Share on Facebook

Main News Page

ਭਾਜਪਾ ਦਾ ਪਿੰਡਾਂ ’ਚ ਵੱਧਦਾ ਪ੍ਰਭਾਵ
- ਜਸਪਾਲ ਸਿੰਘ ਹੇਰਾਂ

ਭਾਜਪਾ, ਜਿਹੜੀ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਰੋਧੀ ਹੀ ਨਹੀਂ, ਸਗੋਂ ਦੁਸ਼ਮਣ ਰਹੀ ਹੈ ਅਤੇ ਉਸਨੇ ਆਪਣੀ ਪੰਜਾਬੀ ਤੇ ਸਿੱਖੀ ਪ੍ਰਤੀ ਨਫ਼ਰਤ ਨੂੰ ਕਦੇ ਲਕੋਇਆ ਵੀ ਨਹੀਂ, ਉਸ ਭਾਜਪਾ ਨੂੰ ਸਿੱਖਾਂ ਤੇ ਪੰਜਾਬ ਦੀ ਪ੍ਰਤੀਨਿਧ ਅਖਵਾਉਂਦੀ ਪਾਰਟੀ ਅਕਾਲੀ ਦਲ ਨੇ ਆਪਣਾ ਭਾਈਵਾਲ ਹੀ ਨਹੀਂ ਸਗੋਂ ‘ਆਕਾ’ ਬਣਾਇਆ ਹੋਇਆ ਹੈ। ਜਿਸ ਕਾਰਣ ਪੰਜਾਬੀ ਸੂਬੇ ਦੀ ਕੱਟੜ ਦੁਸ਼ਮਣ ਰਹੀ ਭਾਜਪਾ, ਪੰਜਾਬੀ ਸੂਬੇ ਦੀ ਸੱਤਾ ਦਾ ਆਨੰਦ ਮਾਣ ਰਹੀ ਹੈ ਅਤੇ ਸੱਤਾ ’ਚ ਭਾਈਵਾਲੀ ਹੋਣ ਦੇ ਬਾਵਜੂਦ ‘ਪੰਜਾਬੀ’ ਪ੍ਰਤੀ ਜ਼ਹਿਰ ਨੂੰ ਖ਼ਤਮ ਤਾਂ ਕੀ ਭੋਰਾ-ਭਰ ਵੀ ਘੱਟ ਨਹੀਂ ਕੀਤਾ। ਭਾਜਪਾ, ਜਿਸ ਨੂੰ ਹਿੰਦੂ ਵਪਾਰੀਆਂ ਦੀ ਪਾਰਟੀ ਮੰਨਿਆ ਜਾਂਦਾ ਹੈ ਅਤੇ ਜਿਸਨੇ ਹਿੰਦੂ ਭਾਵਨਾਵਾਂ ਨੂੰ ਭੜਕਾ ਕੇ ਕੁਝ ਥਾਵਾਂ ’ਤੇ ਸੱਤਾ ਹਾਸਲ ਕੀਤੀ ਹੈ, ਉਹ ਭਾਜਪਾ ਹੁਣ ਪੰਜਾਬ ਦੇ ਪਿੰਡਾਂ, ਜਿੱਥੇ ਸਿੱਖ ਬਹਗਿਣਤੀ ’ਚ ਰਹਿੰਦੇ ਹਨ ਅਤੇ ਹਿੰਦੂ ਆਟੇ ’ਚ ਲੂਣ ਜਿਨ੍ਹੇ ਵੀ ਨਹੀਂ, ਉਥੇ ਪੰਚਾਇਤ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਭਾਜਪਾ ਦਾਅਵਾ ਕਰ ਰਹੀ ਹੈ ਕਿ ਉਸਦਾ ਪ੍ਰਭਾਵ ਤੇ ਜਨ ਅਧਾਰ ਪਿੰਡਾਂ ’ਚ ਖਾਸਾ ਵਧਿਆ ਹੈ।

ਭਾਜਪਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਜ਼ਿਲਾ ਪ੍ਰੀਸ਼ਦ ਦੀਆਂ 23 ਸੀਟਾਂ ਅਤੇ ਬਲਾਕ ਸੰਮਤੀ ਦੀਆਂ 197 ਸੀਟਾਂ ਤੇ ਕਬਜ਼ਾ ਕੀਤਾ ਹੈ। ਪਿਛਲੀਆਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਸਮੇਂ ਅਕਾਲੀ ਦਲ ਬਾਦਲ ਨੇ ਭਾਜਪਾ ਨਾਲ ਚੋਣ ਗੱਠਜੋੜ ਨਹੀਂ ਸੀ ਕੀਤਾ, ਸਗੋਂ ਭਾਜਪਾ ਨੇ ਆਪਣੇ ਬਲਬੂਤੇ ਤੇ ਚੋਣਾਂ ਲੜ੍ਹੀਆਂ ਸਨ ਅਤੇ ਮੂੰਹ ਦੀ ਖਾਧੀ ਸੀ। ਪ੍ਰੰਤੂ ਇਸ ਵਾਰ ਕਿਉਂਕਿ ਲੋਕ ਸਭਾ ਚੋਣਾਂ ਸਿਰ ਤੇ ਹਨ ਅਤੇ ਬਾਦਲ ਪਰਿਵਾਰ ਆਪਣੀ ‘ਨੂੰਹ’ ਨੂੰ ਕੇਂਦਰੀ ਮੰਤਰੀ ਦੀ ਝੰਡੀ ਲਵਾਉਣ ਲਈ ਕਾਹਲਾ ਹੈ, ਇਸ ਲਈ ਜਿਹੜਾ ਸੁਖਬੀਰ ਬਾਦਲ, ਭਾਜਪਾ ਤੋਂ ਚਿੜ੍ਹਦਾ ਸੀ ਅਤੇ ਉਹ ਵੀ ਭਾਜਪਾ ਨੂੰ ਰਿਝਾਉਣ ਲੱਗਿਆ ਹੋਇਆ ਹੈ, ਜਿਸ ਕਾਰਣ ਹੀ ਭਾਜਪਾ ਨੂੰ ਪਿੰਡਾਂ ਦੀਆਂ ਚੋਣਾਂ ’ਚ ਚੌਥਾ ਹਿੱਸਾ ਸੀਟਾਂ ਦੇ ਦਿੱਤੀਆਂ ਗਈਆਂ। ਭਾਵੇਂ ਕਿ ਬਹੁਤੀ ਥਾਂਈ ਭਾਜਪਾ ਦੇ ਖਾਤੇ ਸਿਰਫ਼ ਕਾਗਜ਼ੀ ਰੂਪ ’ਚ ਹੀ ਸੀਟਾਂ ਪਾਈਆਂ ਗਈਆਂ ਹਨ, ਜਦੋਂਕਿ ਅਸਲ ’ਚ ਬਾਦਲ ਦਲ ਵਾਲੇ ਹੀ ਕਾਬਜ਼ ਹੋਏ ਹਨ, ਪ੍ਰੰਤੂ ਇਸ ਨਾਲ ਵੀ ਭਾਜਪਾ ਦੇ ਹੱਥ ਉਹ ਅੰਕੜੇ ਆ ਗਏ ਹਨ, ਜਿਨ੍ਹਾਂ ਨੂੰ ਲਹਿਰਾ ਕੇ ਭਾਜਪਾ ਇਹ ਦਾਅਵਾ ਠੋਕ ਵਜਾ ਕੇ ਕਰ ਰਹੀ ਹੈ ਕਿ ਉਸਨੇ ਪਿੰਡਾਂ ’ਚ ਆਪਣਾ ਅਧਾਰ ਮਜ਼ਬੂਤ ਕਰ ਲਿਆ ਹੈ। ਭਾਵੇਂ ਸੰਘ ਵੱਲੋਂ ਪਹਿਲਾ ਹੀ ਆਪਣੇ ਪ੍ਰਚਾਰਕਾਂ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਰੂਪ ’ਚ ਪਿੰਡਾਂ ਦੇ ਹੱਲਾ ਬੋਲਿਆ ਹੋਇਆ ਹੈ ਅਤੇ ਪਿੰਡਾਂ ’ਚ ਵੱਧ ਰਿਹਾ ਬ੍ਰਾਹਮਣਵਾਦ ਉਸਦਾ ਹੀ ਸਿੱਟਾ ਹੈ।

ਪਿੰਡ-ਪਿੰਡ ਬਣ ਰਹੇ ਮੰਦਿਰ, ਹੋ ਰਹੇ ਜਗਰਾਤੇ, ਇਸ ਗੱਲ ਦਾ ਸਬੂਤ ਹਨ ਕਿ ਸਿੱਖੀ ਨੂੰ ਖੋਰਾ ਲਾਉਣ ਲਈ ਯੋਜਨਾਬੱਧ ਢੰਗ ਨਾਲ ਸੰਘ ਵੱਲੋਂ ਪਿੰਡਾਂ ’ਚ ਆਪਣੀ ਲਹਿਰ ਤੇਜ਼ ਕੀਤੀ ਹੋਈ ਹੈ। ਪਿੰਡਾਂ ’ਚ ਜਿਥੇ ਕਦੇ ਮਾੜੀ-ਮੋਟੀ ‘ਮਟੀ’ ਜਾਂ ਹੋਰ ਹਿੰਦੂ ਪੂਜਾ ਅਸਥਾਨ ਬਣਿਆ ਹੋਇਆ ਸੀ, ਉਨ੍ਹਾਂ ਨੂੰ ਵੱਡੇ ਮੰਦਿਰਾਂ ’ਚ ਬਦਲ ਦਿੱਤਾ ਗਿਆ ਹੈ। ਪ੍ਰਾਈਵੇਟ ਸਕੂਲਾਂ ਰਾਹੀਂ ਪੰਜਾਬੀ ਦੀ ਥਾਂ ਹਿੰਦੀ ਦਾ ਬੋਲ-ਬਾਲਾ ਕਰਵਾਇਆ ਜਾ ਰਿਹਾ ਹੈ। ਖਾਲਸਾ ਸਕੂਲ, ਕਾਲਜਾਂ ’ਚ ਵਾਧਾ ਤਾਂ ਪੂਰੀ ਤਰ੍ਹਾਂ ਰੁੱਕ ਹੀ ਗਿਆ ਹੈ, ਪਹਿਲਾ ਤੋਂ ਚੱਲ ਰਹੇ ਖਾਲਸਾ ਸਕੂਲ ਤੇ ਕਾਲਜ ਵੀ ਨਿਘਾਰ ਵੱਲ ਜਾ ਰਹੇ ਹਨ। ਜਿਸ ਕਾਰਣ ਸਿੱਖ ਬੱਚੇ ਡੀ. ਏ. ਵੀ. ਸਨਮਤੀ, ਜੈਨ, ਸਰਵਹਿਤਕਾਰੀ ਸਕੂਲਾਂ ਕਾਲਜਾਂ ’ਚ ਪੜ੍ਹਨ ਲਈ ਮਜ਼ਬੂਰ ਹੋ ਰਹੇ ਹਨ, ਜਿਥੇ ਉਨ੍ਹਾਂ ਦੇ ਮਨਮਸਤਕ ਤੋਂ ਸਿੱਖੀ ਦਾ ਪ੍ਰਭਾਵ ਖ਼ਤਮ ਕਰਕੇ ਬ੍ਰਾਹਮਣਵਾਦੀ ਰੁਚੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਆਡੰਬਰ ਤੇ ਕਰਮਕਾਂਡੀ ਬ੍ਰਾਹਮਣਵਾਦੀ ਕੁਰੀਤੀਆਂ ਦੇ ਖ਼ਾਤਮੇ ਲਈ ਸਿੱਖੀ ਦੀ ਬੁਨਿਆਦੀ ਰੱਖੀ ਗਈ ਸੀ, ਪ੍ਰੰਤੂ ਅੱਜ ਇਹੋ ਬੁਰਿਆਈਆਂ ਸਿੱਖੀ ’ਚ ਮੋਹਰੀ ਹੋਈ ਬੈਠੀਆਂ ਹਨ।

ਭਾਜਪਾ ਨਾਲ ਭਾਈਵਾਲੀ, ਬਾਦਲ ਦਲ ਦੀ ਸੱਤਾ ਲਾਲਸਾ ਦੀ ਮਜ਼ਬੂਰੀ ਹੋ ਸਕਦੀ ਹੈ। ਪ੍ਰੰਤੂ ਪੰਜਾਬ ਦੇ ਦੁਸ਼ਮਣ ਹੱਥ ਪੰਜਾਬ ਦੀ ਵਾਂਗਡੋਰ ਸੌਂਪਣਾ, ਕੌਮ ਤੇ ਮਾਤਭੂਮੀ ਨਾਲ ਗਦਾਰੀ ਹੈ। ਸਿਰਫ਼ ਸਿਆਸੀ ਲਾਹੇ ਲਈ ਦੁਸ਼ਮਣ ਦੇ ਹੱਥ ਘਰ ਦੀਆਂ ਚਾਬੀਆਂ ਫੜ੍ਹਾਉਣ ਵਾਲੇ ਮੂਰਖ ਹੀ ਆਖੇ ਜਾਣਗੇ ਅਤੇ ਉਨ੍ਹਾਂ ਦੀ ਲਾਲਸਾ ਭਰੀ ਮੂਰਖਤਾ ਦਾ ਖ਼ਮਿਆਜ਼ਾ ਕੌਮ ਨੂੰ ਲੰਬੇ ਸਮੇਂ ਤੱਕ ਭਰਨਾ ਪਵੇਗਾ। ਅਸੀਂ ਹਿੰਦੂ-ਸਿੱਖ ਸਾਂਝ ਦੇ ਵਿਰੋਧੀ ਨਹੀਂ, ਪ੍ਰੰਤੂ ਉਨ੍ਹਾਂ ਹਿੰਦੂਵਾਦੀ ਤਾਕਤਾਂ, ਜਿਹੜੀਆਂ ਸਿੱਖੀ ਦੇ ਨਿਆਰੇਪਣ ਨੂੰ ਹੜੱਪਣ ਲਈ ਕਾਹਲੀਆਂ ਹਨ ਅਤੇ ਵਿਉਂਤਬੰਦੀ ਕਰ ਰਹੀਆਂ ਹਨ, ਉਨ੍ਹਾਂ ਨੂੰ ਨੱਥ ਪਾਉਣੀ ਅਤੇ ਸਿੱਖੀ ਦੀ ਮਹਾਨਤਾ ਦਾ ਅਹਿਸਾਸ ਕਰਵਾਉਣਾ, ਹਰ ਸਿੱਖ ਦਾ ਫਰਜ਼ ਮੰਨਦੇ ਹਾਂ। ਸੱਪ ਨੂੰ ਜਿਨ੍ਹਾਂ ਮਰਜ਼ੀ ਦੁੱਧ ਪਿਆ ਲਵੋ, ਉਸਨੇ ਮੌਕਾ ਮਿਲਣ ਤੇ ਡੰਗ ਮਾਰਨਾ ਹੀ ਹੁੰਦਾ ਹੈ, ਇਸ ਲਈ ਪੰਜਾਬ ’ਚ ਸਿੱਖ ਵਿਰੋਧੀ ਤਾਕਤਾਂ ਨੂੰ ਸ਼ਕਤੀਸ਼ਾਲੀ ਬਣਾਉਣਾ, ਆਪਣੇ ਪੈਰੀ ਆਪ ਕੁਹਾੜਾ ਮਾਰਨਾ ਵਰਗਾ ਹੈ, ਜਿਸ ਬਾਰੇ ਅੱਜ ਹੀ ਗੰਭੀਰ ਹੋ ਕੇ, ਦੂਰ ਅੰਦੇਸ਼ ਬਣ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਅਤੇ ਉਸ ਵਿਚਾਰ-ਵਟਾਂਦਰੇ ’ਚੋਂ ਨਿਕਲੇ ਸਿੱਟਿਆ ਤੇ ਅਮਲ ਕਰਨਾ ਚਾਹੀਦਾ ਹੈ।

ਜਿਵੇਂ ਅਸੀਂ ਪਹਿਲਾ ਵੀ ਲਿਖਿਆ ਹੈ ਕਿ ਸਿੱਖ ਵਿਰੋਧੀ ਤਾਕਤਾਂ ਵੱਲੋਂ ਹੁਣ ਅੰਦਰੂਨੀ ਘੁਸਪੈਠ ਕਰਕੇ, ਸਿੱਖੀ ਨੂੰ ਖੋਰਾ ਲਾਉਣ ਦੀ ਸਾਜ਼ਿਸ ਆਰੰਭੀ ਹੋਈ ਹੈ। ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਭਾਜਪਾ ਦਾ ਵੱਧਦਾ ਪ੍ਰਭਾਵ, ਉਸੇ ਕੜ੍ਹੀ ਦਾ ਸਿੱਟਾ ਹੈ। ਅਕਾਲੀਆਂ ਨੂੰ ਭਾਜਪਾ ਆਗੂਆਂ ਦੇ ਆ ਰਹੇ ਬਿਆਨਾਂ ਤੇ ਖੁਸ਼ ਹੋ ਕੇ ਪਿੱਠ ਥਾਪੜਨ ਦੀ ਥਾਂ ਇਸ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਦੂਰਗਾਮੀ ਪ੍ਰਭਾਵਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਜਦੋਂ ਚਿੜ੍ਹੀਆਂ ਨੇ ਖੇਤ ਹੀ ਚੁੱਗ ਲਿਆ, ਫਿਰ ਪਛਤਾਵਾ ਕੀਤੇ ਤੋਂ ਕੁਝ ਹੱਥ ਨਹੀਂ ਪੈਣਾ। ਪੰਜਾਬੀ ਸੂਬੇ ਦਾ ਵਿਰੋਧ ਕਰਨ ਵਾਲਿਆਂ, ਸਾਕਾ ਦਰਬਾਰ ਸਾਹਿਬ 84 ਲਈ ਇੰਦਰਾ ਗਾਂਧੀ ਨੂੰ ਮਜ਼ਬੂਰ ਕਰਨ ਵਾਲਿਆਂ ਅਤੇ ਸੰਤ ਜਰਨੈਲ ਸਿੰਘ ਖਾਲਸਾ, ਭਿੰਡਰਾਂਵਾਲਿਆਂ ਦੀ ਸ਼ਹਾਦਤ ਤੇ ਲੱਡੂ ਵੰਡਣ ਵਾਲਿਆਂ ਦੀ ਪੰਜਾਬ ’ਚ ਚੜ੍ਹਤ ਕਿਸ ਦੇ ਮੂੰਹ 'ਤੇ ਚਪੇੜ ਸਮਝੀ ਜਾਵੇ, ਇਹ ਹਰ ਸਿੱਖ ਲਈ ਸੋਚਣ ਦਾ ਵਿਸ਼ਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top