Share on Facebook

Main News Page

ਗੁਰਮੱਤੀ ਸਵਾਲਾਂ ਜਵਾਬਾਂ ਦੀ ਹਮਾਇਤ

www.Khalsanews.org, www.singhsabhausa.com, www.tigerjatha.org ਅਤੇ ਹੋਰ ਸਭ ਹਮ ਖਿਆਲੀ ਜਥੇਬੰਦੀਆਂ ਅਤੇ ਗੁਰਸਿੱਖਾਂ ਸਮੇਤ ਆਪ ਸਭ ਨੂੰ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. (ਰਜਿ.) ਅਤੇ ਵਰਲਡ ਸਿੱਖ ਫੈਡਰੇਸ਼ਨ (ਰਜਿ.)  ਦੇ ਸੇਵਕਾਂ ਵੱਲੋਂ ਗੁਰੂ ਫਤਿਹ ਪਰਵਾਨ ਹੋਵੇ ਜੀ-
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਸਾਡੀਆਂ ਜਥੇਬੰਦੀਆਂ ਵੀ ਅਖੌਤੀ ਜਥੇਦਾਰਾਂ ਨੂੰ ਸਵਾਲ ਪੁੱਛਣ ਦੀ ਮੁਹਿੰਮ ਵਿੱਚ ਸ਼ਾਮਿਲ ਹੋਣ ਦਾ ਮਾਨ ਮਹਿਸੂਸ ਕਰਦੀਆਂ ਹਨ, ਕਿਉਂਕਿ ਗੁਰੂ ਬਾਬਾ ਨਾਨਕ ਜੀ ਜਪੁਜੀ ਵਿਖੇ ਹੀ ਸਵਾਲ ਸ਼ੁਰੂ ਕਰਦੇ ਹਨ ਕਿ - ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲਿ? (ਜਪੁਜੀ) ਅਤੇ ਸਿੱਧ ਗੋਸਟਿ ਦਾ ਮਤਲਵ ਹੀ ਸਿੱਧਾਂ ਆਦਿਕ ਨਾਲ ਸਵਾਲ-ਜੁਵਾਬ ਹਨ। ਅਸੀਂ ਹਰੇਕ ਉਸ ਮੁੱਦੇ ਜਾਂ ਸਰਗਰਮੀ ਦੀ ਹਮਾਇਤ ਕਰਦੇ ਤੇ ਮਿਲ ਕੇ ਚਲਣਾ ਲੋੜਦੇ ਹਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਵਿੱਚ ਪੰਥ ਅਤੇ ਲੋਕ ਭਲਾਈ ਦਾ ਹੋਵੇ - ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥(766) ਆਪ ਜੀ ਨੇ ਅਕਾਲ ਤਖਤ ਦੇ ਅਖੌਤੀ ਜਥੇਦਾਰ ਭਾਈ ਗੁਰਬਚਨ ਸਿੰਘ ਕੋਲੋਂ ਸਵਾਲ ਪੁੱਛਣ ਦੀ ਅਤੇ ਕੌਮ ਨੂੰ ਜਾਗਰੂਕ ਕਰਨ ਦੀ ਜੋ ਮੁਹਿੰਮ ਵਿੱਢੀ ਹੈ, ਕਾਬਲੇ ਤਾਰੀਫ ਹੈ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. (ਰਜਿ.) ਅਤੇ ਵਰਲਡ ਸਿੱਖ ਫੈਡਰੇਸ਼ਨ (ਰਜਿ.) ਦੋਏ ਸੰਸਥਾਵਾਂ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੁੰਦੀਆਂ ਹਨ। ਆਪ ਸਭ ਨਾਲ ਮਿਲ ਕੇ ਅਕਾਲ ਤਖਤ ਅਤੇ ਹੋਰ ਸਿੱਖ ਧਾਰਮਿਕ ਅਦਾਰਿਆਂ ਨੂੰ ਸਿਆਸੀ ਮੋਹਰਿਆਂ ਦੇ ਕਬਜੇ ਤੋਂ ਆਜ਼ਾਦ ਕਰਵਾਉਣ ਲਈ, ਹਰ ਉਸ ਸੰਸਥਾ ਦੀ ਹਮਾਇਤ ਕਰਦੀਆਂ ਹਨ ਜੋ ਸ਼ਖਸ਼ੀਅਤ ਤੋਂ ਉਪਰ ਉੱਠ ਕੇ, ਕੇਵਲ ਤੇ ਕੇਵਲ ਜੁਗੋ ਜੁੱਗ ਅਟੱਲ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾਂ ਸਿਰਮੌਰ ਆਗੂ ਮੰਨਦੀ ਹੋਵੇ ਅਤੇ ਛੋਟੇ ਮੋਟੇ ਆਪਸੀ ਮਤ ਭੇਦ ਛੱਡ ਕੇ -ਗੁਰਸਿੱਖਾਂ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥(648) ਦੇ ਉਪਦੇਸ਼ ਤੇ ਪਹਿਰਾ ਦਿੰਦੀ ਹੋਵੇ।
ਸਾਡੇ ਵੱਲੋਂ ਵੀ ਕੁਝ ਸੁਝਾਅ-
ਗੁਰਮਤਿ ਨਾਲ ਸਬੰਧਤ ਅਜਿਹੇ ਸਵਾਲ ਹਰੇਕ ਸੰਤ ਬਾਬੇ, ਜਥੇਦਾਰ, ਗ੍ਰੰਥੀ, ਰਾਗੀ, ਢਾਢੀ, ਪ੍ਰਚਾਰਕ ਅਤੇ ਪ੍ਰਬੰਧਕ ਨੂੰ ਵੀ ਪੁੱਛਣੇ ਚਾਹੀਦੇ ਹਨ ਅਤੇ ਅਜਿਹੀ ਮੁਹਿੰਮ ਹਰ ਪਿੰਡ, ਸ਼ਹਿਰ, ਸਟੇਟ ਅਤੇ ਦੇਸ਼ ਵਿੱਚ ਵਿਉਂਤਬੰਦੀ ਕਰਕੇ ਚਲਾਈ ਜਾਣੀ ਚਾਹੀਦੀ ਹੈ। ਇਸ ਲਈ ਵੱਖ-ਵੱਖ ਥਾਵਾਂ ਦੀਆਂ ਸੰਸਥਾਵਾਂ, ਕਮੇਟੀਆਂ, ਸੰਗਤਾਂ, ਗ੍ਰੰਥੀਆਂ, ਪ੍ਰਚਾਰਕਾਂ ਅਤੇ ਹਰ ਤਰ੍ਹਾਂ ਦੇ ਮੀਡੀਏ ਦਾ ਵੀ ਲੋਕ ਲਾਜ ਤੋਂ ਉੱਪਰ ਉੱਠ ਕੇ ਢੁੱਕਵਾਂ ਸਹਿਯੋਗ ਲਿਆ ਜਾਵੇ। ਲੋੜਵੰਦਾਂ ਦੀ ਹਰ ਤਰ੍ਹਾਂ ਵਿੱਤ ਮੁਤਾਬਿਕ ਮਦਦ ਕੀਤੀ ਜਾਵੇ। ਆਪਣੀ ਨਿੰਦਿਆ ਸੁਣ, ਬਰਦਾਸ਼ਤ ਕਰਕੇ ਵੀ ਆਪਸੀ ਤਾਲ-ਮੇਲ ਅਤੇ ਮਿੱਠੜੇ ਸੁਭਾਅ ਦਾ ਪੱਲਾ ਨਾਂ ਛੱਡਿਆ ਜਾਵੇ। ਸੰਗਤਾਂ ਨੂੰ ਸਵਾਲ ਕਰਨ ਅਤੇ ਜੁਵਾਬ ਦੇਣ ਲਈ ਵੀ ਸਿਖਿਆ ਦਿੱਤੀ ਜਾਵੇ। ਅਗਰ ਅਜਿਹੇ ਉਪਰਾਲਿਆਂ ਨਾਲ ਸੰਗਤਾਂ ਜਾਗ ਪਈਆਂ ਤਾਂ ਉਹ ਹਰ ਥਾਂ ਸਵਾਲ-ਜਵਾਬ ਕਰ ਅਤੇ ਪੁੱਛ ਸਕਦੀਆਂ ਹਨ।
ਕੁਝ ਸਵਾਲ -

- ਕੀ ਅਜੋਕੇ ਅਖੌਤੀ ਜੱਥੇਦਾਰਾਂ ਨੂੰ ਜੱਥੇਦਾਰ ਕਿਹਾ ਵੀ ਜਾ ਸਕਦਾ ਹੈ?
- ਕੀ ਜੱਥੇਦਾਰ ਕਿਸੇ ਜੱਥੇ ਦਾ ਆਗੂ ਹੁੰਦਾ ਹੈ ਜਾਂ ਇਮਾਰਤ ਦਾ ?
- ਕੀ ਕਿਸੇ ਰਾਜਨੀਤਕ ਪਾਰਟੀ ਦਾ ਗੁਲਾਮ, ਸਮੁੱਚੀ ਕੌਮ ਦਾ ਜੱਥੇਦਾਰ ਮੰਨਿਆ ਜਾ ਸਕਦਾ ਹੈ?
- ਕੀ ਕੌਮੀ ਜੱਥੇਦਾਰ ਦੀ ਚੁਨਣ-ਵਿਧੀ, ਕਾਰਜ-ਵਿਧੀ, ਕਾਰਜ-ਖੇਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਫਲਸਫੇ ਅਨੁਸਾਰੀ ਗੁਰਮਤੀ ਜੁਗਤਿ ਅਨੁਸਾਰ ਨਹੀਂ ਹੋਣੇ ਚਾਹੀਦੇ?
- ਕੀ ਕੌਮ ਦੇ ਜੱਥੇਦਾਰ ਨੂੰ ਕੌਮ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ, ਉੱਦਮ ਨਹੀਂ ਕਰਨੇ ਚਾਹੀਦੇ?
- ਕੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖਤ ਤੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ, ਕੋਈ ਮਨੁੱਖ ਬੈਠ ਸਕਦਾ ਹੈ?
- ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ, ਅਜਿਹੇ ਸਿਸਟਮ ਦੀ ਸੇਧ ਦਿੰਦਾ ਹੈ, ਜਿਸ ਵਿੱਚ ਕੌਮੀ ਸੇਧ ਲਈ, ਪੰਚ ਪ੍ਰਣਾਲੀ ਤੋਂ ਬਿਨਾ, ਕਿਸੇ ਇਕ ਮਨੁੱਖ ਵਾਲੀ ਕਮਾਂਡ ਦੀ ਪਕੜ ਹੋਵੇ?

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA (ਰਜਿ.)
ਵਰਲਡ ਸਿੱਖ ਫੈਡਰੇਸ਼ਨ (ਰਜਿ.)


ਟਿੱਪਣੀ:

ਆਪ ਸਭ ਵੀਰ ਜੋ ਕਿ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA (ਰਜਿ.) ਅਤੇ ਵਰਲਡ ਸਿੱਖ ਫੈਡਰੇਸ਼ਨ (ਰਜਿ.) ਨਾਲ ਸੰਬੰਧਿਤ ਹੋ, ਅਤੇ ਆਪ ਜੀ ਦੇ ਕਹੇ ਅਨੁਸਾਰ "ਆਪ ਸਭ ਨਾਲ ਮਿਲ ਕੇ ਅਕਾਲ ਤਖਤ ਅਤੇ ਹੋਰ ਸਿੱਖ ਧਾਰਮਿਕ ਅਦਾਰਿਆਂ ਨੂੰ ਸਿਆਸੀ ਮੋਹਰਿਆਂ ਦੇ ਕਬਜੇ ਤੋਂ ਆਜ਼ਾਦ ਕਰਵਾਉਣ ਲਈ, ਹਰ ਉਸ ਸੰਸਥਾ ਦੀ ਹਮਾਇਤ ਕਰਦੀਆਂ ਹਨ ਜੋ ਸ਼ਖਸ਼ੀਅਤ ਤੋਂ ਉਪਰ ਉੱਠ ਕੇ, ਕੇਵਲ ਤੇ ਕੇਵਲ ਜੁਗੋ ਜੁੱਗ ਅਟੱਲ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾਂ ਸਿਰਮੌਰ ਆਗੂ ਮੰਨਦੀ ਹੋਵੇ ਅਤੇ ਛੋਟੇ ਮੋਟੇ ਆਪਸੀ ਮਤ ਭੇਦ ਛੱਡ ਕੇ - ਗੁਰਸਿੱਖਾਂ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥ (648) ਦੇ ਉਪਦੇਸ਼ ਤੇ ਪਹਿਰਾ ਦਿੰਦੀ ਹੋਵੇ।" ਦਾ ਦਿਲੋਂ ਸਤਿਕਾਰ ਕਰਦੇ ਹਾਂ, ਨਾਲ ਮਿਲਕੇ ਚਲਣ ਦਾ ਸਵਾਗਤ ਕਰਦੇ ਹਾਂ।  ਆਸ ਕਰਦੇ ਹਾਂ ਕਿ ਬਾਕੀ ਵੀ ਜਾਗਰੂਕ ਧਿਰਾਂ ਇਸੇ ਤਰ੍ਹਾਂ ਅੱਗੇ ਆਉਣਗੀਆਂ ਅਤੇ ਇਸ ਲਹਿਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੀਆਂ।

ਟਾਈਗਰ ਜੱਥਾ, ਖ਼ਾਲਸਾ ਨਿਊਜ਼ ਅਤੇ ਸਿੰਘ ਸਭਾ ਯੂ.ਐਸ.ਏ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top