Share on Facebook

Main News Page

ਧਰਮੀ ਸ਼ਰਧਾ ਦੇ ਨਾਂ 'ਤੇ ਸੰਗਤਾਂ ਦੀ ਲੁੱਟ
- ਅਵਤਾਰ ਸਿੰਘ ਮਿਸ਼ਨਰੀ 510 432 5827
singhstudent@gmail.com

ਭਲਿਓ ਸਿੱਖ ਕਰਨਹਾਰ ਕਰਤਾਰ ਨਿਰੰਕਾਰ ਅਕਾਲ ਪੁਰਖ ਦਾ ਪੁਜਾਰੀ ਹੈ, ਨਾ ਕਿ ਕਿਰਤਮ ਵਸਤੂਆਂ ਦਾ। ਸਿੱਖ ਲਈ ਹੁਕਮ ਹੈ "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਅਤੇ ਦਿਦਾਰ ਖਾਲਸੇ ਕਾ" ਅੰਨੀ ਸ਼ਰਧਾ ਵਾਲੀਆਂ ਗੱਲਾਂ ਕਰਕੇ ਅੱਜ ਸਿੱਖਾਂ ਨੂੰ ਵੀ ਕਿਰਤਮ ਦਾ ਪੁਜਾਰੀ ਬਣਾਇਆ ਜਾ ਰਿਹਾ ਹੈ। ਸ਼ੁਰਾਹੀ, ਜੁੱਤੀਆਂ, ਚੋਲੇ , ਕਛਹਿਰੇ, ਬਾਜਾਂ ਅਤੇ ਕਿਰਪਾਨਾਂ ਦੇ ਭੁਲੇਖਾ ਪਾਊ ਛੋਛੇ ਛੱਡ ਕੇ, ਸਭ ਪੇਟ ਪੂਜਾ ਦੇ ਜੁਗਾੜ ਕੀਤੇ ਜਾ ਰਹੇ ਹਨ। ਵਰਨਾ ਜਿਸ ਸਿੱਖ ਨੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਤੋਂ ਸਿਖਿਆ ਲੈ ਕੇ ਆਪਣਾ ਜੀਵਨ ਸੁਹੇਲਾ ਨਹੀਂ ਕੀਤਾ। ਕੀ ਇਹ ਬਾਹਰੀ ਜੜ ਵਸਤੂਆਂ ਉਸ ਦਾ ਪਾਰਉਤਾਰਾ ਕਰ ਦੇਣਗੀਆਂ?

ਇਹ ਸਾਰੇ ਭਰਮ-ਭੁਲੇਖੇ ਪੈਸਾ ਬਟੋਰਨ ਲਈ ਹੀ ਕੀਤੇ ਜਾ ਰਹੇ ਹਨ। ਜਦ ਚੋਰ ਤੇ ਕੁੱਤੀ ਰਲ ਜਾਣ ਤਾਂ ਚੋਰੀ ਹੋ ਹੀ ਜਾਂਦੀ ਹੈ। ਇੱਸੇ ਤਰ੍ਹਾਂ ਅੱਜ ਡੇਰੇਦਾਰ ਸਾਧ ਬਾਬੇ, ਲਾਲਚੀ ਪ੍ਰਚਾਰਕ ਅਤੇ ਬੇਗਿਆਨੇ ਚਲਾਕ ਪ੍ਰਬੰਧਕ ਸਭ ਰਲ ਕੇ ਸਿੱਖ ਕੌਮ ਨੂੰ ਲੁੱਟ ਰਹੇ ਹਨ। ਅਜੋਕੀ ਸਾਧ ਸੰਗਤ ਵੀ ਅਜਿਹੀਆਂ ਅਣਹੋਣੀਆਂ ਜੜ ਵਸਤੂਆਂ ਤੇ ਮਾਇਆ ਦੇ ਢੇਰ ਲਾ ਦਿੰਦੀ ਹੈ ਪਰ ਜਿੱਥੇ ਕਿਤੇ ਸਕੂਲ, ਕਾਲਜ, ਯੂਨੀਵਰਸਿੱਟੀ ਜਾਂ ਧਾਰਮਿਕ ਮਿਸ਼ਨਰੀ ਕਾਲਜ ਆਦਿਕ ਵਿਦਿਅਕ ਅਦਾਰਿਆ ਦੀ ਲਈ ਮਾਇਆ ਦੀ ਮੰਗ ਕੀਤੀ ਜਾਵੇ ਤਾਂ ਅਜਿਹੇ ਭੇਖੀ ਸਾਧਾਂ ਦੇ ਪੁਜਾਰੀ ਨਾਸਤਕ ਕਹਿ ਕੇ ਪੈਸਾ ਤਾਂ ਕੀ ਦੇਣਾਂ ਉਲਟੀ ਨਿੰਦਿਆ, ਚੁਗਲੀ ਆਦਿਕ ਵਿਰੋਧਤਾ ਕਰਕੇ ਨੱਠ ਜਾਂਦੇ ਹਨ। ਅਜਿਹੀ ਅੰਨ੍ਹੀ ਸ਼ਰਧਾ ਅਤੇ ਅਗਿਆਨਤਾ ਕਰਕੇ ਹੀ ਅਜੋਕਾ ਸਿੱਖ ਇੱਕ ਅਕਾਲ, ਇੱਕ ਸ਼ਬਦ ਗੁਰੂ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਅਨੇਕਾਂ ਦੇਵੀ ਦੇਵਤੇ, ਭਗਵਾਨ, ਅਖੌਤੀ ਸਾਧ ਸੰਤ, ਅਨੇਕਾਂ ਗ੍ਰੰਥ ਅਤੇ ਅਨੇਕਾਂ ਪੰਥ ਬਣਾ ਕੇ ਖਜਲ ਖੁਆਰ ਹੋ ਰਿਹਾ ਹੈ। ਹੋਰ ਤਾਂ ਹੋਰ ਗੁਰੂ ਗ੍ਰੰਥ ਦੇ ਬਰਾਬਰ ਵੀ ਕੂੜ ਗ੍ਰੰਥਾਂ ਦਾ ਪ੍ਰਕਾਸ਼ ਕਰੀ ਜਾ ਰਿਹਾ ਹੈ।

ਅੱਜ ਸਿੱਖਾਂ ਦੇ ਬਹੁਤੇ ਕੇਂਦਰੀ ਅਸਥਾਨਾਂ, ਗੁਰਦੁਆਰਿਆਂ ਅਤੇ ਵਿਅਦਿਅਕ ਆਦਾਰਿਆਂ ਤੇ ਵੀ ਕੇਸਾਧਾਰੀ ਬ੍ਰਾਹਮਣਾਂ ਜਾਂ ਕੇਵਲ ਭੇਖਧਾਰੀ ਸਿੱਖ ਨੁਮਾਂ ਲੋਕਾਂ ਦਾ ਕਬਜਾ ਹੋ ਚੁੱਕਾ ਹੈ ਜਿਨ੍ਹਾਂ ਨੇ ਇਨ੍ਹਾਂ ਸਭ ਅਸਥਾਨਾਂ ਨੂੰ ਕਮਰਸ਼ੀਅਲ ਬਣਾ ਕੇ ਪੈਸਾ ਅਤੇ ਚੌਧਰ ਕਮਾਉਣ ਤੱਕ ਸੀਮਤ ਕਰ ਦਿੱਤਾ ਹੈ। ਅੱਜ ਜਦ ਗੁਰਦੁਆਰਿਆਂ ਵਿੱਚ, ਗੁਰਬਾਣੀ ਦੇ ਪਾਠ, ਕੀਰਤਨ, ਕਥਾ ਅਤੇ ਅਰਦਾਸਾਂ, ਅਦਿਕ ਵਿਕ ਰਹੀਆਂ ਹਨ ਤਾਂ ਫਿਰ ਅਣਹੋਣੀਆਂ ਜਾਂ ਅਡੰਬਰ ਵਾਲੀਆਂ, ਕਿਰਤਮ ਵਸਤੂਆਂ ਦੀ ਰਾਹੀਂ ਲੁੱਟੀ ਜਾ ਰਹੀ ਜਨਤਾ ਨੂੰ ਕੌਣ ਜਗਾਵੇਗਾ ਅਤੇ ਬਚਾਵੇਗਾ? ਹਾਂ ਅੱਜ ਜੇ ਥੋੜੀ ਬਹੁਤੀ ਜਾਗ੍ਰਿਤੀ ਆ ਰਹੀ ਹੈ ਤਾਂ ਸੱਚੇ ਸੁੱਚੇ ਪ੍ਰਚਾਕਾਂ ਅਤੇ ਮੀਡੀਏ ਕਰਕੇ ਹੈ ਜੋ ਉਹ ਮੀਡੀਏ ਇੰਟ੍ਰਨੈਟ ਤੇ ਸੱਚੀ ਗੱਲ ਕਰ ਸਕਦੇ ਹਨ ਪਰ ਗੁਰਦੁਆਰੇ ਆਦਿਕ ਧਰਮ ਅਸਥਾਨਾਂ ਵਿੱਚ ਨਹੀਂ ਕਰਨ ਦਿੱਤੀ ਜਾਂਦੀ। ਲੇਖਕਾਂ, ਪ੍ਰਚਾਕਾਂ, ਸੰਗਤਾਂ ਅਤੇ ਪ੍ਰਬੰਧਕਾਂ ਨੂੰ ਇੱਧਰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸੰਗਤਾਂ ਨੂੰ ਗਿਆਨਵਾਨ ਹੋ ਕੇ ਖੋਟੇ-ਖਰੇ ਦੀ ਪਹਿਚਾਨ ਗੁਰਬਾਣੀ ਦੀ ਕਸਵੱਟੀ ਤੇ ਕਰਨੀ ਚਾਹੀਦੀ ਹੈ ਤਾਂ ਹੀ ਧਰਮੀ ਸ਼ਰਧਾ ਦੇ ਨਾਂ ਤੇ ਹੋ ਰਹੀ ਲੁੱਟ ਨੂੰ ਠੱਲ੍ਹ ਪੈ ਸਕਦੀ ਹੇ।

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top