Share on Facebook

Main News Page

ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ
- ਨਿਰਮਲ ਸਿੰਘ ਕੰਧਾਲਵੀ

ਕਹਿਰਾਂ ਦੀ ਗਰਮੀ ਵਿਚ ਵੀ ਸੱਥ ਦੀ ਰੌਣਕ ਪੂਰੇ ਜੋਬਨ ‘ਤੇ ਸੀ। ਹਾਸੇ-ਮਜ਼ਾਕ, ਨੋਕ ਝੋਕ ਨਾਲ਼ ਜਿਵੇਂ ਗਰਮੀ ਦੇ ਕਹਿਰ ਨੂੰ ਚੁਣੌਤੀ ਦਿਤੀ ਜਾ ਰਹੀ ਸੀ। ਅਚਾਨਕ ਹੀ ਲੱਛੂ ਅਮਲੀ ਬੋਲ ਉੱਠਿਆ, “ਲਓ ਬਈ ਮੈਨੂੰ ਮਾਹਟਰ ਦੇ ਫਿਟਫਿਟੀਏ ਦੀ ਆਵਾਜ਼ ਸੁਣੀਂ ਐ!”

ਬਿੱਕਰ ਨੇ ਹਾਮੀ ਭਰੀ, “ਕੱਲ੍ਹ ਵੀ ਮੈਂ ਮਾਹਟਰ ਫਿਟਫਿਟੀਏ ‘ਤੇ ਚੜ੍ਹਿਆ ਜਾਂਦਾ ਦੇਖਿਆ ਸੀ, ਮੈਂ ਤਾਂ ਥੋਨੂੰ ਓਦਣ ਹੀ ਦੱਸਿਆ , ਪਈ ਤੇਜੂ ਕਾਰੀਗਰ ਨੂੰ ਫਿਟਫਿਟੀਏ ਦਾ ਸੰਦ ਜਿਹਾ ਘੜਦਿਆਂ ਦੇਖਿਆ ਸੀ ਮੈਂ।”

ਏਨੀ ਦੇਰ ਨੂੰ ਮਾਸਟਰ ਹਕੀਕਤ ਸਿੰਘ ਵੀ ਅਖ਼ਬਾਰ ਫੜੀ ਸੱਥ ‘ਚ ਆ ਪਹੁੰਚਾ।ਹੁਣ ਸਾਰੇ ਨਵੀਂ ਤਾਜ਼ੀ ਸੁਣਨ ਲਈ ਕਾਹਲ਼ੇ ਪੈ ਗਏ।ਮਾਸਟਰ ਨੇ ਅਖ਼ਬਾਰ ਦੀ ਤਹਿ ਖੋਲ੍ਹੀ ਤੇ ਮੁੱਖ ਸਫ਼ੇ ਦੀਆਂ ਸੁਰਖ਼ੀਆਂ ‘ਤੇ ਨਿਗਾਹ ਮਾਰ ਕੇ ਕਹਿਣ ਲੱਗਾ, “ਲਓ ਬਈ ਭਰਾਵੋ ਕਹਿੰਦੇ ਹੁੰਦੇ ਆ ਕਿ ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ‘ਕੱਲੀ। ਲਓ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲ਼ਿਆਂ ਨੇ ਬਿਆਨ ਦਿੱਤੈ ਕਿ ਉਹ ਵੀ ਦਿੱਲੀ ਦੇ ਸ਼ਹੀਦਾਂ ਦੀ ਯਾਦਗ਼ਾਰ ਉਸਾਰਨਗੇ”।

“ਬਈ ਏਹਨਾਂ ਨੂੰ ਉਣੱਤੀ ਸਾਲ ਤਾਂ ਯਾਦ ਨੀਂ ਆਈ ਯਾਦਗ਼ਾਰ ਦੀ, ਹੁਣ ਕਿਵੇਂ ਆ ਗਈ?” ਬਿੱਕਰ ਨੇ ਸਵਾਲ ਕੀਤਾ।

“ਸ਼ਹੀਦਾਂ ਦਾ ਤਾਂ ਵਿਚਾਰਿਆਂ ਦਾ ਤਾਂ ਨਾਂ ਈ ਐ, ਦਿੱਲੀ ਕਮੇਟੀ ਵਾਲਿਆਂ ਨੇ ਸੋਚਿਆ ਹੋਣੈ ਬਈ ਅੰਬਰਸਰ ਵਾਲ਼ਿਆਂ ਨੇ ਯਾਦਗ਼ਾਰ ਬਣਾ ਕੇ ਗੋਲਕ ਵੀ ਰੱਖ ਦਿਤੀ ਐ ਤੇ ਉੱਥੇ ਹੁਣ ਮਾਇਆ ਡਿਗੂ ਮੀਂਹ ਵਾਂਗੂੰ ਕਿਉਂਕਿ ਸਿੱਖ ਕੌਮ ਦੀਆਂ ਭਾਵਨਾਵਾਂ ਚੁਰਾਸੀ ਦੇ ਘੱਲੂਘਾਰੇ ਨਾਲ਼ ਜੁੜੀਆਂ ਹੋਈਆਂ ਨੇ, ਏਸੇ ਕਰ ਕੇ ਤਾਂ ਸ਼ਹੀਦਾਂ ਦੇ ਨਾਮ ‘ਤੇ ਲੁੱਟਣ ਵਾਲ਼ੇ ਘਰ ਘਰ ਬੈਠੇ ਆ।ਮਾਹਰਾਜ ਨੇ ਤਾਂ ਬਾਣੀ ਵਿਚ ਫੁਰਮਾਇਆ ਸੀ, ‘ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ ਪਰ ਕਿਸੇ ਸਿੱਖ ਨੂੰ ਪੁੱਛੋ ਉਹ ਕਹੇਗਾ ਮੈਂ ਤਾਂ ਜੀ ਗੁਰੂ ਦੇ ਨਾਮ ‘ਤੇ ਮਾਇਆ ਦਿਤੀ ਐ ਮੇਰੀ ਵਲੋਂ ਜਿੱਥੇ ਮਰਜ਼ੀ ਜਾਵੇ। ਸਿੱਖ ਕੌਮ ਤਾਂ ਬੂਬਨੇ ਸਾਧਾਂ ਨੂੰ ਕਰੋੜਾਂ ਰੁਪਈਏ ਦੇਕੇ ਉਹਨਾਂ ਦੇ ਕੋਲੋਂ ਆਪਣੀ ਵਿਰਾਸਤ ਮਿਟਾਈ ਜਾਂਦੀ ਐ,” ਪਟਵਾਰੀ ਭਰੇ ਮਨ ਨਾਲ਼ ਬੋਲਿਆ।

“ਆਹ ਮੈਂ ਪਿੱਛੇ ਜਿਹੇ ਪੜ੍ਹਿਆ ਸੀ ਪਈ ਕਿਸੇ ਇਤਿਹਾਸਕ ਗੁਰਦੁਆਰੇ ‘ਚ ਕੰਧਾਂ ‘ਤੇ ਬਹੁਤ ਪੁਰਾਣੀ ਨੱਕਾਸ਼ੀ ਕੀਤੀ ਹੋਈ ਸੀ, ਕਾਰ-ਸੇਵਾ ਵਾਲ਼ੇ ਇਕ ਬਾਬੇ ਨੇ ਨੱਕਾਸ਼ੀ ‘ਤੇ ਕੂਚੀ ਫੇਰ ਕੇ ਉੱਪਰ ਬਾਥਰੂਮਾਂ ‘ਚ ਲਾਉਣੇ ਵਾਲ਼ੀਆਂ ਟਾਈਲਾਂ ਲਗਵਾ ਦਿੱਤੀਆਂ।ਆਹ ਬਾਹਰਲੇ ਮੁਲਕਾਂ ਵਾਲ਼ੇ ਦੇਖੋ ਆਪਣੀਆਂ ਵਿਰਾਸਤੀ ਚੀਜ਼ਾਂ ਨੂੰ ਕਿਵੇਂ ਸਾਂਭ ਸਾਂਭ ਰੱਖਦੇ ਐ ਤੇ ਸਾਡੇ ਬੂਬਨੇ ਸਾਧ ਪੁਰਾਣੀਆਂ ਨਿਸ਼ਾਨੀਆਂ ਦਾ ਮਲੀਆਂ ਮੇਟ ਕਰੀ ਜਾਂਦੇ ਐ। ਸਾਡਾ ਪ੍ਰਾਹੁਣਾ ਵਲੈਤ ਘੁੰਮ ਫਿਰ ਕੇ ਆਇਐ ਪਿੱਛੇ ਜਿਹੇ, ਉਹਨੇ ਦੱਸਿਐ ਪਈ ਉਹਦੇ ਰਿਸ਼ਤੇਦਾਰ ਉਹਨੂੰ ਸ਼ੈਕਸਪੀਅਰ ਦਾ ਘਰ ਦਿਖਾਉਣ ਲੈ ਗਏ। ਸ਼ੈਕਸਪੀਅਰ ਦੇ ਬਚਪਨ ਦੇ ਖਿਡੌਣੇ ਵੀ ਗੋਰਿਆਂ ਨੇ ਸਾਂਭ ਕੇ ਰੱਖੇ ਹੋਏ ਐ”।

ਪਰੇ ਖੁੰਢ ‘ਤੇ ਬੈਠੇ ਮਿਸਤਰੀ ਸੁਲੱਖਣ ਸਿਉਂ ਨੇ ਦੱਸਿਆ।

“ਬਈ ਥੋਨੂੰ ਪਤਾ ਈ ਐ ਕੁਝ ਸਾਲ ਹੋਏ ਕਾਰ-ਸੇਵਾ ਵਾਲ਼ੇ ਇਕ ਬਾਬੇ ਦਾ ਚੇਲਾ ਦੋ ਕਰੋੜ ਰੁਪਏ ਲੈ ਕੇ ਦੌੜ ਗਿਆ ਸੀ, ਹਿਸਾਬ ਲਾਉ ਬਾਬੇ ਕੋਲ਼ ਕਿੰਨਾ ਹੋਊ” ਪਟਵਾਰੀ ਬੋਲਿਆ।

“ਬਾਬਿਆਂ ਨੂੰ ਛੱਡੋ ਬਈ ਮੈਨੂੰ ਇਹ ਦੱਸੋ ਪਈ ਦਿੱਲੀ ਵਾਲ਼ਿਆਂ ਦਾ ਅੰਬਰਸਰ ਵਾਲ਼ਿਆਂ ਨਾਲ਼ ਕੀ ਰੌਲ਼ਾ ਐ, ਅੰਬਰਸਰ ਵਾਲ਼ੇ ਅਲੱਗ ਤੇ ਦਿੱਲੀ ਵਾਲ਼ੇ ਅਲੱਗ?” ਲੱਛੂ ਨੇ ਝੋਕ ਲੱਗੀ ਵਿਚ ਹੀ ਸਵਾਲ਼ ਦਾਗ਼ ਦਿਤਾ।

“ਲਉ ਜੀ ਕਰ ਲਓ ਗੱਲ, ਅਖੇ ਸਾਰੀ ਰਾਤ ਰੋਂਦੀ ਰਹੀ ਮਰਿਆ ਕੋਈ ਵੀ ਨਾ, ਓਏ ਅਮਲੀਆ ਹੁਣ ਦਿੱਲੀ ਤੇ ਅੰਬਰਸਰ ‘ਚ ਫ਼ਰਕ ਕਿੱਥੇ ਐ, ਅਜੇ ਤਾਂ ਮਸਾਂ ਦੋ ਕੁ ਮਹੀਨੇ ਹੋਏ ਐ ਸਾਰਾ ਡਰਾਮਾ ਹੋਏ ਨੂੰ। ਆਹ ਕਾਂਗਰਸ ਵਾਲ਼ੇ ਕਹਿੰਦੇ ਐ ਪਈ ਅਕਾਲੀਆਂ ਨੇ ਦਿੱਲੀ ਨੂੰ ਨਾਲ਼ ਰਲ਼ਾਉਣ ਲਈ ਦੋ ਸੌ ਕਰੋੜ ਖਰਚਿਐ। ਲਛਮਣ ਸਿਆਂ, ਜਿੱਦਾਂ ਲਿਫ਼ਾਫ਼ਾ ਅੰਬਰਸਰ ਚਲਦੈ ਓਦਾਂ ਈ ਦਿੱਲੀ ਚਲਿਐ, ਤੂੰ ਰਹਿੰਦਾ ਕਿੱਥੇ ਐਂ?” ਫੌਜੀ ਕਰਮ ਸਿੰਘ ਨੇ ਲੱਛੂ ਅਮਲੀ ਦੀ ਖੁੰਬ ਠੱਪ ਦਿਤੀ।

“ਫੌਜੀਆ, ਮੈਂ ਸਮਝ ਗਿਆ, ਸਮਝ ਗਿਆ” ਲੱਛੂ ਸ਼ਰਮਿੰਦਾ ਹੋਇਆ ਬੋਲਿਆ।

“ਬਸ ਰੌਲ਼ਾ ਤਾਂ ਸਾਰਾ ਮਾਇਆ ਦਾ ਐ, ਮਾਸਟਰ ਜੀ ਅਜੇ ਤਾਂ ਨਾਲ਼ੇ ਯਾਦਗਾਰ ਦਾ ਰੇੜਕਾ ਵੀ ਨੀਂ ਮੁੱਕਿਆ, ਸਰਕਾਰ ਤੇ ਸ਼੍ਰੋਮਣੀ ਕਮੇਟੀ ਕਹਿੰਦੀ ਐ ਪਈ ਸੰਤ ਜਰਨੈਲ ਸਿਉਂ ਦਾ ਨਾਂ ਨੀਂ ਲਿਖ਼ਣ ਦੇਣਾ, ਯਾਦਗ਼ਾਰ ‘ਤੇ। ਦੱਸਦੇ ਐ ਪਈ ਯਾਦਗ਼ਾਰ ਬਣਵਾਉਣ ਵਾਲ਼ਾ ਬਾਬਾ ਹੁਣ ਵੱਡੇ ਪੁਜਾਰੀ ਕੋਲ਼ ਫ਼ਰਿਆਦੀ ਹੋਇਐ। ਹੁਣ ਇਕ ਹੋਰ ਬਾਬੇ ਨੂੰ ਵਿਚ ਪਾਇਆ ਫ਼ੈਸਲਾ ਕਰਵਾਉਣ ਲਈ” ਬਿੱਕਰ ਬੋਲਿਆ।

“ਬਈ ਗੱਲ ਵਿਚੋਂ ਇਹ ਐ ਪਈ ਜਿਹੜੇ ਬਾਬੇ ਨੇ ਇਹ ਯਾਦਗ਼ਾਰ ਬਣਵਾਈ ਐ, ਉਹ ਬਾਹਲ਼ੀ ਉੱਚੀ ਹਵਾ ‘ਚ ਉਡਣ ਲੱਗ ਪਿਆ ਸੀ ਤੇ ਉਹਦੀ ਹਵਾ ਕੱਢਣ ਲਈ ਇਹ ਹੋਰ ਬਾਬਾ ਵਿਚ ਪਾਇਐ”। ਪਟਵਾਰੀ ਨੇ ਗੱਲ ਸਾਫ਼ ਕੀਤੀ।

“ਬਈ ਏਹਨਾਂ ਦਿੱਲੀ ਵਾਲ਼ਿਆਂ ਨੂੰ ਕੋਈ ਪੁੱਛੇ ਪਈ ਪਹਿਲਾਂ ਇਕ ਦਾ ਰੇੜਕਾ ਤਾਂ ਮੁਕਾ ਲਉ ਫਿਰ ਦੂਜੀ ਵੀ ਬਣਾ ਲਇਓ” ਬਿੱਕਰ ਬੋਲਿਆ

“ਬਈ ਮੈਂ ਤੁਹਾਨੂੰ ਇਕ ਕਹਾਣੀ ਸੁਣਾਉਨਾ” ਪਟਵਾਰੀ ਕਹਿਣ ਲੱਗਾ।“ਲਉ ਬਈ ਸੱਜਣੋਂ ਇਕ ਪਿੰਡ ਵਿਚ ਦੋ ਅਮਲੀ ਸੀਗੇ ਚਾਚੇ ਤਾਏ ਦੇ ਪੁੱਤ ਭਰਾ। ਬਈ ਲੱਛੂ ਮੈਂ ਸਹੁੰ ਖਾ ਕੇ ਕਹਿਨਾ ਇਹ ਆਪਣੇ ਪਿੰਡ ਦੇ ਅਮਲੀਆਂ ਦੀ ਕਹਾਣੀ ਨਈਂ, ਐਵੇਂ ਨਾ ਗੁੱਸਾ ਕਰ ਜਾਈਂ। ਹਾਂ ਜੀ-ਇਕ ਦਾ ਨਾਂ ਸੀ ਜਗੀਰਾ, ਦੂਜੇ ਦਾ ਨਾਂ ਸੀ ਫ਼ਕੀਰਾ। ਲੋਕ ਬੜੇ ਹੈਰਾਨ ਹੁੰਦੇ ਪਈ ਸ਼ਰੀਕ ਹੋ ਕੇ ਵੀ ਉਹਨਾਂ ਦਾ ਆਪਸ ਵਿਚੀਂ ਏਨਾ ਪਿਆਰ ਸੀ। ਦੋਵੇਂ ਛੜੇ, ਜਿੱਥੇ ਜਾਂਦੇ ‘ਕੱਠੇ ਜਾਂਦੇ, ‘ਕੱਠੇ ਬੱਕਰੀਆਂ ਚਾਰਦੇ।

ਭਾਦੋਂ ਦਾ ਮਹੀਨਾ ਸੀ। ਇਕ ਦਿਨ ਉਹਨੀਂ ਭਾਈ ਹੁੰਮਸ ਤੋਂ ਬਚਣ ਲਈ ਸ਼ਾਮ ਨੂੰ ਮੰਜੇ ਚਾੜ੍ਹ ਲਏ ਕੋਠੇ ‘ਤੇ।

ਅੱਧੀ ਕੁ ਰਾਤ ਵੇਲੇ ਜਗੀਰਾ ਉੱਠਿਆ ਪਿਸ਼ਾਬ ਕਰਨ ਤਾਂ ਉਹਨੇ ਦੱਖਣ ਦੀ ਗੁੱਠੇ ਕਾਲ਼ੇ ਨਾਗ ਵਰਗੀ ਘਟਾ ਦੇਖੀ, ਨਾਲ਼ ਬਿਜਲੀ ਲਿਸ਼ਕੇ। ਉਹ ਫ਼ਕੀਰੇ ਨੂੰ ਜਗਾ ਕੇ ਕਹਿਣ ਲੱਗਾ, ‘ਓਏ ਫ਼ਕੀਰਿਆ, ਨਿਆਣੇ ਕੁੱਟ ਮੀਂਹ ਆਊ ਓਏ, ਦੇਖ ਕਿੱਦਾਂ ਦੀ ਕਾਲ਼ੀ ਘਟਾ ਚੜ੍ਹੀ ਐ, ਚਲ ਛੇਤੀ ਮੰਜੇ ਹੇਠਾਂ ਲਾਹ ਲਈਏ, ਜੇ ਆਪਾਂ ਭਿੱਜ ਗਏ ਤਾਂ ਆਪਣਾ ਤਾਂ ਜਮਾਂ ਈ ਗੋਹਾ ਹੋ ਜੂ, ਚਲ ਮੇਰਾ ਵੀਰ ਤੂੰ ਹੇਠਾਂ ਚਲ ਮੈਂ ਮੰਜੇ ਫੜਾਉਨਾਂ’ ਲਉ ਜੀ ਫ਼ਕੀਰਾ ਸੁਰਗਾਂ ਦੇ ਝੂਟੇ ਲੈਂਦਾ ਲੈਂਦਾ ਹੇਠਾਂ ਉੱਤਰਿਆ ਮੰਜੇ ਫੜਨ। ਕੰਧ ਵਿਚ ਦੋ ਕੀਲੀਆਂ ਸੀ ਗੱਡੀਆਂ ਹੋਈਆਂ। ਉਹਨੇ ਮੰਜੇ ਦੇ ਪਾਵਿਆਂ ਦੇ ਭੁਲੇਖੇ ਕੀਲੀਆਂ ਫੜ ਲਈਆਂ। ਬਨੇਰੇ ‘ਤੇ ਜਗੀਰਾ ਮੰਜਾ ਫੜੀ ਪੁੱਛਦੈ ‘ਫ਼ਕੀਰਿਆ ਛੱਡ ਦਿਆਂ, ਫ਼ਕੀਰਾ ਕਹਿੰਦਾ ਛੱਡ ਦੇ। ਲਓ ਜੀ ਜਗੀਰੇ ਨੇ ਮੰਜਾ ਛੱਡ ‘ਤਾ, ਮੰਜਾ ਸਿੱਧਾ ਫ਼ਕੀਰੇ ਦੇ ਸਿਰ ‘ਚ ਵੱਜਾ ਤੇ ਉਹ ਉੱਥੇ ਈ ਚਿੱਤ ਹੋ ਗਿਆ ਤੇ ਡਿਗਦਾ ਡਿਗਦਾ ਬੋਲਿਆ ‘ ਓਏ ਜਗੀਰਿਆ ਮੈਂ ਤਾਂ ਅਜੇ ਪਹਿਲਾ ਈ ਫੜਿਆ ਹੋਇਆ ਸੀ ਤੂੰ ਦੂਜਾ ਵੀ ਸੁੱਟ ‘ਤਾ’।

“ਲਓ ਬਈ ਪਟਵਾਰੀ ਨੇ ਤਾਂ ਸਿਰੇ ਈ ਲਾ ‘ਤੀ” ਏਨਾ ਕਹਿ ਕੇ ਲੱਛੂ ਨੇ ਬੱਕਰੀ ਖੋਲ੍ਹੀ ਤੇ ਚਾਰਨ ਤੁਰ ਪਿਆ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top