Share on Facebook

Main News Page

ਬਾਲਟੀਮੋਰ 'ਚ ਹੋਇਆ "ਪਹਿਲਾ ਸਿੱਖ ਜਾਗਰੂਕਤਾ ਸੈਮੀਨਾਰ" ਇਤਿਹਾਸਿਕ ਹੋ ਨਿਬੜਿਆ

ਮਿਤੀ 6 ਜੁਲਾਈ 2013, 22 ਹਾੜ 545 (ਮੁਤਾਬਿਕ ਮੂਲ ਨਾਨਕਸ਼ਾਹੀ ਕੈਲੰਡਰ 2003) ਨੂੰ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ॥" ਦੇ ਗੁਰ ਫਰਮਾਨ ਉਪਰ ਪਹਿਰਾ ਦਿੰਦੇ ਹੋਏ ਬਾਲਟੀਮੋਰ ਦੀ ਸਮੂਹ ਸਿੱਖ ਸੰਗਤ ਵੱਲੋਂ ਬਾਲਟੀਮੋਰ ਦੇ ਪਹਿਲੇ ਸਿੱਖ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਸਮਾਗਮ ਜਾਗਰੂਕ ਵੀਰਾਂ ਵੱਲੋਂ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਸੀ, ਜੋ ਕਿ ਇਤਹਿਾਸਿਕ ਹੋ ਨਿਬੜਿਆ, ਜਿਸ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੋਂ ਸਿੱਖ ਸੰਗਤਾਂ ਪਹੁੰਚੀਆਂ।

ਸਮਾਗਮ ਸੇਂਟ ਜੋਸਫ ਪੈਰਿਸ਼ ਸੈਂਟਰ (ਚਰਚ) ਦੇ ਹਾਲ ਵਿੱਚ ਕੀਤਾ ਗਿਆ, ਜਿਸ ਵਿੱਚ ਸੰਗਤਾਂ ਹੁੰਮਹੁਮਾਂ ਕੇ ਪਹੁੰਚੀਆਂ, ਵੱਡੀ ਗਿਣਤੀ 'ਚ ਸੰਗਤ ਨੇ ਪਹੁੰਚ ਕੇ ਇਹ ਦਰਸਾ ਦਿੱਤਾ ਕਿ ਹੁਣ ਕ੍ਰਾਂਤੀ ਦੀ ਸ਼ੁਰੁਆਤ ਹੋ ਚੁਕੀ ਹੈ, ਅਤੇ ਸੰਗਤ ਨਾਲ ਹੈ। ਪੱਪੂਆਂ ਦੇ ਹੱਥਕੰਡਿਆਂ ਦੀ ਕੋਈ ਪਰਵਾਹ ਨਹੀਂ ਕਰਦਾ। ਇਸ ਸੈਮੀਨਾਰ ਦੀ ਖਾਸ ਗੱਲ ਇਹ ਸੀ ਕਿ 6 ਘੰਟੇ ਚਲੇ ਇਸ ਸੈਮੀਨਾਰ 'ਚ ਸੰਗਤਾਂ ਨੇ ਬੜੀ ਸ਼ਿੱਦਤ ਨਾਲ ਸਾਰੇ ਬੁਲਾਰਿਆਂ ਨੂੰ ਬਿਨਾ ਹਿਲੇ ਸੁਣਿਆ। ਹਾਲ ਖਚਾਖੱਚ ਭਰਿਆ ਪਿਆ ਸੀ, ਬੱਚੇ, ਨੌਜਵਾਨ, ਬਜ਼ੁਰਗ ਹਰ ਕਿਸੇ ਨੇ ਇਸ ਸੈਮੀਨਾਰ ਦਾ ਲਾਹਾ ਖੱਟਿਆ।

ਇਸ ਸੈਮੀਨਾਰ ਦੀ ਸ਼ੁਰੂਆਤ ਇਕ ਛੋਟੀ ਜਿਹੀ ਬੱਚੀ ਵਲੋਂ ਗੁਰਬਾਣੀ ਦੇ ਸ਼ਬਦ "ਰਾਖਾ ਏਕੁ ਹਮਾਰਾ ਸੁਆਮੀ ॥..." ਨਾਲ ਕੀਤੀ ਗਈ। ਸਟੇਜ ਸੰਚਾਲਕ ਦੀ ਸੇਵਾ ਸ. ਬਲਵਿੰਦਰ ਸਿੰਘ ਨੇ ਨਿਭਾਈ। ਸਭ ਤੋਂ ਪਹਿਲਾਂ ਭਾਈ ਹਰਮਨਪ੍ਰੀਤ ਸਿੰਘ ਜੀ ਖ਼ਾਲਸ ਨੇ ਸੈਮੀਨਾਰ ਦੇ ਵਿਸ਼ੇ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ॥" 'ਤੇ ਸੰਗਤਾਂ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਤੋਂ ਬਾਅਦ ਸ. ਸਰਵਜੀਤ ਸਿੰਘ ਸੈਕਰਾਮੈਂਟੋ ਨੇ ਮੂਲ ਨਾਨਕਸ਼ਾਹੀ ਕੈਲੰਡਰ 2003 ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸ. ਪੁਰੇਵਾਲ ਵਲੋਂ ਬਣਾਏ ਗਏ ਕੈਲੰਡਰ ਬਾਰੇ ਅਤੇ ਧੁੰਮਾਂ - ਮੱਕੜ (ਧੁਮੱਕੜ) ਕੈਲੰਡਰ ਬਾਰੇ ਖੁਲ ਕੇ ਵੀਚਾਰ ਕੀਤੀ।

ਸ. ਕੁਲਦੀਪ ਸਿੰਘ ਹੋਸਟ ਰੇਡੀਓ ਸ਼ੇਰੇ ਪੰਜਾਬ ਵੈਨਕੂਵਰ ਨੇ ਡੇਰਾਵਾਦ ਅਤੇ ਅਖੌਤੀ ਸਾਧ ਜੋ ਕਿ ਕੈਂਸਰ ਦੇ ਰੋਗ ਦੀ ਤਰ੍ਹਾਂ ਸਿੱਖੀ ਨੂੰ ਖੋਰਾ ਲਾ ਰਹੇ ਨੇ, ਬਾਰੇ ਸੰਗਤਾਂ ਨੂੰ ਖੁਲਾਸਾ ਕੀਤਾ।  ਉਨ੍ਹਾਂ ਨੇ ਸੰਗਤਾਂ ਨੂੰ ਖਾਸ ਕਰਕੇ ਬੀਬੀਆਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਵਿਹੰਗਮ ਬਾਬਿਆਂ ਕੋਲ ਲਾ ਜਾਇਆ ਕਰਨ, ਅਤੇ ਸਿਰਫ ਸ੍ਰੀ ਗਰੂ ਗ੍ਰੰਥ ਸਾਹਿਬ 'ਤੇ ਟੇਕ ਰੱਖਣ।

10 ਮਿਨਟ ਬ੍ਰੇਕ ਤੋਂ ਬਾਅਦ ਯੂ.ਕੇ. ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸ. ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ. ਨੇ "ਬਾਬਰ ਦਾ ਸਫ਼ਰ" ਵਿਸ਼ੇ 'ਤੇ ਸੰਗਤਾਂ ਨਾਲ ਸਾਂਝ ਪਾਈ। ਉਨ੍ਹਾਂ ਨੇ ਬਾਬਰਵਾਣੀ 'ਚ ਆਏ ਬਾਬਰ ਦੀ ਮੌਜੂਦਾ ਸਮੇਂ ਦੇ ਬਾਬਰਾਂ ਨਾਲ ਤੁਲਨਾ ਕਰਕੇ, ਗੁਰਬਾਣੀ 'ਚ ਆਏ ਰਾਜਨਿਤਿਕ ਪੱਖ 'ਤੇ ਚਾਨਣਾ ਪਾਇਆ। ਨੌਜਵਾਨਾਂ ਅਤੇ ਬੱਚਿਆਂ ਨੇ ਖਾਸ ਕਰਕੇ ਸ. ਪ੍ਰਭਦੀਪ ਸਿੰਘ ਨੂੰ ਬਹੁਤ ਧਿਆਨ ਨਾਲ ਸੁਣਿਆ।

ਸੈਮੀਨਾਰ ਦੇ ਅਖੀਰਲੇ ਬੁਲਾਰੇ ਸਨ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ 'ਤੇ ਆਪਣੇ ਵੀਚਾਰ ਰੱਖੇ। ਜਿਸ ਦੌਰਾਨ ਉਨ੍ਹਾਂ ਨੇ ਸਿੱਖੀ ਵਿੱਚ ਵਖਰੇ ਵੱਖਰੇ ਗੁਰੂਆਂ ਬਾਰੇ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਪਰ ਫਿਰ ਅਸੀਂ ਕਿਸ ਮੂੰਹ ਨਾਲ ਅਖੌਤੀ ਦਸਮ ਗ੍ਰੰਥ ਨੂੰ ਵੀ ਗੁਰੂ ਦੇ ਬਰਾਬਰ ਰੱਖ ਰਹੇ ਹਾਂ। ਉਨ੍ਹਾਂ ਨੇ ਅਖੌਤੀ ਜੱਥੇਦਾਰ ਗੁਰਬਾਚਨ ਸਿੰਘ ਦੇ ਬੋਲ ਕਿ "ਗੁਰੂ ਗ੍ਰੰਥ ਸਾਹਿਬ ਸੰਤ ਬਣਾਉਂਦਾ ਹੈ ਅਤੇ (ਅਖੌਤੀ) ਦਸਮ ਗ੍ਰੰਥ ਸਿਪਾਹੀ ਬਣਾਉਂਦਾ ਹੈ" 'ਤੇ ਟਿਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਧੂਰਾ ਗੁਰੂ ਸਾਬਿਤ ਕਰ ਦਿੱਤਾ ਹੈ, ਤਾਂ ਫਿਰ ਸਿੱਖ ਕਿਸ ਤਰ੍ਹਾਂ ਕਹਿੰਦੇ ਹਨ ਕਿ ਮੇਰਾ ਗੁਰੂ ਪੂਰਾ ਹੈ? ਸਾਡੀ ਤਾਂ ਅਰਦਾਸ, ਰਹਿਰਾਸ, ਅੰਮ੍ਰਿਤ ਸੰਸਕਾਰ, ਨਿਤਨੇਮ ਦੂਸਰੇ ਗ੍ਰੰਥ ਤੋਂ ਬਿਨਾ ਪੂਰਾ ਨਹੀਂ ਹੁੰਦਾ, ਫਿਰ ਅਸੀਂ ਕਿਸ ਮੂੰਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਕਹਿੰਦੇ ਹਾਂ?

ਸਾਨੂੰ ਸੋਚਣਾ ਕਿ ਅਸ਼ੀਂ ਕਿੱਥੇ ਖੜੇ ਹਾਂ। ਉਨ੍ਹਾਂ ਕਿਹਾ ਕਿ ਉਹ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਕਰਦੇ ਹਨ, ਪਰ ਇਹ ਗੁਰਬਾਣੀ ਨਹੀਂ ਕਿ ਜਿਸ ਵਿੱਚ ਬਦਲਾਅ ਨਹੀਂ ਕੀਤਾ ਸਕਦਾ। ਇਸ ਵਿੱਚ ਜੋ ਊਣਤਾਈਆਂ ਹਨ ਉਹ ਵਿਦਵਾਨਾਂ ਨੂੰ ਗੁਰਬਾਣੀ ਅਨੁਸਾਰ ਸੋਧ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਇੱਕ ਸਾਲ ਤੋਂ ਤਿੰਨ ਚਿੱਠੀਆਂ ਸ਼੍ਰੋਮਣੀ ਕਮੇਟੀ ਨੂੰ ਲਿੱਖ ਚੁਕੇ ਹਨ, ਜੋ ਕਿ ਖ਼ਾਲਸਾ ਨਿਊਜ਼ ਸਮੇਤ ਹੋਰ ਵੈਬ ਸਾਈਟਾਂ 'ਤੇ ਵੀ ਵੇਖੀਆਂ ਜਾ ਸਕਦੀਆਂ ਹਨ, ਪਰ ਇੱਕ ਸਾਲ ਗੁਜਰਨ ਤੋਂ ਬਾਅਦ ਭੀ ਕੋਈ ਉੱਤਰ ਨਹੀਂ ਆਇਆ। ਹੁਣ ਮਜਬੂਰਨ ਗੁਰੂ ਕੀ ਸੰਗਤ ਨੂੰ ਕੋਈ ਕਦਮ ਚੁਕਣਾ ਪੈਣਾ ਹੈ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਤਾ ਕਾਇਮ ਰਹਿ ਸਕੇ।

ਸੈਮੀਨਾਰ 'ਚ ਸੰਗਤਾਂ ਦੇ ਸਵਾਲਾਂ ਦੇ ਜਵਾਬ ਲਈ ਇੱਕ ਸੈਸ਼ਨ ਕੀਤਾ ਗਿਆ, ਜਿਸ ਲਈ ਸਾਰੇ ਬੁਲਾਰੇ ਸਟੇਜ ਉੱਪਰ ਆਕੇ ਬੈਠ ਗਏ, ਅਤੇ ਸ. ਕੁਲਦੀਪ ਸਿੰਘ, ਵੇਕ-ਅਪ ਖ਼ਾਲਸਾ ਨੇ ਸੰਗਤਾਂ ਦੇ ਸਵਾਲ ਉਨ੍ਹਾਂ ਬੁਲਾਰਿਆਂ ਸਾਹਮਣੇ ਰੱਖੇ। ਜਿਸ ਦਾ ਜਵਾਬ ਬੁਲਾਰਿਆਂ ਨੇ ਬਾਖੂਬੀ ਦਿੱਤਾ। ਖ਼ਾਲਸਾ ਨਿਊਜ਼ ਦੇ ਪ੍ਰਤੀਨਿਧੀ ਵੀ ਇਸ ਸੈਮੀਨਾਰ 'ਚ ਹਾਜ਼ਰ ਸੀ।

ਅੰਤ 'ਚ ਸ. ਮਲਕੀਤ ਸਿੰਘ ਨੇ ਇਸ ਸੈਮੀਨਾਰ ਦੇ ਮਤੇ ਪੜ੍ਹ ਕੇ ਸੁਣਾਏ ਜੋ ਇਸ ਪ੍ਰਕਾਰ ਹਨ:

ਅੱਜ ਮਿਤੀ 6 ਜੁਲਾਈ 2013, 22 ਹਾੜ 545 (ਮੁਤਾਬਿਕ ਮੂਲ ਨਾਨਕਸ਼ਾਹੀ ਕੈਲੰਡਰ 2003) ਨੂੰ ਪਹਿਲੇ ਸਿੱਖ ਜਾਗਰੂਕਤਾ ਸੈਮੀਨਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਇੱਕੋ ਇੱਕ ਵਾਹਿਦ ਗੁਰੂ ਨੂੰ ਸਮਰਪਿਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ‘ਤੇ ਪਹਿਰਾ ਦਿੰਦੇ ਹੋਏ, ਸਮੂੰਹ ਬਾਲਟੀਮੋਰ ਅਤੇ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਵਲੋਂ ਸਰਬ ਸੰਮਤੀ ਨਾਲ ਹੇਠ ਲਿਖੇ ਮਤੇ ਪਾਸ ਕੀਤੇ ਗਏ।

ਅੱਜ ਦੀ ਇਹ ਇੱਕਤਰਤਾ :

1. ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਮਰਪਿਤ ਹੈ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਗੁਰੂ ਡੰਮ ਨੂੰ ਰੱਦ ਕਰਦੀ ਹੈ

2. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਪੰਥਕ ਸਿੱਖ ਰਹਿਤ ਮਰਿਆਦਾ ਪ੍ਰਤੀ ਸਮਰਪਿਤ ਹੈ ਅਤੇ ਮੰਗ ਕਰਦੀ ਹੈ ਅਤੇ ਜਿਹੜੀਆਂ ਊਣਤਾਈਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਗੁਰਬਾਣੀ ਅਨੁਸਾਰ ਸੋਧ ਕੇ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਸਾਰੇ ਗੁਰਦੁਆਰਿਆਂ ‘ਚ ਲਾਗੂ ਕੀਤੀ ਜਾਵੇ

3. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਨ 2003 ‘ਚ ਜਾਰੀ ਸਿੱਖ ਦੀ ਵੱਖਰੀ ਹੋਂਦ ਅਤੇ ਪ੍ਰਭੂਸੱਤਾ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਪ੍ਰਤੀ ਸਮਰਪਿਤ ਹੈ ਅਤੇ ਉਸ ਵਿੱਚ ਕੀਤੀਆਂ ਗਈਆਂ ਗੈਰ ਵਿਗਿਆਨਿਕ ਅਤੇ ਗੈਰ ਸਿਧਾਂਤਕ ਸੋਧਾਂ ਨੂੰ ਰੱਦ ਕਰਦੀ ਹੈ। ਜਿਨ੍ਹਾਂ ਤਿੰਨ ਤਰੀਕਾਂ - ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਹੋਲਾ ਮਹੱਲਾ, ਬੰਦੀ ਛੋੜ ਦਿਵਸ ਪ੍ਰਤੀ ਹਾਲੇ ਫੈਸਲਾ ਨਹੀਂ ਹੋ ਸਕਿਆ, ਇਨ੍ਹਾਂ ਤਰੀਕਾਂ ਦੇ ਮਸਲੇ ਦੇ ਹਲ ਲਈ ਕੈਲੰਡਰ ਵਿਗਿਆਨ ਦੇ ਵਿਦਵਾਨਾਂ ਨੂੰ ਬੇਨਤੀ ਕਰਦੀ ਹੈ ਕਿ ਉਨ੍ਹਾਂ ਦਾ ਵੀ ਛੇਤੀ ਤੋਂ ਛੇਤੀ ਫੈਸਲਾ ਕੀਤਾ ਜਾਵੇ।

ਇਸ ਸੈਮੀਨਾਰ ਦੀ ਵੀਡੀਓ ਛੇਤੀ ਹੀ ਸੰਗਤਾਂ ਸਾਹਮਣੇ ਪੇਸ਼ ਕੀਤੀ ਜਾਏਗੀ। ਇਹ ਸੈਮੀਨਾਰ ਬਹੁਤ ਹੀ ਸਫਲ ਰਿਹਾ, ਕਿਉਂਕਿ ਜੋ ਵਿਸ਼ੇ ਇਸ ਸੈਮੀਨਾਰ 'ਚ ਛੂਏ ਗਏ, ਅਤੇ ਜਿਸ ਤਰੀਕੇ ਨਾਲ ਸੰਗਤਾਂ ਨੇ ਭਰਪੂਰ ਹੁੰਗਾਰਾ ਦਿੱਤਾ, ਉਸ ਨਾਲ ਇੱਕ ਉਮੀਦ ਜਾਗੀ ਹੈ ਕਿ ਸੰਗਤ ਹੁਣ ਬਦਲਾਅ ਚਾਹੁੰਦੀ ਹੈ। ਇਸ ਸਫਲ ਸੈਮੀਨਾਰ ਨਈ ਪ੍ਰਬੰਧਕ ਅਤੇ ਸੰਗਤ ਵਧਾਈ ਦੇ ਪਾਤਰ ਹੈ। ਹੁਣ ਇਹ ਸਿਲਸਲਾ ਚਲਦੇ ਰਹਿਣਾ ਚਾਹੀਦਾ ਹੈ।

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top