Share on Facebook

Main News Page

ਸ਼੍ਰੋਮਣੀ ਕਮੇਟੀ ਵਲੋਂ ਕੋਈ ਵੀ ਧਰਮੀ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਨਾ ਆਇਆ

ਅੰਮ੍ਰਿਤਸਰ, 7 ਜੂਨ (ਚਰਨਜੀਤ ਸਿੰਘ) : ਜੂਨ 1984 ਵਿਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਦੇ ਰੋਸ ਵਜੋਂ ਨੌਕਰੀ ਛੱਡਣ ਤੇ ਗੋਲੀਆਂ ਨਾਲ ਸ਼ਹੀਦ ਹੋਣ ਵਾਲੇ ਸਿੱਖ ਧਰਮੀ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਹਿਤ ਅੱਜ ਕੋਈ ਵੀ ਸ਼੍ਰੋਮਣੀ ਕਮੇਟੀ ਅਧਿਕਾਰੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਨਾ ਪੁੱਜੇ। ਸ਼੍ਰੋਮਣੀ ਕਮੇਟੀ ਅਧਿਕਾਰੀ ਨੇ ਧਰਮੀ ਫ਼ੌਜੀਆਂ ਵਲੋਂ ਕਮੇਟੀ ਪ੍ਰਧਾਨ ਨੂੰ ਦਿਤੇ ਉਸ ਬੇਨਤੀ ਪੱਤਰ 'ਤੇ ਵੀ ਕੋਈ ਕਾਰਵਾਈ ਨਾ ਕੀਤੀ ਜਿਸ ਵਿਚ ਧਰਮੀ ਫ਼ੌਜੀਆਂ ਦੇ ਸ਼ਰਧਾਂਜਲੀ ਸਮਾਗਮ ਲਈ ਲੋੜੀਂਦੀਆਂ ਸਹੂਲਤਾਂ ਦੇਣ ਬਾਰੇ ਬੇਨਤੀ ਕੀਤੀ ਗਈ ਸੀ। ਪੱਤਰਕਾਰਾਂ ਨੇ ਵੇਖਿਆ ਕਿ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਇਕ ਕੋਨੇ ਵਿਚ ਸੈਂਕੜੇ ਧਰਮੀ ਫ਼ੌਜੀ, ਉਨ੍ਹਾਂ ਦੇ ਪਰਵਾਰਕ ਮੈਂਬਰ ਸਿਮਟੇ ਬੈਠੇ ਸਨ। ਨਾ ਕੋਈ ਸਪੀਕਰ, ਨਾ ਮਾਈਕ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਨਾ ਕੋਈ ਗ੍ਰੰਥੀ, ਨਾ ਕੋਈ ਸੇਵਾਦਾਰ, ਸੁਪਰਵਾਈਜਰ ਜਾਂ ਮੈਨੇਜਰ।

ਇਥੇ ਹੀ ਬੱਸ ਨਹੀਂ ਧਰਮੀ ਫ਼ੌਜੀਆਂ ਦੇ ਪ੍ਰਵਾਰਕ ਮੈਂਬਰਾਂ ਨੂੰ ਸਨਮਾਨਤ ਕਰਨ ਲਈ 'ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ' ਵਲੋਂ ਸਿਹਰਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ। ਸੀਮਤ ਸਾਧਨਾਂ ਦੇ ਚਲਦਿਆਂ ਜਥੇਬੰਦੀ ਵਲੋਂ ਧਰਮੀ ਫ਼ੌਜੀਆਂ ਦੇ ਪਰਵਾਰਾਂ ਨੂੰ ਦਿਤਾ ਗਿਆ ਸਨਮਾਨ ਪੱਤਰ ਬਿਨਾਂ ਕਿਸੇ ਫ਼ਰੇਮ ਤੋਂ ਸੀ ਪਰ ਪੀੜਤ ਪਰਵਾਰ ਇਸ ਸਨਮਾਨ ਪੱਤਰ ਨੂੰ ਵੀ ਅਪਣੇ ਮਸਤਕ ਨਾਲ ਲਗਾ ਰਹੇ ਸਨ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਸ਼ਹੀਦ ਹੋਏ ਸਾਥੀਆਂ ਨੇ ਜੂਨ 1984 ਵਿਚ ਕਾਂਗਰਸ ਸਰਕਾਰ ਵਲੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਉਪਰ ਕੀਤੇ ਫ਼ੌਜੀ ਹਮਲੇ ਦੇ ਰੋਸ ਵਜੋਂ ਬੈਰਕਾਂ ਛੱਡੀਆਂ, 80 ਦੇ ਕਰੀਬ ਸਾਥੀਆਂ ਨੇ ਸ਼ਹਾਦਤਾਂ ਦਿਤੀਆਂ। ਧਰਮੀ ਫ਼ੌਜੀਆਂ ਨੇ ਕਿਹਾ ਕਿ ਫ਼ੌਜ ਵਿਚ ਨੌਕਰੀ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨ ਕੇ ਖਾਧੀ ਗਈ ਸਹੁੰ ਦੇ ਇਵਜ ਵਿਚ ਉਨ੍ਹਾਂ ਬਗ਼ਾਵਤ ਕੀਤੀ ਕਿਉਂਕਿ ਭਾਰਤੀ ਫ਼ੌਜ ਨੇ ਹਮਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਰੁਹਮਤੀ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ।

ਉਨ੍ਹਾਂ ਦਸਿਆ ਜੂਨ 1984 ਵਿਚ ਬੈਰਕਾਂ ਛੱਡਣ 'ਤੇ ਮਾਰੇ ਜਾਣ ਵਾਲੇ ਤੇ ਜ਼ਖ਼ਮੀ ਹੋਏ ਧਰਮੀ ਫ਼ੌਜੀਆਂ ਨੂੰ ਜ਼ਿੰਦਾ ਸ਼ਹੀਦ ਮੰਨਦੀ ਹੈ। ਧਰਮੀ ਫ਼ੌਜੀਆਂ ਨੂੰ ਗਿਲਾ ਸੀ ਕਿ 29 ਸਾਲ ਬੀਤ ਜਾਣ 'ਤੇ ਵੀ ਕਿਸੇ ਸੂਬਾ ਸਰਕਾਰ ਨੇ ਧਰਮੀ ਫ਼ੌਜੀਆਂ ਤੇ ਉੇਨ੍ਹਾਂ ਦੇ ਪੀੜਤ ਪਰਵਾਰ ਦੀ ਸਾਰ ਨਹੀਂ ਲਈ ਜਦਕਿ ਸ਼ਰਾਬ ਦੇ ਨਸ਼ੇ ਵਿਚ ਪਾਕਿਸਤਾਨ ਜਾਣ 'ਤੇ ਉਥੇ ਮਰਨ ਵਾਲੇ ਸਰਬਜੀਤ ਨੂੰ ਸ਼ਹੀਦ ਦਾ ਦਰਜਾ ਤੇ ਉਸ ਦੀ ਬੇਟੀ ਨੂੰ ਸਰਕਾਰੀ ਨੌਕਰੀ ਦਿਤੀ ਗਈ ਹੈ। ਧਰਮੀ ਫ਼ੌਜੀਆਂ ਨੇ ਸਪੱਸ਼ਟ ਕਿਹਾ ਕਿ ਜਦ ਤਕ ਸ. ਪ੍ਰਕਾਸ਼ ਸਿੰਘ ਬਾਦਲ, ਪੰਜਾਬ ਦਾ ਖਹਿੜਾ ਨਹੀਂ ਛਡਦੇ, ਭਾਜਪਾ ਖ਼ਤਮ ਨਹੀਂ ਹੁੰਦੀ, ਉਸ ਵੇਲੇ ਤਕ ਧਰਮੀ ਫ਼ੌਜੀਆਂ ਨੂੰ ਬਣਦਾ ਸਤਿਕਾਰ ਨਹੀਂ ਮਿਲਣਾ। ਜਥੇਬੰਦੀ ਦੇ ਪ੍ਰਧਾਨ ਸ. ਬਲਦੇਵ ਸਿੰਘ ਗੁਰਦਾਸਪੁਰ ਨੇ ਦਸਿਆ ਕਿ ਉਨ੍ਹਾਂ ਨੂੰ ਖ਼ੁਸ਼ੀ ਹੋਈ ਹੈ ਕਿ ਆਸ ਤੋਂ ਕਿਤੇ ਵੱਧ ਧਰਮੀ ਫ਼ੌਜੀ ਪਰਵਾਰ ਇਕੱਠੇ ਹੋਏ ਹਨ, ਇਕ ਦੂਜੇ ਨੂੰ ਮਿਲੇ ਹਨ ਤੇ ਕੁੱਝ ਢਾਰਸ ਬੱਝੀ ਹੈ, ਵਰਨਾ ਧਰਮੀ ਫ਼ੌਜੀਆਂ ਦੇ ਦੁੱਖਾਂ ਦੀ ਕਹਾਣੀ ਲੰਮੀ ਹੈ।

ਉਨ੍ਹਾਂ ਦਸਿਆ ਕਿ ਜਥੇਬੰਦੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਸ਼ਹੀਦ ਹੋਏ ਧਰਮੀ ਫ਼ੌਜੀਆਂ ਦੀ ਯਾਦਗਾਰ ਬਣਾਏ ਜਾਣ ਬਾਰੇ ਮੰਗ ਪੱਤਰ ਦਿਤਾ ਸੀ ਪਰ ਅਜੇ ਤਕ ਕੋਈ ਫ਼ੈਸਲਾ ਨਹੀਂ ਹੋਇਆ। ਇਕ ਸਵਾਲ ਦੇ ਜਵਾਬ ਵਿਚ ਧਰਮੀ ਫ਼ੌਜੀਆਂ ਨੇ ਕਿਹਾ ਕਿ ਯਾਦਗਾਰ ਹਰਿਮੰਦਰ ਸਾਹਿਬ ਦੇ ਨੇੜੇ, ਜਾਂ ਪੰਜਾਬ ਵਿਚ ਕਿਸੇ ਥਾਂ 'ਤੇ ਜ਼ਰੂਰ ਬਨਣੀ ਚਾਹੀਦੀ ਹੈ। ਸ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੂੰ ਮਿਲ ਕੇ ਵੀ ਬੇਨਤੀ ਕੀਤੀ ਸੀ ਕਿ ਧਰਮੀ ਫ਼ੌਜੀਆਂ ਨੂੰ ਅਤਿਵਾਦੀ ਨਾ ਕਿਹਾ ਜਾਵੇ। ਧਰਮੀ ਫ਼ੌਜੀ, ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੇ ਸ਼ੁਕਰਗੁਜ਼ਾਰ ਸਨ ਜਿਨ੍ਹਾਂ ਧਰਮੀ ਫ਼ੌਜੀਆਂ ਦੀ ਹਰ ਆਰਥਕ ਮਦਦ ਕੀਤੀ ਪਰ ਸਨਮਾਨ ਸਮਾਗਮ ਲਈ ਲੋੜੀਂਦੇ ਪ੍ਰਬੰਧ ਨਾ ਕਰਨ ਲਈ ਪ੍ਰਧਾਨ ਨੂੰ ਦੋਸ਼ੀ ਨਹੀਂ ਕਿਹਾ। ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਬੰਦ ਹੇਠ ਨੌਕਰੀ ਕਰਦੇ 100 ਤੋਂ ਵੱਧ ਧਰਮੀ ਫ਼ੌਜੀਆਂ ਵਿਚੋਂ 10 ਕੁ ਫ਼ੌਜੀ ਹੀ ਇਸ ਸਮਾਗਮ ਵਿਚ ਸ਼ਾਮਲ ਸਨ। ਇਸ ਮੌਕੇ ਸ. ਜਸਪਾਲ ਸਿੰਘ ਹਰਿਆਣਾ, ਮੇਵਾ ਸਿੰਘ ਛੋਟੇਪੁਰ, ਸੁਖਦੇਵ ਸਿੰਘ ਘੁੰਮਣ, ਬਖ਼ਸ਼ੀਸ਼ ਸਿੰਘ ਪ੍ਰਮੁੱਖ ਪ੍ਰਬੰਧਕਾਂ ਵਿਚ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top