Share on Facebook

Main News Page

ਬਾਦਲ ਦੀ ਆਪਣੀ ਕੋਈ ਸੋਚ ਨਹੀਂ; ਹਮੇਸ਼ਾਂ ਆਰ.ਐੱਸ.ਐੱਸ ਦੇ ਇਸ਼ਾਰਿਆਂ ’ਤੇ ਨੱਚਦਾ ਹੈ
- ਭਾਈ ਸਿਰਸਾ

* ਬਾਦਲ ਵੱਲੋਂ ਮੋਦੀ ਦੀ ਚੋਣ ਦਾ ਸਵਾਗਤ ਕੀਤੇ ਜਾਣਾ ਕੋਈ ਹੈਰਾਨੀਜਨਕ ਨਹੀਂ ਹੈ, ਪਰ ਦੁੱਖਦਾਇਕ ਜਰੂਰ ਹੈ
* ਘੱਟ ਗਿਣਤੀਆਂ ਦੇ ਹਿੱਤ ਵਿੱਚ ਇਹੀ ਹੈ, ਕਿ ਉਹ ਭਾਜਪਾ ਤੇ ਕਾਂਗਰਸ ਦੋਹਾਂ ਨੂੰ ਹਰਾਉਣ ਲਈ ਤੀਜੇ ਬਦਲ ਲਈ ਅੱਗੇ ਆਉਣ, ਪਰ ਬਾਦਲ ਪ੍ਰਵਾਰ ਦੇ ਨਿਜੀ ਹਿੱਤ ਤੀਜੇ ਬਦਲ ਦੀ ਸੰਭਾਵਨਾ ਦੇ ਰਾਹ ਵਿੱਚ ਰੋੜਾ

ਬਠਿੰਡਾ, 10 ਜੂਨ (ਕਿਰਪਾਲ ਸਿੰਘ): ਬਾਦਲ ਦੀ ਆਪਣੀ ਕੋਈ ਸੋਚ ਨਹੀਂ ਹੈ; ਇਹ ਹਮੇਸ਼ਾਂ ਆਰ.ਐੱਸ.ਐੱਸ ਦੇ ਇਸ਼ਾਰਿਆਂ ’ਤੇ ਨੱਚਦਾ ਹੈ। ਇਹ ਸ਼ਬਦ, ਭਾਜਪਾ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਚਾਰ ਕਮੇਟੀ ਦਾ ਮੁਖੀ ਬਣਾਏ ਜਾਣ ਦੇ ਫੈਸਲੇ ਦਾ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਵਾਗਤ ਕੀਤੇ ਜਾਣ ਦੀਆਂ ਖ਼ਬਰਾਂ ’ਤੇ ਪ੍ਰਤੀਕਰਮ ਕਰਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਕਹੇ। ਉਨ੍ਹਾਂ ਕਿਹਾ ਬੇਸ਼ੱਕ ਭਾਜਪਾ ਆਪਣੇ ਕਿਸੇ ਵੀ ਆਗੂ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਬਣਾਏ ਤੇ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਭਾਰੇ ਸਾਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਸਾਡੇ ਲਈ ਇਹ ਸਾਰੇ ਹੀ ਇੱਕੋ ਜਿੰਨੇ ਵਿਰੋਧੀ ਹਨ; ਕਿਉਂਕਿ ਇਸ ਚੋਣ ਦਾ ਫੈਸਲਾ ਭਾਜਪਾ ਦੇ ਵੀ ਆਪਣੇ ਹੱਥ ਵਿੱਚ ਨਹੀਂ ਹੈ ਤੇ ਆਖ਼ਰ ਫੈਸਲਾ ਓਹੀ ਹੁੰਦਾ ਹੈ ਜੋ ਭਾਰਤ ਦੀਆਂ ਘੱਟ ਗਿਣਤੀਆਂ ਦੀ ਹੋਂਦ ਲਈ ਖ਼ਤਰਾ ਬਣੀ ਆਰ.ਐੱਸ.ਐੱਸ ਕਰਦੀ ਹੈ। ਇਸ ਲਈ ਘੱਟ ਗਿਣਤੀ ਦੇ ਕਿਸੇ ਵੀ ਆਗੂ ਵੱਲੋਂ ਆਰ.ਐੱਸ.ਐੱਸ ਵੱਲੋਂ ਕੀਤੀ ਚੋਣ ਦਾ ਸਵਾਗਤ ਕੀਤੇ ਜਾਣਾ ਬੇਗੈਰਤੀ ਦੀ ਨਿਸ਼ਾਨੀ ਹੈ।

ਆਪਣੀ ਤੇ ਆਪਣੇ ਪੁੱਤਰ ਦੀ ਕੁਰਸੀ ਦੀ ਸਲਾਮਤੀ ਲਈ ਆਪਣੀ ਜ਼ਮੀਰ ਵੇਚਣ ਅਤੇ ਆਪਣੀ ਕੌਮ ਦੇ ਪਿੱਠ ਵਿੱਚ ਛੁਰਾ ਮਾਰੇ ਜਾਣ ਕਾਰਣ ਸ: ਬਾਦਲ ਤਾਂ ਪਹਿਲਾਂ ਹੀ ਬੇਗੈਰਤ ਬਣਿਆ ਹੋਇਆ ਹੈ ਇਸ ਲਈ ਇਸ ਵੱਲੋਂ ਮੋਦੀ ਦੀ ਚੋਣ ਦਾ ਸਵਾਗਤ ਕੀਤੇ ਜਾਣਾ ਕੋਈ ਹੈਰਾਨੀਜਨਕ ਨਹੀਂ ਹੈ ਪਰ ਦੁੱਖਦਾਇਕ ਜਰੂਰ ਹੈ। ਭਾਈ ਸਿਰਸਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੱਖ ਵੱਖ ਰੱਥ ਯਾਤਰਾਵਾਂ ਰਾਹੀਂ ਘੱਟ ਗਿਣਤੀਆਂ ਵਿਰੁੱਧ ਫਿਰਕੂ ਜ਼ਹਿਰ ਫੈਲਾ ਕੇ ਬਹੁਗਿਣਤੀ ਹਿੰਦੂਆਂ ਵਿੱਚ ਹਰਮਨ ਪਿਆਰਤਾ ਹਾਸਲ ਕਰਨ ਵਾਲੇ ਅਡਵਾਨੀ ਨੂੰ ਬਾਦਲ ਪ੍ਰਵਾਰ ਨੇ ਮੋਢਿਆਂ ’ਤੇ ਚੁੱਕੀ ਰੱਖਿਆ ਤੇ ਇਹ ਵੀ ਧਿਆਨ ਵਿੱਚ ਨਹੀਂ ਰੱਖਿਆ ਕਿ ਇਹ ਓਹੀ ਅਡਵਾਨੀ ਹੈ ਜਿਸ ਨੇ ਕੱਟੜ ਹਿੰਦੂ ਵੋਟ ਬੈਂਕ ਆਪਣੇ ਹੱਕ ’ਚ ਭੁਗਤਾਉਣ ਲਈ 2009 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਸਵੈਜੀਵਨੀ ਵਿੱਚ ਲਿਖਿਆ ਸੀ ਕਿ ਇੰਦਰਾ ਗਾਂਧੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਫੌਜੀ ਕਾਰਵਾਈ ਕਰਨ ਵਿੱਚ ਹਿਚਕਚਾਹਟ ਮਹਿਸੂਸ ਕਰ ਰਹੀ ਸੀ ਪਰ ਉਸ ਵੱਲੋਂ ਜੋਰ ਪਾਉਣ ’ਤੇ ਹੀ ਬਲਿਯੂ ਸਟਾਰ ਉਪ੍ਰੇਸ਼ਨ ਕੀਤਾ ਗਿਆ ਜਿਸ ਕਾਰਣ ਦੇਸ਼ ਦੀ ਏਕਤਾ ਤੇ ਅਖੰਡਤਾ ਬਚਾਈ ਜਾ ਸਕੇ। ਭਾਈ ਸਿਰਸਾ ਨੇ ਕਿਹਾ ਅਕਾਲੀ ਦਲ ਦੀ ਭਾਈਵਾਲ ਪਾਰਟੀ ਦੇ ਇੱਕ ਮੁੱਖ ਆਗੂ ਵਲੋਂ ਆਪਣੀ ਸਵੈਜੀਵਨੀ ਪੁਸਤਕ ਵਿੱਚ ਅਜੇਹਾ ਲਿਖਤੀ ਬਿਆਨ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਣ ਬਰਾਬਰ ਸੀ ਪਰ ਇਸ ਦੇ ਬਾਵਯੂਦ ਬਾਦਲ ਨੇ ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਅੱਡੀਚੋਟੀ ਦਾ ਜੋਰ ਲਾ ਦਿੱਤਾ, ਬੇਸ਼ੱਕ ਭਾਰਤ ਦੇ ਧਰਮ ਨਿਰਪੱਖ ਸੂਝਵਾਨ ਵੋਟਰਾਂ ਨੇ ਅਡਵਾਨੀ ਤੇ ਬਾਦਲ ਦੀਆਂ ਆਸਾਂ ਨੂੰ ਬੂਰ ਨਾ ਪੈਣ ਦਿੱਤਾ।

ਅਡਵਾਨੀ ਪੱਤਾ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਪਿੱਛੋਂ ਆਉਣ ਵਾਲੀਆਂ ਲੋਕ ਸਭਾ ਜਿੱਤਣ ਲਈ ਆਰ.ਐੱਸ.ਐੱਸ ਨੇ ਅਡਵਾਨੀ ਦੇ ਜ਼ਬਰਦਸਤ ਰੋਸ ਨੂੰ ਦਰ ਕਿਨਾਰ ਕਰਕੇ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਨ ਲਈ ਬਣੇ ਖਲਨਾਇਕ ਨਰਿੰਦਰ ਮੋਦੀ ਨੂੰ ਸੰਭਾਵੀ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਭਾਰਨ ਲਈ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਥਾਪ ਦਿੱਤਾ ਹੈ ਤਾਂ ਬੇਗੈਰਤ ਬਾਦਲ ਨੇ ਇਸ ਦਾ ਸਵਾਗਤ ਕਰਕੇ ਇਸ ਗੱਲ ’ਤੇ ਮੋਹਰ ਲਾ ਦਿੱਤੀ ਹੈ ਕਿ ਉਸ ਦੀ ਆਪਣੀ ਕੋਈ ਸੋਚ ਨਹੀਂ ਹੈ ਤੇ ਉਹ ਓਹੀ ਕੁਝ ਬੋਲਦਾ ਹੈ ਜੋ ਆਰ.ਐੱਸ.ਐੱਸ ਦੀ ਸੋਚ ਹੁੰਦੀ ਹੈ। ਉਨ੍ਹਾਂ ਕਿਹਾ ਇਸ ਵਿੱਚ ਕੋਈ ਛੱਕ ਨਹੀਂ ਹੈ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਹੈ ਤੇ ਘੱਟ ਗਿਣਤੀਆਂ ਲਈ ਉਸ ਦੀ ਸੋਚ ਭਾਜਪਾ ਨਾਲੋਂ ਕੋਈ ਵੱਖਰੀ ਨਹੀਂ ਹੈ ਪਰ ਕਾਂਗਰਸ ਨੂੰ ਹਰਾਉਣ ਲਈ ਆਰ.ਐੱਸ.ਐੱਸ ਦੇ ਪ੍ਰਤੀਨਿਧ ਅਡਵਾਨੀ ਜਾਂ ਮੋਦੀ ਦਾ ਸਮਰਥਨ ਕਰਨਾ ਖੂਹ ਵਿੱਚੋਂ ਨਿਕਲ ਕੇ ਖਾਤੇ ਵਿੱਚ ਡਿੱਗਣ ਵਾਲੀ ਗੱਲ ਹੈ ਤੇ ਘੱਟ ਗਿਣਤੀਆਂ ਨੂੰ ਅਜਿਹੀ ਗਲਤੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ। ਭਾਈ ਸਿਰਸਾ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਘੱਟ ਗਿਣਤੀਆਂ ਦੇ ਹਿੱਤ ਵਿੱਚ ਇਹੀ ਹੈ ਕਿ ਉਹ ਭਾਜਪਾ ਤੇ ਕਾਂਗਰਸ ਦੋਹਾਂ ਨੂੰ ਹਰਾਉਣ ਲਈ ਤੀਜੇ ਬਦਲ ਲਈ ਅੱਗੇ ਆਉਣ ਪਰ ਬਾਦਲ ਪ੍ਰਵਾਰ ਦੇ ਨਿਜੀ ਹਿੱਤ ਤੀਜੇ ਬਦਲ ਦੀ ਸੰਭਾਵਨਾ ਦੇ ਰਾਹ ਵਿੱਚ ਰੋੜਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top