Share on Facebook

Main News Page

ਜਥੇਦਾਰ ਜੀ! ਕੀ ਇਹ ਰਹਿਤ ਮਰਯਾਦਾ ਦੀਆਂ ਧੱਜੀਆਂ ਨਹੀਂ ਉਡਦੀਆਂ ? ਅਕਾਲ ਤਖਤ ਦੇ ਹੁਕਮਨਾਮੇ ਕੌਣ ਕਰਵਾਏਗਾ ਲਾਗੂ ?
- ਗਿ. ਰਣਜੋਧ ਸਿੰਘ

ਅਨੰਦਪੁਰ ਸਾਹਿਬ, 25 ਮਈ (ਸੁਰਿੰਦਰ ਸਿੰਘ ਸੋਨੀ): ਭਾਂਵੇ ਸਮੇਂ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋ ਸਿੱਖ ਸੰਗਤਾਂ ਲਈ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ, ਪਰ ਇਨਾਂ ਹੁਕਮਨਾਮਿਆਂ ਨੂੰ ਅਮਲੀ ਰੂਪ ਵਿਚ ਲਾਗੂ ਕੌਣ ਕਰਵਾਏਗਾ? ਇਸ ਗੱਲ ਵੱਲ ਨਾ ਤਾਂ ਅੱਜ ਤੱਕ ਜਥੇਦਾਰਾਂ ਨੇ ਕੋਈ ਧਿਆਨ ਦਿਤਾ ਹੈ, ਤੇ ਨਾ ਹੀ ਸ਼੍ਰੋਮਣੀ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਨੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ: ਰਣਜੋਧ ਸਿੰਘ ਨੇ ਕੀਤਾ। ਉਨਾਂ ਕਿਹਾ ਮਿਸਾਲ ਦੇ ਤੋਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਸਪੱਸ਼ਟ ਤੋਰ ਤੇ ਲਿਖਿਆ ਹੈ ਕਿ ਅਖੰਡ ਜਾਂ ਸਹਿਜ ਪਾਠ ਮੋਕੇ ਕੁੰਭ, ਨਾਰੀਅਲ, ਜੋਤਾਂ ਆਦਿ ਮਨਮਤੀ ਕਰਮ ਹਨ ਜੋ ਨਹੀਂ ਕਰਨੇ, ਪਰ ਅਜੋਕੇ ਸਾਧ-ਸੰਤ ਤੇ ਡੇਰੇਦਾਰ ਇਨਾਂ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਇਨਾਂ ਨੂੰ 'ਜਥੇਦਾਰਾਂ' ਨੇ ਰੋਕਣਾ ਤਾਂ ਕੀ ਹੈ, ਇਹ 'ਜਥੇਦਾਰ' ਆਪ ਇਨਾਂ ਦੀਆਂ ਹਾਜਰੀਆਂ ਭਰ ਕੇ ਉਨਾਂ ਨੂੰ ਮਹਾਂਪੁਰਖ,ਬ੍ਰਹਮਗਿਆਨੀ ਆਦਿ ਦੇ ਸਰਟੀਫਿਕੇਟ ਦੇ ਰਹੇ ਹਨ। ਉਨਾਂ ਕਿਹਾ ਕਿ ਕੱਚੀ ਬਾਣੀ ਪੜਣ ਦੀ ਸਖਤ ਮਨਾਹੀ ਹੈ ਪਰ ਇਹ ਸਾਧ ਲਾਣਾ 'ਜਥੇਦਾਰਾਂ' ਦੀ ਹਾਜਰੀ ਵਿਚ ਕੱਚੀ ਬਾਣੀ ਪੜਦੇ ਹਨ, ਪਰ ਅਫਸੋਸ ਜਥੇਦਾਰਾਂ ਦੀ ਏਨੀ ਹਿੰਮਤ ਨਹੀਂ ਕਿ ਉਨਾਂ ਨੂੰ ਰੋਕ ਸਕਣ।

ਉਨਾਂ ਹੋਰ ਕਿਹਾ ਕਿ ਸਿੱਖ ਰਹਿਤ ਮਰਯਾਦਾ ਮੁਤਾਬਿਕ ਇਕ ਸਮੇ ਕੀਰਤਨ, ਕਥਾ ਜਾਂ ਪਾਠ ਹੀ ਹੋ ਸਕਦਾ ਹੈ ਤੇ ਇਕ ਜਗਾ ਕੇਵਲ ਇਕ ਹੀ ਸ਼ਬਦ ਗੁਰੂ ਦਾ ਪਾਠ ਕੀਤਾ ਜਾ ਸਕਦਾ ਹੈ, ਪਰ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਅੱਜ ਸਾਧਾਂ ਵਲੋਂ ਸ਼ਰੇਆਮ ਇਕ ਕਮਰੇ ਵਿਚ ਸੈਕੜਿਆਂ ਦੀ ਗਿਣਤੀ ਵਿਚ ਸ਼ਬਦ ਗੁਰੂ ਦੇ ਸਰੂਪ ਰੱਖ ਕੇ ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ ਹਨ, ਜੋ ਕੇਵਲ ਤੇ ਕੇਵਲ ਦੁਕਾਨਦਾਰੀ ਹੀ ਕਹੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਸ ਤਰਾਂ ਦੀਆਂ ਹੋਰ ਅਨੇਕਾਂ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ, ਜਿਥੇ ਸਾਡੇ 'ਜਥੇਦਾਰ' ਹਾਜਰੀਆਂ ਵੀ ਭਰਦੇ ਹਨ ਤੇ ਉਨਾਂ ਦੇ ਸਾਹਮਣੇ ਰੱਜ ਕੇ ਮਨਮਤੀ ਕਰਮ ਵੀ ਕੀਤੇ ਜਾ ਰਹੇ ਹਨ।

ਗਿ: ਰਣਜੋਧ ਸਿੰਘ ਨੇ ਕਿਹਾ ਕਿ ਜੇਕਰ ਇਹ ਹੁਕਮਨਾਮੇ ਲਾਗੂ ਹੀ ਨਹੀਂ ਕਰਨੇ ਜਾਂ ਕਰਵਾਉਣੇ ਤਾਂ ਇਹ ਜਾਰੀ ਹੀ ਕਿਉਂ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਜਥੇਦਾਰਾਂ ਦਾ ਕੈਸਾ ਇਨਸਾਫ ਹੈ ਕਿ ਪ੍ਰੋ:ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਰੋਕਣ ਲਈ ਜਥੇਦਾਰ ਹੱਦੋਂ ਵੱਧ ਦਖਲ ਅੰਦਾਜੀ ਕਰ ਸਕਦੇ ਹਨ, ਪਰ ਸਿੱਖੀ ਸਿਧਾਤਾਂ ਤੇ ਰਹਿਤ ਮਰਯਾਦਾ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅੱਜ ਭਾਂਵੇ 'ਜਥੇਦਾਰ' ਜਿਵੇ ਮਰਜੀ ਆਪਣੀਆਂ ਚੰਮ ਦੀਆਂ ਚਲਾਉਣ ਪਰ ਇਤਹਾਸ ਉਨਾਂ ਨੂੰ ਕਦੇ ਮਾਫ ਨਹੀਂ ਕਰੇਗਾ ਤੇ ਗੁਰੂ ਦਰ ਤੇ ਉਹ ਕਦੇ ਵੀ ਸੁਰਖਰੂ ਨਹੀਂ ਹੋਣਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top