ਅੰਮ੍ਰਿਤਸਰ: (6 ਜੂਨ,ਨਰਿੰਦਰ ਪਾਲ ਸਿੰਘ): ਜੂਨ ੧੯੮੪
ਦੇ ਸ਼ਹੀਦਾਂ ਦੀ ਯਾਦਗਾਰ ਦੇ ਪ੍ਰਮੁਖ ਗੇਟ ਤੇ ਲੱਗੇ ਬੋਰਡਾਂ ਨੂੰ ਪੁਟੇ ਜਣ ਦੀ
ਕਾਰਵਾਈ ਕਾਰਣ ਵਿਵਾਦਾਂ ਵਿਚ ਘਿਰੀ ਸ਼੍ਰੋਮਣੀ ਕਮੇਟੀ ਨੇ ਉਸ ਵੇਲੇ ਇਕ ਨਵੇਂ
ਵਿਵਾਦ ਨੂੰ ਜਨਮ ਦਿੱਤਾ, ਜਦ ਸ਼ਹੀਦਾਂ ਦੀ ਅਰਦਾਸ ਕਰਦਿਆਂ ਭਾਈ ਕੁਲਵਿੰਦਰ ਸਿੰਘ
ਅਰਦਾਸੀਆ ਨੇ ਜੂਨ ੧੯੮੪ ਦੇ ਫੌਜੀ ਹਮਲੇ ਸਮੇਂ ਸਿੰਘਾਂ ਨੂੰ ਯੱਧ ਤਕਨੀਕ
ਸਿਖਾਉਣ ਵਾਲੇ ਜਨਰਲ ਸ਼ਬੇਗ ਸਿੰਘ ਦਾ ਨਾਮ ਹੀ ਨਾ ਲਿਆ।
ਭਾਈ ਕੁਲਵਿੰਦਰ ਸਿੰਘ ਵਲੋਂ ਅਰਦਾਸ ਸਮਾਪਤ ਕਰਦਿਆਂ
ਸ਼ਰਧਾਂਜਲੀ ਸਮਾਰੋਹ ਵਿਚ ਪੁਜੀਆਂ ਸੰਗਤਾਂ ਦਰਮਿਆਨ ਚਰਚਾ ਸ਼ੁਰੂ ਹੋ ਗਈ । ਸਮਾਗਮ
ਵਿਚ ਪੁਜੇ ਅਕਾਲੀ ਦਲ ੧੯੨੦ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਰਘਬੀਰ ਸਿੰਘ
ਰਾਜਸਾਂਸੀ, ਦਰਸ਼ਨ ਸਿੰਘ ਈਸਾਪੁਰ ਅਤੇ ਸ਼ਹੀਦ ਜਨਰਲ ਸ਼ਬੇਗ ਸਿੰਘ ਦੇ ਭਰਾਤਾ ਭਾਈ
ਬੇਅੰਤ ਸਿੰਘ ਖਿਆਲਾ ਨੇ ਭਾਈ ਕੁਲਵਿੰਦਰ ਸਿੰਘ ਅਰਦਾਸੀਆ ਨਾਲ ਰਾਬਤਾ ਬਣਾਇਆ।
ਬਾਅਦ ਵਿਚ ਪੱਤਰਕਾਰਾਂ ਨਾਲ
ਗਲਬਾਤ ਕਰਦਿਆਂ ਸ੍ਰ. ਰਾਜਾਸਾਂਸੀ ਨੇ ਕਿਹਾ ਕਿ ਸ੍ਰ. ਕੁਲਵਿੰਦਰ ਸਿੰਘ ਸ਼੍ਰੋਮਣੀ
ਕਮੇਟੀ ਦੇ ਭਾਰੀ ਦਬਾਅ ਹੇਠ ਹਨ, ਤਾਂ ਹੀ ਇਹ ਬੱਜਰ ਗਲਤੀ ਕੀਤੀ ਗਈ ਹੈ।
ਸ੍ਰ. ਦਲਜੀਤ ਸਿੰਘ ਸੰਧੂ ਨੇ ਕਿਹਾ ਕਿ ਇਕ ਪਾਸੇ ਤਾਂ ਗਿਆਨੀ ਗੁਰਬਚਨ ਸਿੰਘ ਵੀ
ਸ੍ਰੀ ਅਕਾਲ ਤਖਤ ਸਾਹਿਬ ਤੋਂ ਕਹਿ ਰਹੇ ਹਨ, ਕਿ ਦੇਸ਼ ਵਿਚ ਸਿੱਖਾਂ ਨਾਲ ਵਿਤਕਰਾ
ਹੋ ਰਿਹਾ ਹੈ ਜਦਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਹੀ ਜੂਨ
੧੯੮੪ ਦੇ ਇਕ ਕੌਮੀ ਸ਼ਹੀਦ ਦਾ ਨਾਮ ਕੱਟ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਦਿਹਾੜੇ ਸ਼੍ਰੋਮਣੀ ਕਮੇਟੀ ਵਲੋਂ
ਕਤੀ ਗਈ ਕਿਲ੍ਹੇ ਬੰਦੀ ਹੀ ਦਸਦੀ ਹੈ, ਕਿ ਸ਼੍ਰੋਮਣੀ ਕਮੇਟੀ ਹੁਣ ਸਿੱਖਾਂ ਦੀ
ਨਾਂ ਹੋਕੇ ਬਾਦਲ-ਭਾਜਪਾ ਦੀ ਬਣਕੇ ਰਹਿ ਗਈ ਹੈ ਤੇ ਇਸਨੂੰ ਸਿੱਖਾਂ ਪਾਸੋਂ ਹੀ
ਡਰ ਲੱਗਣ ਲਗ ਪਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਜਨਰਲ ਸਬੇਗ ਸਿੰਘ ਦਾ ਨਾਮ
ਵਿਸਾਰਨ ਦੀ ਕੀਤੀ ਇਕ ਹੋਰ ਕਾਰਵਾਈ ਉਸ ਵੇਲੇ ਸਾਹਮਣੇ ਆਈ ਜਦ ਗਿਆਨੀ ਗੁਰਬਚਨ
ਸਿੰਘ ਦੁਆਰਾ ਪੜ੍ਹੇ ਜਾਣ ਵਾਲੇ ਕੌਮ ਦੇ ਨਾਮ ਸੰਦੇਸ਼ ਵਿਚ ਵੀ ਜਨਰਲ ਸ਼ਬੇਗ ਸਿੰਘ
ਅਤੇ ਬਾਬਾ ਠਾਹਰਾ ਸਿੰਘ ਦਾ ਨਾਮ ਵੀ ਸ਼ਾਮਿਲ ਨਾ ਕੀਤਾ ਗਿਆ । ਭਾਵੇਂ ਗਿਆਨੀ
ਗੁਰਬਚਨ ਸਿੰਘ ਨੇ ਮੌਕਾ ਸੰਭਾਲਦਿਆਂ ਜਨਰਲ ਸ਼ਬੇਗ ਸਿੰਘ ਦਾ ਨਾਮ ਤਾਂ ਲੈ ਲਿਆ,
ਲੇਕਿਨ ਬਾਬਾ ਠਾਹਰਾ ਸਿੰਘ ਦਾ ਨਾਮ ਉਹ ਵੀ ਭੁਲ ਗਏ।