Share on Facebook

Main News Page

1984 ਸਿੱਖ ਨਸਲਕੁਸ਼ੀ
- ਸ. ਕੁਲਵੰਤ ਸਿੰਘ ਕਾਵੈਂਟਰੀ, ਯੂ.ਕੇ.

• ਸ੍ਰੀ ਅਕਾਲ ਤਖਤ ਨੂੰ ਕਿਲੇ ਦਾ ਰੂਪ ਕਿਓਂ ਦਿੱਤਾ ਗਿਆ ?
• ਸਿਆਸੀ ਧਰਮ ਯੁੱਧ ਗਰਮ ਯੁੱਧ ਵਿਚ ਕਿਵੇਂ ਬਦਲਿਆ ??
• ਕੀ ਹੈ ਭਾਰਤੀ ਫੌਜ ਅਤੇ ਹੁਕਮਰਾਨਾਂ ਦਾ ਅਸਲ ਚਿਹਰਾ ???
• ਕੀ ਹੈ ਅੱਜ ਦੇ ਖਾਲਿਸਤਾਨੀਆਂ ਦਾ ਅਸਲ ਚਿਹਰਾ ????

ਸੰਨ 1984 ਦੇ ਦਰਬਾਰ ਸਾਹਿਬ ਦੇ ਘੱਲੂਘਾਰੇ ਬਾਰੇ ਸਭ ਤੋਂ ਵੱਧ ਸੰਵੇਦਨਸ਼ੀਲ ਮੁੱਦੇ ਤੇ ਸਿੱਖ ਚਿੰਤਕਾਂ ਨੇ ਬਹੁਤ ਘੱਟ ਲਿਖਿਆ ਹੈ ਅਤੇ ਜਿੰਨਾਂ ਕੁ ਲਿਖਿਆ ਹੈ ਉਹ ਵੀ ਮਨ ਦੇ ਵਲਵਲੇ ਨਾਲ ਹੀ ਲਿਖਿਆ ਹੈ ਨਾਂ ਕਿ ਤਰਕ ਵਿਤਰਕ ਅਤੇ ਵਿਵੇਕ ਦੀ ਕਸੌਟੀ ਤੋਂ ਪਰਖ ਕੇ । ਦਰਬਾਰ ਸਾਹਿਬ ਦੇ ਘੱਲੂਘਾਰੇ ਸਬੰਧੀ ਸਿੱਖ ਨਜ਼ਰੀਏ ਨੂੰ ਤਿੰਨਾਂ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

ਪਹਿਲਾ ਵੱਡਾ ਵਰਗ ਉਹਨਾਂ ਸਿੱਖਾ ਦਾ ਹੈ ਜੋ ਕਿ ਸਰਕਾਰ ਨੂੰ ਦੋਸ਼ੀ ਮੰਨਦਾ ਹੈ ਜਿਸ ਨੇ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਤੋਂ ਇਨਕਾਰ ਕਰਕੇ ਹਾਲਾਤਾਂ ਨੂੰ ਇਸ ਹੱਦ ਤੇ ਆਉਣ ਦਿੱਤਾ। ਸਿੱਖਾਂ ਦਾ ਇਹ ਇਹ ਵਰਗ ਸੰਤ ਜਰਨੈਲ ਸਿੰਘ ਦੇ ਪੈਂਤੜੇ ਨੂੰ ਜਾਇਜ਼ ਕਰਾਰ ਦਿੰਦਾ ਹੈ ।

ਦੂਜਾ ਵਰਗ ਚੁਰਾਸੀ ਦੇ ਦੁਖਾਂਤ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ਮੜ੍ਹਦਾ ਹੈ ਕਿ ਜੇਕਰ ਉਹ ਦਰਬਾਰ ਸਾਹਿਬ ਸਮੂਹ ਨੂੰ ਕਿਲੇ ਦਾ ਰੂਪ ਨਾਂ ਦੇ ਕੇ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਨਾਂ ਲਲਕਾਰਦੇ ਤਾਂ ਚੁਰਾਸੀ ਦਾ ਭਾਣਾਂ ਨਹੀਂ ਸੀ ਵਾਪਰਨਾਂ । ਇਹ ਵਰਗ ਸੰਤਾਂ ਦੇ ਨਾਮ ਨੂੰ ਕਾਂਗਰਸ ਨਾਲ ਵੀ ਜੋੜਦਾ ਹੈ ।

ਸਿੱਖਾਂ ਦਾ ਇੱਕ ਐਸਾ ਤੀਸਰਾ ਵਰਗ ਵੀ ਹੈ ਜੋ ਕਿ ਦਬਵੀਂ ਸੁਰ ਵਿਚ ਸੰਤਾਂ ਦੇ ਪੈਂਤੜੇ ਦੀ ਅਲੋਚਨਾਂ ਕਰਦਾ ਹੈ ਅਤੇ ਨਾਲ ਦੀ ਨਾਲ ਸਰਕਾਰ ਨੂੰ ਵੀ ਭੰਡਦਾ ਹੈ । ਇਹ ਵਰਗ ਚੁਰਾਸੀ ਦੇ ਦੁਖਾਂਤ ਨੂੰ ਪੰਜਾਬ ਅਤੇ ਸੈਂਟਰ ਦੇ ਆਗੂਆਂ ਦੀ ਤੰਗ ਨਜ਼ਰੀ ਅਤੇ ਖੁਦਗਰਜ਼ ਰਾਜਨੀਤੀ ਦੇ ਨਾਮ ਵੀ ਮੜ੍ਹਦਾ ਹੈ ।

ਹੁਣ ਸਵਾਲ ਉੱਠਦਾ ਹੈ ਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ?

ਚੁਰਾਸੀ ਦੇ ਦਰਬਾਰ ਸਾਹਿਬ ਦੇ ਘੱਲੂਘਾਰੇ ਸਬੰਧੀ ਅਤੇ ਦਿੱਲੀ ਦੇ ਸਿੱਖ ਕਤਲੇਆਮ ਸਬੰਧੀ ਕੌਮਾਂਤਰੀ ਚੇਤਨਾ ਹਮੇਸ਼ਾਂ ਚੁੱਪ ਰਹੀ ਹੈ । ਅਸੀਂ ਇਹ ਅੰਦਾਜ਼ਾ ਤਾਂ ਲਾ ਹੀ ਸਕਦੇ ਹਾਂ ਕਿ ਦਰਬਾਰ ਸਾਹਿਬ ਅਤੇ ਦਿੱਲੀ ਦੇ ਸਾਕਿਆਂ ਸਬੰਧੀ ਕੌਮਾਂਤਰੀ ਚੇਤਨਾਂ ਸਿੱਖਾਂ ਨੂੰ ਸੱਤਵਾਦੀ ਮੰਨਦੀ ਹੈ ਜਾਂ ਅੱਤਵਾਦੀ ? ਵੈਸੇ ਤਾਂ ਅਜ਼ਾਦੀ ਪਸੰਦ ਸਾਰੇ ਹੀ ਬਾਗੀ ਲੋਕ ਮੌਕੇ ਦੀਆਂ ਸਰਕਾਰਾਂ ਦੀ ਨਜ਼ਰ ਵਿਚ ਅੱਤਵਾਦੀ ਹੀ ਹੋਇਆ ਕਰਦੇ ਹਨ ਪਰ ਧਰਮ ਯੁੱਧ ਮੋਰਚਾ ਪੰਜਾਬ ਜਾਂ ਸਿੱਖਾਂ ਦੀ ਅਜ਼ਾਂਦੀ ਲਈ ਨਹੀਂ ਸਗੋਂ ਪੰਜਾਬ ਵਿਚ ਰਹਿ ਰਹੇ ਸਿੱਖਾਂ ਅਤੇ ਪੰਜਾਬੀਆਂ ਦੇ ਹੱਕਾਂ ਲਈ ਲਾਇਆ ਗਿਆ ਸੀ । ਸ਼ਾਇਦ ਭਾਰਤ ਦਾ ਕੌਮੀ ਚਿੰਤਨ ਅਤੇ ਦੁਨੀਆਂ ਦੀ ਕੌਮਾਂਤਰੀ ਚੇਤਨਾ ਇਸ ਮੁੱਦੇ ਤੇ ਇੱਕ ਸੁਰ ਹੀ ਹੋਵੇ ਕਿ ਕਿਓਂਕਿ ਸਿੱਖ ਨੌਜਵਾਨਾਂ ਨੇ ਆਪਣੇ ਆਗੂ ਸੰਤ ਭਿੰਡਰਾਂਵਾਲਿਆਂ ਦੇ ਆਦੇਸ਼ਾਂ ਤੇ ਸਰਕਾਰ ਵਿਰੁਧ ਬਗਾਵਤ ਕੀਤੀ ਤਾਂ ਇਸ ਕਾਰਨ ਹੀ ਦਰਬਾਰ ਸਾਹਿਬ ਦਾ ਸਾਕਾ ਵਰਤਿਆ ਅਤੇ ਇਸੇ ਦੇ ਪ੍ਰਤੀਕਰਮ ਵਿਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਦਾ ਵਹਿਸ਼ੀ ਕਤਲੇਆਮ ਵੀ ਹੋਇਆ ! ਪਰ ਕੀ ਇਸ ਕਿਸਮ ਦੀ ਸੋਚ ਮੁਨਾਸਿਬ ਹੈ ਜਾਂ ਗੈਰ ਮੁਨਾਸਿਬ ? ਕਿ ਸਚਾਈ ਇਸ ਤੋਂ ਬਿਨਾਂ ਕੁਝ ਹੋਰ ਵੀ ਹੈ ?

ਬੇਸ਼ੱਕ ਭਾਰਤ ਦੀ ਅਜ਼ਾਦੀ ਤੋਂ ਬਾਅਦ ਭਾਰਤ ਦੇ ਆਗੂਆਂ ਦਾ ਵਰਤਾਵਾ ਸਿੱਖਾਂ ਪ੍ਰਤੀ ਅਕ੍ਰਿਤਘਣਤਾ ਦਾ ਹੀ ਸੀ ਪਰ ਸਿੱਖਾਂ ਦੀ ਵਫਾਦਾਰੀ ਭਾਰਤ ਪ੍ਰਤੀ ਫਿਰ ਵੀ ਬਣੀ ਰਹੀ । ਸਿੱਖਾਂ ਉੱਤੇ ਨਾਮਨਜ਼ੂਰ ਭਾਰਤੀ ਸੰਵਿਧਾਨ ਜਬਰੀ ਲੱਦਿਆ ਗਿਆ; ਭਾਰਤੀ ਸੰਵਿਧਾਨ ਵਿਚ ਸਿੱਖਾਂ ਨੂੰ ਜੈਨੀਆਂ ਅਤੇ ਬੋਧੀਆਂ ਵਾਂਗ ਹੀ ਹਿੰਦੂ ਧਰਮ ਦੀ ਇੱਕ ਅੰਗ ਮੰਨਿਆਂ ਗਿਆ ; ਬਾਕੀ ਦੇਸ਼ ਵਾਂਗ ਪੰਜਾਬ ਦਾ ਬੋਲੀ ਦੇ ਅਧਾਰ ਤੇ ਗਠਨ ਕਰਨ ਤੋਂ ਇਨਕਾਰ ਕੀਤਾ ਗਿਆ ; ਪੰਜਾਬ ਨੂੰ ਰਾਜਧਾਨੀ ਵੀ ਨਾਂ ਦਿੱਤੀ ਗਈ ; ਪੰਜਾਬ ਦੇ ਪਾਣੀਆਂ ਨੂੰ ਬਿਨਾਂ ਮੁਆਵਜ਼ੇ ਗਵਾਂਢੀ ਰਾਜਾਂ ਨੂੰ ਜਬਰੀ ਦੇ ਦਿੱਤਾ ਗਿਆ ; ਸਿੱਖਾਂ ਦਾ ਅਧਾਰ ਕਮਜ਼ੋਰ ਕਰਨ ਲਈ ਦੇਹਧਾਰੀ ਗੁਰੂ ਡੰਮ ਨੂੰ ਅੰਧਾਧੁੰਦ ਉਤਸ਼ਾਹਤ ਕੀਤਾ ਗਿਆ ਅਤੇ ਭਾਰਤ ਦਾ ਵੋਟ ਬੈਂਕ ਲੈਣ ਲਈ ਘੱਟ ਗਿਣਤੀ ਸਿੱਖਾਂ ਨੂੰ ਦਾਅ ਤੇ ਲਾਅ ਦਿਤਾ ਗਿਆ ਪਰ ਸਿੱਖ ਸਮੂਹ ਦੀ ਭਾਰਤ ਨਾਲੋਂ ਵਫਾਦਾਰੀ ਨਾਂ ਟੁੱਟੀ । ਪਾਕਿਸਤਾਨ ਨਾਲ ਕਸ਼ਮੀਰ ਅਤੇ ਬੰਗਲਾ ਦੇਸ਼ ਵਰਗੀਆਂ ਜੰਗਾਂ ਵਿਚ ਸਿੱਖਾਂ ਦੀ ਵਫਾਦਾਰੀ ਭਾਰਤ ਨਾਲ ਬਣੀ ਰਹੀ ਅਤੇ ਇਹਨਾ ਜੰਗਾਂ ਨੂੰ ਜਿੱਤਣ ਦਾ ਸਿਹਰਾ ਵੀ ਸਿੱਖਾਂ ਸਿਰ ਰਿਹਾ । ਇਹ ਇੱਕ ਦਰਬਾਰ ਸਾਹਿਬ ਤੇ ਹਮਲਾ ਹੀ ਸੀ ਕਿ ਸਿੱਖਾਂ ਦਾ ਇੱਕ ਵਰਗ ਹਮੇਸ਼ਾਂ ਹਮੇਸ਼ਾਂ ਵਾਸਤੇ ਭਾਰਤ ਤੋਂ ਨਿਰਾਸ਼ ਹੋ ਗਿਆ । ਹੁਣ ਸਵਾਲਾਂ ਦਾ ਸਵਾਲ ਹੈ ਕਿ ਕਿਹਨਾਂ ਹਾਲਾਤਾਂ ਕਾਰਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਅਤੇ ਇਸ ਸਬੰਧੀ ਜਿੰਮੇਵਾਰ ਕੌਣ ਸੀ ? ਦਰਬਾਰ ਸਾਹਿਬ ਦੇ ਹਮਲੇ ਦਾ ਮੁਖ ਦੋਸ਼ ਕੀ ਇੰਦਰਾਂ ਗਾਂਧੀ ਦੇ ਸਿਰ ਜਾਂਦਾ ਹੈ ਜੋ ਕਿ ਇੱਕ ਪਾਸੇ ਤਾਂ ਦੁਨੀਆਂ ਨੂੰ ਇਹ ਯਕੀਨ ਦੇ ਰਹੀ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰੇਗੀ ਅਤੇ ਦੂਜੇ ਪਾਸੇ ਦੂਨ ਵੈਲੀ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੌਜੀ ਮਸ਼ਕਾਂ ਵੀ ਕਰਵਾ ਰਹੀ ਸੀ ਅਤੇ ਜਨਰਲ ਸਿਨਹਾ ਅਤੇ ਹੋਰ ਕਈ ਜ਼ਿੰਮੇਵਾਰ ਸ਼ਖਸੀਅਤਾਂ ਅਨੁਸਾਰ ਇਹ ਸਭ ਕੁਝ ਹਮਲੇ ਤੋਂ ਡੇੜ ਸਾਲ ਪਹਿਲਾ ਹੀ ਹੋ ਰਿਹਾ ਸੀ । ਦਰਬਾਰ ਸਾਹਿਬ ਦੇ ਹਮਲੇ ਦਾ ਦੋਸ਼ ਕੀ ਅਕਾਲੀਆਂ ਸਿਰ ਜਾਂਦਾ ਹੈ ਜਿਹਨਾਂ ਨੇ ਕਿ ਉਹਨਾਂ ਨਾਜ਼ੁਕ ਦਿਨਾਂ ਵਿਚ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰਾਂ ਨਹੀਂ ਨਿਭਾਇਆ ਅਤੇ ਧਰਮ ਯੁੱਧ ਦਾ ਅਪਹਰਣ ਹੋ ਲੈਣ ਦਿੱਤਾ ਜਾਂ ਫਿਰ ਕੀ ਇਸ ਹਮਲੇ ਦੇ ਦੋਸ਼ੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਨ ਜਿਹਨਾਂ ਨੇ ਕਿ ਨੌਜਵਾਨਾਂ ਨੂੰ ਕਾਨੂੰਨ ਹੱਥ ਵਿਚ ਲੈਣ ਲਈ ਪ੍ਰੇਰਿਆ ਅਤੇ ਜਨਰਲ ਸੁਬੇਗ ਸਿੰਘ ਦੀ ਅਗਵਾਈ ਵਿਚ ਸ੍ਰੀ ਅਕਾਲ ਤਖਤ ਨੂੰ ਇੱਕ ਕਿਲੇ ਦਾ ਰੂਪ ਦੇ ਦਿੱਤਾ ਤਾਂ ਕਿ ਇੰਦਰਾਂ ਨੂੰ ਹਮਲਾ ਕਰਨ ਦਾ ਕਾਰਨ ਮਿਲ ਜਾਵੇ ? ਕੀ ਹੈ ਸੱਚਾਈ ਦਰਬਾਰ ਸਾਹਿਬ ਦੇ ਹਮਲੇ ਦੀ ?

ਇਹਨੀ ਦਿਨੀ ਮੈਂ ਅਨੇਕਾਂ ਹੋਰ ਹਵਾਲਿਆਂ ਦੇ ਨਾਲ ਨਾਲ ਪੰਜਾਬ ਸਿਵਲ ਸਰਵਿਸ ਦੇ ਰਹਿ ਚੁੱਕੇ ਅਫਸਰ ਸ਼੍ਰੀ ਏ. ਆਰ. ਦਰਸ਼ੀ ਦੀ ਸੰਤ ਭਿੰਡਰਾਵਾਲਿਆਂ ਸਬੰਧੀ ਲਿਖੀ ਹੋਈ ਪੁਸਤਕ ‘ਦਾ ਗੈਲੇਂਟ ਡਿਫੈਂਡਰ’ ਦਾ ਪੰਜਾਬੀ ਰੂਪ ‘ਜਾਂਬਾਜ਼ ਰਾਖਾ’ ਬਹੁਤ ਧਿਆਨ ਨਾਲ ਪੜ੍ਹੀ । ਇਸ ਅਫਸਰ ਨੂੰ ਜੁਡੀਸ਼ੀਅਲ ਮੈਜਿਸਟਰੇਟ, ਐਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਜਾਂਇੰਟ ਸਕੱਤਰ ਵਜੋਂ ਅਹਿਮ ਜ਼ਿੰਮੇਵਾਰੀਆਂ ਤੇ ਸੇਵਾ ਕਰਨ ਦਾ ਮੌਕਾ ਮਿਲਿਆ । ਇਸ ਨੇ ਸ: ਪ੍ਰਤਾਪ ਸਿੰਘ ਕੈਰੋਂ ਤੋਂ ਸ: ਪ੍ਰਕਾਸ਼ ਸਿੰਘ ਬਾਦਲ ਜਹੇ ਆਗੂਆਂ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਸਮਝਿਆ । ਖਾਸ ਗੱਲ ਇਹ ਹੈ ਕਿ ਸ਼੍ਰੀ ਦਰਸ਼ੀ ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਦੇ ਪੋਸਟ ਗ੍ਰੈਜੂਏਟ ਵੀ ਹਨ । ਸ਼੍ਰੀ ਦਰਸ਼ੀ ਵਲੋਂ ਸੰਤਾਂ ਨੂੰ ਧਰਮ ਕਰਮ ਦੇ ਸੂਰਬੀਰ ਰੱਖਿਅਕ ਵਜੋਂ ਦੇਖਣਾਂ ; ਭਾਰਤੀ ਆਗੂਆਂ ਨੂੰ ਮਕਾਰ ਕਹਿਣਾਂ ; ਅਕਾਲੀ ਆਗੂਆਂ ਨੂੰ ਮੌਕਾਪ੍ਰਸਤ ਅਤੇ ਖੁਦਗਰਜ਼ ਕਹਿਣਾਂ ਅਤੇ ਭਾਰਤੀ ਫੌਜ ਨੂੰ ਰਾਖਸ਼ਾਂ ਦੀ ਫੌਜ ਕਹਿਣਾਂ ਬਹੁਤ ਹੀ ਜੁਰਅੱਤ ਵਾਲੀ ਗੱਲ ਤਾਂ ਹੈ ਪਰ ਨਾਲ ਹੀ ਇਹ ਵੀ ਸਵਾਲ ਉੱਠਦਾ ਹੈ ਕਿ ਸ੍ਰੀ ਦਰਸ਼ੀ ਆਖਿਰ ਐਸਾ ਕਿਓਂ ਕਹਿ ਰਹੇ ਹਨ ?

ਸ਼੍ਰੀ ਦਰਸ਼ੀ ਇਹ ਸਭ ਇਸ ਇਸ ਲਈ ਕਹਿ ਰਹੇ ਹਨ ਕਿਓਂਕਿ ਇਹ ਸਭ ਸੱਚ ਹੈ ਅਤੇ ਵਿਰਲੇ ਹੀ ਇਨਸਾਨ ਐਸੇ ਹੁੰਦੇ ਹਨ ਜੋ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਹਨ । ਇਸ ਪੱਖੋਂ ਸ੍ਰੀ ਦਰਸ਼ੀ ਦੀ ਜਿੰਨੀ ਵੀ ਤਾਰੀਫ ਹੋਵੇ ਥੋੜੀ ਹੈ। ਆਓ ਹੁਣ ਦੇਖੀਏ ਕਿ ਨਾਂ ਕੇਵਲ ਭਾਰਤ ਦੀ ਕੌਮੀ ਅਤੇ ਕੌਮਾਂਤਰੀ ਚੇਤਨਾਂ ਨੇ ਹੀ ਸਗੋਂ ਸਿੱਖਾਂ ਦੇ ਆਪਣੇ ਆਤਮ ਚਿੰਤਨ ਨੇ ਵੀ ਸ਼੍ਰੀ ਦਰਸ਼ੀ ਵਰਗੇ ਲੇਖਕ ਨੂੰ ਸੰਜੀਦਗੀ ਨਾਲ ਕਿਓਂ ਨਹੀਂ ਲਿਆ ?

ਆਪਣੀ ਅਜ਼ਾਦੀ ਤੋਂ 66 ਸਾਲਾਂ ਬਾਅਦ ਭਾਰਤ ਦੁਨੀਆਂ ਦੇ ਨਕਸ਼ੇ ਤੇ ਇਕ ਆਰਥਿਕ ਸੁਪਰਪਾਵਰ ਵਜੋਂ ਉੱਭਰ ਰਿਹਾ ਹੈ । ਇਹ ਇੱਕ ਅਜੇਹਾ ਵੱਡਾ ਕਾਰਨ ਹੈ ਕਿ ਸ਼ਰਮਨਾਕ ਹੱਦ ਤਕ ਭ੍ਰਿਸ਼ਟਾਚਾਰ ਵਿਚ ਗਰਕ ਹੋਣ ਦੇ ਬਾਵਜੂਦ ਵੀ ਭਾਰਤ ਖਿਲਾਫ ਦੁਨੀਆਂ ਵਿਚ ਕਿਧਰੇ ਕੋਈ ਅਵਾਜ਼ ਨਹੀਂ ਹੈ । ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕ ਰਾਜ ਕਿਹਾ ਜਾਂਦਾ ਹੈ ਪਰ ਇਹ ਲੋਕ ਰਾਜ ਚੋਰਾਂ ਅਤੇ ਡੌਨਾਂ ਦਾ ਹੈ ਅਤੇ ਇਸ ਵਿਚ ਘੱਟਗਿਣਤੀਆਂ ਦੀ ਸੰਘੀ ਨੱਪੀ ਜਾ ਰਹੀ ਹੈ ਪਰ ਇਹਨਾਂ ਮੁੱਦਿਆਂ ਨਾਲ ਕੌਮਾਂਤਰੀ ਚੇਤਨਾਂ ਨੂੰ ਕੋਈ ਲੈਣ ਦੇਣ ਨਹੀਂ ਹੈ । ਦੁਨੀਆਂ ਦਾ ਅਮੀਰ ਵਰਗ ਵਿਸ਼ੇਸ਼ ਤੌਰ ਤੇ ਭਾਰਤ ਵਲ ਆਕਰਸ਼ਤ ਹੈ ਕਿਓਂਕਿ ਉਹਨਾਂ ਨੂੰ ਉਥੇ ਕਾਰੋਬਾਰ ਦੇ ਵੱਡੇ ਮੌਕੇ ਦਿਸਦੇ ਹਨ ਅਤੇ ਸਿੱਖਾਂ ਵਰਗੀ ਕਿਸੇ ਅਲਪ ਸੰਖਿਅਕ ਕੌਮ ਦੇ ਹੱਕਾਂ ਜਾਂ ਇਹਨਾਂ ਨਾਲ ਹੋਏ ਧੱਕਿਆਂ ਨਾਲ ਕਿਸੇ ਨੂੰ ਕੋਈ ਵੀ ਲੈਣ ਦੇਣ ਨਹੀਂ ਹੈ । ਪੰਜਾਬੀ ਦਾ ਮੁਹਾਵਰਾ ਹੈ ਕਿ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ ਅਤੇ ਇਹ ਇਸ ਪ੍ਰਸੰਗ ਵਿਚ ਬਹੁਤ ਢੁੱਕਦਾ ਹੈ । ਲੰਦਨ ਵਰਗੀ ਦੁਨੀਆਂ ਦੀ ਰਾਜਧਾਨੀ ਵਿਚ ਵੀ ਸਿੱਖਾਂ ਦੇ ਮੁਜ਼ਾਹਰਿਆਂ ਅਤੇ ਨਾਅਰਿਆਂ ਦੀ ਕੋਈ ਵੁਕਤ ਨਹੀਂ ਹੈ ਅਤੇ ਇਹਨਾਂ ਦੇਸ਼ਾਂ ਵਿਚ ਕੌਮੀ ਅਤੇ ਕੌਮਾਂਤਰੀ ਮੀਡੀਆ ਤਾਂ ਬਿਲਕੁਲ ਹੀ ਸਿੱਖਾਂ ਵਲ ਪਿੱਠ ਕਰ ਕੇ ਬੈਠਾ ਹੈ ਤਾਂ ਇਹ ਵੀ ਸੰਭਵ ਹੈ ਕਿ ਕੌਮਾਂਤਰੀ ਚੇਤਨਾਂ ਸਿੱਖ ਮੁੱਦੇ ਨੂੰ ਭਾਰਤੀ ਸਰਕਾਰ ਦੀ ਅੱਖ ਵਿਚੀਂ ਹੀ ਦੇਖਦੀ ਹੋਵੇ ਜੋ ਕਿ ਨਿਹਾਇਤ ਹੀ ਖਤਰਨਾਕ ਹੈ।

ਸਭ ਤੋਂ ਮਾੜੀ ਗੱਲ ਇਹ ਹੈ ਕਿ ਨਾਅਰਿਆਂ ਅਤੇ ਮੁਜਹਰਿਆਂ ਤਕ ਸੀਮਤ ਬਾਗੀ ਸਿੱਖਾਂ ਨੇ ਭਾਰਤੀ ਅਤੇ ਕੌਮਾਂਤਰੀ ਚੇਤਨਾਂ ਨੂੰ ਆਪਣਾਂ ਮਸਲਾ ਦੱਸਣ ਦੀ ਕਦੀ ਵੀ ਕੋਈ ਜ਼ਰੂਰਤ ਨਹੀਂ ਸਮਝੀ । ਸ਼੍ਰੀ ਏ.ਆਰ.ਦਰਸ਼ੀ ਦੀ ਪੁਸਤਕ ਭਾਰਤੀ ਹਾਕਮਾਂ ਅਤੇ ਭਾਰਤੀ ਲੋਕ ਰਾਜ ਦਾ ਨਕਾਬ ਚੁੱਕਣ ਲਈ ਬਹੁਤ ਕੀਮਤੀ ਦਸਤਾਵੇਜ ਹੈ ਪਰ ਸਾਡੇ ਕਿਸੇ ਅਖੌਤੀ ਖਾਲਿਸਤਾਨੀ ਲੀਡਰ ਨੇ ਸ਼ਾਇਦ ਹੀ ਇਸ ਕਿਤਾਬ ਨੂੰ ਸੰਜੀਦਗੀ ਨਾਲ ਲਿਆ ਹੋਵੇ । ਸਾਡੀ ਨਿਗ੍ਹਾ ਵਿਚ ਸਿੱਖਾਂ ਕੋਲ ਇਹ ਕਿਤਾਬ ਹੀ ਸ਼ਾਇਦ ਕੇਵਲ ਅਤੇ ਕੇਵਲ ਇੱਕ ਐਸਾ ਦਸਤਾਵੇਜ ਹੈ ਜੋ ਕਿ ਭਾਰਤੀ ਹਾਕਮਾਂ ਦੇ ਸਿੱਖ ਵਿਰੋਧੀ ਚਿਹਰੇ ਨੂੰ ਨੰਗਿਆਂ ਕਰਦੀ ਹੈ ਪਰ ਅਫਸੋਸ ਕਿ ਸਾਡੇ ਆਗੂਆਂ ਨੇ ਇਸ ਦੀ ਕਦੇ ਲੋੜ ਨਹੀਂ ਸਮਝੀ । ਇਹ ਆਗੂ ਕੇਵਲ ਗੁਰਦੁਆਰਿਆਂ ਅਤੇ ਰੇਡੀਓ ਜਾਂ ਆਪਣੇ ਟੈਲੀਵੀਯਨ ਸੈਂਟਰਾਂ ਤੇ ਹੀ ਆਪਣਾਂ ਝੱਸ ਪੂਰਾ ਕਰਕੇ ਆਪਣੇ ਫਰਜ਼ ਦੀ ਪੂਰਤੀ ਹੋਈ ਸਮਝ ਲੈਂਦੇ ਹਨ ਜਦ ਕਿ ਇਹਨਾ ਸੰਚਾਰ ਸਾਧਨਾਂ ਨੂੰ ਗੈਰ ਸਿੱਖ ਸੁਣਦਾ ਦੇਖਦਾ ਤਕ ਵੀ ਨਹੀਂ ।

ਸ਼੍ਰੀ ਏ. ਆਰ. ਦਰਸ਼ੀ ਨੇ ਪੁਸਤਕ ‘ਜਾਂ ਬਾਜ਼ ਰਾਖਾ’ ਵਿਚ ਬੜੀ ਹੀ ਦਲੇਰੀ ਨਾਲ ਇਹ ਦੱਸਿਆ ਹੈ ਕਿ ਸਿੱਖਾਂ ਖਿਲਾਫ ਭਾਰਤ ਦਾ ਅੰਧਾਧੁੰਦ ਪੱਖਪਾਤੀ ਰਵੱਈਆ ਅਤੇ ਸਿੱਖਾਂ ਵਾਸਤੇ ਇਨਸਾਫ ਦੇ ਦਰਵਾਜਿਆਂ ਨੂੰ ਭੇੜ ਕੇ ਵਹਿਸ਼ੀ ਅਤਿਆਚਾਰ ਕਰਨ ਦਾ ਹੀ ਨਤੀਜਾ ਸੀ ਕਿ ਸੰਤਾਂ ਨੂੰ ਹਥਿਆਰ ਉਠਾਣ ਲਈ ਮਜ਼ਬੂਰ ਹੋਣਾਂ ਪਿਆ ; ਉਸ ਨੇ ਇਹ ਵੀ ਕਿਹਾ ਹੈ ਕਿ ਭਾਰਤ ਦੇ ਗੁਲਾਮ ਕਾਂਗਰਸੀ ਅਤੇ ਅਕਾਲੀ ਸਿੱਖ ਆਗੂ ਸ਼ਰਮਨਾਕ ਹੱਦ ਤਕ ਖੁਦਗਰਜ਼ ਅਤੇ ਮਰੀ ਹੋਈ ਜ਼ਮੀਰ ਵਾਲੇ ਲੋਕ ਹਨ ; ਉਸ ਨੇ ਇਹ ਵੀ ਕਿਹਾ ਕਿ ਦਰਬਾਰ ਸਾਹਿਬ ‘ਤੇ ਹਮਲੇ ਵੇਲੇ ਭਾਰਤੀ ਫੌਜ ਦੇ ਅਫਸਰਾਂ ਅਤੇ ਜਵਾਨਾਂ ਦਾ ਰਵੱਈਆ ਰਾਖਸ਼ਾਂ ਵਾਲਾ ਸੀ ।

ਅਸੀਂ ਇਸ ਲੇਖ ਰਾਹੀਂ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਨੂੰ ਇਹ ਅਪੀਲ ਕਰਾਂਗੇ ਕਿ ਉਹ ਇਸ ਕਿਤਾਬ ਨੂੰ ਖੁਦ ਜ਼ਰੂਰ ਪੜ੍ਹਨ ਅਤੇ ਇਸ ਸੱਚਾਈ ਨੂੰ ਦੁਨੀਆਂ ਵਿਚ ਲੈ ਕੇ ਜਾਣ । ਸਿੱਖਾਂ ਲਈ ਇਹ ਜਾਨਣਾਂ ਵੀ ਜਰੂਰੀ ਹੈ ਕਿ ਪੰਜਾਬ ਦੇ ਅਕਾਲੀ ਅਤੇ ਕਾਂਗਰਸੀ ਸਿੱਖ ਆਗੂਆਂ ਵਾਂਗ ਹੀ ਖਾਲਿਸਤਾਨੀ ਆਗੂ ਵੀ ਆਪਣੇ ਤੰਗ ਹਿੱਤਾਂ ਲਈ ਹਮੇਸ਼ਾਂ ਢਾਈ ਢਾਈ ਇੱਟ ਦੀ ਮਸੀਤ ਨੂੰ ਹੀ ਤਰਜੀਹ ਦਿੰਦੇ ਹਨ । ਪ੍ਰਦੇਸਾਂ ਵਿਚ ਗੁਰਦੁਆਰਿਆਂ ‘ਤੇ ਕਬਜੇ ਲਈ ਅਤੇ ਮਰਿਯਾਦਾ ਦੇ ਮੁੱਦਿਆਂ ਤੇ ਆਪਸ ਵਿਚ ਭਿੜਦੇ ਇਹ ਲੋਕ ਭਾਈਚਾਰੇ ਲਈ ਸ਼ਰਮ ਦਾ ਕਾਰਨ ਵੀ ਬਣੇ ਹੋਏ ਹਨ । ਬੇਸ਼ਕ ਯੂ ਕੇ ਵਿਚ ਖਾਲਿਸਤਾਨੀ ਆਗੂ ਧਿਰ ਦਾ ਚਿਹਰਾ ਮੁਹਰਾ ਥੋੜਾ ਥੋੜਾ ਨਿੱਖਰ ਤਾਂ ਰਿਹਾ ਹੈ ਪਰ ਅਜੇ ਵੀ ਇਹਨਾਂ ਵਿਚ ਪਿਛਾਂਹ ਖਿੱਚੂ , ਦਿਹਾਤੀ ਅਤੇ ਖੁਦਗਰਜ਼ ਤੱਤ ਭਾਰੂ ਹੈ । ਖਾਲਿਸਤਾਨੀ ਕਦਰਾਂ ਕੀਮਤਾਂ ਦੀ ਖਾਲਿਸਤਾਨੀ ਸਫਾਂ ਵਿਚ ਉੱਕਾ ਅਣਹੋਂਦ ਹੈ । ਕਿਸੇ ਵੀ ਮਨੁੱਖ ਦੀ ਮੁਕਤੀ ਦਾ ਅਧਾਰ ਸੱਚ ਹੈ ਅਤੇ ਸੱਚ ਨੂੰ ਪਿੱਠ ਦੇਣ ਵਾਲੇ ਸਾਰੇ ਨਕਲੀ ਜਹੇ ਹੀ ਹਿੰਦੋਸਤਾਨੀ ਅਤੇ ਖਾਲਸਿਤਾਨੀ ਹੋ ਸਕਦੇ ਹਨ ਜਿਹਨਾਂ ਦੇ ਹੋਣ ਦਾ ਕੋਈ ਤੁਕ ਨਹੀਂ । ਗੁਰਮਤ ਇੱਕ ਸਰਬ ਸਾਂਝੇ ਪ੍ਰਮਾਤਮਾਂ ਅਤ ਇੱਕ ਸਰਬ ਸਾਂਝੀ ਮਨੁੱਖਤਾ ਦਾ ਨਾਅਰਾ ਬੁਲੰਦ ਕਰਦੀ ਹੈ ਜਦ ਕਿ ਗੁਰਮਤ ਦੀ ਦਹਾਈ ਦੇ ਕੇ ਰਾਜ ਭਾਗ ਦੀਆਂ ਗੱਲਾਂ ਕਰਨ ਵਾਲੇ ਤਾਂ ਇੱਕ ਦੂਸਰੇ ਨੂੰ ਹੀ ਬਰਦਾਸ਼ਤ ਨਹੀਂ ਕਰਦੇ ਖਾਲਿਸਤਾਨ ਤਾਂ ਦੂਰ ਦੀ ਗੱਲ ਹੈ !!!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top