Share on Facebook

Main News Page

First Free School in Coventry
ਕਾਵੈਂਟਰੀ ਦੇ ਸਿੱਖ ਸਕੂਲ ਦੀ ਸਿੱਖ ਭਾਈਚਾਰੇ ਨੂੰ ਵਧਾਈ
- ਕੁਲਵੰਤ ਸਿੰਘ ਢੇਸੀ kulwantsinghdhesi@hotmail.com

ਇਸ ਹਫਤੇ ਸਰਕਾਰ ਵਲੋਂ ਜਿਹਨਾਂ 102 ਫਰੀ ਸਕੂਲਾਂ ਦੀ ਇਜਾਜ਼ਤ ਦਿੱਤੀ ਗਈ ਹੈ, ਉਹਨਾਂ ਵਿਚ ਕਾਵੈਂਟਰੀ ਦੇ ਸੇਵਕ ਟਰੱਸਟ ਵਲੋਂ ਸੇਵਾ ਸਕੂਲ ਲਈ ਦਿੱਤੀ ਗਈ ਅਰਜ਼ੀ ਨੂੰ ਮਨਜ਼ੂਰੀ ਮਿਲ ਗਈ ਹੈ । ਇਹ ਕਾਵੈਂਟਰੀ ਦੇ ਸਿੱਖ ਭਾਈਚਾਰੇ ਲਈ ਬੜੀ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ । ਇਹ ਕਾਵੈਂਟਰੀ ਦਾ ਪਹਿਲਾ ਫਰੀ ਸਕੂ਼ਲ ਹੋਵੇਗਾ ਜਿਸ ਵਿਚ ਪੰਜਾਹ ਪ੍ਰਤੀਸ਼ਤ ਵਿਦਿਆਰਥੀ ਸਿੱਖੀ ਪਿਛੋਕੜ ਦੇ ਅਤੇ ਬਾਕੀ ਦੂਸਰੇ ਭਾਈਚਾਰਿਆਂ ਦੇ ਹੋਣਗੇ । ਇਹ ਸਕੂਲ ਸੇਵਕ ਟਰੱਸਟ ਦੇ ਇੰਤਜ਼ਾਮ ਵਿਚ ਹੋਵੇਗਾ ਜਿਸ ਦੀ ਅਗਵਾਈ ਸਿੱਖੀ ਸੋਚ ਵਾਲੇ ਵਿੱਦਿਅਕ ਖੇਤਰ ਵਿਚ ਨਿਪੁੰਨ ਨੌਜਵਾਨ ਕਰਨਗੇ ।

ਇਹ ਚਾਰ ਤੋਂ ਸੋਲਾਂ ਸਾਲ ਦੇ ਬੱਚਿਆਂ ਦਾ ਕੋ ਐਜੂਕੇਸ਼ਨਲ ਸਕੂਲ ਭਾਵ ਕਿ ਮੁੰਡੇ ਅਤੇ ਕੁੜੀਆਂ ਦਾ ਸਾਂਝਾ ਸਕੂਲ ਹੋਵੇਗਾ, ਜਿਸ ਵਿਚ ਕਿ ਸਾਰੇ ਧਰਮਾਂ ਦੇ ਬੱਚੇ ਹੋਣਗੇ ਅਤੇ ਇਹ ਫੋਲਜ਼ਹਿਲ ਇਲਾਕੇ ਵਿਚ ਖੁਲ੍ਹੇਗਾ । ਇਹ ਸਕੂਲ ਸਿੱਖ ਧਰਮ ਦੇ ਉੱਚੇ ਇਖਲਾਕ, ਅਨੁਸਾਸ਼ਨ, ਪ੍ਰੇਮ, ਸਹਿਣਸ਼ੀਲਤਾ ਅਤੇ ਨਿਸ਼ਕਾਮ ਸੇਵਾ ਦੇ ਅਸੂਲਾਂ ਤੇ ਨਿਰਭਰ ਹਵੇਗਾ ਜਿਸ ਵਿਚ ਲਿੰਗ ਅਤੇ ਰੰਗ ਦੇ ਫਰਕਾਂ ਲਈ ਕੋਈ ਥਾਂ ਨਹੀਂ ਹੋਵੇਗੀ ।

ਇਸ ਸਕੂਲ ਦੇ ਬਹੁਪੱਖੀ ਪਹਿਲੂਆਂ ਵਿਚ ਇੱਕ ਅਹਿਮ ਪਹਿਲੂ ਗਣਿਤ ਅਤੇ ਅਲਜਬਰੇ ਦੀ ਗੁੰਝਲਦਾਰ ਸਿੱਖਿਆ ਹੈ ਜਿਸ ਸਬੰਧੀ ਬੱਚੇ ਨੂੰ ਬਚਪਨੇ ਦੀ ਚਾਰ ਸਾਲ ਦੀ ਉਮਰ ਤੋਂ ਹੀ ਤਿਆਰੀ ਕਰਵਾਈ ਜਾਵੇਗੀ ।

ਸੇਵਾ ਸਕੂਲ ਵਿਚ ਜੀ.ਸੀ.ਐਸ.ਈ ਅਤੇ ਬੀ.ਟੀ.ਈ.ਸੀ ਦੀ ਸ਼ੁਰੂਆਤ 9 ਸਾਲ ਦੀ ਉਮਰ ਤੋਂ ਹੋਵੇਗੀ ਜਦ ਕਿ ਆਮ ਸਕੂਲਾਂ ਵਿਚ ਦਸ ਸਾਲ ਦੀ ਉਮਰ ਤੋਂ ਹੁੰਦੀ ਹੈ । ਇਸ ਤਰਾਂ ਬੱਚਿਆਂ ਨੂੰ ਇਮਤਿਹਾਨਾਂ ਦੀ ਤਿਆਰੀ ਲਈ ਦੋ ਸਾਲ ਦੀ ਬਜਾਏ ਤਿੰਨ ਸਾਲ ਦਾ ਸਮਾਂ ਮਿਲੇਗਾ ।

ਸੇਵਾ ਸਕੂਲ ਵਿਚ ਉਹਨਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਜੋ ਕਿ ਪੜ੍ਹਾਈ ਵਿਚ ਪੱਛੜ ਜਾਂਦੇ ਹਨ ਅਤੇ ਉਹਨਾਂ ਦੀ ਮੱਦਤ ਲਈ ਖਾਸ ਤੌਰ ਤੇ ਸ਼ਨੀਵਾਰ ਸਕੂਲ ਦੀ ਸੁਵਿਧਾ ਦਿੱਤੀ ਜਾਵੇਗੀ ।

ਇਸ ਸਕੂਲ ਦੀ ਸਭ ਤੋਂ ਵਧ ਅਹਿਮੀਅਤ ਇਹ ਹੈ ਕਿ ਇਹ ਕਾਵੈਂਟਰੀ ਦੇ ਫੋਲਜ਼ਹਿੱਲ ਨਾਮ ਦੇ ਉਸ ਇਲਾਕੇ ਵਿਚ ਸਥਾਪਤ ਕੀਤਾ ਜਾ ਰਿਹਾ ਹੈ ਜੋ ਕਿ ਸਾਡੇ ਲੋਕਾਂ ਦਾ ਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਜਿਸ ਨੂੰ ਗਰੀਬ ਅਤੇ ਪਛੜਿਆ ਇਲਾਕਾ (deprived area) ਕਿਹਾ ਜਾਂਦਾ ਹੈ । ਆਮ ਤੌਰ ਤੇ ਉਚ ਪਾਏ ਦੀ ਵਿੱਦਿਆ ਨੂੰ ਅਮੀਰ ਤਬਕਾ ਹਰ ਕੀਮਤ ਦੇ ਕੇ ਖ੍ਰੀਦ ਲੈਂਦਾ ਹੈ ਪਰ ਗਰੀਬ ਪਛੜੇ ਰਹਿ ਜਾਂਦੇ ਹਨ । ਸੇਵਕ ਟਰੱਸਟ ਲਈ ਇਹ ਮੁਹਿੰਮ ਵੱਡੀ ਚਣੌਤੀ ਵਾਲੀ ਇਸ ਕਰਕੇ ਵੀ ਹੈ ਕਿਓਂਕਿ ਪੱਛੜੇ ਪਰਿਵਾਰਾਂ ਦੀਆਂ ਸਮੱਸਿਆਂ ਬਹੁ ਪੱਖੀ ਹੁੰਦੀਆਂ ਹਨ । ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਤਾਂ ਸਵੇਰ ਵੇਲੇ ਬਰੇਕਫਾਸਟ ਵੀ ਨਹੀਂ ਕਰਕੇ ਆੳਂਦੇ ਜੋ ਕਿ ਉਹਨਾਂ ਦੀ ਪੜ੍ਹਾਈ ਅਤੇ ਪਰਵਰਿਸ਼ ਵਿਚ ਮਾਰੂ ਤੌਰ ਤੇ ਅਸਰਦਾਇਕ ਹੁੰਦਾ ਹੈ । ਇਸ ਕਾਰਨ ਸੇਵਕ ਟਰੱਸਟ ਨੇ ਬੱਚਿਆਂ ਨੂੰ ਮੁਫਤ ਬਰੇਕਫਾਸਟ ਦੀ ਸਹੂਲਤ ਦੇਣ ਦੇ ਅਗਾਂਊ ਇੰਤਜ਼ਾਮ ਕਰ ਰੱਖੇ ਹਨ। ਬੇਸ਼ਕ ਇਸ ਸਕੂਲ ਨੂੰ ਸਰਕਾਰੀ ਖਰਚੇ ਮਿਲਣਗੇ ਪਰ ਫਰੀ ਬਰੇਕਫਸਟ ਵਰਗੀਆਂ ਅਨੇਕਾਂ ਸਹੂ਼ਲਤਾਂ ਟਰੱਸਟ ਨੂੰ ਖੁਦ ਆਪਣੇ ਨਿੱਜੀ ਫੰਡ ਵਿਚੋਂ ਕਰਨੀਆਂ ਪੈਣਗੀਆਂ । ਇਸ ਕਾਰਨ ਕਾਵੈਂਟਰੀ ਅਤੇ ਬਰਤਾਨੀਆਂ ਦੇ ਸਿੱਖ ਭਾਈਚਾਰੇ ਨੂੰ ਸੇਵਕ ਟਰੱਸਟ ਵਰਗੀਆਂ ਸਕੀਮਾਂ ਨੂੰ ਭਰਪੂਰ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਕਿ ਇਸ ਦੀ ਕਾਮਯਾਬੀ ਨਾਲ ਭਵਿੱਖ ਵਿਚ ਬਾਕੀ ਸ਼ਹਿਰਾਂ ਦੇ ਨੌਜਵਾਨ ਵੀ ਪ੍ਰੇਰਤ ਹੋਣ ਅਤੇ ਸਰਕਾਰ ਦੀ ਫਰੀ ਸਕੂਲ ਦੀ ਸਕੀਮ ਤੋਂ ਸਿੱਖ ਭਾਈਚਾਰਾ ਵੱਧ ਤੋਂ ਵੱਧ ਫਾਇਦਾ ਲੈ ਸਕੇ । ਇਹ ਗੱਲ ਵੀ ਬੜੀ ਅਹਿਮੀਅਤ ਵਾਲੀ ਹੈ ਕਿ ਹੁਣ ਤਕ ਚਲ ਰਹੇ ਸਿੱਖ ਸਕੂਲਾਂ ਨੇ ਉਚ ਪਾਏ ਦੀ ਵਿੱਦਿਆ ਉਪਲਬਧ ਕਰਵਾ ਕੇ ਬਰਤਾਨੀਆਂ ਵਿਚ ਆਪਣਾ ਅਹਿਮ ਸਥਾਨ ਬਣਾਇਆ ਹੈ ।

ਸੇਵਕ ਟਰੱਸਟ ਦੇ ਸੈਕਟਰੀ ਸ: ਤਰਸੇਮ ਸਿੰਘ ਨੇ ਕਿਹਾ ਹੈ ਕਿ ਜੇਕਰ ਕੌਮੀ ਲੀਗ ਦੇ ਨਤੀਜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਕਾਵੈਂਟਰੀ ਦੇ ਨਤੀਜੇ ਬਹੁਤ ਪਛੜੇ ਹੋਏ ਹਨ ਜਿਸ ਵਿਚ ਅਸੀਂ ਵੱਡਾ ਮੋੜਾ ਲਿਆਵਾਂਗੇ । ਉਹਨਾਂ ਇਹ ਵੀ ਕਿਹਾ ਕਿ ਉਹ  ਸੇਵਾ ਸਕੂਲ ਸਬੰਧੀ ਐਜੂਕੇਸ਼ਨ ਡਿਪਾਰਟਮੈਂਟ ਦੀ ਅਨਾਊਸਮੈਂਟ ਨਾਲ ਬਹੁਤ ਪ੍ਰਸੰਨ ਹੋਏ ਹਨ ।

ਇਸ ਸਕੂਲ ਦੀ ਸ਼ੁਰੂਆਤ ਸਤੰਬਰ  2014 ਵਿਚ ਹੋਏਗੀ । ਕੁਲੀਸ਼ਨ ਸਰਕਾਰ ਵਲੋਂ ਮਾਪਿਆਂ, ਅਧਿਆਪਕਾਂ,ਚੈਰਿਟੀਆਂ ਅਤੇ ਕਾਰੋਬਾਰਾਂ ਨੂੰ ਆਪਣੇ ਫਰੀ ਸਕੂਲ ਖੋਹਲਣ ਦੀ ਸੁਵਿਧਾ ਇਸ ਨਿਸ਼ਾਨੇ ਨਾਲ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਭਾਈਚਾਰਿਆਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕ ਸਕਣ । ਭਾਵੇਂ ਇਹ ਸਕੂਲ ਸਰਕਾਰ ਦੇ ਖਰਚੇ ਤੇ ਚਲਣਗੇ ਪਰ ਇਹਨਾਂ ਦੇ ਇਖਤਿਆਰ ਵੱਖੋ ਵੱਖ ਟਰੱਸਟਾਂ ਦੇ ਹੋਣਗੇ ਜਦ ਕਿ ਇਹ ਨਿਗਰਾਨ ਸੰਸਥਾ ਅੋਫਸਟੱਡ (ofsted) ਦੇ ਅਧਿਕਾਰ ਖੇਤਰ ਵਿਚ ਹੋਣਗੇ ।

ਲੇਬਰ ਪਾਰਟੀ ਵਲੋਂ ਕੁਲੀਸ਼ਨ ਸਰਕਾਰ ਦੀ ਇਸ ਸਕੀਮ ਦਾ ਬੇਸ਼ਕ ਵਿਰੋਧ ਕੀਤਾ ਜਾ ਰਿਹਾ ਹੈ ਪਰ ਕਾਵੈਂਟਰੀ ਦੇ ਲੇਬਰ ਕਾਊਂਸਲਰ ਸ: ਹਰਜਿੰਦਰ ਸਿੰਘ ਸੈਂਹਬੀ ਨੇ ਪਾਰਟੀ ਵਿਰੋਧ ਦੇ ਹੁੰਦਿਆਂ ਹੋਇਆਂ ਵੀ ਸੇਵਾ ਸਕੂਲ ਦੀ ਖੁਲ੍ਹ ਕੇ ਹਿਮਾਇਤ ਕੀਤੀ ।

ਕਾਵੈਂਟਰੀ ਤੋਂ ਇਲਾਵਾ ਬਰੈਡਫੋਰਡ ਅਤੇ ਲੈਸਟਰ ਵਿਚ ਦੋ ਹੋਰ ਸਿੱਖ ਸਕੂਲਾਂ ਨੂੰ ਮਨਜ਼ੂਰੀ ਵੀ ਮਿਲੀ ਹੈ ਅਤੇ ਇਹਨਾਂ ਸ਼ਹਿਰਾਂ ਦੀਆਂ ਸੰਗਤਾਂ ਅਤੇ ਸਕੂਲਾਂ ਦੇ ਟਰੱਸਟ ਵੀ ਵਧਾਈ ਦੇ ਪਾਤਰ ਹਨ।

ਅੱਜ ਦੇ ਭੋਗੀ ਅੱਤਵਾਦ ਅਤੇ ਪਦਾਰਥਵਾਦੀ ਰੂਝਾਨਾਂ ਵਿਚ ਰੁੜੇ ਜਾ ਰਹੇ ਸਮਾਜਾਂ ਲਈ ਨੈਤਿਕ ਅਤੇ ਧਾਰਮਕ ਅਸੂਲਾਂ ਵਾਲੀ ਸਿੱਖਿਆ ਜੀਵਨ ਦਾਨ ਵਾਲੀ ਹੈ ।

ਕਾਵੈਂਟਰੀ ਦੇ ਸੇਵਕ ਟਰੱਸਟ ਦਾ ਦਫਤਰ ਸਿੰਘ ਸਭਾ ਗੁਰਦੁਆਰਾ ਕਰੌਸ ਰੋਡ ਵਿਚ ਹੈ । ਇਹਨਾ ਨੌਜਵਾਨਾਂ ਨੇ ਗੁਰਦੁਆਰੇ ਨਾਲ ਰਲ ਕੇ ਹੁਣੇ ਹੁਣੇ ਸਿੱਖ ਫੈਮਲੀ ਸੈਂਟਰ ਦਾ ਉਦਘਾਟਨ ਕੀਤਾ ਹੈ ਜਿਸ ਵਿਚ ਹਫਤੇ ਦੇ ਸੱਤੇ ਦਿਨ ਸਵੇਰੇ ਸਾਢੇ ਸੱਤ ਤੋਂ ਰਾਤ ਸਾਢੇ ਨੌਂ ਵਜੇ ਤਕ ਜਿਮਨੇਜੀਅਮ ਦੀਆਂ ਸੇਵਾਵਾਂ ਖੁਲੀਆਂ ਹੁੰਦੀਆਂ ਹਨ ਜਿਹਨਾਂ ਵਿਚ ਬੀਬੀਆਂ ਅਤੇ ਭਾਈਆਂ ਲਈ ਵੱਖੋ ਵੱਖ ਜਿਮ ਅਤੇ ਸੋਨਾ ਆਦਿ ਦੀਆਂ ਉਚ ਪਾਏ ਦੀਆਂ ਸਹੂਲਤਾ ਉਪਲਬਧ ਹਨ । ਸੇਵਕ ਟਰੱਸਟ ਦੇ ਆਗੂ ਭਾਈ ਤਰਸੇਮ ਸਿੰਘ ਖਾਲਸਾ ਸਿੰਘ ਸਭਾ ਗੁਰਦੁਆਰੇ ਦੇ ਪਿਛਲੇ ਕਰੀਬ ਨੌਂ ਸਾਲ ਤੋਂ ਜਨਰਲ ਸਕੱਤਰ ਵੀ ਹਨ ਜਿਹਨਾਂ ਕਿ ਦੁਨੀਆਂ ਵਿਚ ਚਲ ਰਹੇ ਗੁਰਬਾਣੀ ਦੇ ਪਹਿਲੇ ਵੈਬ ਸਾਈਟ ਸਿੱਖੀ ਟੂ ਦਾ ਮੈਕਸ ਦੀਆਂ ਸੇਵਾਵਾਂ ਸਿੱਖ ਭਾਈਚਾਰੇ ਨੂੰ ਅਰਪਣ ਕੀਤੀਆਂ ਹਨ ਅਤੇ ਹਮੇਸ਼ਾਂ ਹੀ ਨਿਸ਼ਕਾਮ ਅਤੇ ਨਿਰਮਾਣ ਭਾਵ ਵਿਚ ਵਿਚਰਦੇ ਹਨ ।

ਅਸੀਂ ਬਰਤਾਨੀਆਂ ਦੇ ਸਮੁੱਚੇ ਭਾਇਚਾਰੇ ਨੂੰ ਅਪੀਲ ਕਰਾਂਗੇ ਕਿ ਉਹ ਵੀ ਮੌਜੂਦਾ ਸਰਕਾਰ ਦੀ ਫਰੀ ਸਕੂਲ ਦੀ ਸਕੀਮ ਤੋਂ ਵੱਧੋ ਵੱਧ ਫਾਇਦਾ ਲੈਣ ਦੀ ਕੋਸ਼ਿਸ਼ ਕਰਨ । ਸਾਡਾ ਕਲਿਆਣ ਉਚ ਪਾਏ ਦੀ ਦੁਨਿਆਵੀ ਅਤੇ ਧਾਰਮਕ ਵਿੱਦਆ ਨਾਲ ਹੀ ਹੋਣਾਂ ਹੈ । ਇਸ ਸਬੰਧੀ ਕਿਸੇ ਵੀ ਵੀਰ ਭੈਣ ਨੂੰ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ।

ਟੈਲੀਫੋਨ 07854 136 413 ( ਸ: ਕੁਲਵੰਤ ਸਿੰਘ ਢੇਸੀ-ਮੁਖ ਸੇਵਾਦਾਰ- ਸਿੰਘ ਸਭਾ ਗੁਰਦੁਆਰਾ ਕਾਵੈਂਟਰੀ)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top