Share on Facebook

Main News Page

ਸਿੱਖ ਸੰਗਤਾਂ ਆਪ ਫੈਸਲਾ ਕਰਨ, ਕਿ ਉਹ ਹੇਮਕੁੰਟ ਵਰਗੇ ਅਸਥਾਨਾਂ ’ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਤਿਕਾਰ ਕਰ ਰਹੀਆਂ ਹਨ ਜਾਂ ਅਪਮਾਨ ?
- ਉਪਕਾਰ ਸਿੰਘ ਫਰੀਦਾਬਾਦ

• ਅੰਨ੍ਹੀ ਸ਼ਰਧਾ ਅਤੇ ਬਚਿੱਤਰ ਨਾਟਕ ਨੇ ਲਈਆਂ ਹਜ਼ਾਰਾਂ ਜਾਨਾਂ ?
• ਕੀ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਟ ਪਰਬਤ’ਤੇ ਜਾ ਕੇ ਭੰਗ ਸ਼ਰਾਬ ਪੀਣ ਵਾਲੇ ਮਹਾਂਕਾਲ ਕਾਲਕਾ ਦੀ ਅਰਾਧਨਾ ਕੀਤੀ ਹੋਵੇਗੀ ?

(ਜਸਪ੍ਰੀਤ ਕੌਰ ਫਰੀਦਾਬਾਦ 21 ਜੂਨ 2013)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਅੰਨ੍ਹੀ ਸ਼ਰਧਾ ਅਤੇ ਬਚਿੱਤਰ ਨਾਟਕ ਨੂੰ ਅਧਾਰ ਬਣਾ ਕੇ ਜੋ ਹੇਮਕੁੰਟ ਨਾਂ ਦਾ ਗੁਰਦੁਆਰਾ ਬਣਾ ਕੇ ਸਿੱਖ ਸ਼ਰਧਾਲੂਆਂ ਦਾ ਲੰਮੇ ਸਮੇਂ ਤੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਧਰਮ ਦੇ ਠੇਕਦਾਰਾਂ ਦੀਆਂ ਦੁਕਾਨਾਂ ਚਲ ਰਹੀਆਂ ਹਨ ਅਸਲ ਵਿਚ ਤਾਂ ਉਹ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਹੀ ਨਹੀਂ । ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਅਪਣੇ ਜੀਵਨ ਕਾਲ ਵਿਚ ਹੇਮਕੁੰਟ ਵਰਗੇ ਅਸਥਾਨ ’ਤੇ ਕਦੇ ਵੀ ਨਹੀਂ ਗਏ ।

ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਉਹ ਰਚਨਾ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਉਲਟ ਗੱਲਾਂ ਹਨ ਫਿਰ ਉਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਕਿਵੇਂ ਹੋ ਸਕਦਾ ਹੈ ? ਬਚਿੱਤਰ ਨਾਟਕ ਦਾ ਲਿਖਾਰੀ ਅਬ ਮੈਂ ਅਪਨੀ ਕਥਾ ਬਖਾਨੋ ਵਿਚ ਉਹ ਸਾਰੀਆਂ ਗੱਲਾਂ ਲਿਖਦਾ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਦ ਕਰਦੀ ਹੈ। ਬਚਿੱਤਰ ਨਾਟਕ ਗ੍ਰੰਥ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਛਲੇ ਜਨਮ ਵਿਚ ਦੁਸ਼ਟ ਦਮਨ ਬਣਾ ਕੇ ਹੇਮਕੁੰਟ ਪਰਬਤ ’ਤੇ ਤਪ ਕਰਦਿਆਂ ਮਹਾਂਕਾਲ ਕਾਲਕਾ ਦਾ ਉਪਾਸ਼ਕ ਦਸਿਆ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਹੇਮਕੁੰਟ ਵਰਗੇ ਅਸਥਾਨ’ਤੇ ਜਾਣ ਦਾ ਇਹੀ ਅਰਥ ਹੈ, ਕਿ ਅਸੀਂ ਇਸ ਗੱਲ ਨੂੰ ਦਿਲੋਂ ਮੰਨਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਭੰਗ ਸ਼ਰਬ ਪੀਣ ਵਾਲੇ ਮਹਾਂਕਾਲ ਅਤੇ ਉਸ ਦੀ ਪਤਨੀ ਕਾਲਕਾ ਦੇ ਉਪਾਸ਼ਕ ਸਨ, ਜਦ ਕਿ ਅਸਲ ਜਿੰਦਗੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਰੱਦ ਕਰਦੇ ਸਨ। ਬਚਿੱਤਰ ਨਾਟਕ ਦਾ ਲ਼ਿਖਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨੂੰ ਬਦਨਾਮ ਕਰਨ ਲਈ ਇਹ ਵੀ ਲਿਖਦਾ ਹੈ ਕਿ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਤਰ ਪ੍ਰਾਪਤੀ ਲਈ ਵੱਖ ਵੱਖ ਤੀਰਥਾਂ ’ਤੇ ਜਾ ਕੇ ਇਸ਼ਨਾਨ ਕੀਤਾ ਤਦ ਜਾ ਕੇ ਮੇਰਾ ਜਨਮ ਪਟਨਾ ਸ਼ਹਿਰ ਵਿਖੇ ਹੋਇਆ।

ਸ. ਉਪਕਾਰ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੀਰਥਾਂ ਦਾ ਖੰਡਨ ਕਰਦੇ ਹਨ ਪਰ ਅਪਣੇ ਪੁੱਤਰ ਦੀ ਪ੍ਰਾਪਤੀ ਲਈ ਵੱਖ ਵੱਖ ਤੀਰਥਾਂ ਦਾ ਇਸ਼ਨਾਨ ਕਰਣਗੇ ? ਇਕ ਨੇਕ ਪੁੱਤਰ ਅਪਣੇ ਪਿਉ ਦੇ ਸਿਧਾਂਤਾਂ ਤੋਂ ਉਲਟ ਗੱਲ ਕਿਵੇਂ ਲਿਖ ਸਕਦਾ ਹੈ ? ਉਨ੍ਹਾਂ ਕਿਹਾ ਕਿ ਜੇ ਬਚਿੱਤਰ ਨਾਟਕ ਦੀ ਗੱਲ ਨੂੰ ਮੰਨ ਲਿਆ ਜਾਵੇ ਤਾਂ ਇਸ ਦਾ ਅਰਥ ਇਹ ਹੁੰਦਾ ਹੈ ਕਿ ਗੁਰੂ ਸਾਹਿਬਾਨਾਂ ਨੇ ਕੇਵਲ ਬਾਣੀ ਨੂੰ ਲਿਖਿਆ ਹੈ, ਉਨ੍ਹਾਂ ਨੂੰ ਜੀਵਿਆ ਨਹੀਂ ।

ਸ. ਉਪਕਾਰ ਸਿੰਘ ਨੇ ਕਿਹਾ ਕਿ ਜੇ ਬਚਿੱਤਰ ਨਾਟਕ ਦੀ ਗੱਲ ਨੂੰ ਮੰਨ ਲਿਆ ਜਾਵੇ ਤਾਂ ਸਿੱਖ ਬਾਬੇ ਨਾਨਕ ਦੇ ਪੈਰੋਕਾਰ ਨਹੀਂ, ਸਗੋਂ ਲਵ-ਕੁਸ਼ ਦੀ ਔਲਾਦ ਹਨ।

ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਜਿਸ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ/ਹੇਮਕੁੰਟ ਦੀ ਵਜ੍ਹਾ ਨਾਲ ਅੱਜ ਹਜ਼ਾਰਾਂ ਜਾਨਾਂ ਨੂੰ ਨੁਕਸਾਨ ਪੁੱਜਿਆ ਹੈ, ਉਨ੍ਹਾਂ ਸਭ ਦੇ ਨਾਲ ਸਾਨੂੰ ਦਿਲੋਂ ਹਮਦਰਦੀ ਹੈ, ਪਰ ਗੁਰਬਾਣੀ ਵਿਚ ‘ਅਕਲੀ ਸਾਹਿਬ ਸੇਵੀਐ’ ਦੀ ਗੱਲ ਕੀਤੀ ਹੈ, ਇਸ ਕਰ ਕੇ ਸਾਨੂੰ ਧਰਮ ਦੇ ਨਾਂ ’ਤੇ ਖੁਲ੍ਹ ਚੁੱਕੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਲੋੜ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰਬਾਣੀ ਬਿਪਰਵਾਦ ਦੇ ਮੁੱਖ ਸਿਧਾਂਤਾਂ (ਅਗਲਾ ਪਿਛਲਾ ਜਨਮ, ਤੱਪ, ਤੀਰਥਾਂ, ਅਤੇ ਦੇਵੀ ਦੇਵਤਾਵਾਂ ਦੀ ਹੋਂਦ) ਨੂੰ ਕੋਈ ਮਾਨਤਾ ਨਹੀਂ ਦਿੰਦੀ ਪਰ ਬਿਪਰ ਇੰਨ੍ਹਾਂ ਚਲਾਕ ਹੈ, ਕਿ ਉਸ ਨੇ ਸਿੱਖਾਂ ਦੇ ਗੁਰੂਆਂ ਦੇ ਨਾਂ ਹੇਠ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਰਗੀਆਂ ਗੁਰਮਤਿ ਵਿਰੋਧੀ ਲਿੱਖਤਾਂ ਛਾਪ ਕੇ ਸਿੱਖੀ ਸਰੂਪ ਵਾਲਿਆਂ ਅੰਦਰ ਉਸੇ ਗੱਲ ਦਾ ਪ੍ਰਚਾਰ ਕੀਤਾ, ਜਿਸ ਦੀ ਇਜ਼ਾਜ਼ਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨਹੀਂ ਦਿੰਦਿਆਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top