Share on Facebook

Main News Page

ਮਾਰੂ ਨਸ਼ਿਆਂ ਨੇ ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ਨੂੰ ਪਾਇਆ ਘੇਰਾ

ਸ਼ਹਿਰ ਵਾਸੀ ਗਹਿਰੀ ਚਿੰਤਾ ਵਿਚ,ਪ੍ਰਸ਼ਾਸ਼ਨ ਵਲੋਂ ਸਖਤ ਕਦਮ ਚੁੱਕਣ ਦੀ ਲੋੜ

ਅਨੰਦਪੁਰ ਸਾਹਿਬ, 23 ਮਈ (ਸੁਰਿੰਦਰ ਸਿੰਘ ਸੋਨੀ): ਸੰਸਾਰ ਭਰ ਵਿਚ ਸਤਿਕਾਰ ਦੀ ਪਾਤਰ ਖਾਲਸੇ ਦੀ ਪਾਵਨ ਨਗਰੀ ਅਨੰਦਪੁਰ ਸਾਹਿਬ ਨੂੰ ਪਿਛਲੇ ਕੁੱਝ ਅਰਸੇ ਤੋ ਮਾਰੂ ਨਸ਼ਿਆਂ ਨੇ ਘੇਰਾ ਪਾਇਆ ਹੋਇਆ ਹੈ। ਜਾਣਕਾਰੀ ਮੁਤਾਬਿਕ ਇਸ ਇਲਾਕੇ ਵਿਚ ਸਮੈਕ, ਹੈਰੋਇਨ, ਭੁੱਕੀ, ਅਫੀਮ, ਸ਼ਰਾਬ ਆਦਿ ਦੀ ਭਾਰੀ ਮਾਤਰਾ ਵਿਚ ਨਜਾਇਜ ਵਿਕਰੀ ਹੁੰਦੀ ਹੈ, ਜਿਸ ਕਰਕੇ ਇਥੋ ਦੇ ਕਈ ਨੌਜਵਾਨ ਪੱਕੇ ਨਸ਼ੇੜੀ ਬਣ ਚੁੱਕੇ ਹਨ। ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਿਕ ਇਸ ਕੰਮ ਵਿਚ ਸਕੂਲਾਂ ਕਾਲਜਾਂ ਦੇ ਵਿਦਿਆਰਥੀ, ਵਿਹਲੇ ਬੇਰੁਜਗਾਰ ਨੌਜਵਾਨ ਤੇ ਅਮੀਰ ਘਰਾਂ ਦੇ ਕਾਕਿਆਂ ਦੀ ਬਹੁਤਾਤ ਹੈ। ਅਨੰਦਪੁਰ ਸਾਹਿਬ ਵਿਚ ਇਹ ਨਸ਼ੇ ਕਈ ਤਰੀਕਿਆਂ ਨਾਲ ਪਹੁੰਚ ਰਹੇ ਹਨ ਤੇ ਹਰ ਵਾਰ ਤਰੀਕਾ ਬਦਲ ਕੇ ਨਸ਼ਿਆਂ ਦੀ ਸਪਲਾਈ ਕੀਤੀ ਜਾਂਦੀ ਹੈ। ਸੂਤਰਾਂ ਮੁਤਾਬਿਕ ਕਦੇ ਬੱਸਾਂ ਰਾਹੀਂ, ਰੇਲ ਗੱਡੀਆਂ, ਕਾਰਾਂ, ਮੋਟਰਸਾਈਕਲਾਂ ਰਾਹੀਂ ਤੇ ਕਦੇ ਬੀਬੀਆਂ ਕੋਲੋ ਇਹ ਕੰਮ ਕਰਵਾਇਆ ਜਾਦਾਂ ਹੈ। ਕੀਰਤਨ ਕਰਨ ਵਾਲੇ ਇਕ ਰਾਗੀ ਦਾ ਨਾਮ ਵੀ ਉਘੜ ਕੇ ਸਾਹਮਣੇ ਆਇਆ ਸੀ, ਜੋ ਅਨੰਦਪੁਰ ਸਾਹਿਬ ਦੇ ਖਾਲਸਾ ਕਾਲਜ ਦੇ ਬਾਹਰ ਖੜ੍ਹ ਕੇ ਸਮੈਕ ਵੇਚਦਾ ਸੀ।

ਸੂਤਰ ਇਹ ਵੀ ਦਸਦੇ ਹਨ ਕਿ ਪਹਿਲਾ ਸਮੈਕ ਆਦਿ ਦਾ ਨਸ਼ਾ ਮੁਫਤ ਦਿਤਾ ਜਾਂਦਾ ਹੈ ਤੇ ਫਿਰ ਹੌਲੀ ਹੌਲੀ ਜਦੋ ਨਸ਼ਾ ਲੱਗ ਜਾਂਦਾ ਹੈ ਤਾਂ ਮੋਟੇ ਪੈਸੇ ਵਸੂਲੇ ਜਾਂਦੇ ਹਨ। ਜਾਣਕਾਰ ਇਹ ਵੀ ਦਸਦੇ ਹਨ ਕਿ ਕਈ ਨੌਜਵਾਨ ਨਸ਼ਿਆਂ ਦੀ ਇਸ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦੇ ਹਨ, ਪਰ ਨਸ਼ਿਆਂ ਨੇ ਉਨਾਂ ਨੂੰ ਬਹੁਤ ਕਰਜਾਈ ਕਰ ਦਿਤਾ ਹੈ, ਤੇ ਇਨਾਂ ਨਸ਼ਿਆਂ ਦੀ ਬਦੌਲਤ ਕਰਜਾਈ ਹੋਏ ਨੌਜਵਾਨ ਮਜਬੂਰੀ ਵਸ ਨਸ਼ੇ ਵੇਚਣ ਦੇ ਰਾਹ ਪੈ ਚੁੱਕੇ ਹਨ। ਅਨੰਦਪੁਰ ਸਾਹਿਬ ਦੇ ਇਕ ਪਤਵੰਤੇ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ, ਕਿ ਨਸ਼ਿਆਂ ਵਿਚ ਫਸੇ ਇਕ ਨੌਜਵਾਨ ਵਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਯਤਨ ਵੀ ਕੀਤਾ ਗਿਆ, ਕਿਉਂਕਿ ਉਸ ਨੂੰ ਨਸ਼ੇ ਦੀ ਲਤ ਲਾਉਣ ਵਾਲੇ, ਉਸ ਕੋਲੋ ਮੋਟੇ ਪੈਸੇ ਦੀ ਮੰਗ ਕਰ ਰਹੇ ਹਨ, ਜੋ ਉਹ ਨਹੀਂ ਸੀ ਦੇ ਸਕਦਾ। ਉਨਾ ਇਹ ਵੀ ਦੱਸਿਆ ਕਿ ਅਨੰਦਪੁਰ ਸਾਹਿਬ ਦੇ ਹੀ ਇਕ ਨੌਜਵਾਨ ਦੀ ਪਤਨੀ ਆਪਣੇ ਘਰ ਵਾਲੇ ਨੂੰ ਇਸ ਲਈ ਛੱਡ ਕੇ ਚਲੀ ਗਈ ਸੀ, ਕਿ ਉਹ ਹਰ ਵੇਲੇ ਨਸ਼ੇ ਵਿਚ ਰਹਿਣ ਦਾ ਆਦੀ ਹੋ ਗਿਆ ਸੀ। ਕੁੱਝ ਪਤਵੰਤਿਆਂ ਨੇ ਵਿਚ ਪੈ ਕੇ ਦੁਬਾਰਾ ਉਸਦਾ ਘਰ ਵਸਾਇਆ।

ਇਕ ਬਹੁਤ ਪੁਰਾਣੇ ਤੇ ਮਸ਼ਹੂਰ ਸਕੂਲ ਦਾ ਅਧਿਆਪਕ ਵੀ ਸਮੈਕ ਦੇ ਨਸ਼ੇ ਕਰਨ ਕਰਕੇ ਮਸ਼ਹੂਰ ਹੋ ਗਿਆ ਸੀ। ਹੁਣ ਇਸ ਇਲਾਕੇ ਦੇ ਕਈ ਨੌਜਵਾਨ ਨਸ਼ੇ ਛੁਡਾਉਣ ਲਈ ਨਸ਼ਾ ਛਡਾਊ ਕੇਂਦਰਾਂ ਵਿਚ ਜਾ ਕੇ ਆਪਣਾ ਇਲਾਜ ਕਰਵਾ ਰਹੇ ਹਨ। ਇਸ ਸਾਰੇ ਵਰਤਾਰੇ ਵਿਚ ਜਿਥੇ ਬੱਚਿਆਂ ਦੇ ਮਾਂ ਬਾਪ ਗਹਿਰੀ ਚਿੰਤਾ ਵਿਚ ਹਨ, ਉਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਤਰਲੋਚਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ, ਗੁਰਿੰਦਰ ਸਿੰਘ ਗੋਗੀ ਤੇ ਸ਼ਹਿਰ ਦੀਆਂ ਹੋਰ ਕਈ ਜਥੇਬੰਦੀਆਂ ਵੀ ਹੰਭਲਾ ਮਾਰ ਰਹੀਆਂ ਹਨ। ਦੂਜੇ ਪਾਸੇ ਜਦੋ ਇਸ ਬਾਰੇ ਐਸ.ਐਸ.ਪੀ.ਇੰਦਰਮੋਹਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਅਸੀ ਆਮ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਅਰੰਭ ਕਰ ਰਹੇ ਹਾਂ ਤੇ ਇਸ ਲੜੀ ਤਹਿਤ 35 ਦੇ ਕਰੀਬ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਕੇ ਇਕ ਦੂਜੇ ਦੇ ਸਹਿਯੋਗ ਨਾਲ ਨਸ਼ਿਆਂ ਤੇ ਕਾਬੂ ਪਾਉਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ ਤੇ ਇਸ ਲਈ ਜਲਦ ਹੀ ਅਨੰਦਪੁਰ ਸਾਹਿਬ ਵੀ ਮੀਟਿੰਗ ਕੀਤੀ ਜਾਵੇਗੀ।

ਇਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਨਸ਼ਿਆਂ ਦੇ ਖਾਤਮੇ ਲਈ ਸ਼ਹਿਰ ਦੇ ਕਈ ਨੋਜਵਾਨਾਂ ਦੇ ਖੂਨ ਦੇ ਸੈਂਪਲ ਭਰੇ ਗਏ ਸਨ ਤਾਂ ਕਿ ਪਤਾ ਲੱਗ ਸਕੇ ਕਿ ਇਥੇ ਕਿੰਨੇ ਕੁ ਨਸ਼ੇੜੀ ਹਨ। ਸੂਤਰ ਇਹ ਵੀ ਦਸਦੇ ਹਨ ਕਿ ਪੁਲਿਸ ਕੋਲ ਸ਼ਹਿਰ ਦੇ ਹੀ 140 ਦੇ ਲੱਗਭੱਗ ਨੌਜਵਾਨਾਂ ਦੀ ਲਿਸਟ ਹੈ ਜੋ ਸਮੈਕ ਵਰਗੇ ਮਾਰੂ ਨਸ਼ੇ ਕਰਨ ਦੇ ਆਦੀ ਹੋ ਗਏ ਹਨ। ਪ੍ਰਸ਼ਾਸ਼ਨ ਵੱਲੋ ਨਸ਼ਿਆਂ ਖਿਲਾਫ ਕਾਰਵਾਈ ਕਰਦਿਆਂ 15 ਜਨਵਰੀ ਨੂੰ 8 ਗ੍ਰਾਮ ਹੈਰੋਇਨ,11 ਫਰਵਰੀ ਨੂੰ ਨਸ਼ੀਲੀਆ ਦਵਾਈਆਂ, 15 ਫਰਵਰੀ ਨੂੰ 10 ਹਜਾਰ ਨਸ਼ੀਲੀਆਂ ਗੋਲੀਆਂ, 141 ਨਸ਼ੀਲੇ ਕੈਪਸੂਲ, ਇਕ ਹਜਾਰ ਲੀਟਰ ਨਸ਼ੀਲਾ ਤਰਲ ਪਦਾਰਥ, 19 ਅਪ੍ਰੈਲ ਨੂੰ 5 ਗ੍ਰਾਮ ਸਮੈਕ, 21 ਅਪ੍ਰੈਲ ਨੂੰ 3 ਕਿਲੋ ਭੁੱਕੀ, 28 ਅਪ੍ਰੈਲ ਨੂੰ 6 ਗ੍ਰਾਮ ਸਮੈਕ, 9 ਮਈ ਨੂੰ 28 ਕਿਲੋ 500 ਗ੍ਰਾਮ ਅਫੀਮ ਫੜੀ ਗਈ ਹੈ। ਭਾਂਵੇ ਨਸ਼ਿਆਂ ਖਿਲਾਫ ਜਿਲਾ ਪੁਲਿਸ ਵਲੋਂ ਮੁਹਿੰਮ ਵਿੱਢੀ ਗਈ ਹੈ ਤੇ ਇਸਦੇ ਕੁਛ ਸਾਰਥਕ ਨਤੀਜੇ ਵੀ ਆਏ ਹਨ ਪਰ ਜਿਸ ਤਰਾਂ ਅਨੰਦਪੁਰ ਸਾਹਿਬ ਵਿਚ ਨਸ਼ਿਆਂ ਨੇ ਆਪਣੇ ਪੈਰ ਪਸਾਰੇ ਹਨ ਉਸਨੂੰ ਦੇਖਦਿਆਂ ਪ੍ਰਸ਼ਾਸ਼ਨ ਵਲੋਂ ਹੋਰ ਸਖਤ ਕਦਮ ਉਠਾਉਣ ਦੀ ਜਰੂਰਤ ਹੈ, ਤਾਂ ਕਿ ਸੰਸਾਰ ਭਰ ਵਿਚ ਮਸ਼ਹੂਰ ਇਸ ਸ਼ਹਿਰ ਦਾ ਨਾਮ ਬਦਨਾਮ ਨਾ ਹੋਵੇ ਤੇ ਸੈਲਾਨੀ ਇਥੋਂ ਚੰਗਾ ਪ੍ਰਭਾਵ ਲੈ ਕੇ ਜਾ ਸਕਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top