Share on Facebook

Main News Page

ਸਾਕਾ ਨੀਲਾ ਤਾਰਾ ਕਰਵਾਉਣ ਲਈ ਗੱਦਾਰ ਅਕਾਲੀਆਂ ਅਤੇ ਕਾਂਗਰਸੀਆਂ ਦੀ ਮਿਲੀਭੁਗਤ ਦਾ ਪਰਦਾਫਾਸ਼
- ਗੁਰਤੇਜ ਸਿੰਘ - ਸਾਬਕਾ ਆਈ.ਏ.ਐਸ.
06.06.13

ਸਾਕਾ ਨੀਲਾ ਤਾਰਾ ਦੌਰਾਨ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਨੇ ਸਿੱਖ ਕੌਮ ਦੇ ਹਿਰਦੇ ਵਲੂੰਧਰ ਦਿੱਤੇ। ਮਨੁੱਖੀ ਭਾਈਚਾਰੇ ਦੇ ਪ੍ਰਤੀਕ ਇਸ ਧਰਮ ਅਸਥਾਨ ਨੂੰ ਢਾਹ-ਢੇਰੀ ਕਰਵਾਉਣ ਦੇ ਇਲਾਵਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਆਮ ਸ਼ਰਧਾਲੂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ, ਜਿਸ ਲਈ ਇਕ ਵਿਸ਼ੇਸ਼ ਪਾਰਟੀ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।

ਸਾਕਾ ਨੀਲਾ ਤਾਰਾ ਦੌਰਾਨ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਨੇ ਸਿੱਖ ਕੌਮ ਦੇ ਹਿਰਦੇ ਵਲੂੰਧਰ ਦਿੱਤੇ। ਮਨੁੱਖੀ ਭਾਈਚਾਰੇ ਦੇ ਪ੍ਰਤੀਕ ਇਸ ਧਰਮ ਅਸਥਾਨ ਨੂੰ ਢਾਹ-ਢੇਰੀ ਕਰਵਾਉਣ ਦੇ ਇਲਾਵਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਆਮ ਸ਼ਰਧਾਲੂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ, ਜਿਸ ਲਈ ਇਕ ਵਿਸ਼ੇਸ਼ ਪਾਰਟੀ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਜੇਕਰ ਇਤਿਹਾਸਕ ਤੱਥਾਂ ਦੀ ਪੜਚੋਲ ਕੀਤੀ ਜਾਏ ਤਾਂ ਅਕਾਲੀਆਂ ਬਾਰੇ ਵੀ ਬੜੇ ਸਨਸਨੀਖੇਜ਼ ਤੱਥ ਸਾਹਮਣੇ ਆਉਂਦੇ ਹਨ। ਅਜਿਹੇ ਕੁਝ ਤੱਥ ਸ੍ਰ: ਗੁਰਤੇਜ ਸਿੰਘ ਦੀ ਅੰਗਰੇਜ਼ੀ ਪੁਸਤਕ ਚਕ੍ਰਵਿਊਹ ਵਿੱਚ ਪੇਸ਼ ਕੀਤੇ ਗਏ ਹਨ। ਪਾਠਕਾਂ ਦੇ ਲਾਭ ਵਾਸਤੇ ਇਸੇ ਪੁਸਤਕ ਦੇ ਇਕ ਅਧਿਆਇ ਦੇ ਸੰਪਾਦਿਤ ਅੰਸ਼ ਪੰਜਾਬੀ ਅਨੁਵਾਦ ਰਾਹੀਂ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।

ਉਨ੍ਹਾਂ ਲੋਕਾਂ ਬਾਰੇ ਜਾਣਨਾ ਬੜਾ ਜ਼ਰੂਰੀ ਹੈ, ਜਿਹੜੇ ਜਾਣਬੁੱਝ ਕੇ ਨਾ ਸਿਰਫ਼ ਵਿਰੋਧੀ ਤਾਕਤਾਂ ਦੇ ਦਬਾਅ ਹੇਠਾਂ ਦਬ ਗਏ ਬਲਕਿ ਜਿਨ੍ਹਾਂ ਨੇ ਬਦਨਾਮੀ ਭਰੀ ਗਿਰਾਵਟ ਨੂੰ ਸਿਆਸੀ ਸਮਝਦਾਰੀ ਦੀ ਮਹਾਨ ਪੈਂਤੜੇਬਾਜ਼ੀ ਵਜੋਂ ਪੇਸ਼ ਕੀਤਾ। ਇਨ੍ਹਾਂ ਵਿਚੋਂ ਕੁਝ ਸਾਡੇ ਸਮੇਂ ਦੇ ਅਤੀ ਮਹੱਤਵਪੂਰਨ ਸਿਆਸੀ ਆਗੂ ਹਨ। ਇਸ ਚਰਚਾ ਨੂੰ ਅੱਗੇ ਪੇਸ਼ ਕੀਤੇ ਗਏ ਪੰਜ ਪੱਤਰਾਂ ਦੇ ਆਲੇ-ਦੁਆਲੇ ਬੁਣਿਆ ਜਾ ਸਕਦਾ ਹੈ।

ਇਨ੍ਹਾਂ ਪੰਜ ਪੱਤਰਾਂ ਵਿਚੋਂ ਇਕ ਪੱਤਰ ਨੂੰ ਲਿਖਣ ਵਾਲਾ ਸ੍ਰ: ਬਲਵੰਤ ਸਿੰਘ ਸੀ, ਜੋ ਕਈ ਦਹਾਕਿਆਂ ਤੱਕ ਅਕਾਲੀ ਦਲ ਦਾ ਪ੍ਰਮੁੱਖ ਆਗੂ ਰਿਹਾ ਸੀ। ਅਕਾਲੀ ਦਲ ਦੇ ਕਈ ਹੋਰ ਕਾਰਕੁੰਨਾਂ ਦੀ ਤਰ੍ਹਾਂ, ਉਸਦੀ ਤਾਕਤ ਤੱਕ ਪਹੁੰਚ ਬੜੀ ਹੈਰਾਨੀਜਨਕ ਸੀ। ਉਸਨੇ ਆਪਣੀ ਯਾਤਰਾ ਇਕ ਘੱਟ-ਤਨਖ਼ਾਹ ਵਾਲੇ ਸਰਕਾਰੀ ਮੁਲਾਜ਼ਮ ਵਜੋਂ ਅਰੰਭੀ। ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਉਹ ਗੁਜ਼ਾਰਾ ਕਰ ਸਕਣ ਵਾਲੀ ਕੋਈ ਨੌਕਰੀ ਪ੍ਰਾਪਤ ਕਰ ਪਾਉਣ ਵਿੱਚ ਹੀ ਸੰਤੁਸ਼ਟ ਸੀ। ਪਰ ਸਿਆਸਤ ਵਿੱਚ ਉਸਦੀ ਸ਼ਮੂਲੀਅਤ ਇਸਲਈ ਹੋ ਗਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸ੍ਰ: ਆਤਮਾ ਸਿੰਘ ਦਾ ਟਾਕਰਾ ਕਰਨ ਲਈ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਉਸਦੀ ਜਾਤਿ ਦੇ ਇਕ ਪੜ੍ਹੇ-ਲਿਖੇ ਵਿਅਕਤੀ ਦੀ ਤੁਰੰਤ ਲੋੜ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲਿਖਿਆ ਗਿਆ ਪੱਤਰ, ਜਿਸ ਰਾਹੀਂ ਉਸ ਨੇ ਅਕਾਲੀ ਦਲ ਦੀਆਂ ਕਾਰਵਾਈਆਂ ਤੋਂ ਦੂਰ ਰਹਿਣ ਅਤੇ ਬਾਬਾ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਵਿਰੋਧ ਜਾਰੀ ਰੱਖਣ ਦਾ ਵਚਨ ਦਿੱਤਾ ਸੀ।

ਇਹ ਭੂਮਿਕਾ ਅਦਾ ਕਰਕੇ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ, ਜਿਸ ਨਾਲ ਉਸਨੂੰ ਪੰਜਾਬ ਸਰਕਾਰ ਵਿੱਚ ਵਿੱਤ ਮੰਤਰੀ ਬਣਨ ਦੇ ਕਈ ਮੌਕੇ ਮਿਲੇ। ਇਹ ਮੌਕੇ ਉਸਦੀ ਨਿੱਜੀ ਖੁਸ਼ਹਾਲੀ ਲਈ ਬੜੇ ਲਾਭਵੰਦ ਸਾਬਿਤ ਹੋਏ। ਉਸਦੀ ਮੌਤ ਸਮੇਂ, ਹੋਰਨਾਂ ਜਾਇਦਾਦਾਂ ਤੋਂ ਇਲਾਵਾ, ਉਹ ਚੰਡੀਗੜ੍ਹ ਵਿੱਚ ਇਕ ਮਹਿਲਨੁਮਾ ਕੋਠੀ ਦਾ ਮਾਲਕ ਸੀ, ਜਿਸਦੀ ਕੀਮਤ ਸਾਧਾਰਨ ਜਿਹੇ ਹਿਸਾਬ ਨਾਲ ਵੀ ਕਰੋੜਾਂ ਰੁਪਏ ਬਣਦੀ ਹੈ। ਆਪਣੀ ਜਨਤੱਕ ਜ਼ਿੰਦਗੀ ਦੌਰਾਨ ਉਸਨੇ ਆਪਣੀ ਦੁਨੀਆਵੀ ਜਾਇਦਾਦ ਵਿੱਚ ਹਜ਼ਾਰਾਂ ਗੁਣਾ ਵਾਧਾ ਕਰ ਲਿਆ। ਪਰ ਜਿਹੜਾ ਵਿਅਕਤੀ ਦੁਨੀਆਵੀ ਪਦਾਰਥਾਂ ਨਾਲ ਏਨਾ ਮੋਹ ਕਰਦਾ ਹੋਏ, ਉਹ ਅਸਲ ਸਿਆਸੀ ਤਾਕਤ ਰੱਖਣ ਵਾਲਿਆਂ ਤੋਂ ਵੱਖਰਾ ਹੋਣ ਦੀ ਜ਼ੁੱਰਤ ਨਹੀਂ ਕਰ ਸਕਦਾ।

ਬਲਵੰਤ ਸਿੰਘ ਅਕਾਲੀ ਦਲ ਦੇ ਉਨ੍ਹਾਂ ਸੀਨੀਅਰ ਆਗੂਆਂ ਵਿੱਚੋਂ ਇਕ ਸੀ ਜੋ ਅੰਗਰੇਜ਼ੀ ਬੋਲ-ਸੁਣ ਸਕਦੇ ਸਨ। ਇਸਲਈ ਉਹ ਕੇਂਦਰੀ ਸਰਕਾਰ ਨਾਲ ਸਮਝੌਤਿਆਂ ਦੀ ਗੱਲਬਾਤ ਲਈ ਪਾਰਟੀ ਦੇ ਮੁੱਖ ਨੁਮਾਇੰਦਿਆਂ ਵਿਚੋਂ ਇਕ ਹੁੰਦਾ। ਇਸ ਕਾਰਨ ਉਸਨੂੰ ਅਜਿਹੇ ਬੜੇ ਮੌਕੇ ਮਿਲੇ, ਜਿਨ੍ਹਾਂ ਨੂੰ ਆਰਥਿਕ ਲਾਭਾਂ ਵਿੱਚ ਬਦਲਿਆ ਜਾ ਸਕਦਾ ਸੀ। ਉਸਨੇ ਕੋਈ ਮੌਕਾ ਗੰਵਾਇਆ ਵੀ ਨਹੀਂ। ਇਸ ਲਈ ਬਲਵੰਤ ਸਿੰਘ ਤੇ ਅਕਸਰ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਅਤੇ ਪੰਜਾਬ ਦੇ ਹਿੱਤਾਂ ਨੂੰ ਧੋਖਾ ਦੇਣ ਦਾ ਇਲਜ਼ਾਮ ਲਗਾਇਆ ਜਾਂਦਾ। ਮੈਨੂੰ ਘੱਟੋ-ਘੱਟ ਤਿੰਨ ਮੌਕਿਆਂ ਤੇ ਉਸਨੂੰ ਨਜ਼ਦੀਕੀ ਨਾਲ ਵਾਚਣ ਦਾ ਮੌਕਾ ਮਿਲਿਆ। ਮੇਰੇ ਨਿਰੀਖਣ ਨੇ ਬਲਵੰਤ ਸਿੰਘ ਦੀ ਇਕ ਗੰਢ-ਤੁੱਪ ਕਰਨ ਵਾਲੇ ਚਾਲਬਾਜ਼ ਵਜੋਂ ਸਥਾਪਿਤ ਅਕਸ ਦੀ ਤਸਦੀਕ ਕਰ ਦਿੱਤੀ।

ਇਕ ਸਮਾਂ ਅਜਿਹਾ ਵੀ ਆ ਗਿਆ ਕਿ ਹਰ ਵਿਅਕਤੀ ਬਲਵੰਤ ਸਿੰਘ ਦੇ ਬਾਰੇ ਮਾੜੀ ਤੋਂ ਮਾੜੀ ਗੱਲ ਨੂੰ ਮੰਨਣ ਲਈ ਤਿਆਰ ਹੋ ਗਿਆ ਸੀ। ਉਸਦੀਆਂ ਵਪਾਰਕ ਗਤੀਵਿਧੀਆਂ ਬੜੀਆਂ ਵਿਆਪਕ ਸਨ, ਜੋ ਭਾਰਤੀ ਮਾਹੌਲ ਮੁਤਾਬਿਕ, ਸਰਕਾਰ ਦੇ ਨਾਲ ਖੜਿਆਂ ਬਿਨ੍ਹਾਂ ਸੰਭਵ ਨਹੀਂ ਸਨ। ਇਹ ਬੜਾ ਸਪੱਸ਼ਟ ਸੀ ਕਿ ਸ੍ਰੀ ਦਰਬਾਰ ਸਾਹਿਬ ਤੇ ਹੋਏ ਬਦਨਾਮ ਫੌਜੀ ਹਮਲੇ ਦੇ ਤੁਰੰਤ ਬਾਅਦ ਜਿਨ੍ਹਾਂ ਬਹੁਤ ਥੋੜੇ ਜਿਹੇ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਉਨ੍ਹਾਂ ਵਿੱਚ ਬਲਵੰਤ ਸਿੰਘ ਵੀ ਸ਼ਾਮਿਲ ਸੀ। ਇਹ ਉਹ ਸਮਾਂ ਸੀ ਜਦ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਦੇ ਬਹੁਤ ਸਾਰੇ ਸਿੱਖ ਆਗੂਆਂ ਨੂੰ ਇੰਦਰਾ ਗਾਂਧੀ ਦੀ ਕਾਰਵਾਈ ਦੀ ਪ੍ਰਸ਼ੰਸਾ ਕਰਵਾਉਣ ਵਾਸਤੇ ਰੋਜ਼ ਟੈਲੀਵੀਜ਼ਨ ਦੇ ਕੈਮਰਿਆਂ ਸਾਹਮਣੇ ਪੇਸ਼ ਕੀਤਾ ਜਾਂਦਾ ਸੀ।

ਇਸੇ ਸੰਦਰਭ ਵਿੱਚ, ਜਿਸ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਬਲਵੰਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਸੀ, ਸਾਹਮਣੇ ਆਇਆ। ਇਹ ਪੱਤਰ ਸਿੱਖਾਂ ਦੀਆਂ ਸਿਆਸੀ ਮੀਟਿੰਗਾਂ ਵਿੱਚ ਖੁਲ੍ਹੇਆਮ ਵੰਡਿਆ ਗਿਆ ਸੀ ਅਤੇ ਰਵਾਇਤੀ ਅਕਾਲੀ ਆਗੂਆਂ ਵੱਲੋਂ ਅਗਲੇ ਦਹਾਕੇ ਵਿੱਚ ਅਪਣਾਏ ਜਾਣ ਵਾਲੀ ਨੀਤੀਆਂ ਦਾ ਹਵਾਲਾ ਸੀ।

ਇਸ ਪੱਤਰ ਦਾ ਪੰਜਾਬੀ ਅਨੁਵਾਦ ਹੇਠਾਂ ਦਿੱਤਾ ਗਿਆ ਹੈ :

ਗੁਪਤ
ਨਿਜੀ
1015, ਸੈਕਟਰ 27-ਬੀ,
ਚੰਡੀਗੜ੍ਹ-160019
ਜੂਨ 9, 1984

ਸੇਵਾ ਵਿਖੇ,
ਸ੍ਰੀਮਤੀ ਇੰਦਰਾ ਗਾਂਧੀ
ਭਾਰਤ ਦੀ ਪ੍ਰਧਾਨ ਮੰਤਰੀ
1, ਸਫ਼ਦਰਜੰਗ ਰੋਡ,
ਨਵੀਂ ਦਿੱਲੀ-110001

ਸਭ ਤੋਂ ਵੱਧ ਸਨਮਾਨਜਨਕ ਪ੍ਰਧਾਨ ਮੰਤਰੀ ਜੀ,

ਇਥੋਂ ਦੇ ਅਧਿਕਾਰੀਆਂ ਦੀ ਇੱਛਾ ਅਨੁਸਾਰ, ਮੈਂ ਆਪਜੀ ਨੂੰ ਇਹ ਵਚਨ ਦੇ ਰਿਹਾ ਹਾਂ ਕਿ ਮੈਂ ਅਕਾਲੀ ਦਲ ਦੀ ਸਰਗਰਮ ਸਿਆਸਤ ਤੋਂ ਦੂਰ ਰਹਾਂਗਾ ਅਤੇ ਆਪਣੇ ਸੰਸਾਧਨਾਂ ਦੇ ਦਾਇਰੇ ਵਿੱਚ ਸਰਕਾਰੀ ਕਾਰਵਾਈ ਦਾ ਸਮਰਥਨ ਕਰਾਂਗਾ।

ਜਿਵੇਂ ਕਿ ਆਪ ਜਾਣਦੇ ਹੀ ਹੋ, ਪਿਛਲੇ ਸਮੇਂ ਵਿੱਚ ਮੈਂ ਆਪਣਾ ਧਿਆਨ ਆਪਣੀਆਂ ਵਪਾਰਕ ਗਤੀਵਿਧੀਆਂ ਅਤੇ ਨਵੀਂ ਉਦਿਯੋਗਿਕ ਇਕਾਈਆਂ ਸਥਾਪਿਤ ਕਰਨ ਵੱਲ ਕੇਂਦਰਿਤ ਕੀਤਾ ਹੈ। ਮੈਂ ਸ੍ਰੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਕਿਸੇ ਵੀ ਕਾਰਵਾਈ ਜਾਂ ਵਿਚਾਰ ਦਾ ਕਦੇ ਸਮਰਥਨ ਨਹੀਂ ਕੀਤਾ ਅਤੇ ਉਸਦਾ ਤੇ ਉਸਦੇ ਆਦਮੀਆਂ ਦੇ ਵਿਰੋਧ ਨੂੰ ਜਾਰੀ ਰੱਖਣ ਦਾ ਵਚਨ ਦਿੰਦਾ ਹਾਂ। ਮੇਰਾ ਮਜ਼ਬੂਤ ਵਿਚਾਰ ਹੈ ਕਿ ਦਰਬਾਰ ਸਾਹਿਬ ਵਿਚੋਂ ਭਿੰਡਰਾਂਵਾਲੇ ਅਤੇ ਉਸਦੇ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਛਾਪੇ ਦੀ ਸਰਕਾਰੀ ਕਾਰਵਾਈ ਬਿਲਕੁਲ ਸਮੇਂ ਅਨੁਸਾਰ ਅਤੇ ਸਭ ਤੋਂ ਵੱਧ ਲੋੜੀਂਦੀ ਸੀ।

ਸਭ ਤੋਂ ਵੱਧ ਸਨਮਾਨਜਨਕ ਸਤਿਕਾਰ ਨਾਲ,

ਆਪਜੀ ਦਾ ਆਗਿਆਕਾਰੀ
ਸਹੀ/-
ਬਲਵੰਤ ਸਿੰਘ


ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਇੰਦਰਾ ਗਾਂਧੀ ਦੇ ਨਿਜੀ ਸਹਾਇਕ ਆਰ.ਕੇ. ਧਵਨ ਨੂੰ ਲਿਖਿਆ ਪੱਤਰ, ਜਿਸ ਵਿੱਚ ਨਾ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਦੀ ਕੇਂਦਰੀ ਸਰਕਾਰ ਨਾਲ ਗੰਢ-ਤੁੱਪ ਬਾਰੇ ਇੰਕਸ਼ਾਫ਼ ਕੀਤਾ ਗਿਆ ਬਲਕਿ ਇਹ ਦਾਅਵਾ ਵੀ ਕੀਤਾ ਗਿਆ ਕਿ ਭਿੰਡਰਾਂਵਾਲੇ ਦੇ ਆਦਮੀ ਫੌਜ ਨੂੰ ਦੇਖਦਿਆਂ ਹੀ ਨੱਸ ਜਾਣਗੇ।

ਬਾਕੀ ਪੱਤਰ ਵੀ ਏਨੇ ਹੀ ਅਰਥ-ਭਰਪੂਰ ਹਨ ਅਤੇ ਦਰਸਾਉਂਦੇ ਹਨ ਕਿ ਲੋਕਾਂ ਨੂੰ ਕਹਿਣਾ ਜਾਗਦੇ ਰਹੋ ਅਤੇ ਚੋਰਾਂ ਨੂੰ ਕਹਿਣਾ ਲੱਗੇ ਰਹੇ, ਅਕਾਲੀ ਦਲ ਦੇ ਕੁਝ ਵਿਸ਼ੇਸ਼ ਹਠਧਰਮੀ ਮੈਂਬਰਾਂ ਦੀ ਹੀ ਨੀਤੀ ਨਹੀਂ ਸੀ।

ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਇਕ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦੇ ਛੋਟੇ ਜਿਹੇ ਪਰ ਸ਼ਾਨਦਾਰ ਕੈਰੀਅਰ ਦਾ ਇਕ ਪੱਖ ਇਹ ਸੀ ਕਿ ਉਹ ਆਮ ਜਨਤਾ ਵਿੱਚ ਅਕਾਲੀ ਆਗੂਆਂ ਦਾ ਬਿਲਕੁਲ ਨਵਾਂ ਬਦਲ ਪੇਸ਼ ਕਰ ਸਕੇ ਸਨ। ਜੇਕਰ ਭਿੰਡਰਾਂਵਾਲੇ ਆਪਣੇ ਇਕ ਸਿਆਸੀ ਦਲ ਦਾ ਗਠਨ ਕਰ ਦਿੰਦੇ ਤਾਂ ਅਕਾਲੀ ਦਲ ਦੇ ਮੈਂਬਰ ਆਪਣੇ ਦਲ ਤੋਂ ਟੁੱਟ ਕੇ ਉਨ੍ਹਾਂ ਨਾਲ ਆ ਰਲਦੇ। ਅਜਿਹਾ ਇਸਲਈ ਨਹੀਂ ਸੀ ਕਿ ਉਨ੍ਹਾਂ ਦੀ ਸਿਆਸੀ ਨੀਤੀ ਅਕਾਲੀਆਂ ਨਾਲੋਂ ਵੱਖਰੀ ਸੀ ਬਲਕਿ ਇਸਲਈ ਕਿ ਅਕਾਲੀ ਦਲ ਵੱਲੋਂ ਐਲਾਨੇ ਗਏ ਉਦੇਸ਼ਾਂ ਅਤੇ ਟੀਚਿਆਂ ਦੀ ਪੂਰਤੀ ਵਾਸਤੇ ਵੀ ਲੋਕਾਂ ਨੂੰ ਭਿੰਡਰਾਂਵਾਲੇ ਤੇ ਵਧੇਰੇ ਵਿਸ਼ਵਾਸ ਸੀ। ਅਕਾਲੀ ਆਗੂਆਂ ਦੀ ਬੇਇਤਬਾਰੀ ਇਸਲਈ ਹੋਈ ਸੀ ਕਿਉਂਕਿ ਉਹ, ਖ਼ਾਸਕਰ 1967 ਤੋਂ ਬਾਅਦ ਤੋਂ, ਅਜਿਹੀ ਗੁੰਝਲਦਾਰ ਨੀਤੀ ਅਪਣਾ ਰਹੇ ਸਨ, ਜਿਸ ਰਾਹੀਂ ਅਕਾਲੀ ਕਾਰਕੁੰਨਾਂ ਨੂੰ ਉਹ ਅਲਫ਼ਾਜ਼ ਵਰਤ ਕੇ ਖੁਸ਼ ਕਰ ਦਿੱਤਾ ਜਾਂਦਾ ਸੀ ਜਿਨ੍ਹਾਂ ਨੂੰ ਉਹ ਸੁਣਨਾ ਚਾਹੁੰਦੇ ਸਨ ਅਤੇ ਨਾਲ ਹੀ ਕੇਂਦਰ ਵਿੱਚ ਸੱਤਾਧਾਰੀ ਜੁੰਡਲੀ ਦੀਆਂ ਸ਼ਰਤਾਂ ਤੇ ਤਾਕਤ ਪ੍ਰਾਪਤ ਕਰਨ ਲਈ ਗੱਲਬਾਤ ਕਰਦੇ। ਇਕ ਵਾਰ ਉਨ੍ਹਾਂ ਨੂੰ ਸੱਤਾ ਪ੍ਰਾਪਤ ਹੋ ਜਾਂਦੀ ਤਾਂ ਉਹ ਲੋਕਾਂ ਨੂੰ ਕੀਤੇ ਆਪਣੇ ਵਾਇਦਿਆਂ ਨੂੰ ਭੁੱਲ ਜਾਂਦੇ। ਚੋਣ ਮਨੋਰਥ-ਪੱਤਰ ਨੂੰ ਤਾਂ ਮੁੜ ਕੇ ਖੋਲ੍ਹਿਆ ਵੀ ਨਾ ਜਾਂਦਾ, ਕਿਉਂਕਿ ਇਸ ਨਾਲ ਸੱਤਾਧਾਰੀ ਜੁੰਡਲੀ ਨੇ ਨਰਾਜ਼ ਹੋ ਜਾਣਾ ਸੀ।

ਇਸ ਨੀਤੀ ਨੇ ਅਕਾਲੀਆਂ ਨੂੰ ਦੁਹਰੀ ਸੱਟ ਖਾਣ ਦੀ ਸਥਿਤੀ ਵਿੱਚ ਲੈ ਆਂਦਾ। ਇਕ ਤਾਂ ਕੋਈ ਵੀ ਵਿਹਾਰਕ ਬਦਲ ਮਿਲਦਿਆਂ ਹੀ ਜਨਤਾ ਉਨ੍ਹਾਂ ਤੋਂ ਪੂਰੀ ਤਰ੍ਹਾਂ ਦੂਰ ਹੋ ਸਕਦੀ ਸੀ। ਦੂਜਾ, ਸੱਤਾਧਾਰੀ ਜੁੰਡਲੀ ਨੇ ਆਪਣੇ ਲਾਭ ਲਈ ਅਕਾਲੀਆਂ ਨੂੰ ਉਨ੍ਹਾਂ ਹੀ ਲੋਕਾਂ ਦੇ ਖਿਲਾਫ਼ ਵਰਤਿਆ, ਜਿਨ੍ਹਾਂ ਦੀ ਉਹ ਜ਼ਾਹਰੀ ਤੌਰ ਤੇ ਪ੍ਰਤੀਨਿਧਤਾ ਕਰਦੇ ਸਨ। ਇਹ ਸਥਾਈ ਅਫ਼ਵਾਹ ਕਿ ਅਕਾਲੀ ਪੰਜਾਬ ਵਿੱਚ ਲੋਕਾਂ ਦੇ ਆਂਦੋਲਨ ਨੂੰ ਕੁਚਲਣ ਲਈ ਅਕਾਲੀ ਆਗੂ ਅੰਦਰਖਾਤੇ ਇੰਦਰਾ ਗਾਂਧੀ ਨਾਲ ਮਿਲੇ ਹੋਏ ਸਨ, ਖ਼ਤਮ ਹੋਣ ਵਿੱਚ ਨਹੀਂ ਆ ਰਹੀ। ਅੱਗੇ ਦਿੱਤੇ ਚਾਰ ਪੱਤਰ ਇਸ ਇਲਜ਼ਾਮ ਸੰਬੰਧੀ ਸੱਚ ਸਾਹਮਣੇ ਲਿਆਉਂਦੇ ਹਨ।

ਅਜਿਹਾ ਜਾਪਦਾ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਮਹੱਤਵਪੂਰਨ ਆਗੂਆਂ ਨੂੰ ਆਪਣੇ ਵਿਸ਼ਵਾਸ ਵਿੱਚ ਲਿਆ ਹੋਇਆ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਆਗੂ ਨਾ ਸਿਰਫ਼ ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਅੰਦਰਖਾਤੇ ਸਹਿਮਤ ਸਨ ਬਲਕਿ ਉਨ੍ਹਾਂ ਨੇ ਸਰਗਰਮ ਤਰੀਕੇ ਨਾਲ ਇੰਦਰਾ ਦਾ ਸਮਰਥਨ ਵੀ ਕੀਤਾ। ਫੌਜੀ ਹਮਲੇ ਜਿਹੀ ਕਾਰਵਾਈ ਨਾਲ ਸੁਭਾਵਿਕ ਤੌਰ ਤੇ ਵੱਡੀ ਪੱਧਰ ਤੇ ਹੋਣ ਵਾਲੀ ਹੋਣ ਵਾਲੀ ਨਰਾਜ਼ਗੀ ਨੂੰ ਫੈਲਣ ਤੋਂ ਰੋਕਣ ਲਈ ਵੀ ਯੋਜਨਾ ਬਣਾਈ ਗਈ ਸੀ। ਸ਼ਾਇਦ ਬਲਵੰਤ ਸਿੰਘ ਅਜਿਹਾ ਕੋਈ ਵਚਨ ਲਿਖਤੀ ਤੌਰ ਤੇ ਦੇਣ ਤੋਂ ਬੱਚ ਗਿਆ ਸੀ - ਉਹ ਅਜਿਹਾ ਕਰਨ ਲਈ ਬਥੇਰਾ ਚਲਾਕ ਸੀ। ਇਸ ਪੱਤਰ ਦੀ ਪ੍ਰਾਪਤੀ ਰਾਹੀਂ ਉਸਨੂੰ ਸਿੱਧਾ ਕੀਤਾ ਗਿਆ ਜਾਪਦਾ ਹੈ। ਜੇਕਰ ਉਸ ਸਮੇਂ ਪ੍ਰਚਲਿਤ ਲਫ਼ਜ਼ਾਂ ਦਾ ਉਪਯੋਗ ਕੀਤਾ ਜਾਏ ਤਾਂ ਕਹਿਣਾ ਪਏਗਾ ਕਿ ਬਲਵੰਤ ਸਿੰਘ ਨੂੰ ਮੁੱਖਧਾਰਾ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।

ਜੇਕਰ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਉਸਦੇ ਸਹਾਇਕਾਂ ਵੱਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਕੱਤਰੇਤ ਦੇ ਅਧਿਕਾਰੀਆਂ ਨੂੰ ਸੰਬੋਧਿਤ ਪੱਤਰ ਕੋਈ ਸੰਕੇਤ ਹਨ, ਤਾਂ ਉਹ ਸਭ ਤੋਂ ਪਹਿਲਾਂ ਮੁੱਖਧਾਰਾ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਵਿਚੋਂ ਇੱਕ ਸੀ। ਜਿਵੇਂ ਹੀ ਇਹ ਪੱਤਰ ਸਾਹਮਣੇ ਆਏ, ਇਨ੍ਹਾਂ ਨੂੰ ਨਕਲੀ ਕਹਿਕੇ ਖਾਰਿਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਪੱਤਰਾਂ ਨੂੰ ਅਸਲੀ ਮੰਨਣ ਲਈ ਮੇਰੇ ਕੋਲ ਕਈ ਕਾਰਨ ਹਨ।

ਇਕ ਵਾਰ ਜਦ ਮੈਂ ਕਾਰ ਰਾਹੀਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਬੰਗਾ ਦੇ ਬੱਸ ਸਟੈਂਡ ਤੇ ਮੈਨੂੰ ਮੇਜਰ ਜਨਰਲ (ਰਿਟਾ:) ਜਸਵੰਤ ਸਿੰਘ ਭੁੱਲਰ ਮਿਲ ਗਏ। ਉਹ ਚੰਡੀਗੜ੍ਹ ਵਾਪਿਸ ਜਾ ਰਹੇ ਸਨ। ਉਸਨੇ ਮੈਨੂੰ ਦੱਸਿਆ ਕਿ ਉਹ ਵਿਦੇਸ਼ ਜਾ ਰਿਹਾ ਸੀ ਅਤੇ ਭਿੰਡਰਾਂਵਾਲੇ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ, ਦੋਹਾਂ ਨੇ ਉਸਨੂੰ ਦੋ ਹਵਾਲਾ-ਪੱਤਰ ਦਿੱਤੇ ਸਨ। ਕੁਝ ਅਜਿਹੇ ਕਾਰਨਾਂ ਕਰਕੇ, ਜਿਨ੍ਹਾਂ ਬਾਰੇ ਮੇਰੇ ਸਹਿਕਾਰੀ ਸਾਥੀ ਚੰਗੀ ਤਰ੍ਹਾਂ ਜਾਣਦੇ ਹਨ, ਮੇਰੀ ਭੁੱਲਰ ਪ੍ਰਤੀ ਰਾਇ ਚੰਗੀ ਨਹੀਂ ਸੀ। ਇਸਲਈ ਮੈਂ ਦੋਹਾਂ ਸੰਤਾਂ ਨੂੰ ਅੰਮ੍ਰਿਤਸਰ ਵਿਖੇ ਮਿਲਣ ਤੇ ਇਸ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ। ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਹਾਇਕ ਰਛਪਾਲ ਸਿੰਘ ਨੇ ਭੁੱਲਰ ਨੂੰ ਕੋਈ ਪੱਤਰ ਦਿੱਤੇ ਹੋਣ ਤੋਂ ਜ਼ਬਰਦਸਤੀ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਜਨਰਲ ਉਨ੍ਹਾਂ ਕੋਲ ਆਇਆ ਜ਼ਰੂਰ ਸੀ ਪਰ ਉਨ੍ਹਾਂ ਨੇ ਨਿੰਮਰਤਾ ਨਾਲ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਸੰਤ (ਭਿੰਡਰਾਂਵਾਲੇ) ਵੱਲੋਂ ਅਜਿਹੇ ਪੱਤਰ ਜਾਰੀ ਕਰਨ ਦੀ ਕੋਈ ਮਰਿਆਦਾ ਨਹੀਂ ਹੈ।

ਅਖੌਤੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਿਜੀ ਸਹਾਇਕ ਗੁਰਚਰਨ ਸਿੰਘ ਦੇ ਉਹ ਪੱਤਰ ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਅਮਰੀਕਾ ਅਤੇ ਇੰਗਲੈਂਡ ਵਿੱਚ ਰਹਿੰਦੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਮਰਥਕਾਂ ਬਾਰੇ ਸਰਕਾਰ ਨੂੰ ਸੂਚਿਤ ਕਰਨ ਅਤੇ ਡਾ: ਜਗਜੀਤ ਸਿੰਘ ਚੌਹਾਨ ਨਾਲ ਮਿਲਕੇ ਕੰਮ ਕਰਨ ਦੀ ਗੱਲ ਕਹੀ ਹੈ।

ਪਰ ਸੰਤ ਲੌਂਗੋਵਾਲ ਨੇ ਤਾਂ ਲੰਗੜਿਆਂ ਤੋਂ ਵੀ ਲੰਗੜਾ ਬਹਾਨਾ ਪੇਸ਼ ਕੀਤਾ। ਉਸਨੇ ਕਿਹਾ ਕਿ ਭੁੱਲਰ ਮੇਰੇ ਕੋਲ ਅੰਗਰੇਜ਼ੀ ਵਿੱਚ ਟਾਈਪ ਕੀਤਾ ਹੋਇਆ ਇਕ ਪੱਤਰ ਲੈ ਕੇ ਆਇਆ ਸੀ, ਜਿਸ ਨੂੰ ਮੈਂ ਪੜ੍ਹ ਨਹੀਂ ਸਕਦਾ ਸੀ। ਭੁੱਲਰ ਦੇ ਇਹ ਕਹਿਣ ਤੇ ਕਿ ਇਸ ਪੱਤਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ: ਭਾਨ ਸਿੰਘ ਨੇ ਦਸਤਖ਼ਤ ਕਰਵਾਉਣ ਵਾਸਤੇ ਭੇਜਿਆ ਸੀ, ਮੈਂ ਉਸ ਉੱਪਰ ਦਸਤਖ਼ਤ ਕਰ ਦਿੱਤੇ। ਮੈਂ ਸ੍ਰ: ਭਾਨ ਸਿੰਘ, ਜੋ ਮੇਰੇ ਨਿਜੀ ਮਿੱਤਰ ਸਨ, ਨੂੰ ਪੁੱਛਿਆ ਕਿ ਉਨ੍ਹਾਂ ਨੇ ਜਿਸ ਪੱਤਰ ਨੂੰ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਦਸਤਖ਼ਤ ਕਰਵਾਉਣ ਲਈ ਭੇਜਿਆ ਸੀ, ਉਸ ਵਿੱਚ ਕੀ ਲਿਖਿਆ ਹੋਇਆ ਸੀ। ਸ੍ਰ: ਭਾਨ ਸਿੰਘ ਨੇ ਜਵਾਬ ਦਿੱਤਾ ਕਿ ਉਹ ਇਸ ਬਾਰੇ ਨਹੀਂ ਜਾਣਦੇ। ਭੁੱਲਰ ਅਤੇ ਉਸਦੇ ਇਕ ਸਾਥੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਅੰਗਰੇਜ਼ੀ ਵਿੱਚ ਇਕ ਪੱਤਰ ਟਾਈਪ ਕਰਵਾਉਣਾ ਚਾਹੁੰਦੇ ਹਨ। ਕਿਉਂਕਿ ਸ੍ਰ: ਭਾਨ ਸਿੰਘ ਦੇ ਦਫ਼ਤਰ ਵਿੱਚ ਅੰਗਰੇਜ਼ੀ ਦਾ ਕੋਈ ਟਾਈਪ-ਰਾਈਟਰ ਜਾਂ ਕੁਸ਼ਲ ਟਾਈਪਿਸਟ ਨਹੀਂ ਸੀ, ਇਸਲਈ ਉਨ੍ਹਾਂ ਨੇ ਭੁੱਲਰ ਅਤੇ ਉਸਦੇ ਸਾਥੀ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸ੍ਰ: ਦਵਿੰਦਰ ਸਿੰਘ ਦੁੱਗਲ ਕੋਲ ਭੇਜ ਦਿੱਤਾ ਸੀ।

ਮੈਂ ਉਸ ਦਿਨ ਦਵਿੰਦਰ ਸਿੰਘ ਨਾਲ ਗੱਲ ਨਹੀਂ ਕਰ ਪਾਇਆ ਕਿਉਂਕਿ ਉਹ ਆਪਣੇ ਜਲੰਧਰ ਵਿਖੇ ਸਥਿਤ ਘਰ ਲਈ ਰਵਾਨਾ ਹੋ ਚੁੱਕਾ ਸੀ। ਫਿਰ ਘਟਨਾਵਾਂ ਬੜੀ ਤੇਜ਼ੀ ਨਾਲ ਘਟੀਆਂ ਅਤੇ ਮੈਨੂੰ ਸ੍ਰੀ ਦਰਬਾਰ ਸਾਹਿਬ ਤੇ ਜ਼ਾਲਮਾਨਾ ਹਮਲੇ ਦੇ ਕਾਫ਼ੀ ਬਾਅਦ ਤੱਕ ਦਵਿੰਦਰ ਸਿੰਘ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਉਸ ਸਮੇਂ ਤੱਕ ਇਹ ਪੱਤਰ ਵਿਦੇਸ਼ਾਂ ਵਿੱਚ ਪਹੁੰਚ ਚੁੱਕੇ ਸਨ ਅਤੇ ਸਾਰੀ ਦੁਨੀਆਂ ਦੇ ਸਿੱਖਾਂ ਦੀ ਚਰਚਾ ਦਾ ਵਿਸ਼ਾ ਬਣ ਗਏ ਸਨ। ਬਚਾਅ ਲਈ ਅਕਾਲੀਆਂ ਦੀ ਦਲੀਲ ਸੀ ਕਿ ਇਹ ਪੱਤਰ ਜਾਅਲੀ ਸਨ। ਦੁੱਗਲ ਨੇ ਜਵਾਬ ਦਿੱਤਾ ਕਿ ਪੱਤਰ ਨਕਲੀ ਨਹੀਂ ਸਨ ਅਤੇ ਉਸਨੇ ਇਨ੍ਹਾਂ ਪੱਤਰਾਂ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਹਿਣ ਤੇ ਟਾਈਪ ਕੀਤਾ ਸੀ। ਉਸਨੇ ਕਿਹਾ ਕਿ ਉਸ ਕੋਲ ਇਨ੍ਹਾਂ ਪੱਤਰਾਂ ਦੀ ਕਾਰਬਨ-ਕਾਪੀਆਂ ਰੱਖੀਆਂ ਹੋਈਆਂ ਹਨ ਅਤੇ ਇਨ੍ਹਾਂ ਪੱਤਰਾਂ ਦੇ ਇਲਾਵਾ ਉਸ ਕੋਲ ਅਕਾਲੀ ਦਲ ਦੇ ਸਿਖਰ ਦੇ ਨੇਤਾਵਾਂ ਨੂੰ ਦੋਸ਼ੀ ਠਹਿਰਾਉਣ ਵਾਲੇ ਅਜਿਹੇ ਹੋਰ ਬਹੁਤ ਸਾਰੇ ਪੱਤਰ ਹਨ। ਉਸਨੇ ਇਨ੍ਹਾਂ ਪੱਤਰਾਂ ਦੀ ਸਮੱਗਰੀ ਬਾਰੇ ਦਾ ਨਿਚੋੜ ਪੇਸ਼ ਕਰਦਿਆਂ ਅਰਥ-ਭਰਪੂਰ ਲਹਿਜ਼ੇ ਵਿੱਚ ਕਿਹਾ, ਇਹ ਪੱਤਰ ਤਾਂ ਸਿਰਫ਼ ਖਜ਼ਾਨੇ ਦਾ ਨਮੂਨਾ ਮਾਤਰ ਹਨ। ਜ਼ਾਹਿਰੀ ਤੌਰ ਤੇ ਉਸ ਕੋਲ ਕਹਿਣ ਲਈ ਹੋਰ ਬਹੁਤ ਕੁਝ ਸੀ। ਪਰ ਇਸ ਤੋਂ ਪਹਿਲਾਂ ਕਿ ਮੈਂ ਦਵਿੰਦਰ ਸਿੰਘ ਨੂੰ ਦੁਬਾਰਾ ਮਿਲ ਪਾਉਂਦਾ, ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ।

ਜਿਵੇਂ ਕਿ ਪਹਿਲਾਂ ਵੀ ਦੱਸ ਚੁੱਕਿਆਂ ਹਾਂ, ਮੇਰੇ ਨਾਲ ਅਚਾਨਕ ਮੁਲਾਕਾਤ ਹੋ ਜਾਣ ਤੇ ਜਨਰਲ ਭੁੱਲਰ ਸ਼ਾਇਦ 15 ਮਈ 1984 ਦੇ ਪੱਤਰ ਬਾਰੇ ਗੱਲ ਕਰ ਰਿਹਾ ਸੀ, ਜਿਸਨੂੰ ਸ੍ਰ: ਸ਼ੇਰ ਸਿੰਘ ਗਿੱਲ ਨੇ ਆਪਣੀ ਪੁਸਤਕ ਰਾਜ ਕਰੇਗਾ ਖ਼ਾਲਸਾ ਦੇ ਪੰਨਾ 156 ਤੇ ਪ੍ਰਕਾਸ਼ਿਤ ਕੀਤਾ ਹੈ। ਇਹ ਪੱਤਰ ਸੰਤ ਲੌਂਗੋਵਾਲ ਦੇ ਨਿਜੀ ਲੈਟਰ ਪੈਡ ਤੇ ਲਿਖਿਆ ਹੋਇਆ ਹੈ ਅਤੇ ਇਸ ਦਾ ਪੰਜਾਬੀ ਉਲਥਾ ਕੁਝ ਇਸ ਤਰ੍ਹਾਂ ਹੈ:


ਪਿਆਰੇ ਸਰਦਾਰ ਸਾਹਿਬ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਅਤੇ ਪ੍ਰੋ: ਮਨਜੀਤ ਸਿੰਘ ਸਿੱਧੂ ਮੌਜੂਦਾ ਹਾਲਾਤ ਅਤੇ ਵੱਖ-ਵੱਖ ਮੁੱਦਿਆਂ ਤੇ ਅਕਾਲੀ ਦਲ ਦਾ ਸਟੈਂਡ ਸਪਸ਼ਟ ਕਰਨ ਲਈ ਤੁਹਾਡੇ ਦੇਸ਼ ਆ ਰਹੇ ਹਨ। ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਦੇਸ਼ ਵਿੱਚ ਉਨ੍ਹਾਂ ਦੇ ਠਹਿਰਨ ਦੌਰਾਨ ਤੁਸੀਂ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਅਤੇ ਮਦਦ ਪ੍ਰਦਾਨ ਕਰੋ ਜੀ।

ਆਦਰ ਸਹਿਤ,
ਤੁਹਾਡਾ ਹਿਤੂ,
ਸਹੀ/-
ਸੰਤ ਹਰਚੰਦ ਸਿੰਘ ਲੌਂਗੋਵਾਲ


ਇਹ ਪੱਤਰ ਸੰਤ ਲੌਂਗੋਵਾਲ ਦੇ ਦੂਤਾਂ ਬਾਰੇ ਵਿਦੇਸ਼ੀ ਸਿੱਖਾਂ ਨੂੰ ਜਾਣਕਾਰੀ ਦੇਣ ਲਈ ਆਮ ਵੰਡਣ ਲਈ ਤਿਆਰ ਕੀਤਾ ਗਿਆ ਸੀ। ਇਸ ਪੱਤਰ ਨੂੰ ਅਮਰੀਕਾ ਅਤੇ ਇੰਗਲੈਂਡ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਦਿਖਾਇਆ ਗਿਆ ਸੀ। ਇਸ ਪੱਤਰ ਨੂੰ ਇੱਥੇ ਇਸ ਲਈ ਮੁੜ ਪੇਸ਼ ਕੀਤਾ ਗਿਆ ਹੈ ਕਿਉਂਕਿ ਇਹ ਸੁਭਾਵਿਕ ਤੌਰ ਤੇ ਤਿੰਨ ਹੋਰ ਪੱਤਰਾਂ (ਉਹ ਵੀ ਇੱਥੇ ਪੇਸ਼ ਕੀਤੇ ਜਾ ਰਹੇ ਹਨ) ਦੀ ਸਮੱਗਰੀ ਨੂੰ ਤਸਦੀਕ ਕਰਦਾ ਹੈ। ਮੈਨੂੰ ਇਹ ਲਿਖਦਿਆਂ ਬੜਾ ਕਸ਼ਟ ਹੋ ਰਿਹਾ ਹੈ ਕਿ ਇਹ ਪੱਤਰ ਸੰਪੂਰਨ ਅਕਾਲੀ ਲੀਡਰਸ਼ਿਪ ਨੂੰ, ਵਿਆਪਕ ਰੂਪ ਵਿੱਚ ਨਿੰਦੇ ਜਾਂਦੇ 19ਵੀਂ ਸਦੀ ਦੇ ਮੱਧ ਦੇ ਸਿੱਖਾਂ ਦੇ ਡੋਗਰੇ ਅਤੇ ਬ੍ਰਾਹਮਣ ਆਗੂਆਂ ਦੀ ਕਤਾਰ ਵਿੱਚ ਖੜਾ ਕਰ ਦਿੰਦੇ ਹਨ। ਮੈਨੂੰ ਇਹ ਲਿਖਦਿਆਂ ਹੋਰ ਵੀ ਕਸ਼ਟ ਹੁੰਦਾ ਹੈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ, ਜਿਨ੍ਹਾਂ ਨਾਲ ਮੇਰੇ ਲੰਬੇ ਸਮੇਂ ਤੋਂ ਸੰਬੰਧ ਰਹੇ ਸਨ ਅਤੇ ਮੇਰਾ ਖਿਆਲ ਸੀ ਕਿ ਉਹ ਗੱਦਾਰੀ ਨਹੀਂ ਕਰ ਸਕਦੇ, ਵੀ ਇਨ੍ਹਾਂ ਆਗੂਆਂ ਵਿਚੋਂ ਇਕ ਸਨ।

ਇਹ ਪੱਤਰ ਅਮਰੀਕਾ ਦੇ ਸ੍ਰ: ਤਰਸੇਮ ਸਿੰਘ ਵੱਲੋਂ ਮਾਰਚ 1986 ਵਿੱਚ ਕੀਤੀਆਂ ਗਈਆਂ ਫੋਟੋਕਾਪੀਆਂ ਦੀਆਂ ਨਕਲਾਂ ਹਨ। ਇਹ ਪੱਤਰ ਮੈਨੂੰ ਮੇਰੇ ਮਿੱਤਰ ਸ੍ਰ: ਜਗਦੇਵ ਸਿੰਘ ਖੁਦੀਆਂ ਨੇ ਦਿੱਤੇ ਸਨ, ਜਿਨ੍ਹਾਂ ਨੇ ਬਾਅਦ ਵਿੱਚ ਅਕਾਲੀ ਦਲ ਦੇ ਸੰਸਦ ਮੈਂਬਰ ਵਜੋਂ ਫਰੀਦਕੋਟ ਦੀ ਪ੍ਰਤੀਨਿਧਤਾ ਵੀ ਕੀਤੀ। ਸੰਸਦ ਮੈਂਬਰ ਵਜੋਂ ਚੋਣ ਹੋਣ ਉਪਰੰਤ ਜਗਦੇਵ ਸਿੰਘ ਖੁਦੀਆਂ ਦੀ ਰਹੱਸਮਈ ਹਾਲਾਤ ਵਿੱਚ ਮੌਤ ਹੋ ਗਈ ਸੀ। ਪਹਿਲਾਂ-ਪਹਿਲ ਇਹ ਸੋਚਿਆ ਗਿਆ ਕਿ ਉਸਨੇ ਆਤਮ-ਹੱਤਿਆ ਕਰ ਲਈ ਸੀ। ਰਾਜਸਥਾਨ ਨਹਿਰ, ਜਿੱਥੇ ਉਸਦੀ ਲਾਸ਼ ਪਾਈ ਗਈ ਸੀ, ਵਿੱਚ ਉਸਦੇ ਲੀੜੇ-ਲੱਤੇ ਕੁਝ ਇਸ ਤਰ੍ਹਾਂ ਵਿਵਸਥਤ ਕੀਤੇ ਗਏ ਸਨ, ਜਿਸ ਨਾਲ ਇਹ ਪ੍ਰਭਾਵ ਪਏ ਕਿ ਉਹ ਨਹਿਰ ਕੋਲ ਆਤਮ-ਹੱਤਿਆ ਕਰਨ ਦੇ ਇਰਾਦੇ ਨਾਲ ਆਇਆ ਸੀ। ਉਨ੍ਹਾਂ ਦੇ ਪਰਿਵਾਰ ਦਾ ਵਿਸ਼ਵਾਸ ਸੀ ਅਤੇ ਉਨ੍ਹਾਂ ਨੇ ਪ੍ਰਚਾਰ ਵੀ ਕੀਤਾ ਕਿ ਇਸੇ ਜ਼ਿਲ੍ਹੇ ਤੋਂ ਸ੍ਰ: ਜਗਦੇਵ ਸਿੰਘ ਖੁਦੀਆਂ ਦੇ ਸਿਆਸੀ ਸ਼ਰੀਕਾਂ ਨੇ ਪੁਲਿਸ ਦੀ ਮਦਦ ਨਾਲ ਉਸਦਾ ਕਤਲ ਕਰ ਦਿੱਤਾ ਸੀ। ਇਸ ਘਟਨਾ ਵਿੱਚ ਹੋਈ ਲੰਮੀ ਜਾਂਚ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਦੋ ਹੋਰ ਪੱਤਰਾਂ ਦਾ ਪੰਜਾਬੀ ਅਨੁਵਾਦ

ਸ੍ਰੀ ਆਰ.ਐਨ. ਰਾਓ
ਕੈਬਿਨੇਟ ਸਕੱਤਰੇਤ (ਸੁਰੱਖਿਆ)
ਬੀਕਾਨੇਰ ਹਾਊਸ, ਸ਼ਾਹਜਹਾਂ ਰੋਡ,
ਨਵੀਂ ਦਿੱਲੀ

ਆਦਰਯੋਗ ਸ੍ਰੀਮਾਨ ਜੀ,

ਕੱਲ ਮੈਨੂੰ ਸ੍ਰੀ ਮਿਹਤਾਨੀ ਮਿਲੇ ਅਤੇ ਤੁਹਾਡਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਤੇ ਕੰਮ ਕਰ ਰਹੇ ਹੋ। ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਡਾ: ਜਗਜੀਤ ਸਿੰਘ ਚੌਹਾਨ ਤੁਹਾਡੇ ਨਾਲ ਕੰਮ ਕਰਨ ਲਈ ਮੰਨ ਗਏ ਹਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਉਨ੍ਹਾਂ ਨੂੰ (ਡਾ: ਚੌਹਾਨ ਨੂੰ) ਪਹਿਲਾਂ ਹੀ ਰਕਮ ਅਦਾ ਕਰ ਚੁੱਕੇ ਹੋ।

ਕੱਲ ਰਾਤ ਡਾ: ਚੌਹਾਨ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਸਾਡੇ ਨਾਲ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਯੋਜਨਾ ਤੇ ਅੱਗੇ ਕਾਰਵਾਈ ਕਰ ਸਕਦੇ ਹਾਂ ਅਤੇ ਉਹ ਉਹੀ ਕਰਨਗੇ, ਜੋ ਅਸੀਂ ਉਨ੍ਹਾਂ ਨੂੰ ਕਰਨ ਲਈ ਕਹਾਂਗੇ। ਉਨ੍ਹਾਂ ਨੇ ਕੈਨੇਡਾ ਦੇ ਇਕ ਪੱਤਰਕਾਰ ਨਾਲ ਪਹਿਲਾਂ ਹੀ ਸੌਦਾ ਕਰ ਲਿਆ ਹੈ ਅਤੇ ਰਕਮ ਅਦਾਇਗੀ ਦਾ ਧਿਆਨ ਰੱਖਣਗੇ। ਉਹ ਇੰਗਲੈਂਡ ਦੇ ਇਕ ਪੱਤਰਕਾਰ ਨਾਲ ਵੀ ਅਜਿਹਾ ਹੀ ਸੌਦਾ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਭਿੰਡਰਾਂਵਾਲੇ ਦਾ ਇਕ ਆਦਮੀ ਹੁਣ ਉਨ੍ਹਾਂ ਨਾਲ ਇੰਗਲੈਂਡ ਵਿੱਚ ਕੰਮ ਕਰ ਰਿਹਾ ਹੈ। ਉਹ ਡਾ: ਚੌਹਾਨ ਨੂੰ ਸੰਤ ਭਿੰਡਰਾਂਵਾਲਿਆਂ ਦੇ ਆਦਮੀਆਂ ਦੀਆਂ ਗਤੀਵਿਧੀਆਂ ਬਾਰੇ ਸਾਰੀ ਜਾਣਕਾਰੀ ਦੇ ਰਿਹਾ ਹੈ। ਇੰਗਲੈਂਡ ਅਤੇ ਅਮਰੀਕਾ ਵਿੱਚ ਸੰਤ ਭਿੰਡਰਾਂਵਾਲੇ ਦੇ ਕੁਝ ਬਹੁਤ ਹੀ ਕੱਟਰ ਸਮਰਥਕ ਹਨ ਅਤੇ ਇਸਲਈ ਸਾਨੂੰ ਉਨ੍ਹਾਂ ਦੇ ਬਾਰੇ ਕੁਝ ਕਰਨਾ ਪਏਗਾ। ਸ੍ਰੀ ਮਿਹਤਾਨੀ ਤੁਹਾਨੂੰ ਸਾਡੀ ਯੋਜਨਾ ਦੀਆਂ ਤਰੀਕਾਂ ਬਾਰੇ ਦੱਸ ਦੇਣਗੇ।

ਆਪਜੀ ਦਾ ਸ਼ੁਭਚਿੰਤਕ,
ਸਹੀ/-
22 ਫਰਵਰੀ 1984 ਗੁਰਚਰਨ ਸਿੰਘ


ਸ੍ਰੀ ਆਰ.ਕੇ. ਧਵਨ,
1, ਸਫ਼ਦਰਜੰਗ ਰੋਡ,
ਨਵੀਂ ਦਿੱਲੀ

ਆਦਰਯੋਗ ਸ੍ਰੀਮਾਨ,

ਅੱਜ ਮੈਨੂੰ ਸ੍ਰੀ ਪ੍ਰਭੂ ਦਿਆਲ ਸਿੰਘ ਮਿਲੇ ਸਨ ਅਤੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਤੁਹਾਡੀ ਮਦਦ ਨਾਲ ਅਮਰੀਕਾ ਦੇ ਸ੍ਰ: ਗੰਗਾ ਸਿੰਘ ਢਿੱਲੋਂ ਨਾਲ ਇਕ ਸੌਦਾ ਕੀਤਾ ਹੈ। ਜਿਵੇਂ ਕਿ ਮੈ ਤੁਹਾਡੇ ਨਾਲ ਮੁਲਾਕਾਤ ਵੇਲੇ ਦੱਸਿਆ ਸੀ ਕਿ ਗੰਗਾ ਸਿੰਘ ਢਿੱਲੋਂ ਲਈ ਤਕੜਾ ਮੁੱਲ ਤਾਰਨਾ ਪਏਗਾ ਅਤੇ ਤੁਹਾਡਾ ਇਹ ਕਹਿਣਾ ਠੀਕ ਹੈ ਕਿ ਪੈਸਾ ਕੁਝ ਵੀ ਕਰਵਾ ਸਕਦਾ ਹੈ। ਉਹ ਅਮਰੀਕਾ ਦੇ ਸਿੱਖਾਂ ਨੂੰ ਕੁਝ ਸਮੇਂ ਤੱਕ ਬੇਤਰਤੀਬ ਰੱਖ ਸਕਦਾ ਹੈ ਕਿਉਂਕਿ ਉਹ ਇਕ ਚੰਗਾ ਐਕਟਰ ਹੈ। ਉਹ ਸਾਨੂੰ ਅਮਰੀਕਾ ਵਿੱਚ ਭਿੰਡਰਾਂਵਾਲੇ ਦੇ ਆਦਮੀਆਂ ਦੀ ਲਿਸਟ ਵੀ ਮੁਹੱਈਆ ਕਰਵਾ ਸਕਦਾ ਹੈ। ਅਸੀਂ ਇਕ ਆਦਮੀ ਬਾਰੇ ਜਿਹੜੀ ਗੱਲ ਕੀਤੀ ਸੀ, ਉਸਦਾ ਧਿਆਨ ਰੱਖਿਆ ਜਾਏਗਾ। ਸਾਰੇ ਪ੍ਰਬੰਧ ਬਹੁਤ ਛੇਤੀ ਹੋ ਜਾਣਗੇ। ਰਕਮ ਦੀ ਅਦਾਇਗੀ ਕੰਮ ਪੂਰਾ ਹੋ ਜਾਣ ਤੇ ਕੀਤੀ ਜਾਏਗੀ। ਮੈਨੂੰ ਯਕੀਨ ਹੈ ਕਿ ਸਾਡੀ ਯੋਜਨਾ ਸਫ਼ਲ ਹੋਏਗੀ। ਸ੍ਰੀ ਪ੍ਰਭੂ ਦਿਆਲ ਸਿੰਘ ਤੁਹਾਨੂੰ ਇਸ ਯੋਜਨਾ ਬਾਰੇ ਵਿਸਥਾਰ ਵਿੱਚ ਦੱਸਣਗੇ।

ਆਪਜੀ ਦਾ ਸ਼ੁਭਚਿੰਤਕ,
ਸਹੀ/-
25 ਅਪ੍ਰੈਲ 1984 ਗੁਰਚਰਨ ਸਿੰਘ


ਸ੍ਰੀ ਆਰ.ਕੇ. ਧਵਨ,
1, ਸਫ਼ਦਰਜੰਗ ਰੋਡ,
ਨਵੀਂ ਦਿੱਲੀ

ਸਨਮਾਨਜਨਕ ਸ੍ਰੀ ਧਵਨ ਸਾਹਿਬ,

ਜਿਵੇਂ ਕਿ ਤੁਸੀਂ ਜਾਣਦੇ ਹੋ, ਸ੍ਰ: ਗੁਰਚਰਨ ਸਿੰਘ ਜੀ ਦੀ ਜ਼ਿੰਦਗੀ ਭਾਰੀ ਖਤਰੇ ਵਿੱਚ ਹੈ। ਇਸਲਈ ਮੈਂ ਤੁਹਾਨੂੰ ਇਹ ਖ਼ਤ ਲਿਖ ਰਿਹਾ ਹਾਂ। ਜਰਨੈਲ ਸਿੰਘ ਹਾਰ ਨਹੀਂ ਮੰਨੇਗਾ ਅਤੇ ਮੇਰੀ ਤੀਬਰ ਇੱਛਾ ਹੈ ਕਿ ਸਾਨੂੰ ਉਹੀ ਕਰਨਾ ਪਏਗਾ, ਜਿਸਦੀ ਯੋਜਨਾ ਅਸੀਂ ਪਹਿਲਾਂ ਬਣਾਈ ਸੀ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਇਸ ਬਾਰੇ ਤੁਹਾਨੂੰ ਵਿਸਥਾਰ ਵਿੱਚ ਸਮਝਾ ਚੁੱਕੇ ਹਨ। ਭਿੰਡਰਾਂਵਾਲੇ ਦੇ ਬਹੁਤ ਸਾਰੇ ਆਦਮੀ, ਅਤੇ ਵੱਡੀ ਸੰਭਾਵਨਾ ਹੈ ਕਿ ਉਹ ਖ਼ੁਦ ਵੀ, ਫੌਜ ਨੂੰ ਵੇਖਦਿਆਂ ਹੀ ਦੌੜ ਜਾਣਗੇ।

ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਅਤੇ ਪ੍ਰੋ: ਮਨਜੀਤ ਸਿੰਘ ਸਿੱਧੂ ਅਮਰੀਕਾ ਜਾਣ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਨੂੰ ਸਾਰੇ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਉਹ ਅਮਰੀਕਾ ਜਾਣ ਤੋਂ ਪਹਿਲਾਂ ਤੁਹਾਨੂੰ ਮਿਲਣ ਆਉਣਗੇ। ਸਾਰੇ ਮਾਇਕ ਪ੍ਰਬੰਧ ਕਰ ਦਿੱਤੇ ਗਏ ਹਨ। ਅਮਰੀਕਾ ਦੇ ਸ੍ਰ: ਦੀਦਾਰ ਸਿੰਘ ਬੈਂਸ ਅਤੇ ਡਾ: ਜਗਜੀਤ ਸਿੰਘ ਚੌਹਾਨ ਉਨ੍ਹਾਂ ਨਾਲ ਕੰਮ ਕਰਨਗੇ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਜੱਥੇਬੰਦਕ ਹੋਣ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਮਰਥਨ ਦੇਣ ਤੋਂ ਪਹਿਲਾਂ ਹੀ ਰੋਕ ਦੇਣ। ਕ੍ਰਿਪਾ ਕਰਕੇ ਆਪਣੇ ਆਦਮੀਆਂ ਨੂੰ ਕਹੋ ਕਿ ਉਹ ਇਨ੍ਹਾਂ ਵਿਅਕਤੀਆਂ ਨੂੰ ਹਰ ਤਰੀਕੇ ਨਾਲ ਹਰ ਸੰਭਵ ਮਦਦ ਕਰਨ।

ਅਸੀਂ ਤੁਹਾਨੂੰ ਛੇਤੀ ਹੀ ਉਨ੍ਹਾਂ ਸਿੱਖਾਂ ਦੇ ਨਾਮ ਮੁਹੱਈਆ ਕਰਵਾ ਦਿਆਂਗੇ ਜੋ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਸੰਤ ਜਰਨੈਲ ਸਿੰਘ ਨੂੰ ਸਮਰਥਨ ਦਿੰਦੇ ਹਨ। ਮੈਨੂੰ ਯਕੀਨ ਹੈ ਕਿ ਸਾਡੀ ਯੋਜਨਾ ਕੰਮ ਕਰੇਗੀ ਅਤੇ ਇਹ ਸਮੱਸਿਆ ਬਹੁਤ ਛੇਤੀ ਖ਼ਤਮ ਹੋ ਜਾਏਗੀ।
ਆਪਜੀ ਦਾ ਬਹੁਤ ਸ਼ੁਭਚਿੰਤਕ,
ਸਹੀ/-
25 ਅਪ੍ਰੈਲ 1984 ਸੰਤ ਹਰਚੰਦ ਸਿੰਘ ਲੌਂਗੋਵਾਲ


ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲਿਖਿਆ ਗਿਆ ਪੱਤਰ, ਜਿਸ ਰਾਹੀਂ ਉਸ ਨੇ ਅਕਾਲੀ ਦਲ ਦੀਆਂ ਕਾਰਵਾਈਆਂ ਤੋਂ ਦੂਰ ਰਹਿਣ ਅਤੇ ਬਾਬਾ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਵਿਰੋਧ ਜਾਰੀ ਰੱਖਣ ਦਾ ਵਚਨ ਦਿੱਤਾ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਇੰਦਰਾ ਗਾਂਧੀ ਦੇ ਨਿਜੀ ਸਹਾਇਕ ਆਰ.ਕੇ. ਧਵਨ ਨੂੰ ਲਿਖਿਆ ਪੱਤਰ, ਜਿਸ ਵਿੱਚ ਨਾ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਦੀ ਕੇਂਦਰੀ ਸਰਕਾਰ ਨਾਲ ਗੰਢ-ਤੁੱਪ ਬਾਰੇ ਇੰਕਸ਼ਾਫ਼ ਕੀਤਾ ਗਿਆ ਬਲਕਿ ਇਹ ਦਾਅਵਾ ਵੀ ਕੀਤਾ ਗਿਆ ਕਿ ਭਿੰਡਰਾਂਵਾਲੇ ਦੇ ਆਦਮੀ ਫੌਜ ਨੂੰ ਦੇਖਦਿਆਂ ਹੀ ਨੱਸ ਜਾਣਗੇ।

ਅਖੌਤੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਿਜੀ ਸਹਾਇਕ ਗੁਰਚਰਨ ਸਿੰਘ ਦੇ ਉਹ ਪੱਤਰ ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਅਮਰੀਕਾ ਅਤੇ ਇੰਗਲੈਂਡ ਵਿੱਚ ਰਹਿੰਦੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਮਰਥਕਾਂ ਬਾਰੇ ਸਰਕਾਰ ਨੂੰ ਸੂਚਿਤ ਕਰਨ ਅਤੇ ਡਾ: ਜਗਜੀਤ ਸਿੰਘ ਚੌਹਾਨ ਨਾਲ ਮਿਲਕੇ ਕੰਮ ਕਰਨ ਦੀ ਗੱਲ ਕਹੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top