Share on Facebook

Main News Page

ਜਦੋਂ ਦੀ ਸਿੱਖ ਕੌਮ ਗੁਲਾਮ ਹੋਈ ਹੈ, ਉਦੋਂ ਦੇ ਸਿੱਖ ਕੌਮ ਅੰਦਰ "ਪੁਰਾਤਨ ਗ੍ਰੰਥ" ਅਤੇ "ਸੰਤ", "ਬ੍ਰਹਮਗਿਆਨੀ" ਵੱਧ ਰਹੇ ਹਨ
- ਸਤਿਨਾਮ ਸਿੰਘ ਮੌਂਟਰੀਆਲ 514-219-2525

ਲਗਭਗ ਡੇਢ ਦੋ ਸੌ ਸਾਲ ਪਹਿਲਾਂ ਹੋਂਦ ਵਿਚ ਆਇਆ "ਬਚਿੱਤ੍ਰ ਨਾਟਕ", (ਅਖੌਤੀ ਦਸਮ ਗ੍ਰੰਥ) "ਭਾਈ ਬਾਲੇ ਵਾਲੀ ਜਨਮ ਸਾਖੀ", ਅਤੇ "ਗੁਰਬਿਲਾਸ ਪਾ: ਛੇਵੀਂ", ਇਹਨਾਂ ਤਿਨਾਂ ਹੀ ਕਿਤਾਬਾਂ ਵਿੱਚ ਗੁਰੂ ਸਾਹਿਬਾਨਾਂ ਦੀ ਰੱਜ ਕੇ ਭੰਡੀ ਕੀਤੀ ਹੋਈ ਹੈ, ਅਤੇ ਗੁਰੂ ਸਹਿਬਾਨਾਂ ਨੂੰ "ਕਾਂਮੀਂ", "ਚੋਰ ਤੇ ਅਯਾਸ਼", ਸਿੱਧ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।

ਪਿੱਛੇ ਜਿਹੇ ਇੱਕ ਖਬਰ ਆਈ ਸੀ, ਕਿ ਮਹਾਂਰਾਸ਼ਟਰ ਦੇ ਇੱਕ ਪਿੰਡ ਵਿਚੋਂ ਤਿੰਨ ਸੌ ਸਾਲ ਪੁਰਾਣੇ ਦਸ ਗ੍ਰੰਥ ਮਿਲੇ ਹਨ, ਪੰਜ ਗੁਰੂ ਗ੍ਰੰਥ ਤੇ ਪੰਜ ਦਸਮ ਗ੍ਰੰਥ, ਇਹੋ ਜਿਹੇ ਪੁਰਾਤਨ ਗ੍ਰੰਥ ਕਿਉਂ ਲੱਭ ਰਹੇ ਹਨ, ਸੂਝਵਾਨ ਸਿੱਖ ਭਲੀਭਾਂਤ ਜਾਣਦੇ ਹਨ।

ਪਰ ਬਲਿਹਾਰ ਜਾਈਏ ਸਿੱਖ ਕੌਮ ਦੇ ਜੋ ਚਸਕੇ ਲੈ ਲੈ ਕੇ ਪੜ੍ਹ ਰਹੀ ਹੈ।

ਕੁੱਝ ਦਿਨ ਪਹਿਲਾਂ ਮਾਲਟਨ ਗੁਰਦੁਆਰੇ ਤੋਂ ਚੱਲ ਰਹੀ ਆਰ.ਐਸ.ਐਸ ਦੀ ਕਥਾ ਕੱਨਾਂ ਵਿਚ ਪਈ, ਜੋ ਕਿ ‘ਹਰੀ ਪ੍ਰਸਾਦ ਰੰਧਾਵਾ’ ਕਰ ਰਿਹਾ ਸੀ, ਇਸ ਮੱਨੁਖ ਦੀਆਂ ਗੱਪਾਂ ਤਾਂ ਆਮ ਹੀ ਸੁਣੀਆਂ ਜਾਂ ਸਕਦੀਆਂ ਹਨ, ਪਰ ਜਿਹੜੀ ਇਸ ਨੇ ਉਸ ਦਿਨ ਗੱਪ ਮਾਰੀ, ਉਹ ਨਵਾਂ ਹੀ ਕੋਈ ਚੰਨ ਚਾੜਨ ਵਾਲੀ ਹੈ।

ਇਸ ਨੇ ਕਿਹਾ ਕਿ "ਜਪਜੀ ਸਾਹਿਬ ਦੇ ਸੱਭ ਤੋਂ ਪਹਿਲਾਂ ਅਰਥ ਗੁਰੂ ਨਾਨਕ ਜੀ ਨੇ ਕੀਤੇ ਸਨ ਅਤੇ ਭਾਈ ਲਹਿਣਾਂ (ਗੁਰੂ ਅੰਗਦ) ਜੀ ਨੇ ਲਿਖੇ ਸਨ, ਉਹ ਅਰਥਾਂ ਵਾਲਾ ਗ੍ਰੰਥ ਹੁਣ ਮੇਰੇ ਕੋਲ ਹੈ, ਬਿਲਕੁਲ ਸੇਮ ਲਿਖਾਈ ਸੇਮ ਪੇਪਰ, ਅਤੇ ਉਹ ਅਰਥ ਸੰਪ੍ਰਦਾਈ ਟੀਕੇ ਨਾਲ ਮਿਲਦੇ ਜੁਲਦੇ ਹਨ।" (ਨੋਟ –ਇਹ ਬੰਦਾ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖ ਰਿਹਾ ਹੈ)

ਇਹ ਤੇ ਲੂਲੋ ਵਾਲ਼ਾ ਪਹਿਲਾਂ ਹੀ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿ ਗੁਰੂ ਨਾਨਕ ਸਾਹਿਬ ਜੀ ਦੀ ਹੋਰ ਬਾਣੀ ਵੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ।

ਦੁਸ਼ਮਣ ਲੱਖ ਜਤਨ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਲ਼ਾ ਨਹੀਂ ਪਾ ਸਕਿਆ, ਪਰ ਹੁਣ ਇਹੋ ਜਿਹੇ ਲੋਕਾਂ ਰਾਹੀਂ ਹੀ ਗੁਰਬਾਣੀ ਦੇ ਅਰਥਾਂ ਦੇ ਅਨੱਰਥ ਕਰਵਾਇਗਾ, ਅਤੇ ਕੱਚਘੜਤ ਲਿਖਤਾਂ ਨੂੰ ਗੁਰੂ ਨਾਨਕ ਜੀ ਦੀ ਬਾਣੀ ਸਿੱਧ ਕਰਨ ਦੀ ਕੋਸ਼ਿਸ਼ ਕਰਿਗਾ, ਜੋ ਕਿ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਖਾਂ ਦੇ ਮੱਥੇ 'ਤੇ ਅਖੌਤੀ ਦਸਮ ਗ੍ਰੰਥ ਮੱੜ ਚੁਕਾ ਹੈ।

ਪਰ ਧੰਨ ਹਨ ਉਹ ਪ੍ਰਬੰਧਕ ਕਮੇਟੀਆਂ ਜੋ ਇਹੋ ਜਿਹੇ ਗੱਪੀਆਂ ਨੂੰ ਗੁਰਦੁਆਰਿਆਂ ਵਿਚ ਗਪੌੜਾਂ ਮਾਰਨ ਲਈ ਟਾਈਮ ਦੇ ਰਹੀਆਂ ਹਨ, ਉਨ੍ਹਾਂ ਕਮੇਟੀਆਂ ਨੂੰ ਪੰਥ ਦਾ ਵਾਸਤਾ ਹੈ, ਕਿ ਇਹੋ ਜਿਹੇ ਕਥਾ ਵਾਚਕਾਂ ਨੂੰ ਦੋ ਕੁ ਸਵਾਲ ਤਾਂ ਪੁਛ ਲਿਆ ਕਰੋ।

  1. ਜਪੁਜੀ ਸਾਹਿਬ ਵਾਲੇ ਟੀਕੇ ਦਾ ਗ੍ਰੰਥ ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪ ਲਿਖਵਾਇਆ ਅਤੇ ਭਾਈ ਲਹਿਣਾ ਜੀ ਨੇ ਲਿਖਿਆ, ਉਹ ਅੱਜ ਤੱਕ ਸਿੱਖ ਕੌਮ ਤੋਂ ਕਿਉਂ ਲੁਕਿਆ ਰਹਿ ਗਿਆ? ਪਿਛਲੇ ਡੇਢ ਕੁ ਸੌ ਸਾਲ ਤੋਂ ਸਿੱਖ ਕੌਮ ਵਿਚ ਬੱੜੇ ਹੀ ਅਖੌਤੀ "ਸੰਤ", "ਬ੍ਰਹਮਗਿਆਨੀ", "ਮਹਾਂਪੁਰਖ" ਹੋਇ ਹਨ, ਉਨ੍ਹਾਂ ਨੂੰ ਆਪਣੀ ਅੰਤਰ ਜਾਂਮਤਾ ਨਾਲ ਇਸ ਗ੍ਰੰਥ ਦਾ ਕਿਉਂ ਪਤਾ ਨਹੀਂ ਲੱਗਾ? ਤੁਸੀਂ (ਹਰੀ ਪ੍ਰਸ਼ਾਦ) ਉਸ ਗ੍ਰੰਥ ਨੂੰ ਕਿਸ ਅੰਤਰ ਜਾਂਮਤਾ ਨਾਲ ਲੱਭ ਲਿਆ? ਅਤੇ ਉਸ ਦੀ ਲਿਖਾਈ ਤੇ ਪੇਪਰ ਕਿਸ ਕਸਵੱਟੀ ਨਾਲ ਪਰਖੇ ਹਨ?
  2. ਗੁਰੂ ਨਾਨਕ ਸਾਹਿਬ ਜੀ ਦੀ ਉਹ ਬਾਣੀ, (ਜਿਹੜੀ ਇਹ ਦਸ ਰਹੇ ਹਨ ਕਿ ਗੁਰੂ ਗ੍ਰੰਥ ਜੀ ਤੋਂ ਬਾਹਰ ਹੈ) ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਕਿਸ ਤਰ੍ਹਾਂ ਰਹਿ ਗਈ? ਕੀ ਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਇਨੇ ਅਵੇਸਲੇ ਸਨ, ਕਿ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪਰਵਾਹ ਹੀ ਨਹੀਂ ਕੀਤੀ? ਉਹ ਬਾਣੀ ਜਿਸ ਬਾਣੀ ਦਾ ਨੌ ਗੁਰੂਆਂ ਨੂੰ ਪਤਾ ਨਹੀਂ ਲੱਗ ਸਕਿਆ, ਭਾਈ ਗੁਰਦਾਸ ਜੀ ਨੂੰ ਬਾਬਾ ਦੀਪ ਸਿੰਘ ਜੀ ਨੂੰ ਭਾਈ ਮਨੀ ਸਿੰਘ ਜੀ ਨੂੰ ਪਤਾ ਨਹੀਂ ਲੱਗ ਸਕਿਆ, ਫਿਰ ਉਸ ਬਾਣੀ ਦਾ ਇਸ (ਹਰੀ ਪ੍ਰਸਾਦ) ਨੂੰ ਕਿਵੇਂ ਪਤਾ ਲੱਗ ਗਿਆ?

ਖੈਰ ਜਿਨ੍ਹਾਂ ਲੋਕਾਂ ਨੇ ਸਿੱਖ ਕੌਮ ਨੂੰ ਖੇਰੂੰ ਖੇਰੂੰ ਕਰਨ ਦਾ ਬੀੜਾ ਚੁਕਿਆ ਹੋਇਆ ਹੈ, ਉਨ੍ਹਾਂ ਲੋਕਾਂ ਨੇ ਸਵਾਲਾਂ ਦੇ ਜਵਾਬ ਵੀ ਪਹਿਲਾਂ ਹੀ ਘੜੇ ਹੁੰਦੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top