Share on Facebook

Main News Page

ਗੁਰਮਤਿ ਵਿੱਚ ਧਰਮਰਾਜ ਅਤੇ ਚਿਤ੍ਰ ਗੁਪਤ

ਨੋਟ: ਇਹ ਲੇਖ ਫੇਸਬੁੱਕ 'ਚੋਂ ਲਿਆ ਗਿਆ ਹੈ, ਲੇਖਕ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਆਮ ਤੌਰ ’ਤੇ ਸਮਝਿਆ ਜਾਂਦਾ ਹੈ ਕਿ ਮਨੁੱਖ ਦੇ ਮਰਨ ਮਗਰੋਂ ਇਸਨੂੰ ਜਮ ਪਕੜ ਕੇ, ਘਸੀਟ ਕੇ ਧਰਮਰਾਜ ਅਤੇ ਚਿਤ੍ਰ ਗੁਪਤ ਦੇ ਸਾਹਮਣੇ ਲੈ ਜਾਂਦੇ ਹਨ, ਉਥੇ ਮਨੁੱਖ ਦੇ, ਧਰਤੀ ਤੇ ਕੀਤੇ ਕਰਮਾਂ ਅਨੁਸਾਰ ਲੇਖਾ-ਜੋਖਾ ਹੁੰਦਾ ਹੈ। ਦੁਨਿਆਵੀ ਸੋਚ ਮੁਤਾਬਕ ਉਸ ਕਚਿਹਰੀ (ਦੀਬਾਣ-ਦਰਗਾਹ) ਦਾ ਸਭ ਤੋਂ ਵੱਡਾ ਅਫਸਰ "ਧਰਮਰਾਜ" ਹੁੰਦਾ ਹੈ। "ਚਿਤ੍ਰ ਗੁਪਤ" ਇਕ ਹੋਰ ਅਖੌਤੀ ਅਫਸਰ ਹੁੰਦਾ ਹੈ ਜੋ ਮਨੁੱਖ ਦੇ ਕੀਤੇ ਕਰਮਾਂ ਦੇ ਖਾਤੇ ਤਿਆਰ ਕਰਕੇ ਅਖੌਤੀ ਧਰਮਰਾਜ ਅੱਗੇ ਰੱਖਦਾ ਹੈ। ਰੱਬ ਜੀ ਨੇ ਧਰਮਰਾਜ ਨੂੰ ਸਾਰੇ ਹੱਕ ਦਿੱਤੇ ਹੁੰਦੇ ਹਨ ਕਿ ਉਹ ਮਨੁੱਖ ਦੇ ਕਰਮਾਂ ਅਨੁਸਾਰ ਉਸ ਨੂੰ ਨਰਕ-ਦੋਜ਼ਖ਼ ’ਚ ਸੁੱਟ ਦੇਵੇ, ਸਵਰਗ-ਜਨੱਤ ’ਚ ਭੇਜ ਦੇਵੇ, ਮੁੜ ਧਰਤੀ ਤੇ ਕਿਸੀ ਜੂਨ ’ਚ ਜਾਂ ਮਨੁੱਖੀ ਜਨਮ ਵਿਚ ਹੀ ਪੈਦਾ ਕਰ ਦੇਵੇ ਅਤੇ ਜਾਂ ਫਿਰ ਮਨੁੱਖ ਨੂੰ ਰੱਬ ਜੀ ਦੇ ਚਰਨਾਂ ’ਚ ਹਮੇਸ਼ਾ ਲਈ ਰੱਖੇ, ਇਹ ਸਭ ਕੰਮ ਅਖੌਤੀ ਧਰਮਰਾਜ ਦੇ ਇਖਤਿਆਰ ਮੰਨੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਐਸੇ ਧਰਮਰਾਜ (ਅਖੌਤੀ) ਨੂੰ ਪਰਵਾਨ ਨਹੀਂ ਕੀਤਾ ਗਿਆ ਬਲਕਿ ਉਸਦਾ ਡਰ ਵੀ ਲਾਹ ਸੁਟਿਆ ਹੈ।

ਗੁਰੂ ਗ੍ਰੰਥ ਸਾਹਿਬ ਅਨੁਸਾਰ ਸਮਝਾਇਆ ਹੈ ਕਿ ਅਖੌਤੀ ਧਰਮਰਾਜ ਜਾਂ ਜਮ (ਵਿਕਾਰ) ਰੱਬ ਦੇ ਪਿਆਰਿਆਂ ਦੇ ਨੇੜੇ ਨਹੀਂ ਢੁਕਦੇ ਭਾਵ ਜੋ ਮਨੁੱਖ ਸੱਚੇ ਧਰਮ (ਸਤਿਗੁਰ) ਅਨੁਸਾਰ ਜੀਵਨ ਜਿਊਂਦੇ ਹਨ ਉਨ੍ਹਾਂ ਨੂੰ ਇਥੇ ਇਸੇ ਜੀਵਨ (ਸਰੀਰ) ’ਚ ਜਿਊਂਦਿਆਂ ਹੀ ਵਿਕਾਰਾਂ ਰੂਪੀ ਜਮਾਂ ਜੈਸੀ ਮਾੜੀ ਸੋਚ, ਦੁਰਮਤ ਜਾਂ ਮਾੜੇ ਕਰਮ ਨਹੀਂ ਕਰਨੇ ਪੈਂਦੇ ਕਿਉਂਕਿ ਉਹ ਮਨੁੱਖ, ਜਿਊਂਦਿਆਂ ਹੀ ਆਪਣੀ ਅੰਤਰ ਆਤਮੇ ਦੀ ਰੱਬੀ ਦਰਗਾਹ ’ਚ ਪਰਵਾਨ (ਜੀਵਨ ਮੁਕਤ) ਹੁੰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚੋਂ ਐਸੇ ਅਨੇਕਾਂ ਪ੍ਰਮਾਣ ਹਨ। ਖਾਸ ਤੌਰ ’ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਥੇ-ਜਿਥੇ ਧਰਮਰਾਜ, ਚਿਤ੍ਰਗੁਪਤ ਜਾਂ ਜਮ, ਜਮਰਾਜ ਨੂੰ ਨਿੰਦਿਆ ਜਾਂ ਉਸਦਾ ਡਰ-ਭਉ ਮੁਕਾਉਣ ਬਾਰੇ ਗੱਲ ਕੀਤੀ ਹੈ ਉਥੇ ਇਨ੍ਹਾਂ ਅਫਸਰਾਂ ਨੂੰ ਵਿਅੰਗਾਤਮਕ ਢੰਗ ਨਾਲ, ਪ੍ਰੋਢਾਵਾਦ ਵਰਤ ਕੇ ਨਕਾਰਿਆ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਮੁਢਲੀ ਬਾਣੀ ‘ਜਪੁ ਜੀ’ ਦੇ ਅਖੀਰ ’ਚ ਸਲੋਕ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।। ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।’’ (ਗੁਰੂ ਗ੍ਰੰਥ ਸਾਹਿਬ, ਪੰਨਾ : ਇਥੇ ਲਫ਼ਜ਼ ‘ਧਰਮ’ ਦਾ ਆਮਤੌਰ ਤੇ ਅਰਥ ਅਖੌਤੀ ਧਰਮਰਾਜ ਲੈ ਲਿਆ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਇਥੇ ‘ਧਰਮ’ ਦਾ ਭਾਵਅਰਥ ਬਣਦਾ ਹੈ ‘ਮਨੁੱਖ ਦੇ ਹਿਰਦੇ ’ਚ ਬੈਠਾ ‘ਸੱਚਾ ਧਰਮ’। ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ।। (ਗੁਰੂ ਗ੍ਰੰਥ ਸਾਹਿਬ, ਪੰਨਾ : 123) ਸਾਡੇ ਸਭ ਦੇ ਅੰਦਰ ਅੰਤਰ ਆਤਮੇ ’ਚ ਸੱਚਾ ਰੱਬ, ਸੱਚਾ ਧਰਮ, ਸੱਚਾ ਧਰਮਰਾਏ ਬੈਠਾ ਹੈ, ਜੋ ਸਾਨੂੰ ਤਤਕਾਲ ਕਚਿਹਰੀ ’ਚ ਫੈਸਲਾ ਕਰਕੇ ਦੱਸ ਦਿੰਦਾ ਹੈ ਕਿ ਸਰ-ਅਪਸਰ, ਚੰਗਾ-ਮੰਦਾ ਕਰਮ ਕੀ ਹੈ। ਉਸੀ ਅੰਤਰ ਆਤਮੇ (ਜ਼ਮੀਰ, conscience, will) ਦੀ ਅਵਾਜ਼ ਨੂੰ ਰੱਬ ਜੀ ਦੀ ਅਵਾਜ਼ ਕਹਿੰਦੇ ਹਨ। ਉਹੋ ਹੀ ਰੱਬੀ ਦਰਗਾਹ ਦੀ ਤੱਕੜੀ, ਤਰਾਜੂ ਹਰੇਕ ਮਨੁੱਖ ਦੇ ਅੰਦਰ, ਹੁੰਦੀ ਹੈ। ਇਹ ਗੱਲ ਵਖਰੀ ਹੈ ਕਿ ਅਸੀਂ ਅੰਦਰ ਦੀ ਅਵਾਜ਼ ਨੂੰ ਸੁਣ ਕੇ ਵੀ ਅਣਸੁਣੀ ਕਰ ਦਿੰਦੇ ਹਾਂ ਤੇ ‘ਵਿਕਾਰਾਂ ਰੂਪੀ ਜਮਾਂ’ ਨਾਲ ਖੁਸ਼ ਰਹਿੰਦੇ ਹਾਂ।

ਨੋਟ :- ਮਾਣਯੋਗ ਭਾਈ ਕਾਨ੍ਹ ਸਿੰਘ ਨਾਭਾ ਜੀ ਆਪਣੀ ਪੁਸਤਕ ਗੁਰਮਤ ਮਾਰਤੰਡ (ਭਾਗ ਦੂਜਾ) ਪੰਨਾ 607 ’ਚ ‘ਧਰਮਰਾਜ’ ਬਾਰੇ ਇਉਂ ਲਿਖਦੇ ਹਨ:-

ਧਰਮਰਾਜ :- ‘‘ਸੰਸਕ੍ਰਿਤ ਗ੍ਰੰਥਾਂ ਵਿਚ ਧਰਮ ਅਤੇ ਧਰਮਰਾਜ ਨਾਮ, ਜਮ ਅਥਵਾ ਯਮਰਾਜ ਦਾ ਹੈ, ਗੁਰਮਤ ਵਿਚ ਨਯਾਯਕਾਰੀ ਕਰਤਾਰ ਲਈ ਇਹ ਸ਼ਬਦ ਵਰਤਿਆ ਹੈ, ਪੌਰਾਣਿਕ ‘ਧਰਮਰਾਜ’ ਦਾ ਸਿੱਖਾਂ ਨਾਲ ਵਾਸਤਾ ਨਹੀਂ ਪੈਂਦਾ ਅਰ ਨਾ ਸਿੱਖਾਂ ਨੂੰ ਯਮ ਦਾ ਭੈ, ਸੰਤਾਪ ਦਿੰਦਾ ਹੈ।’’


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top