ਅੰਮਿਤਸਰ
25 ਜੂਨ ( ਜਸਬੀਰ ਸਿੰਘ ) ਅਗਲੇ ਹਫਤੇ ਹੋ ਰਹੀਆਂ ਪੰਚਾਇਤੀ ਚੌਣਾਂ ਦੀ ਕਾਨੂੰਨੀ
ਪ੍ਰਕਿਰਿਆ ਨੂੰ ਠੇਂਗਾ ਦਿਖਾਉਦਿਆਂ ਪਿੰਡ ਤਲਵੰਡੀ ਮਾਲੋਵਾਲ ਬਲਾਕ ਤਰਸਿੱਕਾ
ਜਿਲਾ ਅੰਮ੍ਰਿਤਸਰ ’ਚ ਇਕ ਉਮੀਦਵਾਰ ਪਰਮਜੀਤ ਸਿੰਘ ਜਿਲਾ ਜੂਡੀਸ਼ੀਅਲ ਮੈਜਿਸਟਰੇਟ
ਵੱਲੋਂ ਭਗੌੜਾ ਕਰਾਰ ਦਿੱਤੇ ਜਾਣ ਦੇ ਬਾਵਜੂਦ ਵੀ ਸਰਪੰਚੀ ਦੀ ਚੋਣ ਲੜ ਰਿਹਾ
ਹੈ। ਅਦਾਲਤ ਵੱਲੋਂ ਉਸ ਨੂੰ ਕੇਸ ਨੰ. 3930/10, ਮਿਤੀ 2 ਨਵੰਬਰ, 2011 ਦੇ
ਤਹਿਤ ਭਗੌੜਾ ਘੋਸ਼ਿਤ ਕੀਤਾ ਹੈ, ਕਿਉਕਿ ਉਹ ਅਮਰ ਸਿੰਘ ਅਤੇ ਹਰਬੰਸ ਸਿੰਘ ਵੱਲੋਂ
ਦਾਇਰ ਕੀਤੇ ਇਕ ਕੇਸ ਵਿੱਚ ਅਦਾਲਤ ਨੂੰ ਟਿੱਚ ਜਾਣਦਿਆਂ ਅਦਾਲਤ ਦੇ ਹੁਕਮਾਂ ਦੀ
ਤਾਮੀਲ ਨਹੀਂ ਕੀਤੀ, ਜਿਸ ਕਰਕੇ ਅਦਾਲਤ ਨੇ ਉਸਨੂੰ ਭਗੌੜਾ ਘੋਸ਼ਿਤ ਕੀਤਾ ਹੋਇਆ
ਹੈ, ਪਰ ਸਿਆਸੀ ਪ੍ਰਭੂਆਂ ਦੀ ਸ਼ਹਿ ਤੇ ਉਹ ਸ਼ਰੇਆਮ ਘੁੰਮ ਰਿਹਾ ਹੈ।
ਇਸੇ ਪਿੰਡ ਦੇ ਸ਼ਿਕਾਇਤ ਕਰਤਾ ਦਲਜੀਤ ਸਿੰਘ ਪੁੱਤਰ ਅਮਰ
ਸਿੰਘ ਨੇ ਰਿਟਰਨਿੰਗ ਅਫਸਰ ਪੁਨੀਤ ਕੁਮਾਰ ਪਾਸ ਆਪਣੀ ਸ਼ਿਕਾਇਤ ਦਰਜ ਕਰਾਉਦਿਆਂ
ਇਹ ਦੋਸ਼ ਲਗਾਏ ਹਨ ਕਿ ਪਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਪੰਚਾਇਤੀ ਚੋਣਾਂ ਲਈ
ਇੱਕ ਆਯੋਗ ਉਮੀਦਵਾਰ ਹੈ, ਕਿਉਕਿ ਉਹ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕੀਤਾ ਗਿਆ
ਹੈ। ਉਸ ਨੇ ਕਿਹਾ ਕਿ ਕਿਸੇ ਗਰੀਬ ਕੋਲੋ ਇੱਕ ਸ਼ਰਾਬ ਦੀ ਬੋਤਲ ਵੀ ਫੜੀ ਜਾਵੇ
ਪੁਲੀਸ ਕਈ ਕਈ ਮਹੀਨੇ ਜ਼ਮਾਨਤ ਨਹੀਂ ਹੋਣ ਦਿੰਦੀ, ਪਰ ਇਸ ਅਦਾਲਤ ਦੇ ਭਗੌੜੇ ਨੂੰ
ਗ੍ਰਿਫਤਾਰ ਕਰਨ ਤੋ ਪੁਲੀਸ ਅੱਖਾਂ ਮੀਟੀਆਂ ਹੋਈਆਂ ਹਨ। ਉਸ ਨੇ ਕਿਹਾ ਕਿ ਪਹਿਲਾਂ
ਤਾਂ ਇਹ ਭਗੌੜਾ ਆਪਣੇ ਕਾਗਜ ਪੁਲੀਸ ਦੀ ਹਾਜਰੀ ਵਿੱਚ ਦਾਖਲ ਕਰਾ ਕੇ ਗਿਆ ਤੇ
ਕਿਸੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਉਹ ਪਿੰਡ ਹੀ ਸ਼ਰੇਆਮ
ਚੋਣ ਪ੍ਰਚਾਰ ਕਰ ਰਿਹਾ ਹੈ ਕਿਸੇ ਦੀ ਉਸ ਨੂੰ ਗਿਰਫਤਾਰ ਕਰਨ ਦੀ ਹਿੰਮਤ ਨਹੀਂ
ਹੈ। ਉਨ੍ਹਾਂ ਜਿਲਾ ਚੋਣ ਰੀਟਰਨਿੰਗ ਅਫਸਰ ਤੋ ਮੰਗ ਕੀਤੀ ਕਿ ਪਰਮਜੀਤ ਸਿੰਘ
ਪੁੱਤਰ ਹਰਬੰਸ ਸਿੰਘ ਦਾ ਨਾਮਜਦਗੀ ਪੱਤਰ ਰੱਦ ਕਰ ਦਿੱਤਾ ਜਾਵੇ। ਉਨ੍ਹਾਂ ਆਪਣੇ
ਲਿਖਤੀ ਬਿਆਨ ’ਚ ਹੋਰ ਵੀ ਇੰਕਾਸਾਫ ਕਰਦਿਆ ਕਿਹਾ ਕਿ ਪਰਮਜੀਤ ਸਿੰਘ ਦੀ ਪਤਨੀ
ਪਿੰਡ ਦੀ ਸਾਬਕਾ ਸਰਪੰਚ ਸੀ ਜਿਸਨੇ ਆਪਣੇ ਅਹੁਦੇ ਤੇ ਹੁੰਦਿਆ ਮਈ 2012 ਵਿੱਚ
ਪੰਚਾਇਤ ਦੀ ਜਮੀਨ ਦੀ ਬੋਲੀ 4,00,000/- ਰੁਪਏ ਵਿੱਚ ਕਰਵਾਈ ਪਰ ਰਕਮ ਪੰਚਾਇਤ
ਦੇ ਬੈਂਕ ਖਾਤੇ ਵਿੱਚ ਜਮਾਂ ਕਰਾਉਣ ਦੀ ਬਜਾਏ ਖੁਦ ਹੜੱਪ ਕਰ ਲਈ।
ਉਸ ਨੇ ਦੋਸ਼ ਲਗਾਉਦਿਆਂ ਕਿਹਾ ਕਿ ਬੀ.ਡੀ.ਓ. ਦੁਆਰਾ ਉਸ
ਨੂੰ ਚੋਣ ਲੜਣ ਲਈ ਜੋ ਐਨ. ਓ. ਸੀ. ਦਿੱਤਾ ਹੈ ਉਹ ਵੀ ਗਲਤ ਹੈ। ਉਸ ਨੇ ਇਹ ਵੀ
ਦੋਸ਼ ਲਗਾਇਆ ਕਿ ਜਿਸ ਜ਼ਮੀਨ ਉਪਰ ਉਸਦਾ ਘਰ ਹੈ ਉਹ ਪਿੰਡ ਦੀ ਸਾਮਲਾਟ ਹੈ, ਇਸਦੀ
ਨਾਮਜੰਦਗੀ ਖਾਰਜ ਕੀਤੀ ਜਾਵੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬਾਰ
ਬਾਰ ਸ਼ਿਕਾਇਤ ਕਰਨ ਤੇ ਵੀ ਰਿਟਰਨਿੰਗ ਅਫਸਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ
ਗਈ ਹੈ।
ਇਸ ਸਬੰਧੀ ਜਦੋਂ ਪਰਮਜੀਤ ਸਿੰਘ ਨਾਲ ਗੱਲ ਕਰਨੀ ਚਾਹੀ
ਤਾਂ ਉਸ ਦਾ ਫੋਨ ਕੋਟਕ ਕਪੂਰੇ ਦੇ ਫਾਟਕ ਵਾਂਗ ਲਗਾਤਾਰ ਬੰਦ ਪਿਆ ਸੀ ਜਿਸ ਕਰਕੇ
ਉਹਨਾਂ ਨਾਲ ਗੱਲ ਨਹੀਂ ਹੋ ਸਕੀ। ਥਾਣਾ ਤਰਸਿੱਕਾ ਦੇ ਐਸ.ਐਚ. ਓ ਨਾਲ ਜਦੋਂ ਗੱਲ
ਤਾਂ ਉਹਨਾਂ ਕਿਹਾ ਕਿ ਥਾਣੇ ਦੇ ਰਿਕਾਰਡ ਵਿੱਚ ਉਹ ਕਿਸੇ ਵੀ ਕੇਸ ਵਿੱਚ ਭਗੌੜਾ
ਨਹੀਂ ਹੈ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਇੱਕ ਵਿਅਕਤੀ ਨੇ ਜਿਲਾ ਰੀਟਰਨਿੰਗ
ਅਫਸਰ ਨੂੰ ਪੱਤਰ ਲਿਖ ਕੇ ਪੂਰੀ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਕਿਹਾ ਕਿ ਥਾਣੇ
ਦੇ ਰਿਕਾਰਡ ਵਿੱਚ ਉਹ ਭਗੌੜਾ ਨਹੀਂ ਹੈ ਅਤੇ ਨਾ ਹੀ ਉਹਨਾਂ ਕੋਲ ਅਦਾਲਤ ਦੇ ਕੋਲ
ਉਸ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਆਏ ਹਨ।