Share on Facebook

Main News Page

 ਸਾਕਾ ਨੀਲਾ ਤਾਰਾ - ਸੁਆਲ ਜਿਹੜੇ ਜਵਾਬ ਮੰਗਦੇ ਹਨ…

ਦਰਬਾਰ ਸਾਹਿਬ ਸਾਕੇ ਦੀ ਅਸੀਂ 28ਵੀਂ ਵਰ੍ਹੇ ਗੰਢ ਮਨਾ ਰਹੇ ਹਾਂ, ਪਹਿਲੀ ਜੂਨ ਤੋਂ ਸੱਤ ਜੂਨ ਤੱਕ ਭਾਰਤੀ ਫੌਜਾਂ ਨੇ ਜੋ ਜ਼ੁਲਮ ਸਿਤਮ ਦਰਬਾਰ ਸਾਹਿਬ ਕੰਪਲੈਕਸ ‘ਚ ਸਿੱਖਾਂ 'ਤੇ ਢਾਹਿਆ, ਉਹ ਜ਼ੁਲਮ ਦਾ ਸਿਖ਼ਰ ਸੀ ਅਤੇ ਜਿਸ ਬਹਾਦਰੀ, ਦਲੇਰੀ ਤੇ ਅਣਖ ਦੇ ਜ਼ਜਬੇ ਨਾਲ ਸਿੱਖਾਂ ਨੇ ਭਾਰਤੀ ਫੌਜ ਦੇ ਜ਼ੁਲਮ ਦਾ ਟਾਕਰਾ ਕੀਤਾ, ਉਹ ਕੌਮੀ ਸਵੈਮਾਣ ਦਾ ਸਿਖ਼ਰ ਸੀ। ਪ੍ਰੰਤੂ ਅਫ਼ਸੋਸ ਹੈ ਕਿ ਇਨ੍ਹਾਂ 6 ਦਿਨਾਂ ‘ਚ ਬਹੁ ਗਿਣਤੀ ਸਿੱਖਾਂ ਨੂੰ ‘ਗਰਮੀ’ ਦੀ ਚਿੰਤਾ ਤਾਂ ਜ਼ਰੂਰ ਲੱਗੀ ਰਹੀ, ਪ੍ਰੰਤੂ ਇਨ੍ਹਾਂ ਦਿਨਾਂ ‘ਚ ਸਿੱਖ ਸੰਗਤਾਂ ਨੇ ਅਤਿ ਦੀ ਗਰਮੀ ‘ਚ ਭੁੱਖੇ, ਪਿਆਸੇ, ਭਾਰਤੀ ਹਾਕਮਾਂ ਦੇ ਜ਼ੁਲਮ ਨੂੰ ਕਿਵੇਂ ਸਹਾਰਿਆ, ਉਸ ਦੀ ਯਾਦ ਸਾਨੂੰ ਘੱਟ ਹੀ ਆਈ। ਇਹੋ ਕਾਰਣ ਹੈ ਕਿ 28 ਵਰ੍ਹੇ ਬੀਤ ਜਾਣ ਦੇ ਬਾਵਜੂਦ, ਸਾਕਾ ਦਰਬਾਰ ਸਾਹਿਬ ਬਾਰੇ ਹਾਲੇਂ ਵੀ ਕਈ ਸੁਆਲ ਅਣਸੁਲਝੇ ਹੀ ਹਨ ਅਤੇ ਕੋਈ ਵੀ ਉਨ੍ਹਾਂ ਬਾਰੇ ਨਾ ਤਾਂ ਸੁਆਲ ਪੁੱਛਦਾ ਹੈ ਅਤੇ ਨਾ ਹੀ ਕੋਈ ਜਵਾਬ ਦਿੰਦਾ ਹੈ।

ਭਾਰਤੀ ਹਕੂਮਤ ਨੇ ਆਪਣੇ ਦੇਸ਼ ਦੀ ਇਕ ਘੱਟਗਿਣਤੀ ਦੇ ਕੇਂਦਰੀ ਧਾਰਮਿਕ ਅਸਥਾਨ ਤੇ ਦੁਸ਼ਮਣ ਦੇਸ਼ ਵਾਗੂੰ ਫੌਜੀ ਹਮਲਾ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ ‘ਚ ਬੇਕਸੂਰ ਸਿੱਖ ਸੰਗਤਾਂ ਦਾ ਭਿਆਨਕ ਕਤਲੇਆਮ ਕੀਤਾ ਗਿਆ ਅਤੇ ਫਿਰ ਇਸ ‘ਜਿੱਤ’ ਤੋਂ ਬਾਅਦ ਆਪਣੇ ”ਬਹਾਦਰ ਫੌਜੀਆਂ” ਨੂੰ ਜੰਗੀ ਸਨਮਾਨਾਂ ਨਾਲ ਨਿਵਾਜਿਆ ਗਿਆ? ਅਸੀਂ ਵਿਸ਼ਵ ਦੀ ਅਦਾਲਤ ‘ਚ ਭਾਰਤ ਸਰਕਾਰ ਨੂੰ ਉਸਦੇ ਆਪਣੇ ਦੇਸ਼ ਦੀ ਘੱਟਗਿਣਤੀ ਨਾਲ ਦੁਸ਼ਮਣਾਂ ਵਾਲਾ ਵਤੀਰਾ ਕਿਉਂ ਅਪਣਾਇਆ ਪੁੱਛਣ ਲਈ, ਕਟਿਹਰੇ ‘ਚ ਨਹੀਂ ਖੜ੍ਹਾ ਕਰ ਸਕੇ, ਜੇ ਅਮਰੀਕਾ ਵਰਗਾ ਦੇਸ਼ ਮੋਦੀ ਨੂੰ ਆਪਣੇ ਦੇਸ਼ ‘ਚ ਇਸ ਲਈ ਵੜ੍ਹਨ ਦੀ ਆਗਿਆ ਨਹੀਂ ਦਿੰਦਾ ਕਿ ਉਸਦੇ ਹੱਥ ਆਪਣੀ ਸੂਬੇ ਦੇ ਘੱਟਗਿਣਤੀ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹਨ, ਫਿਰ ਭਾਰਤੀ ਹਾਕਮਾਂ ਨੂੰ ਵੀ ਉਸੇ ਸ਼੍ਰੇਣੀ ‘ਚ ਖੜ੍ਹਾ ਕਿਉਂ ਨਹੀਂ ਕੀਤਾ ਜਾਂਦਾ? 28 ਵਰਿ•ਆਂ ‘ਚ ਅਸੀਂ ਇਸ ਪਾਸੇ ਜ਼ੋਰਦਾਰ ਅਵਾਜ਼ ਕਿਉਂ ਨਹੀਂ ਉਠਾ ਸਕੇ। ਇਸਦਾ ਜਵਾਬ ਕੌਣ ਦੇਵੇਗਾ? ਭਾਰਤੀ ਫੌਜ ਦੇ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਕਿੰਨੇ ਸਿੱਖ, ਜਿਨ੍ਹਾਂ ਨੇ ਜੂਝਦੇ ਹੋਏ ਸ਼ਹੀਦੀਆਂ ਪਾਈਆਂ ਅਤੇ ਕਿੰਨ੍ਹੀਆਂ ਸਿੱਖ ਸੰਗਤਾਂ, ਜਿਹੜੀਆਂ ਦਰਬਾਰ ਸਾਹਿਬ ਨਤਮਸਤਕ ਹੋਣ ਆਈਆਂ ਸਨ, ਸ਼ਹੀਦ ਕੀਤੇ ਗਏ? ਇਸ ਦਾ ਪੂਰਾ-ਪੂਰਾ ਵੇਰਵਾ ਤੇ ਗਿਣਤੀ ਅੱਜ ਤੱਕ ਸਾਡੇ ਪਾਸ ਉਪਲਬੱਧ ਕਿਉਂ ਨਹੀਂ ਹੈ? ਕੀ ਸ਼੍ਰੋਮਣੀ ਕਮੇਟੀ ਸਿਰਫ਼ ਗੁਰੂ ਘਰ ਦੀਆਂ ਗੋਲਕਾਂ ਦੀ ਦੁਰਵਰਤੋਂ ਲਈ ਹੀ ਹੈ? ਕੌਮ ਦੇ 18ਵੀਂ ਸਦੀ ‘ਚ ਹੋਏ ਛੋਟੇ-ਵੱਡੇ ਘੱਲੂਘਾਰਿਆਂ ਦੇ ਸ਼ਹੀਦਾਂ ਦੀ ਗਿਣਤੀ ਤਾਂ ਸਾਡੇ ਪਾਸ ਹੈ, ਪ੍ਰੰਤੂ 28 ਵਰ੍ਹੇ ਪਹਿਲਾ ਵਾਪਰੇ ਸਾਕੇ ਦੇ ਸ਼ਹੀਦਾਂ ਦੀ ਗਿਣਤੀ ਅਸੀਂ ਅੱਜ ਤੱਕ ਪਤਾ ਨਹੀਂ ਕਰ ਸਕੇ?

ਦਰਬਾਰ ਸਾਹਿਬ ਸਾਕੇ ਸਮੇਂ ਸਿੱਖ ਦੇ ਬੌਧਿਕ ਗਿਆਨ ਦੇ ਖਜ਼ਾਨੇ ਨੂੰ ਭਾਵ ਸਿੱਖ ਰਿਫ਼ਰੈਂਸ ਲਾਇਬ੍ਰੇਰੀ ਨੂੰ ਤਬਾਹ ਕੀਤਾ ਗਿਆ ਅਤੇ ਬਹੁਤ ਸਾਰੀਆਂ ਦੁਰਲੱਭ ਹੱਥ ਲਿਖਤਾਂ, ਖਰੜੇ, ਹੁਕਮਨਾਮੇ, ਅੱਜ ਵੀ ਭਾਰਤੀ ਹਕੂਮਤ ਦੇ ਕਬਜ਼ੇ ‘ਚ ਹਨ, ਉਨ੍ਹਾਂ ਨੂੰ 28 ਸਾਲ ‘ਚ ਵਾਪਸ ਕਰਵਾਉਣ ‘ਚ ਕੌਮ ਨੂੰ ਸਫ਼ਲਤਾ ਕਿਉਂ ਨਹੀਂ ਮਿਲੀ। ਭਾਰਤੀ ਫੌਜ ਦੇ ਇਸ ਦਾਅਵੇ ਦਾ ਕਿ ਉਹ ਦੁਰਲੱਭ ਵਸਤਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੀਆਂ ਜਾ ਚੁੱਕੀਆਂ ਹਨ, ਸ਼੍ਰੋਮਣੀ ਕਮੇਟੀ ਠੋਸ ਜਵਾਬ ਕਿਉਂ ਨਹੀਂ ਦਿੰਦੀ? ਦਰਬਾਰ ਸਾਹਿਬ ਸਾਕੇ ਲਈ ਜਿਹੜੇ ਸਿੱਖ ਆਗੂ ਜੁੰਮੇਵਾਰ ਸਨ, ਜਿਨ੍ਹਾਂ ਨੇ ਭਾਰਤੀ ਹਕੂਮਤ ਨਾਲ ਅਗਾਊ ਗੁਪਤ ਮੁਲਾਕਾਤਾਂ ਕੀਤੀਆਂ ਅਤੇ ਫੌਜੀ ਹਮਲੇ ਲਈ ਚਿੱਠੀਆਂ ਲਿਖੀਆਂ, ਉਨ੍ਹਾਂ ਗਦਾਰ ਸਿੱਖ ਆਗੂਆਂ ਨੂੰ ਕੌਮ ਨੇ ਕੀ ਸਜ਼ਾ ਦਿੱਤੀ ਅਤੇ ਜੇ ਅੱਜ ਵੀ ਉਹ ਆਗੂ ਸਿੱਖਾਂ ਦੇ ਲੀਡਰ ਤੇ ਕੌਮ ਦੀ ਹੋਣੀ ਦੇ ਮਾਲਕ ਬਣੇ ਬੈਠੇ ਹਨ ਤਾਂ ਸਿੱਖਾਂ ਨੂੰ ਹੁਣ ਗੁਰੂ ਦੇ ਸਿੱਖ ਅਖਵਾਉਣ ਦਾ ਕੋਈ ਹੱਕ ਹੈ? 28 ਸਾਲ ਤੱਕ ਦਰਬਾਰ ਸਾਹਿਬ ਦੇ ਸਾਕੇ ਦੇ ਮਹਾਨ ਸ਼ਹੀਦਾਂ ਦੀ ਯਾਦਗਾਰ ਕਿਉਂ ਲਟਕੀ ਰਹੀ ਹੈ ਅਤੇ ਉਸ ਰੁਕਾਵਟ ਲਈ ਕੌਣ ਜੁੰਮੇਵਾਰ ਰਿਹਾ, ਉਸਦਾ ਲੇਖਾ-ਜੋਖਾ ਕਿਉਂ ਨਹੀਂ ਹੋਇਆ?

ਦਰਬਾਰ ਸਾਹਿਬ ਸਾਕੇ ਸਮੇਂ ਪੰਜਾਬ ‘ਚ ਸਥਿਤ 37 ਹੋਰ ਗੁਰਦੁਆਰਾ ਸਾਹਿਬਾਨਾਂ ਤੇ ਫੌਜੀ ਹਮਲਾ ਹੋਇਆ ਸੀ ਅਤੇ ਇਕੱਲੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਪਟਿਆਲਾ ‘ਚ ਸੈਂਕੜੇ ਸਿੱਖ ਸ਼ਹੀਦ ਕਰ ਦਿੱਤੇ ਗਏ ਸਨ, ਭਾਰਤੀ ਹਕੂਮਤ ਦੇ ਇਸ ਜ਼ਾਲਮੀ ਪੱਖ ਨੂੰ ਅਸੀਂ ਭੁੱਲ ਵਿਸਰ ਕਿਉਂ ਗਏ ਹਾਂ? ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਸਾਕੇ ‘ਚ ਹੋਏ ਕੌਮ ਦੇ ਭਾਰੀ ਜਾਨੀ-ਮਾਲੀ ਨੁਕਸਾਨ ਲਈ ਜਿਹੜਾ ਇਕ ਹਜ਼ਾਰ ਕਰੋੜ ਦੇ ਮੁਆਵਜ਼ੇ ਦਾ ਕੇਸ ਕੀਤਾ ਸੀ? ਉਸਨੂੰ ਲੜਿਆ ਕਿਉਂ ਨਹੀਂ ਗਿਆ ਅਤੇ ਉਹ ਤੱਥ ਜਿਹੜੇ ਇਸ ਮੁਆਵਜ਼ੇ ਲਈ ਠੋਸ ਕਾਰਣ ਬਣਾਏ ਗਏ ਸਨ, ਉਨ੍ਹਾਂ ਨੂੰ ਕੌਮ ਤੇ ਦੁਨੀਆ ਸਾਹਮਣੇ ਕਿਉਂ ਪੇਸ਼ ਨਹੀਂ ਕੀਤਾ ਗਿਆ। ਦਰਬਾਰ ਸਾਹਿਬ ਸਾਕੇ ਦੇ ਰੋਸ ਵਜੋਂ ਜਿਹੜੇ ਧਰਮੀ ਫੌਜੀ ਬਗਾਵਤ ਕਰਕੇ ਮੈਦਾਨ ‘ਚ ਨਿੱਤਰੇ ਸਨ, ਉਨ੍ਹਾਂ ਦੇ ਮੁੜ ਵਸੇਬੇ ਲਈ ਕੀ ਹੋਇਆ ਹੈ ਅਤੇ ਅੱਜ ਵੀ ਧਰਮੀ ਫੌਜੀਆਂ ‘ਚ ਇਸ ਸਬੰਧੀ ਰੋਸ ਤੇ ਗੁੱਸਾ ਕਿਉਂ ਹੈ? ਜਿਹੜੇ ਉਚੀਆਂ ਪਦਵੀਆਂ ਤੇ ਵੱਡੇ ਨਾਵਾਂ ਵਾਲੇ ਸਿੱਖਾਂ ਨੇ ਆਪੋ-ਆਪਣੇ ਸਨਮਾਨ ਸਾਕੇ ਦੇ ਰੋਸ ਕਾਰਣ ਵਾਪਸ ਕੀਤੇ ਸਨ, ਉਨ੍ਹਾਂ ਦੇ ਵੇਰਵੇ ਹੌਲੀ-ਹੌਲੀ ਮੱਧਮ ਕਿਉਂ ਹੋ ਰਹੇ ਹਨ? ਸਭ ਤੋਂ ਵੱਡਾ ਸੁਆਲ ਇਹ ਹੈ ਕਿ ਹਰ ਘੱਲੂਘਾਰੇ ਤੇ ਕੌਮੀ ਸਾਕੇ ਤੋਂ ਬਾਅਦ, ਸਿੱਖਾਂ ਨੇ ਪ੍ਰਾਪਤੀਆਂ ਨਾਲ ਝੋਲੀ ਭਰੀ, ਪ੍ਰੰਤੂ ਤੀਜੇ ਘੱਲੂਘਾਰੇ ਤੋਂ ਬਾਅਦ, ਕੌਮ ਪ੍ਰਾਪਤੀਆਂ ਦੀ ਥਾਂ, ਨਿਵਾਣਾਂ ਵੱਲ ਚਲੀ ਗਈ?

ਇਹ ਸੁਆਲ ਅੱਜ ਹੀ ਨਹੀਂ ਸਗੋਂ ਸਦੀਆਂ ਤੱਕ, ਜਦੋਂ ਤੱਕ ਇਨ੍ਹਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ, ਕੌਮ ਦੇ ਸਨਮੁੱਖ ਖੜ੍ਹੇ ਰਹਿਣਗੇ। ਅਸੀਂ ਪਹਿਲਾ ਵੀ ਵਾਰ-ਵਾਰ ਲਿਖਿਆ ਹੈ ਕਿ ਦਰਬਾਰ ਸਾਹਿਬ ਸਾਕਾ ਵਰਤਮਾਨ ਸਮੇਂ ‘ਚ ਸਿੱਖ ਕੌਮ ਲਈ ਇਕ ਤਬਦੀਲੀ ਮੋੜ ਸੀ, ਪ੍ਰੰਤੂ ਸੁਆਰਥ ਤੇ ਪਦਾਰਥ ‘ਚ ਡੁੱਬੀ ਕੌਮ, ਲੋਭੀ, ਲੀਡਰਾਂ ਦੀ ਸਿਆਸੀ ਖੇਡ ‘ਚ ਇਕ ਵਾਰ ਫਿਰ ਗੁੰਮਰਾਹ ਹੋ ਗਈ ਹੈ। ਪ੍ਰੰਤੂ ਸਾਕੇ ਦੀ ਹਰ ਵਰ੍ਹੇ ਗੰਢ ਸਾਡੀ ਅੰਤਰ-ਆਤਮਾ ਨੂੰ ਝੰਜੋੜਦੀ ਜ਼ਰੂਰ ਰਹੇਗੀ। ਇਹ ਗੱਲ ਵੱਖਰੀ ਹੈ ਕਿ ਹੁਣ ਅਸੀਂ ਆਪਣੀ ਆਤਮਾ ਦੀ ਆਵਾਜ਼ ਸੁਣਨ ਦੇ ਵੀ ਸਮਰੱਥ ਨਹੀਂ ਰਹੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top