Share on Facebook

Main News Page

ਸਾਬਕਾ ਜੇਲ ਵਿਭਾਗ ਦੇ ਡੀ.ਜੀ.ਪੀ. ਸ੍ਰੀ ਸ਼ਸ਼ੀ ਕਾਂਤ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿੱਚ ਸਿਆਸੀ ਆਗੂਆਂ ਦੇ ਸ਼ਾਮਲ ਹੋਣ ਦੀ ਕੀਤੀ ਗਈ ਪੁਸ਼ਟੀ

- ਬਿੱਲੀ ਥੈਲਿਉ ਬਾਹਰ ਲਿਆਂਦੀ: ਸਿਰਸਾ

ਅੰਮ੍ਰਿਤਸਰ 25 ਮਈ (ਜਸਬੀਰ ਸਿੰਘ ਪੱਟੀ): ਸਾਬਕਾ ਜੇਲ ਵਿਭਾਗ ਦੇ ਡੀ.ਜੀ.ਪੀ. ਸ੍ਰੀ ਸ਼ਸ਼ੀ ਕਾਂਤ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿੱਚ ਸਿਆਸੀ ਆਗੂਆਂ ਦੇ ਸ਼ਾਮਲ ਹੋਣ ਦੀ ਕੀਤੀ ਗਈ ਪੁਸ਼ਟੀ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ, ਕਿ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਸਕਰੀਨਿਰੰਗ ਕਰਕੇ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿੱਚ ਸ਼ਾਮਲ ਇੱਕ ਅਕਾਲੀ ਵਿਧਾਇਕ ਤੇ ਪਾਰਲੀਮਾਨੀ ਸਕਤੱਰ ਸਮੇਤ ਉਹਨਾਂ ਸਾਰਿਆਂ ਕੋਲੋ ਬਿਨਾਂ ਕਿਸੇ ਦੇਰੀ ਤੋਂ ਅਕਾਲੀ ਦਲ ਵਿੱਚੋਂ ਬਰਖਾਸਤ ਕਰਕੇ ਕੋਲੋ ਅਸਤੀਫੇ ਲੈ ਜਾਣ ਜਿਹੜੇ ਇਸ ਗੋਰਖ ਧੰਦੇ ਨਾਲ ਜੁੜੇ ਹੋਏ ਹਨ।

ਜਾਰੀ ਇੱਕ ਬਿਆਨ ਰਾਹੀ ਸ੍ਰੀ ਸਿਰਸਾ ਨੇ ਕਿਹਾ ਕਿ ਜੇਕਰ ਬਾਦਲ ਸਰਕਾਰ ਦੇ ਸਾਬਕਾ ਡੀ.ਜੀ.ਪੀ ਸ੍ਰੀ ਸ਼ਸ਼ੀ ਕਾਂਤ ਵੱਲੋ ਕਿਹਾ ਜਾ ਰਿਹਾ ਹੈ, ਕਿ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿੱਚ ਰਾਜਸੀ ਆਗੂ ਸ਼ਾਮਲ ਹਨ, ਜਿਸ ਕਰਕੇ ਪੁਲੀਸ ਨੂੰ ਅਸਲ ਦੋਸ਼ੀਆਂ ਨੂੰ ਪਕੜਨ ਵਿੱਚ ਦਿੱਕਤ ਆਉਦੀ ਹੈ, ਤਾਂ ਇਸ ਤੋਂ ਵੱਧ ਕੇ ਸੱਚਾਈ ਹੋਰ ਕੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸ਼੍ਰੀ ਸ਼ਸ਼ੀਕਾਂਤ ਵੱਲੋਂ ਇਹ ਵੀ ਕਹਿਣਾ ਕਿ ਭਾਰਤ ਵਿੱਚ ਹੁੰਦੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿੱਚੋ ਸਿਰਫ ਪੰਜ ਤੋਂ ਦਸ ਫੀਸਦੀ ਖੇਪ ਹੀ ਫੜੀ ਜਾਂਦੀ ਹੈ, ਜਦ ਕਿ 95 ਫੀਸਦੀ ਨਸ਼ੀਲਾ ਪਦਾਰਥ ਟਿਕਾਣੇ ‘ਤੇ ਪੁੱਜ ਜਾਂਦਾ ਹੈ। ਉਹਨਾਂ ਕਿਹਾ ਕਿ ਸ਼ਸ਼ੀਕਾਂਤ ਵੱਲੋ ਇਹ ਕਹਿਣਾ ਕਿ ਉਹਨਾਂ ਨੇ 125 ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਦੀ ਇੱਕ ਲਿਸਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਹੈ ਜਿਸ ਵਿੱਚ ਕਈ ਰਾਜਸੀ ਲੀਡਰ ਵੀ ਸ਼ਾਮਲ ਹਨ, ਪਰ ਇਹਨਾਂ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਕਿ ਇਹਨਾਂ ਦੀ ਹੱਥ ਬਹੁਤ ਲੰਮੇ ਹਨ। ਉਹਨਾਂ ਕਿਹਾ ਕਿ ਜੇਕਰ ਦੇਸ ਨੂੰ ਬਰਬਾਦ ਕਰਨ ਵਾਲਿਆ ਵਿੱਚ ਸਾਡੇ ਪਾਰਲੀਮੈਂਟ ਤੇ ਵੱਖ ਵੱਖ ਵਿਧਾਨ ਸਭਾਵਾਂ ਵਿੱਚ ਹੀ ਅਜਿਹੇ ਲੋਕ ਬੈਠੇ ਹਨ ਤਾਂ ਫਿਰ ਇਸ ਦੇਸ ਦਾ ਰੱਬ ਹੀ ਰਾਖਾ ਹੋ ਸਕਦਾ ਹੈ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਦੇ ਇੱਕ ਜਿਲੇ ਦੇ ਪੁਲੀਸ ਮੁੱਖੀ ਨੇ ਵੀ ਅਖਬਾਰ ਵਿੱਚ ਬਿਆਨ ਦਿੱਤਾ ਹੈ ਕਿ ਜੇਕਰ ਉਹਨਾਂ ਦੇ ਹੱਥ ਸਿਆਸੀ ਆਗੂਆ ਨੇ ਨਾ ਬੰਧੇ ਹੋਣ ਤਾਂ ਪੰਜਾਬ ਨੂੰ ਸਿਰਫ ਤਿੰਨ ਦਿਨਾਂ ਵਿੱਚ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਅਖਬਾਰਾਂ ਤੇ ਵੱਖ ਵੱਖ ਟੀ.ਵੀ ਚੈਨਲਾਂ ਤੇ ਕਾਫੀ ਕਾਵਾਰੌਲੀ ਪਾਈ ਸੀ ਕਿ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿੱਚ ਸਿਰਫ ਪਾਂਡੀ ਹੀ ਸ਼ਾਮਲ ਨਹੀਂ ਹਨ ਜਿਹਨਾਂ ਤੇ ਪੁਲੀਸ ਵੱਲੋਂ ਪਰਚੇ ਦਰਜ ਕੀਤੇ ਜਾਂਦੇ ਹਨ ਅਸਲ ਵਿੱਚ ਇਹਨਾਂ ਦੇ ਪਿੱਛੇ ਸਿਆਸੀ ਆਗੂ ਖੜੇ ਹਨ ਜਿਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਮੱਰਥਾ ਪੁਲੀਸ ਕੋਲ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਪੰਜਾਬ ਸਰਕਾਰ ਨੂੰ ਮਾਝੇ ਦੇ ਇੱਕ ਸਿਰ ਕੱਢ ਆਗੂ ਬਾਰੇ ਲਿਖਤੀ ਤੌਰ ਤੇ ਦੱਸਿਆ ਸੀ ਕਿ ਉਸ ਦੀ ਗੱਡੀ ਵਿੱਚ ਨਸ਼ੀਲੇ ਪਦਾਰਥਾਂ ਦੀ ਜਦੋਂ ਇੱਕ ਖੇਪ ਪੁਲੀਸ ਵੱਲੋਂ ਫੜੀ ਗਈ ਸੀ ਤਾਂ ਉਸ ਨੂੰ ਛੁਡਾਉਣ ਲਈ ਵੀ ਇੱਕ ਸੀਨੀਅਰ ਤੇ ਸਰਕਾਰ ਵਿੱਚ ਇੱਕ ਵੱਡੇ ਤੇ ਮੁਕਾਮੀ ਆਹੁਦੇ ਤੇ ਬੈਠੇ ਆਗੂ ਨੇ ਖੁਦ ਦਖਲ ਅੰਦਾਜੀ ਕਰਕੇ ਛੁਡਵਾਇਆ ਗਿਆ ਸੀ। ਉਹਨਾਂ ਕਿਹਾ ਕਿ ਇਸ ਤੋਂ ਵੀ ਸਾਬਤ ਹੁੰਦਾ ਹੈ, ਕਿ ਸ੍ਰੀ ਸ਼ਸ਼ੀਕਾਂਤ ਸੱਚ ਹੀ ਨਹੀਂ ਬੋਲ ਰਹੇ ਸਗੋਂ 100 ਫੀਸਦੀ ਤੋਂ ਵੀ ਵਧੇਰੇ ਸੱਚ ਬੋਲ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਇਸ ਵੇਲੇ ਇਸ ਕਦਰ ਨਸ਼ਿਆ ਵਿੱਚ ਗਲਤਾਨ ਹੋਈ ਪਈ ਹੈ ਕਿ ਨਸ਼ਈ ਘਰ ਦੇ ਭਾਂਡੇ ਵੇਚਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਕੋਈ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਕੋਈ ਉਪਰਾਲੇ ਨਾ ਕੀਤੇ ਤਾਂ ਸਿਆਸੀ ਆਗੂਆ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੂਸਰੇ ਘਰ ਵਿੱਚ ਲੱਗੀ ਅੱਗ ਤਾਂ ਉਹਨਾਂ ਨੂੰ ਬਸੰਤਰ ਦਿਖਾਈ ਦਿੰਦੀ ਹੈ ਪਰ ਜਲਦੀ ਹੀ ਇਹ ਅੱਗ ਉਹਨਾਂ ਦੇ ਘਰਾਂ ਤੱਕ ਵੀ ਪੁੱਜ ਸਕਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਇਸ ਸਬੰਧ ਵਿੱਚ ਇੱਕ ਅਕਾਲੀ ਆਗੂ ਦੇ ਖਿਲਾਫ ਕੇਸ ਵੀ ਅਦਾਲਤ ਵਿੱਚ ਕੀਤਾ ਹੋਇਆ ਹੈ।

ਉਹਨਾਂ ਕਿਹਾ ਕਿ ਪੰਜਾਬ ਦੀ ਹਾਕਮ ਧਿਰ ਦੇ ਆਗੂਆਂ ਦੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿੱਚ ਸ਼ਾਮਲ ਹੋਣ ਦਾ ਇਸ ਤੋਂ ਪਤਾ ਲੱਗਦਾ ਹੈ, ਕਿ ਨਸ਼ਿਆ ਖਿਲਾਫ ਅਵਾਜ ਬੁਲੰਦ ਕਰਨ ਵਾਲੇ ਸ੍ਰੀ ਸ਼ਸ਼ੀਕਾਂਤ ਦੀ ਅੱਧੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ, ਕਿ ਸਰਕਾਰ ਪੰਜਾਬ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਗੰਭੀਰ ਨਹੀਂ ਹੈ। ਉਹਨਾਂ ਕਿਹਾ ਕਿ ਜਿਸ ਤਰਾ ਕਿਹਾ ਜਾਂਦਾ ਹੈ ਕਿ ਉਨੇ ਪੰਜਾਬ ਵਿੱਚ ਢਾਬੇ ਨਹੀਂ ਹਨ ਜਿੰਨੇ ਬਾਬੇ ਸੜਕਾਂ ਤੇ ਮਹਿੰਗੀਆਂ ਗੱਡੀਆਂ ਭਜਾਈ ਫਿਰਦੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਇਸ ਵੇਲੇ ਸਕੂਲਾਂ ਨਾਲੋ ਕਈ ਗੁਣਾ ਜਿਆਦਾ ਸ਼ਰਾਬ ਦੇ ਠੇਕੇ ਖੁੱਲੇ ਹੋਏ ਹਨ। ਉਹਨਾਂ ਕਿਹਾ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋ ਭਾਂਵੇ ਸਰਕਾਰ ਨੂੰ ਲਿਖ ਕੇ ਦਿੱਤਾ ਗਿਆ ਹੈ, ਕਿ ਉਹਨਾਂ ਦੇ ਪਿੰਡ ਵਿੱਚ ਠੇਕਾ ਨਾ ਖੋਲਿਆ ਜਾਵੇ, ਪਰ ਸਰਕਾਰ ਸਗੋਂ ਉਹਨਾਂ ਪਿੰਡਾਂ ਵਿੱਚ ਇੱਕ ਤੋਂ ਵਧੇਰੇ ਠੇਕੇ ਖੋਹਲ ਦਿੱਤੇ ਹਨ। ਉਹਨਾਂ ਕਿਹਾ ਕਿ ਜਿਥੇ ਵੀ ਠੇਕਿਆਂ ਦਾ ਵਿਰੋਧ ਹੋਇਆ ਹੈ, ਉਥੇ ਹੀ ਵਿਰੋਧ ਕਰਨ ਵਾਲਿਆਂ ਦੇ ਖਿਲਾਫ ਪਰਚੇ ਦਰਜ ਹੋਏ ਹਨ। ਕਈ ਥਾਵਾਂ ਤੇ ਡਰਾਉਣ ਲਈ ਔਰਤਾਂ 'ਤੇ ਵੀ ਪਰਚੇ ਦਰਜ ਕੀਤੇ ਗਏ ਹਨ। ਉਹਨਾਂ ਕਿਹਾ ਕਿ ਉਹ ਸ੍ਰੀ ਸ਼ਸ਼ੀਕਾਂਤ ਦਾ ਧੰਨਵਾਦ ਕਰਦੇ ਹਨ, ਜਿਹਨਾਂ ਨੇ ਇਹ ਬਹੁਤ ਪਰਉਪਕਾਰ ਕਰਕੇ ਸਿਆਸੀ ਆਗੂਆ ਦੇ ‘ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ’ ਵਾਲਾ ਸਟੰਟ ਜਨਤਾ ਦੀ ਕਚਿਹਰੀ ਵਿੱਚ ਰੱਖਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਤੇ ਉਹਨਾਂ ਨਾਲ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਜੁੜੇ ਲੋਕ ਸ੍ਰੀ ਸ਼ਸ਼ੀਕਾਂਤ ਦਾ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ ਅਤੇ ਉਹਨਾਂ ਦੁਆਰਾ ਕੀਤੀ ਗਈ ਪਹਿਲ ਕਦਮੀ ਦਾ ਸੁਆਗਤ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top