Share on Facebook

Main News Page

ਟਕਸਾਲਾਂ ਦੇ ਪੈਰੋਕਾਰ ਭਿੜੇ, ਧੁੰਮੇ ਦੇ ਬੰਦਿਆਂ ਨੇ ਕੀਤੀ ਰਾਮ ਸਿੰਘ ਦੇ ਬੰਦਿਆਂ ਦੀ ਗਿੱਦੜਕੁੱਟ ਤੇ ਬਣਾਇਆ ਬੰਦੀ

ਅੰਮ੍ਰਿਤਸਰ 28 ਮਈ (ਜਸਬੀਰ ਸਿੰਘ ਪੱਟੀ): ਬੀਤੀ ਰਾਤ ਦਮਦਮੀ ਟਕਸਾਲ ਦੇ ਦੋ ਧੜੇ ਕੰਧਾਂ 'ਤੇ ਇਸ਼ਤਿਹਾਰ ਲਗਾਉਣ ਨੂੰ ਲੈ ਕੇ ਉਸ ਵੇਲੇ ਆਹਮੋ ਸਾਹਮਣੇ ਹੋ ਗਏ, ਜਦੋਂ ਇੱਕ ਧੜੇ ਦੇ ਪੈਰੋਕਾਰਾਂ ਨੇ ਦੂਸਰੇ ਧੜੇ ਦੇ ਪੈਰੋਕਾਰਾਂ ਦੀ ਮਾਰ ਕੁੱਟਾਈ ਇਹ ਕਹਿ ਕੇ ਕਰਨ ਤੋਂ ਬਾਅਦ ਉਹਨਾਂ ਦੇ ਦੋ ਵਹੀਕਲਾਂ ਭੰਨ ਸੁੱਟੇ ਤੇ ਕਈ ਘੰਟੇ ਬੰਦੀ ਬਣਾ ਕੇ ਰੱਖਣ ਦਾ ਸਮਾਚਾਰ ਮਿਲਿਆ ਹੈ।

ਬੀਤੀ ਰਾਤ ਕਰੀਬ 12 ਵਜੇ ਦਮਦਮੀ ਟਕਸਾਲ ਸੰਗਰਾਵਾਂ ਦੇ ਮੁੱਖੀ ਬਾਬਾ ਰਾਮ ਸਿੰਘ ਦੇ ਪੈਰੋਕਾਰ ਬਾਬਾ ਜੀ ਦੇ ਮਹਿਤਾ ਚੌਕ ਵਿਖੇ ਧਾਰਮਿਕ ਪ੍ਰੋਗਰਾਮਾਂ ਦੇ ਇਸ਼ਤਿਹਾਰ ਸੰਗਤਾਂ ਦੀ ਜਾਣਕਾਰੀ ਹਿੱਤ ਲਗਾ ਰਹੇ ਸਨ, ਕਿ ਦੂਸਰੇ ਪਾਸੇ ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਪੈਰੋਕਾਰ ਵੀ ਆਪਣੇ ਬਾਬੇ ਦੀਆਂ ਫਲੈਕਸਾਂ ਲਗਾ ਰਹੇ ਸਨ, ਤਾਂ ਅਚਾਨਕ ਉਹਨਾਂ ਦੇ ਨਜ਼ਰੀਂ ਬਾਬਾ ਰਾਮ ਸਿੰਘ ਦੇ ਪੈਰੋਕਾਰ ਇਸ਼ਤਿਹਾਰ ਲਗਾਉਂਦੇ ਪਏ।

ਬਾਬਾ ਹਰਨਾਮ ਸਿੰਘ ਧੁੰਮਾਂ ਜਿਹੜੇ ਮਹਿਤੇ ਦੇ ਇਲਾਕੇ ਨੂੰ ਆਪਣੀ ਸਲਤਨਤ ਸਮਝਦੇ ਹਨ ਨੇ ਬਾਬਾ ਰਾਮ ਸਿੰਘ ਦੇ ਬੰਦਿਆਂ ਨੂੰ ਵੰਗਾਰਦਿਆਂ ਕਿਹਾ ਕਿ ਤੁਸੀਂ ਗੈਰ ਇਲਾਕੇ ਵਿੱਚ ਇਸ ਵੇਲੇ ਕੀ ਕਰ ਰਹੇ ਹੋ? ਜਦ ਉਹਨਾਂ ਨੇ ਆਪਣੇ ਬਾਬਾ ਰਾਮ ਸਿੰਘ ਦੇ ਧਾਰਮਿਕ ਪ੍ਰੋਗਰਾਮਾਂ ਦੇ ਇਸ਼ਤਿਹਾਰ ਲਗਾਉਣ ਦੀ ਗੱਲ ਕੀਤੀ, ਤਾਂ ਬਾਬਾ ਹਰਨਾਮ ਸਿੰਘ ਦੇ ਬੰਦਿਆਂ ਨੇ ਉਹਨਾਂ 'ਤੇ ਇਹ ਦੋਸ਼ ਲਗਾ ਕੇ ਹਮਲਾ ਕਰ ਦਿੱਤਾ ਕਿ ਤੁਸੀਂ ਸਾਡੇ ਇਸ਼ਤਿਹਾਰ ਪਾੜ ਕੇ ਆਪਣੇ ਲਗਾ ਰਹੇ ਹੋ। ਬਾਬਾ ਰਾਮ ਸਿੰਘ ਬੰਦਿਆਂ ਦੀ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਬੰਦਿਆਂ ਨੇ ਜਿਥੇ ਰੱਜ ਕੇ ਗਿੱਦੜ ਕੁੱਟ ਕੀਤੀ, ਉਥੇ ਉਹਨਾਂ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ।

ਇਥੇ ਹੀ ਬੱਸ ਨਹੀਂ ਬਾਬਾ ਰਾਮ ਸਿੰਘ ਦੇ ਬੰਦਿਆਂ ਨੂੰ ਕਈ ਘੰਟੇ ਬੰਦੀ ਬਣਾ ਕੇ ਵੀ ਰੱਖਿਆ ਗਿਆ ਤੇ ਅਖੀਰ ਬਾਬਾ ਰਾਮ ਸਿੰਘ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਵੱਲੋ ਲੋੜੀਂਦੀ ਕਾਰਵਾਈ ਕਰਨ ਉਪਰੰਤ ਬੰਦੀ ਬਣਾਏ ਗਏ ਵਿਅਕਤੀਆ ਨੂੰ ਛੱਡਿਆ ਗਿਆ।

ਬਾਬਾ ਰਾਮ ਸਿੰਘ ਨੇ ਕਿਹਾ ਕਿ ਉਹਨਾਂ ਦਾ ਬਾਬਾ ਹਰਨਾਮ ਸਿੰਘ ਧੁੰਮਾਂ ਨਾਲ ਕੋਈ ਵਿਰੋਧ ਨਹੀਂ ਹੈ ਅਤੇ ਉਹ ਤਾਂ ਸਿਰਫ ਆਪਣਾ ਧਰਮ ਪ੍ਰਚਾਰ ਦੇ ਕਾਰਜ ਤੱਕ ਹੀ ਸੀਮਤ ਹਨ ਅਤੇ ਉਹਨਾਂ ਨੇ ਕਦੇ ਵੀ ਬਾਬਾ ਧੁੰਮਾਂ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਉਹਨਾਂ ਕਿਹਾ ਕਿ ਜੇਕਰ ਧਾਰਮਿਕ ਪ੍ਰੋਗਰਾਮਾਂ ਦੇ ਇਸ਼ਤਿਹਾਰ ਲਗਾਉਣਾ ਮਨਾ ਹੈ, ਤਾਂ ਇਸ ਦੀ ਸਰਕਾਰੀ ਤੌਰ 'ਤੇ ਐਲਾਨ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਬੰਦੇ ਤਾਂ ਸਿਰਫ ਇਸ਼ਤਿਹਾਰ ਲਗਾ ਰਹੇ ਸਨ ਤੇ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਲੱਗੇ ਇਸ਼ਤਿਹਾਰਾਂ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਹੈ ਅਤੇ ਨਾ ਹੀ ਉਹਨਾਂ ਦੇ ਬੰਦੇ ਕੋਈ ਅਜਿਹੀ ਮਾੜੀ ਕਾਰਵਾਈ ਕਰ ਸਕਦੇ ਹਨ ਕਿ ਉਹ ਬਾਬਾ ਧੁੰਮਾਂ ਦੇ ਇਸ਼ਤਿਹਾਰਾਂ ਉਪਰ ਆਪਣੇ ਇਸ਼ਤਿਹਾਰ ਲਗਾਉਂਦੇ। ਉਹਨਾਂ ਕਿਹਾ ਕਿ ਉਹ ਭਰਾ ਮਾਰੂ ਜੰਗ ਵਿੱਚ ਬਿਲਕੁਲ ਵਿਸ਼ਵਾਸ਼ ਨਹੀਂ ਰੱਖਦੇ ਤੇ ਨਾ ਹੀ ਅਜਿਹੀ ਕਿਸੇ ਕਾਰਵਾਈ ਵਿੱਚ ਵਿਸ਼ਵਾਸ਼ ਰੱਖਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਬੰਦਿਆਂ ਦੀ ਜਿਥੇ ਰੱਜ ਕੇ ਮਾਰ ਕੁੱਟਾਈ ਕੀਤੀ ਗਈ ਹੈ, ਉਥੇ ਕੁਝ ਸਮਾਂ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਤੇ ਉਹਨਾਂ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ, ਜੋ ਲੋਕਤੰਤਰ ਦੇ ਮੂੰਹ 'ਤੇ ਕਾਲਾ ਧੱਬਾ ਹੈ। ਉਹਨਾਂ ਕਿਹਾ ਕਿ ਜਿਹੜੀ ਘਟਨਾ ਵਾਪਰੀ ਅੱਤ ਮੰਦਭਾਗੀ ਹੈ ਅਤੇ ਭਵਿੱਖ ਵਿੱਚ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਕਿ ਅਜਿਹੀ ਘਟਨਾ ਦੁਬਰਾ ਨਾ ਵਾਪਰੇ। ਉਹਨਾਂ ਕਿਹਾ ਕਿ ਭਾਂਵੇ ਉਹਨਾਂ ਨਾਲ ਬੇਇਨਸਾਫੀ ਹੋਈ ਹੈ, ਪਰ ਉਹ ਕੋਈ ਵੀ ਕਨੂੰਨੀ ਕਾਰਵਾਈ ਨਹੀਂ ਕਰਨਗੇ।

ਇਸੇ ਤਰਾ ਬਾਬਾ ਰਾਮ ਸਿੰਘ ਨੇ ਜਿਥੇ ਆਪਣੇ ਪੱਖੀ ਸੰਤ ਸਮਾਜ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼ਹੀਦੀ ਯਾਦਗਾਰ ਸਬੰਧੀ ਇੱਕ ਮੰਗ ਪੱਤਰ ਦਿੱਤਾ, ਉਥੇ ਬਾਬਾ ਰਾਮ ਸਿੰਘ ਨੇ ਜਥੇਦਾਰ ਕੋਲ ਬੀਤੀ ਰਾਤ ਵਾਪਰੀ ਘਟਨਾ ਬਾਰੇ ਵੀ ਜਾਣਕਾਰੀ ਦਿੱਤੀ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਭਰਾ ਮਾਰੂ ਜੰਗ ਨੇ ਪਹਿਲਾਂ ਹੀ ਸਿੱਖ ਕੌਮ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ। ਬਾਬਾ ਰਾਮ ਸਿੰਘ ਨੇ ਇਸ ਸਮੇਂ ਸ਼੍ਰੋਮਣੀ ਕਮੇਟੀ ਤੇ ਸਿੱਖ ਇਤਿਹਾਸ ਨੂੰ ਖਤਮ ਕਰਨ ਦੀ ਦੋਸ਼ ਵੀ ਲਾਇਆ ਤੇ ਮੰਗ ਕੀਤੀ ਕਿ ਇਤਿਹਾਸ ਕਿਸੇ ਵੀ ਕੌਮ ਦੀ ਇੱਕ ਬਹੁਤ ਵੱਡੀ ਵਿਰਾਸਤ ਹੁੰਦੀ ਹੈ, ਜਿਸ ਨੂੰ ਬਚਾ ਕੇ ਰੱਖਿਆ ਜਾਣਾ ਬਹੁਤ ਜਰੂਰੀ ਹੁੰਦਾ ਹੈ।

ਦੂਸਰੇ ਬਾਬਾ ਹਰਨਾਮ ਸਿੰਘ ਧੁੰਮਾਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਲਗਾਤਾਰ ਬੰਦ ਆਈ ਰਿਹਾ ਸੀ, ਜਿਸ ਕਰਕੇ ਉਹਨਾਂ ਦੇ ਪੱਖ ਦੀ ਰੀਪੋਰਟ ਨਹੀਂ ਮਿਲੀ। ਉਹਨਾਂ ਦੇ ਇੱਕ ਪੈਰੋਕਾਰ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਾਬਾ ਜੀ ਇਸ ਵੇਲੇ ਕਥਾ ਕੀਤਰਨ ਵਿੱਚ ਰੁੱਝੇ ਹਨ, ਇਸ ਲਈ ਇਸ ਵੇਲੇ ਗੱਲਬਾਤ ਹੋਣੀ ਸੰਭਵ ਨਹੀਂ ਹੈ।

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ.ਤਰਸੇਮ ਸਿੰਘ ਖਾਲਸਾ ਨੇ ਇਸ਼ ਘਟਨਾ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਪੰਥ ਦੀ ਹਾਲਤ ਤਾਂ ਪਹਿਲਾ ਹੀ ਪਾਟੇ ਬਾਂਸ ਵਰਗੀ ਹੋਈ ਪਈ ਹੈ, ਅਤੇ ਧੜਿਆਂ ਵਿੱਚ ਸਿੱਖ ਵੰਡੇ ਪਏ ਹਨ, ਪਰ ਸਿੱਖਾਂ ਦੀ ਧਾਰਮਿਕ ਯੂਨੀਵਰਸਿਟੀ ਵਜੋ ਜਾਣੀ ਦਮਦਮੀ ਟਕਸਾਲ ਵਿੱਚ ਵੀ ਜੇਕਰ ਅਜਿਹੀ ਚੰਗਿਆੜੀ ਪੈਦਾ ਹੋ ਗਈ, ਤਾਂ ਫਿਰ ਭਰਾ ਮਾਰੂ ਜੰਗ ਦੇ ਹੋਰ ਵੀ ਖਤਰਨਾਕ ਨਤੀਜੇ ਨਿਕਲ ਸਕਦੇ ਹਨ। ਉਹਨਾਂ ਕਿਹਾ ਕਿ ਬਾਬਾ ਰਾਮ ਸਿੰਘ ਪੱਕਾ ਟਕਸਾਲੀ ਤੇ ਧਰਮ ਪ੍ਰਚਾਰ ਲਹਿਰ ਪੂਰੀ ਤਰਾ ਚਲਾਉਣ ਦੇ ਸਮੱਰਥ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਦੋਹਾਂ ਧਿਰਾਂ ਨੂੰ ਅਪੀਲ ਹੈ ਕਿ ਉਹ ਇਸ ਮਾਮਲੇ ਨੂੰ ਹੋਰ ਨਾ ਵਧਾਉਣ ਤੇ ਭਵਿੱਖ ਵਿੱਚ ਯਕੀਨੀ ਬਣਾਉਣ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਅਤੇ ਦਮਦਮੀ ਟਕਸਾਲ ਦੇ ਪਹਿਲੇ ਮਹਾਂਪੁਰਖਾਂ ਦੀ ਤਰ੍ਹਾਂ ਧਰਮ ਪ੍ਰਚਾਰ ਲਹਿਰ ਨੂੰ ਹੀ ਅੱਗੇ ਤੋਰਨ ਲਈ ਜੰਗੀ ਪੱਧਰ ਤੇ ਉਪਰਾਲੇ ਕਰਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top