Share on Facebook

Main News Page

ਘੱਲੂਘਾਰਾ ਦਿਵਸ ‘ਤੇ ਸ਼੍ਰੋਮਣੀ ਕਮੇਟੀ ਤੇ ਵਿਰੋਧੀ ਧਿਰ ਵਿਚਕਾਰ ਹੋ ਸਕਦਾ ਹੈ ਹੰਗਾਮਾ

ਅੰਮ੍ਰਿਤਸਰ 6 ਜੂਨ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਤੇ ਮਨਾਇਆ ਜਾਣਾ ਵਾਲਾ ਭਲਕੇ ਘੱਲੂਘਾਰਾ ਦਿਵਸ ਇਸ ਵਾਰੀ ਕਿਸੇ ਵੀ ਖਤਰੇ ਤੋ ਖਾਲੀ ਨਹੀ ਹੈ ਅਤੇ ਸ਼ਹੀਦੀ ਯਾਦਗਾਰ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਵਿਰੋਧੀ ਧਿਰਾਂ ਵਿਚਕਾਰ ਟੱਕਰਾ ਹੋਣ ਦੇ ਆਸਾਰ ਵਧ ਗਏ ਹਨ ਕਿਉਕਿ ਇੱਕ ਪਾਸੇ ਜਿਥੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਦੇ ਸਮੂਹ ਸਕੱਤਰਾਂ ਤੇ ਹੋਰ ਅਧਿਕਾਰੀਆ ਦੀਆ ਡਿਊਟੀਆ ਲਗਾ ਕੇ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਪਰਿੰਦਾ ਵੀ ਪਰ ਮਾਰਦਾ ਤਾਂ ਲੱਠਮਾਰਾਂ ਦੁਆਰਾ ਤੁਰੰਤ ਕਾਰਵਾਈ ਕੀਤੀ ਜਾਵੇ ਉਥੇ ਵਿਰੋਧੀ ਧਿਰ ਸਮੂਹ ਟਕਸਾਲਾਂ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਵਰਕਰਾਂ ਨੂੰ ਭਾਰੀ ਗਿਣਤੀ ਵਿੱਚ ਪਹੁੰਚਣ ਦੇ ਆਦੇਸ਼ ਦੇ ਦਿੱਤੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਡੇਰੇ ਲਗਾਏ ਹੋਏ ਹਨ ਅਤੇ ਬਾਰ ਬਾਰ ਉਹਨਾਂ ਵੱਲੋਂ ਅਧਿਕਾਰੀਆ ਨਾਲ ਮੀਟਿੰਗਾਂ ਕਰਕੇ ਆਦੇਸ਼ ਜਾਰੀ ਕੀਤੇ ਜਾ ਰਹੇ ਸਨ ਕਿ 6 ਜੂਨ ਨੂੰ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਸਮੇਂ ਸ਼ਾਂਤੀ ਭੰਗ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ ।। ਹਰ ਸਾਲ ਵਾਂਗ ਇਸ ਵਾਰੀ ਵੀ ਸ਼੍ਰੋਮਣੀ ਕਮੇਟੀ ਨੇ ਬਾਹਰਲੇ ਗੁਰੂਦੁਆਰਿਆ ਤੋ ਭਾਰੀ ਗਿਣਤੀ ਵਿੱਚ ਲੱਠਮਾਰ ਮੁਲਾਜਮ ਬੁਲਾ ਲਏ ਹਨ ਅਤੇ ਜਿਲਾ ਪ੍ਰਸ਼ਾਸ਼ਨ ਵੀ ਕਿਸੇ ਅਪਾਤਕਾਲ ਸਥਿਤੀ ਨਾਲ ਨਿਪਟਣ ਲਈ ਪੂਰੀ ਤਿਆਰੀ ਕਰੀ ਬੈਠਾ ਹੈ।

ਇਸੇ ਤਰਾ ਸ਼ਹੀਦੀ ਯਾਦਗਾਰ ਨੂੰ ਲੈ ਕੇ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਸਾਥੀਆ ਤੇ ਵਰਕਰਾਂ ਨੂੰ ਘੱਲੂਘਾਰਾ ਸਮਾਗਮ ਵਿੱਚ ਭਾਗ ਲੈਣ ਲਈ ਵੱਧ ਤੋ ਵੱਧ ਗਿਣਤੀ ਵਿੱਚ ਸ੍ਰੀ ਅਕਾਲ ਤਖਤ ਤੇ ਪੁੱਜਣ ਲਈ ਆਦੇਸ਼ ਦਿੱਤੇ ਹਨ ਤਾਂ ਕਿ ਸ਼ਹੀਦੀ ਯਾਦਗਾਰ ਨੂੰ ਇਤਿਹਾਸਕ ਬਣਾਇਆ ਜਾ ਸਕੇ। ਸ੍ਰੀ ਮਾਨ ਤੇ ਉਹਨਾਂ ਦੇ ਸਾਥੀ ਵੀ ਕਾਫੀ ਭਰੇ ਪਤੇ ਪਏ ਹਨ ਤੇ ਉਹਨਾਂ ਵਿੱਚ ਸ਼ਹੀਦੀ ਯਾਦਗਾਰ ਪ੍ਰਤੀ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵੱਲੋ ਅਪਨਾਈ ਨੀਤੀ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਵੀ ਸ਼ਹੀਦੀ ਯਾਦਗਾਰ ਦੇ ਬਾਹਰ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆ ਦੇ ਨਾਵਾਂ ਵਾਲੀਆ ਸਟੀਲ ਪਲੇਟਾਂ ਨੂੰ ਲਾਹੁਣ ਦੀ ਅਪਨਾਈ ਗਈ ਸ਼੍ਰੋਮਣੀ ਕਮੇਟੀ ਦੀ ਨੀਤੀ ਤੋਂ ਪਹਿਲਾਂ ਹੀ ਕਾਫੀ ਖਫਾ ਹਨ ਜਦ ਕਿ ਇਹਨਾਂ ਪਲੇਟਾਂ ਨੂੰ ਉਤਾਰਨ ਲਈ ਸ਼੍ਰੋਮਣੀ ਕਮੇਟੀ ਨੇ ਕਾਫੀ ਯਤਨ ਕੀਤੇ ਹਨ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਪਲੇਟਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਕਾਫੀ ਕਲਾਸ ਲਗਾਈ ਸੀ ਕਿ ਉਸ ਦੀ ਅਣਗਹਿਲੀ ਨਾਲ ਬਾਬਾ ਧੁੰਮਾਂ ਪਲੇਟਾਂ ਲਗਾਉਣ ਵਿੱਚ ਕਾਮਯਾਬ ਹੋਇਆ ਹੈ। ਬਾਬਾ ਧੁੰਮਾਂ ਵੱਲੋ ਜਿਥੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਦਮਦਮੀ ਟਕਸਾਲ ਦੇ ਹੈਡ ਕੁਆਟਰ ਮਹਿਤਾ ਚੌਕ ਵਿਖੇ ਇੱਕ ਵਿਸ਼ਾਲ ਸਮਾਗਮ ਰੱਖਿਆ ਹੈ ਉਥੇ ਸਵੇਰੇ ਭੋਗ ਪੈਣ ਸਮੇਂ ਭਾਰੀ ਗਿਣਤੀ ਵਿੱਚ ਬਾਬਾ ਧੁੰਮਾਂ ਤੇ ਉਸ ਦੇ ਹਮਾਇਤੀਆ ਵੱਲੋ ਪਹੁੰਚਣ ਦੀ ਆਸ ਹੈ। ਇਸੇ ਤਰਾ ਦਲ ਖਾਲਸਾ, ਸ਼ਰੋਮਣੀ ਅਕਾਲੀ ਦਲ(ਪੰਚ ਪ੍ਰਧਾਨੀ), ਦਮਦਮੀ ਟਕਸਾਲ (ਸੰਗਰਾਵਾਂ) ਦੇ ਮੁੱਖੀ ਬਾਬਾ ਰਾਮ ਸਿੰਘ ਅਤੇ ਦਮਦਮੀ ਟਕਸਾਲ ਦੇ ਮੁੱਖੀ ਭਾਈ ਅਮਰੀਕ ਸਿੰਘ ਦੇ ਵੀ ਭਾਰੀ ਗਿਣਤੀ ਵਿੱਚ ਆਪਣੇ ਸਾਥੀਆ ਨਾਲ ਪਹੁੰਚਣ ਦੀ ਉਮੀਦ ਹੈ।

ਸ੍ਰੀ ਅਕਾਲ ਤਖਤ ਤੇ ਤਾਂ ਭਾਂਵੇ ਸ਼ਹੀਦੀ ਸਮਾਗਮ ਦੇ ਸ਼ਾਂਤਮਈ ਢੰਗ ਨਾਲ ਨੇਪਰੇ ਚੜਣ ਦੀ ਆਸ ਹੈ ਪਰ ਸ਼ਹੀਦੀ ਯਾਦਗਾਰ ਵਿੱਚ ਮੱਥਾ ਟੇਕਣ ਨੂੰ ਲੈ ਕੇ ਸ਼ਰੋਮਣੀ ਕਮੇਟੀ ਤੇ ਖਾੜਕੂ ਜਥੇਬੰਦੀਆ ਵਿਚਕਾਰ ਟਕਰਾਅ ਹੋਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਹਾਲ ਦੀ ਘੜੀ ਸ਼ਹੀਦੀ ਯਾਦਗਾਰ ਵਿੱਚ ਅਖੰਡ ਪਾਠ ਨਹੀ ਰੱਖਿਆ ਜਾ ਸਕਦਾ ਅਤੇ ਅੱਜ ਕਲ ਵਿਦੇਸ਼ ਦੌਰੇ ਤੇ ਹਨ ਪਰ ਉਹਨਾਂ ਦੀ ਗੈਰ ਹਾਜਰੀ ਵਿੱਚ ਸ਼੍ਰੋਮਣੀ ਕਮੇਟੀ ਨੇ ਅੱਜ ਸ਼ਹੀਦੀ ਯਾਦਗਾਰ ਵਿੱਚ ਅਖੰਡ ਪਾਠ ਆਰੰਭ ਕਰਵਾ ਦਿੱਤਾ ਹੈ ਜਿਸ ਦਾ ਭੋਗ 7 ਮਈ ਨੂੰ ਪਵੇਗਾ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇੱਕ ਆਗੂ ਨੇ ਕਿਹਾ ਕਿ ਸ਼ਹੀਦੀ ਯਾਦਗਾਰ ਖਾਲਿਸਤਾਨ ਦੀ ਪ੍ਰਾਪਤੀ ਦੀ ਬੁਨਿਆਦ ਹੈ ਅਤੇ ਖਾਲਿਸਤਾਨ ਦੇ ਨਾਅਰੇ ਲਗਾਉਣ ਤੋ ਇਥੇ ਕੋਈ ਵੀ ਉਹਨਾਂ ਨੂੰ ਨਹੀ ਰੋਕ ਸਕਦਾ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆ ਨੇ ਤਾਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਣ ਤੋ ਪਹਿਲਾ ਹੀ ਕਹਿ ਦਿੱਤਾ ਸੀ ਕਿ ਜੇਕਰ ਕੇਂਦਰ ਸਰਕਾਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ। ਉਹਨਾਂ ਕਿਹਾ ਕਿ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜੀ ਕਰਨੀ ਉਹਨਾਂ ਦਾ ਬੁਨਿਆਦੀ ਹੱਕ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਭਰਾ ਮਾਰੂ ਜੰਗ ਵਿੱਚ ਨਹੀ ਪੈਣਾ ਚਾਹੁੰਦੀ ਅਤੇ ਸਭ ਕੁਝ ਸ਼ਾਤਮਈ ਢੰਗ ਨਾਲ ਨੇਪਰੇ ਚਾੜਣਾ ਚਾਹੁੰਦੀ ਹੈ ਪਰ ਸ਼ਹੀਦ ਯਾਦਗਾਰ ਦੀ ਰੱਦੋਬੱਦਲ ਨੂੰ ਉਹ ਬਰਦਾਸ਼ਤ ਨਹੀ ਕਰਨਗੇ। ਉਹਨਾਂ ਕਿਹਾ ਕਿ ਅਗਰ ਸ਼੍ਰੋਮਣੀ ਕਮੇਟੀ ਜਾਂ ਬਾਦਲੀਆ ਨੇ ਕੋਈ ਭੜਕਾਊ ਹਰਕਤ ਕੀਤੀ ਤਾਂ ਇੱਟ ਦਾ ਜਵਾਬ ਪੱਧਰ ਨਾਲ ਦਿੱਤਾ ਜਾਵੇਗਾ।

ਕੁਲ ਮਿਲਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਸ਼ਹੀਦੀ ਯਾਦਗਾਰ ਬਾਰੇ ਕਿਸੇ ਵੀ ਪ੍ਰਕਾਰ ਦੀ ਕੋਈ ਬਿਆਨਬਾਜੀ ਕਰਨ ਤੇ ਭਾਂਵੇ ਸ੍ਰੀ ਅਕਾਲ ਤਖਤ ਤੋ ਰੋਕ ਲੱਗੀ ਹੋਈ ਹੈ ਪਰ ਸ਼ਹੀਦੀ ਯਾਦਗਾਰ ਦੇ ਬਾਹਰ ਲੱਗੋ ਬੋਰਡਾਂ ਨੂੰ ਲਾਹੁਣ ਦੀ ਸ਼੍ਰੋਮਣੀ ਕਮੇਟੀ ਵੱਲੋ ਕੀਤੀ ਗਈ ਕਾਰਵਾਈ ਨੂੰ ਲੈ ਕੇ ਹੰਗਾਮਾ ਜਰੂਰ ਹੋ ਸਕਦਾ ਹੈ। ਸ਼ਹੀਦੀ ਯਾਦਗਾਰ ਦੇ ਬੋਰਡ ਲਾਹੁਣ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਇੱਕ ਅਧਿਕਾਰੀ ਦਮਦਮੀ ਟਕਸਾਲ ਤੇ ਮਾਨ ਦਲੀਆ ਦੀਆ ਅੱਖਾਂ ਵਿੱਚ ਰੜਕ ਰਿਹਾ ਹੈ ਤੇ ਉਸ ਨੂੰ ਲੈ ਕੇ ਵੀ ਹੰਗਾਮਾ ਹੋ ਸਕਦਾ ਹੈ। ਕੁਲ ਮਿਲਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਇਹ ਸੀਨ ਸਾਹਮਣੇ ਆਉਦਾ ਹੈ ਕਿ ਸ਼ਹੀਦੀ ਯਾਦਗਾਰ ਨੂੰ ਲੈ ਕੇ ਭਲਕੇ ਘਲੂਘਾਰਾ ਸਮਾਗਮ ਉਪਰੰਤ ਕੋਈ ਹੰਗਾਮਾ ਹੋ ਸਕਦਾ ਹੈ, ਜਿਹੜਾ ਨਵੀ ਸਿਰਦਰਦੀ ਖੜਾ ਕਰ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top