪਰ ਵੀ ਅਨੈਤਿਕ ਸੰਬੰਧਾਂ ਦੇ ਇਲਜ਼ਾਮ, ਗਲਤ ਹੱਧਕੰਡਿਆਂ ਨਾਲ ਗੁਰਦੁਆਰੇ ਨੂੰ ਜ਼ਬਤ ਕਰਨਾ, ੳਤੇ ਅਦਾਲਤ ਵਲੋਂ ਉਸ ਨੂੰ ਜੇਲ ‘ਚ ਸੁੱਟਣਾ, ਅਤੇ ਫਿਰ ਵੀ ਤੁਹਾਡਾ ਉਸ ਨਾਲ ਸੰਬੰਧ ਜਾਰੀ ਰਹਿਣਾ, ਤੁਹਾਡੇ ਉਪਰ ਵੀ ਸਵਾਲੀਆ ਨਿਸ਼ਾਨ ਦਰਸਾਉਂਦਾ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
  13. ਬਲਾਤਕਾਰ ਦੇ ਸੰਗੀਨ ਦੋਸ਼, ਇੱਕ ਸਿੱਖ ਡਾਕਟਰ ਨੂੰ ਹਮੇਸ਼ਾਂ ਲਈ ਅੰਨਾ ਕਰਨ ਦੇ ਦੋਸ਼ ਨਾਲ ਲਬਰੇਜ਼ ਸਾਧ ਮਾਨ ਸਿੰਘ ਪਿਹੋਵੇ ਵਾਲੇ ਨਾਲ ਸਟੇਜਾਂ ਸਾਂਝੀਆਂ ਕਰਨੀਆਂ, ਉਸ ਤੋਂ ਸੋਨੇ ਦੇ ਖੰਡੇ ਸਨਮਾਨ ਦੇ ਤੌਰ ‘ਤੇ ਲੈਣੇ ,ਕੀ ਇਹ ਨਹੀਂ ਦਰਸਾਉਂਦਾ ਕੀ ਤੁਹਾਡਾ ਇਸ ਸਾਧ ਨਾਲ ਗਠਜੋੜ ਹੈ?
  14. ਪ੍ਰੋ. ਦਰਸ਼ਨ ਸਿੰਘ ਦੇ ਮਾਮਲੇ ‘ਚ ਬਿਨਾ ਕਿਸੇ ਸਬੂਤ ‘ਤੇ ਗੈਰ ਕਾਨੂੰਨੀ ਅਤੇ ਗੈਰ ਸਿਧਾਂਤਕ ਤਰੀਕੇ ਨਾਲ ਪੰਥ ਤੋਂ ਛੇਕਣ ਅਤੇ ਬੇਇਜ਼ਤ ਕਰਨਾ ਅਤੇ ਫਿਰ ਝੂਠ ਬੋਲਣਾ ਕੀ ਉਚਿਤ ਹੈ?
  15. ਕਾਨਪੁਰ ‘ਚ 16-17 ਫਰਵਰੀ 2013 ਨੂੰ ਪ੍ਰੋ. ਦਰਸ਼ਨ ਸਿੰਘ ਦਾ ਗੁਰਮਤਿ ਸਮਾਗਮ ਰੁਕਵਾਉਣ ਲਈ ਇਨਾਂ ਜ਼ੋਰ ਲਾਇਆ, ਇਥੋਂ ਤੱਕ ਕਿ ਤੁਸੀਂ ਥਾਨੇਦਾਰ ਨੂੰ ਕਿਹਾ ਕਿ “ਇਨ ਸਿੱਖੋਂ ਕੋ ਜੂਤੇ ਮਾਰੋ”। ਕੀ ਤੁਹਾਨੂੰ ਇਹ ਸ਼ੋਭਾ ਦਿੰਦਾ ਹੈ? ਹੁਣ ਤੱਕ ਜਾਰੀ ਹੁਕਮਨਾਮਿਆਂ ‘ਚ ਸਿਰਫ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਜਾਰੀ ਹੁਕਮਨਾਮਾ ਹੀ ਅਹਿਮਿਅਤ ਰਖਦਾ ਹੈ, ਬਾਕੀ ਦੇ ਹੁਕਮਨਾਮਿਆਂ ‘ਤੇ ਇਸ ਤਰ੍ਹਾਂ ਦਾ ਜ਼ੋਰ ਕਿਉਂ ਨਹੀਂ ਦਿੱਤਾ ਜਾਂਦਾ?
  16. ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਰਚਨਾਵਾਂ ਤੋਂ ਇਲਾਵਾ ਲਿਖਤਾਂ ਦਾ ਕੀਰਤਨ ਹੋਣਾ, ਤੁਸੀਂ ਇਸ ਬਾਰੇ ਕੀ ਕਾਰਵਾਈ ਕੀਤੀ?
  17. ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਕਰਕੇ ਮਸਤੂਆਣਾ ਵਿਖੇ ਬਣੇ ਗੁਰਦੁਆਰੇ ਬਾਰੇ ਤੁਸੀਂ ਕੀ ਕਾਰਵਾਈ ਕੀਤੀ?
  18. ਪੰਜਾਬੀ ਫਿਲਮ “ਸਾਡਾ ਹੱਕ” ਜੋ ਕਿ ਭਾਰਤੀ ਸੈਂਸਰ ਬੋਰਡ, ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਿਤ ਹੈ ਨੂੰ ਪੰਜਾਬ ‘ਚ ਨਹੀਂ ਚਲਣ ਦਿੱਤਾ ਗਿਆ, ਤੁਸੀਂ ਇਸ ਬਾਰੇ ਕੁੱਝ ਨਹੀਂ ਕੀਤਾ, ਕਿਉਂ?
  19. ਸ੍ਰ. ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ‘ਚ ਪੰਜਾਬੀ ਫਿਲਮ “ਸਾਡਾ ਹੱਕ” ਨਾ ਚੱਲਣ ਦੇਣਾ, ਫਿਰ ਝੂਠ ਬੋਲਣਾ ਕਿ ਸ਼੍ਰੋਮਣੀ ਕਮੇਟੀ ਨੇ ਇਹ ਫਿਲਮ ਨਹੀਂ ਦੇਖੀ, ਜਦਕਿ ਸ. ਅਵਤਾਰ ਸਿੰਘ ਮੱਕੜ ਦੀ ਵੀਡੀਓ ਰਿਕਾਰਡਿੰਗ ਦਸਦੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਹ ਫਿਲਮ ਦੇਖੀ, ਤੇ ਫਿਰ ਝੂਠ ਬੋਲਿਆ। ਤੁਸੀਂ ਕੀ ਕਾਰਵਾਈ ਕੀਤੀ?
  20. ਦਮਦਮੀ ਟਕਸਾਲ ਵਲੋਂ ਗੁਰਬਾਣੀ ਨਾਲ ਛੇੜਛਾੜ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਜਪ ਦੀ ਬਾਣੀ ਦੇ ਸਿਰਲੇਖ ਤੋਂ “” ਹਟਾ ਦਿੱਤੀਆਂ, ਤੁਸੀਂ ਕੀ ਕਾਰਵਾਈ ਕੀਤੀ?
  21. ਹਿੰਦੀ ‘ਚ ਛਪੀ “ਸਿੱਖ ਇਤਿਹਾਸ” ‘ਚ ਗੁਰੂ ਸਾਹਿਬ ਦੀ ਘੋਰ ਨਿੰਦਾ ਅਤੇ ਅਪਮਾਨਿਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਤੁਸੀਂ ਸ਼੍ਰੋਮਣੀ ਕਮੇਟੀ ਵਿਰੁੱਧ ਕੀ ਕਾਰਵਾਈ ਕੀਤੀ?
  22. ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੂੰ “ਫਖਰ-ਏ-ਕੌਮ” ਕਿਸ ਕੁਰਬਾਨੀ, ਕਿਸ ਮਾਅਰਕੇ ਲਈ, ਕਿਸ ਯੋਗਦਾਨ ਲਈ ਦਿੱਤਾ ਗਿਆ?
  23. ਅਵਤਾਰ ਸਿੰਘ ਮੱਕੜ ਨੂੰ “ਅਕਾਲੀ ਫੂਲਾ ਸਿੰਘ” ਅਵਾਰਡ (ਜਦਕਿ ਅਸਲ ਅਕਾਲੀ ਫੂਲਾ ਸਿੰਘ ਵਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਮੋਰਾਂ ਦਾ ਨਾਚ ਵੇਖਣ 'ਤੇ ਕਿੱਕਰ ਨਾਲ ਬੰਨ੍ਹ ਕੇ ਕੋੜ੍ਹੇ ਲਾਉਣ ਦਾ ਫੈਸਲਾ) ਅਤੇ ਅਵਤਾਰ ਸਿੰਘ ਮੱਕੜ (ਅਵਾਰਡ ਮੁਤਾਬਿਕ ਅੱਜ ਦੇ ਫੂਲਾ ਸਿੰਘ), ਪ੍ਰਕਾਸ਼ ਸਿੰਘ ਬਾਦਲ (ਅੱਜ ਦਾ ਰਣਜੀਤ ਸਿੰਘ) ਨੂੰ ਕਟਰੀਨਾ ਕੈਫ਼ ਦਾ ਨਾਚ ਵੇਖਣ 'ਤੇ "ਫਖਰ-ਏ-ਕੌਮ"! ਇਸ ਸੰਬੰਧੀ ਆਪ ਜੀ ਦਾ ਕੀ ਸਪਸ਼ਟੀਕਰਣ ਹੈ?
  24. ਗੁਰੂ ਗ੍ਰੰਥ ਸਾਹਿਬ ਜੀ 'ਤੇ ਟਿੱਪਣੀ, ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਖਸੀਅਤ 'ਤੇ ਟਿੱਪਣੀ, ਨਸ਼ੇ ਨੂੰ ਜਾਇਜ਼ ਦੱਸਣ ਵਾਲਾ ਅਖੌਤੀ ਨਿਹੰਗ ਧਰਮ ਸਿੰਘ 'ਤੇ ਤਲਬ ਕਰਨ ਦਾ ਬਿਆਨ ਲਾ ਕੇ, ਮਗਰੋਂ ਵਾਪਿਸ ਲੈਣ ਵਿੱਚ ਕੀ ਮਜਬੂਰੀ ਸੀ?
  25. ਅਵਤਾਰ ਸਿੰਘ ਮੱਕੜ ਦੀ ਗੱਡੀ ਬਹੁਤ ਤੇਲ ਖਾ ਰਹੀ ਹੈ, ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਤਿੰਨ ਕਰੋੜ ਤੋਂ ਜ਼ਿਆਦਾ ਦਾ ਸਾਲਾਨਾ ਤੇਲ ਦੀ ਖਪਤ ਇਕੱਲਾ ਉਨ੍ਹਾਂ ਦੀ ਗੱਡੀ ਹੀ ਪੀ ਗਈ, ਇਸ ਬਾਰੇ ਕੀ ਕਹਿਣਾ ਚਾਹੋਗੇ?
  26. ਗੁਰਬਚਨ ਸਿੰਘ ਜੀ, ਤੁਸੀਂ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਮੌਕੇ, ਹਿੱਕ ਥਾਪੜ ਕੇ ਕਿਹਾ ਸੀ ਕਿ ਮੁਜਰਮਾਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇਗਾ, ਪਰ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿੳਾਂ, ਪਰ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਸ਼ਹੀਦ ਭਾਂਈ ਜਸਪਾਲ ਸਿੰਘ ਦਾ ਪਰਿਵਾਰ ਦਰ ਦਰ ਠੋਕਰਾਂ ਖਾ ਰਿਹਾ ਹੈ, ਪਰ ਉਨ੍ਹਾਂ ਦੀ ਬਾਂਹ ਕਿਉਂ ਨਹੀਂ ਫੜੀ?
  27. 16 ਅਪ੍ਰੈਲ 2012 ਨੂੰ ਤੁਸੀਂ ਕਿਹਾ ਸੀ ਕਿ “ਮੈਂ ਰਹਾਂ ਜਾ ਨਾ ਰਹਾਂ, ਕਿਸੇ ਗੁਰਮਤਿ ਵਿਰੋਧੀ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ”। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਅਤੇ ਫਖਰ-ਏ-ਕੌਮ ਪ੍ਰਕਾਸ਼ ਸਿੰਘ ਬਾਦਲ ਦਾ ਮੁਕਟ ਪਹਿਨ ਕੇ ਹਵਨ ਕਰਨਾ, ਅਪ੍ਰੈਲ 2013 ‘ਚ ਹਨੂਮਾਨ ਦੀ ਪੂਜਾ ਕਰਨੀ, ਹਰਸਿਮਰਤ ਕੌਰ ਬਾਦਲ ਵਲੋਂ ਸ਼ਿਵਲਿੰਗ ਦੀ ਪੂਜਾ ਕਰਨੀ, ਸੁਖਬੀਰ ਬਾਦਲ ਵਲੋਂ ਮੁਸਲਮਾਨ ਦਰਗਾਹ ‘ਤੇ ਨਤਮਸਤਕ ਹੋਣਾ… ਆਦਿ ਬਾਰੇ ਤੁਸੀਂ ਕੀ ਕਾਰਵਾਈ ਕੀਤੀ?
  28. ਅਕਤੂਬਰ 2012 ਵਿੱਚ ਸਿੱਖ ਯੂਥ ਆਫ਼ ਅਮਰੀਕਾ ਨੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਪੰਜਾਬ ਪੁਲਿਸ ਵਲੋਂ ਝੂਠੇ ਕੇਸ ਪਾ ਕੇ ਨਾਜਾਇਜ਼ ਹਿਰਾਸਤ ਵਿੱਚ ਰਖੇ ਜਾਣ ਸਬੰਧੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਸੀ। ਵਾਅਦਾ ਕੀਤਾ ਗਿਆ ਸੀ ਕਿ ਪੰਜ ਸਿੰਘ ਸਾਹਿਬਾਨ ਮਿਟਿੰਗ ਕਰੇਗੀ, ਸਰਕਾਰ ਤੋਂ ਪੁੱਛਿਆ ਜਾਵੇਗਾ, ਪਰ ਅੱਜ ਤੱਕ ਜਥੇਦਾਰ ਸਾਹਿਬ ਨੇ ਕੋਈ ਮੀਟਿੰਗ ਕਿਉਂ ਨਹੀਂ ਸੱਦੀ?
  29. ਅਕਤੂਬਰ 2012 ਵਿੱਚ ਇੱਕ ਅਪੀਲ ਕੀਤੀ ਗਈ ਸੀ ਕਿ ਸੈਨਹੋਜ਼ੇ, ਅਮਰੀਕਾ ਵਿੱਚ ਗੈਰ ਸਿੱਖ ਵੋਟਾਂ ਬਾਰੇ ਜਥੇਦਾਰ ਨੂੰ ਦਰਖ਼ਾਸਤ ਦਿੱਤੀ ਗਈ ਸੀ ਅਤੇ ਤੁਸੀਂ ਇੱਕ ਮਹੀਨੇ ਅੰਦਰ ਸੁਣਵਾਈ ਕਰਨ ਦਾ ਵਾਅਦਾ ਕੀਤਾ ਸੀ, ਪਰ 6 ਮਹੀਨੇ ਲੰਘਣ 'ਤੇ ਵੀ ਕੋਈ ਫੈਸਲਾ ਕਿਉਂ ਨਹੀਂ ਹੋਇਆ?
  30. ਤਖ਼ਤ ਸ੍ਰੀ ਹਜ਼ੂਰ ਸਾਹਿਬ ‘ਚ ਬਕਰਿਆਂ ਦੀ ਬਲੀ ਦੇਣੀ, ਅਤੇ ਬਕਰੇ ਦੇ ਖੂਨ ਦੇ ਟਿੱਕੇ ਪਹਿਲਾਂ ਸ਼ਸਤਰਾਂ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਾਉਣੇ ਅਤੇ ਭੰਗ ਦਾ ਪ੍ਰਸ਼ਾਦ “ਸੁਖ ਨਿਧਾਨ” ਕਹਿਕੇ ਵਰਤਾਉਣਾ, ਕੀ ਇਹ ਗੁਰਮਤਿ ਅਨੁਕੂਲ ਹੈ?
  31. ਪੰਥਕ ਰਵਾਇਤਾਂ ਅਨੁਸਾਰ ਕਿਸੇ ਸ਼ਖਸ ਦੀ ਪੇਸ਼ੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੰਗਤ ਸਾਹਮਣੇ ਹੁੰਦੀ ਸੀ, ਹੁਣ ਕੀ ਕਾਰਣ ਹੈ ਕਿ ਤੁਸੀਂ ਗੁਰੂ ਦਾ ਤਖ਼ਤ ਛੱਡ ਕੇ ਉਹ ਕਾਰਵਾਈਆਂ ਗੁਪਤ ਤਰੀਕਿਆਂ ਨਾਲ, ਬਿਨਾ ਗੁਰੂ ਦੀ ਹਜ਼ੂਰੀ ਤੋਂ ਬੰਦ ਕਮਰੇ ‘ਚ ਕਰਦੇ ਹੋ, ਇਸ ਪਿੱਛੇ ਕੀ ਰਾਜ਼ ਹੈ?
  32. 2003 ਵਿੱਚ ਫਿਰ ਤੋਂ ਜਾਰੀ ਹੋਇਆ ਹੁਕਮਨਾਮਾ ਕਿ "ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ (ਤੁੱਲ) ਕਿਸੇ ਹੋਰ ਗ੍ਰੰਥ, ਪੁਸਤਕ ਮੂਰਤੀ ਦਾ ਪ੍ਰਕਾਸ਼ ਨਹੀਂ ਹੋ ਸਕਦਾ।" ਅੱਜ ਵੀ ਦਮਦਮੀ ਟਕਸਾਲ, ਨਿਹੰਗ ਜਥੇਬੰਦੀਆਂ, ਪੰਜਾਬ ਤੋਂ ਬਾਹਰ ਦੋ ਤਖ਼ਤਾਂ 'ਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ, ਕੀ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਆਦੇਸ਼ ਦੀ ਉਲੰਘਣਾ ਨਹੀਂ?
  33. 15 ਅਪ੍ਰੈਲ 2013 ਨੂੰ ਸਿੱਖਾਂ 'ਤੇ ਹੋਏ ਜ਼ੁਲਮਾਂ ਨੂੰ ਦਰਸਾਉਂਦੀ ਫਿਲਮ "ਸਾਡਾ ਹੱਕ" ਦੀ ਟੀਮ ਨੂੰ ਮਿਲਣ ਤੋਂ ਕਿਉਂ ਇਨਕਾਰ ਕੀਤਾ ਗਿਆ?
  34. ਦਿੱਲੀ ਕਮੇਟੀ ਦੇ ਅਹੁਦੇਦਾਰ ਉਂਕਾਰ ਸਿੰਘ ਥਾਪਰ ਵਲੋਂ 2010 ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੀ ਰੈਲੀ ਵਿੱਚ ਕਿਹਾ ਗਿਆ ਕਿ "ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 2533 ਵਾਰ ਰਾਮ ਆਉਂਦਾ ਹੈ, ਅਤੇ ਉਹ ਰਾਮ, ਸ੍ਰੀ ਰਾਮ ਚੰਦਰ ਜੀ ਹਨ", ਤੁਸੀਂ ਕੀ ਕਾਰਵਾਈ ਕੀਤੀ?
  35. ਕੀਰਤਪੁਰ ਸਾਹਿਬ ਨੂੰ ਹਿੰਦੂਆਂ ਦੇ ਹਰਿਦਵਾਰ ਦੀ ਨਕਲ 'ਚ ਅਸਥੀਆਂ ਪਾਉਣ ਵਾਲਾ ਸਥਾਨ ਸਾਬਿਤ ਕਰਨਾ, ਕੀ ਇਹ ਗੁਰਮਤਿ ਅਨੁਕੂਲ ਹੈ?
  36. ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਲੀਡਰਾਂ ਵਲੋਂ ਨਾਮਧਾਰੀ ਆਗੂ ਜਗਜੀਤ ਸਿੰਘ ਦੀ ਮੌਤ 'ਤੇ ਉਸ ਨੂੰ "ਸਤਿਗੁਰੂ" ਕਹਿ ਕੇ ਸੰਬੋਧਨ ਕਰਨਾ, ਕੀ ਇਹ ਸਿੱਖੀ ਦੇ ਵਿਰੁੱਧ ਨਹੀਂ?
  37. ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵਲੋਂ, ਸਿੱਖਾਂ ਦੇ ਦੁਸ਼ਮਨ ਆਸ਼ੂਤੋਸ਼ ਦੇ ਸਮਾਗਮ 'ਚ ਜਯੋਤੀ ਪ੍ਰਚੰਡ ਕਰਨਾ, ਜੋ ਕਿ ਸ੍ਰੀ ਅਕਾਨ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾਂ ਹੈ, ਉਸ ਵਿਰੁੱਧ ਕੀ ਕਾਰਵਾਈ ਕੀਤੀ ਗਈ?
  38. ਤੁਸੀਂ ਗੁਰੂ ਸਾਹਿਬ ਦੇ ਬਾਗੀ ਪੁੱਤਰ ਸ੍ਰੀ ਚੰਦ ਦੇ ਸਮਾਗਮਾਂ 'ਚ ਹਾਜ਼ਰੀ ਭਰਦੇ ਹੋ, ਸ੍ਰੀ ਚੰਦ ਦੇ ਦਿਹਾੜੇ ਮਨਾਉਂਦੇ ਹੋ, ਅਤੇ ਉਸ ਨੂੰ ਗੁਰੂ ਸਾਬਿਤ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦਾ ਸਾਥ ਦਿੰਦੇ ਹੋ, ਜਿਸ ਪੁੱਤਰ ਨੂੰ ਗੁਰੂ ਸਾਹਿਬ ਨੇ ਕੋਈ ਅਹਿਮੀਅਤ ਨਹੀਂ ਦਿੱਤੀ, ਕੀ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਇਹ ਕਿਸਨੇ ਅਧਿਕਾਰ ਦਿੱਤਾ?
  39. ਰਾਗੀ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਨੂੰ ਰਾਗਾਂ ਦਾ ਪੂਰਾ ਗਿਆਨ ਹੈ? ਕੀ ਉਹ ਫਿਲਮੀ ਧੁਨਾਂ 'ਤੇ ਕੀਰਤਨ ਨਹੀਂ ਕਰਦੇ? ਕੀ ਸਿੱਖਾਂ 'ਚ ਹੋਰ ਕੋਈ ਰਾਗੀ ਨਹੀਂ ਸੀ, ਇਸ ਖਿਤਾਬ ਦੇ ਲਾਇਕ, ਫਿਰ ਕਿਸ ਆਧਾਰ 'ਤੇ, ਕਿਸ ਕਸਵੱਟੀ 'ਤੇ, ਕਿਹੜੇ ਮਾਪਦੰਡ 'ਤੇ ਉਨ੍ਹਾਂ ਨੂੰ "ਸ਼੍ਰੋਮਣੀ ਰਾਗੀ" ਦਾ ਖਿਤਾਬ ਦਿੱਤਾ ਗਿਆ?
  40. 22 ਤੋਂ 24 ਨਵੰਬਰ ਤੱਕ ਪੰਜਾਬ ਦੀਆਂ ਤਿੰਨ ਬ੍ਰਾਹਮਣ ਸਭਾਵਾਂ ਵਲੋਂ ਸਾਂਝੇ ਤੌਰ 'ਤੇ ਦੁਰਗਾ ਮੰਦਰ ਮਾਈਸਰ ਖਾਨਾ ਤੋਂ ਗੁਰਦੁਆਰਾ ਰਕਾਬ ਗੰਜ ਤੱਕ ਇੱਕ "ਰਿਣ ਉਤਾਰ ਯਤਨ ਯਾਤਰਾ" ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਪ੍ਰਸਤੀ ਹੇਠ ਕੱਢੀ ਗਈ। ਕੀ ਇਹ ਯਾਤਰਾ ਗੁਰੂ ਸਾਹਿਬ ਦੀ ਕੀਤੀ ਸ਼ਹਾਦਤ ਨੂੰ ਛੋਟਾ ਨਹੀਂ ਦਰਸਾਉਂਦੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
  41. ਪਿਛਲੇ ਸਾਲ 2012 'ਚ ਅਵਤਾਰ ਸਿੰਘ ਮੱਕੜ ਵਲੋਂ ਸਿੱਖਾਂ ਨੂੰ ਕੁੰਭ ਦੇ ਮੇਲੇ 'ਤੇ ਲੈਕੇ ਜਾਣਾ ਅਤੇ ਉਥੇ ਜਾ ਕੇ ਇਸ਼ਨਾਨ ਨੂੰ ਪ੍ਰੋਤਸਾਹਿਤ ਕਰਨਾ, ਲੰਗਰ ਲਾਉਣੇ, ਕੀ ਇਹ ਗੁਰਮਤਿ ਅਨੁਕੂਲ ਹੈ?
  42. ਮਾਰਚ 2013 'ਚ ਤੁਸੀਂ ਸੇਵਾ ਸਿੰਘ ਤਰਮਾਲਾ ਦੇ ਭੋਗ ਸਮਾਗਮ 'ਚ ਕਿਹਾ ਸੀ ਕਿ "ਪ੍ਰਭ ਮਿਲਨੈ ਕਾ ਚਾਉ" ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਕੰਮ ਕਰਦੀ ਹੈ। ਤਰਮਾਲੇ ਵਲੋਂ ਕਰਵਾਏ ਜਾ ਰਹੇ ਸਿਮਰਨ, ਜਿਸ ਵਿੱਚ ਗੁਰੂ ਦੀ ਹਜ਼ੂਰੀ 'ਚ ਸਿੱਖਾਂ ਦੀਆਂ ਦਸਤਾਰਾਂ ਲਹਿ ਜਾਂਦੀਆਂ ਸਨ, ਇਹ ਕਿਹੜੀ ਮਰਿਆਦਾ ਹੈ, ਕਿਥੋਂ ਦੀ ਮਰਿਯਾਦਾ ਹੈ?
  43. 29 ਮਾਰਚ 2000 ਨੂੰ ਪੰਜ ਮੁੱਖ ਸੇਵਾਦਾਰਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਹਦਾਇਤ:

    1. ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜੱਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ ਅਤੇ ਇਸ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪੱਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਸਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਵੇ।

    ਕੀ ਤੁਸੀਂ ਹੁਣ ਇਹ ਹਦਾਇਤ ਯਾਦ ਹੈ? ਯਾਦ ਹੋਣੀ ਚਾਹੀਦੀ ਹੈ, ਕਿਉਂਕਿ ਇਸ ਇੱਕਤਰਤਾ ਵਿੱਚ ਤੁਸੀਂ ਵੀ ਸ਼ਾਮਿਲ ਸੀ, ਅਤੇ ਆਪਜੀ ਦੇ ਹਸਤਾਖਰ ਵੀ ਮੌਜੂਦ ਹਨ। ਤੁਸੀਂ ਇਸ ਬਾਰੇ ਕੀ ਕਦਮ ਚੁੱਕਿਆ?
  44. ਸਰਬਜੀਤ ਸਿੰਘ ਨੂੰ ਮੌਤ ਤੋਂ ਬਾਅਦ ਦੇਸ਼-ਕੌਮ ਪ੍ਰਤੀ ਕਿਹੜੀ ਪ੍ਰਾਪਤੀ, ਕਿਹੜੇ ਯੋਗਦਾਨ, ਕਿਹੜੀ ਬਹਾਦੁਰੀ ਕਰਕੇ, ਪੰਜਾਬ ਸਰਕਾਰ ਨੇ "ਸ਼ਹੀਦ" ਦੀ ਉਪਾਧੀ ਦਿੱਤੀ। ਉਸਦੀ ਅੰਤਿਮ ਕ੍ਰਿਆ 'ਚ ਤੁਸੀਂ ਵੀ ਸ਼ਾਮਿਲ ਸੀ। ਤੁਸੀਂ ਇਸ ਬਾਰੇ ਕੀ ਕੀਤਾ?
  45. ਦਰਬਾਰ ਸਾਹਿਬ ਕੰਪਲੈਕਸ 'ਚ ਸ਼ਹੀਦੀ ਸਮਾਰਕ ਦੀ ਥਾਂ 'ਤੇ ਇੱਕ ਹੋਰ ਗੁਰਦੁਆਰਾ ਬਣਾਇਆ ਗਿਆ, ਅਤੇ ਉਸ ਗੁਰਦੁਆਰੇ ਦਾ ਨਾਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ 'ਤੇ ਰੱਖਿਆ ਗਿਆ, ਅਤੇ ਸ਼ਹੀਦਾਂ ਦਾ ਨਾਮ ਦੋ ਸਟੀਲ ਦੇ ਬੋਰਡਾਂ 'ਤੇ ਲਿਖਿਆ ਗਿਆ। ਉਨ੍ਹਾਂ ਬੋਰਡਾਂ ਨੂੰ ਪੱਟਣ ਲਈ ਬਾਦਲ ਸਰਕਾਰ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਤੁਸੀਂ ਇਸ ਬਾਰੇ ਕੀ ਕੀਤਾ?
  46. ਦਿੱਲੀ ਵਿਖੇ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਬਰੀ ਕੀਤੇ ਜਾਣ ‘ਤੇ ਬੀਬੀ ਨਿਰਪ੍ਰੀਤ ਕੌਰ ਦੀ ਭੁੱਖ ਹੜਤਾਲ, ਕਿਹੜੀਆਂ ਮੰਗਾਂ ਪੂਰੀਆਂ ਹੋਣ 'ਤੇ ਤੋੜੀ ਗਈ?

Click here to view PDF file of these questions

 

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top