Share on Facebook

Main News Page

ਫਿਰਿ ਪਛੁਤਾਹਿਗਾ ਮੂੜਿਆ…
- ਤਰਲੋਕ ਸਿੰਘ ‘ਹੁੰਦਲ’
ਬਰੈਂਮਟੰਨ, ਕਨੇਡਾ

ਜੇਕਰ ਸੱਚ ਹੈ ਤਾਂ ਚੋਜੀ ਪ੍ਰੀਤਮ ਜੀ ਦਾ ਅਲੌਕਿਕ ਕੌਤਕ ਹੈ, ਜੇ ਸੱਚ ਨਹੀਂ ਤਾਂ ਫਿਰ ਦਸਮੇਸ਼ ਪਿਤਾ ਜੀ ਦੀ‘ਸ਼ਮਸ਼ੀਰ’ਸਬੰਧੀ ਵਡਿਆਈ ਖੋਰੀ ਕਿਸੇ ਹਸਤੀ ਨੇ ਭੰਬਲਭੂਸਾ-ਨੀਤੀ ਦਾ ਖੋਟਾ ਸਹਾਰਾ ਲਿਆ ਹੈ,ਜੋ ਨਿਰਾ ਕਰਾਮਾਤੀ ਸ਼ੱਕਰ-ਰਸੀਲਾ ਭ੍ਰਮ ਹੈ, ਜਿਸ ਨਾਲ ਗੁਰਸਿੱਖਾਂ ਦੇ ਅਥਾਹ ਵਿਸਵਾਸ਼ ਨਾਲ ਨਿਕੰਮਾ ਜਿਹਾ ਸ਼ੋਸ਼ਣ ਕੀਤਾ ਗਿਆ ਜਾਪਦਾ ਹੈ। ਸਿੱਖ ਜਾਣਦੇ ਹਨ ਕਿ ਗੁਰਮਤਿ ਅਨੁਸਾਰ ਕਰਾਮਾਤ ਨੂੰ ਭਿਆਨਕ ਕਹਿਰ ਵੀ ਮਿਥਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰੀ ਰਾਗ ਅੰਦਰ ਬਾਣੀ ਭਗਤ ਬੇਣੀ ਜੀਉ ਕੀ’ਚ ਕ੍ਰਿਪਾ-ਨਿਧਾਨ ਜੀ ਫੁਰਮਾਉਂਦੇ ਹਨ:

ਫਿਰਿ ਪਛੁਤਾਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ॥

ਪੰਜਾਬੀ ਮੀਡੀਆ ਦੀ ਬੜੀ ਦਿਲਚਸਪ ਅਤੇ ਹੈਰਾਨੀਜਨਕ ਖ਼ਬਰ ਹੈ ਕਿ ‘ਨਿਉਂਜ਼ੀਲੈਂਡ ’ਚ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਮਿਲਣ ਦਾ ਦਾਅਵਾ’।(ਸਾਰ-ਅੰਸ਼) ਸਿੱਖ ਇਤਿਹਾਸ ਦੇ ਵਿੱਚ ਅੱਜ ਤੋਂ 314 ਸਾਲ ਪਹਿਲਾਂ 13 ਅਪਰੈਲ, 1699 ਈ: ਦਾ ਇਕ ਅਹਿਮ ਤੇ ਇਤਿਹਾਸਕ ਦਿਨ ਸੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਲਹਿਰਾ ਕੇ ਪੰਜ ਪਿਆਰਿਆਂ ਦੇ ਸਿਰ ਦੀ ਮੰਗ ਕੀਤੀ ਅਤੇ ਖੰਡੇ-ਬਾਟੇ ਦਾ “ਅੰਮ੍ਰਿਤ” ਛਕਾ ਕੇ ਖਾਲਸਾ ਫੌਜ ਦੀ ਸਥਾਪਨਾ ਕੀਤੀ..ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਦੂਸਰੇ ਦੇਸ਼ ਨੇ ਗੁਰੂ ਗੋਬਿੰਦ ਸਿੰਘ ਦੀ ਹੱਥ-ਛੋਹ ਪ੍ਰਾਪਤ ਕਿਰਪਾਨ ਨੂੰ ਦੇਸ਼ ਵੇ ਵੱਡੇ ਅਜਾਇਬ-ਘਰ ਵਿੱਚ ਸ਼ਸ਼ੋਭਿਤ ਕੀਤਾ ਹੋਵੇ… ਖਾਲਸੇ ਦੀ ਜਨਮ-ਭੂਮੀ ਆਨੰਦਪੁਰ ਸਾਹਿਬ ਤੋਂ 12600 ਮੀਲ ਹਵਾਈ ਦੂਰ ਸ਼ਹਿਰ ਡੁਨੀਡਨ ਵਿਖੇ ਸਰਕਾਰੀ ਅਜਾਇਬ-ਘਰ ਓਟਾਂਗ ਮਿਉਜ਼ੀਅਮ ਵਿੱਚ ਦਸਵੇਂ ਪਾਤਸ਼ਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਂਅ 'ਤੇ ਬੋਲਦੀ ਇੱਕ ਵੱਡੀ (3 ਤੋਂ 4 ਫੁੱਟ) ਸ੍ਰੀ ਸਾਹਿਬ ਬੜੇ ਸਤਿਕਾਰ ਨਾਲ ਸਾਂਭ ਕੇ ਰੱਖੀ ਹੋਈ ਹੈ। ਖ਼ਬਰ ਦੇ ਲੇਖਕ (ਸ੍ਰ: ਹਰਜਿੰਦਰ ਸਿੰਘ ਬਸਿਆਲਾ) ਨੇ ਸ਼ਾਥੀਆਂ ਸਮੇਤ ਦਰਸ਼ਨ ਕੀਤੇ ਹਨ। ਅੱਗੇ ਉੇਹ ਲਿਖਦੇ ਹਨ ਕਿ ਕਿ ਉੱਥੇ 27 ਦੇ ਕਰੀਬ ਕਿਰਪਾਨਾਂ ਮੌਜੂਦ ਹਨ…ਸਰਕਾਰੀ ਅਮਲੇ-ਪੇਟੇ ਦੀ ਸਹਾਇਤਾ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂਅ ਹੇਠ ਦਰਜ ਕਿਰਪਾਨ ਦੀ ਘੋਖ ਕੀਤੀ ਗਈ…ਅਤੇ ਦਾਹਵਾ ਕੀਤਾ ਗਿਆ ਕਿ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਹੈ…ਵਗੈਰਾ…ਵਗੈਰਾ…।

ਬਹੁਤ ਚੰਗੀ ਅਤੇ ਖੁਸ਼ੀ-ਭਰਪੂਰ ਗੱਲ ਹੋਈ ਕਿ ‘ਖਾਲਸਾ ਸਾਜਣਾ ਦਿਵਸ’ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚਲੀ ਸ਼ਮਸ਼ੀਰ ਲੱਭ ਪਈ ਹੈ। ਜੇ ਇੱਹ ਸੱਚ ਹੈ ਤਾਂ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਹੋਵਣ! ਜਦੋਂ ਅਸੀਂ ਆਪਣੇ ਪਿਤਾ ਸਮਾਨ ਮਾਹਿਲਪੁਰ ਇਲਾਕਾ ਨਿਵਾਸੀ ‘ਮੇਜਰ ਸਾਹਿਬ’ ਦਾ ਪ੍ਰਤੀਕਰਮ ਜਾਣਨ ਲਈ ਇਹੋ ਖ਼ਬਰ ਪੜ੍ਹ ਕੇ ਸੁਣਾਈ ਤਾਂ ਉਨ੍ਹਾਂ ਨੇ ਪੋਲੇ ਜਹੇ ਮੁਸਕੁਰਾਉਂਦੇ ਹੋਏ ਕਿਹਾ ਕਿ ਸਾਡੇ ਪਿੰਡ ਇੱਕ ਬੋਲਾ ਪੰਡਤ ਹੋਇਆ ਕਰਦਾ ਸੀ, ੱਜ ਕੱਲ ਜਿਸ ਦੀ ਔਲਾਦ ਅਮਰੀਕਾ ਵਿੱਚ ਵੱਸਦੀ ਹੈ, ਮਹਾਂਭਾਰਤ ਦੀ ਕਥਾ ਕਰਦਾ ਬੜੇ ਜੋਰ ਨਾਲ ਕਿਹਾ ਕਰਦਾ ਸੀ, ‘ਭੀਮ ਨੇ ਹਾਥੀਉਂ ਕੋ ਦੂੰਮ ਸੇ ਪਕੜਾ, ਬਹੂਤ ਜ਼ੋਰ ਸੇ ਘੁੰਮਾਇਆ ਔਰ ਆਕਾਸ਼ ਮੇਂ ਫੈਂਕ ਦੀਆ, ਵੋਹ ਸੁਸਰੇ ਅਭੀਂ ਭੀ ਵਹੀਂ ਚੱਕਰ ਪੇ ਚੱਕਰ ਕਾਟ ਰਹੇ ਹੈਂ. ਬੋਲੋ ਸੀਆ ਰਾਮ ਕੀ ਜੈ’।

ਸਿੱਖ ਜਗਤ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕੁੱਝ ਵਰ੍ਹੇ ਪਹਿਲਾਂ ਇੰਗਲੈਂਡ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸਲੀ “ਕਲਗੀ” ਦਾ ਵੀ ਇੱਕ ਜਬਰਦਸਤ ਵਾਵਰੋਲਾ ਉਠਿਆ ਸੀ। ਫ਼ਰਜੀ ਜਹੀ ਕਲਗੀ ਪੰਜਾਬ ਲਿਆਂਦੀ ਗਈ। ਸਿੱਖਾਂ ਦੇ ਸਿਰਮੌਰ ਤਖਤ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ (ਹੁਣ ਸਾਬਕਾ) ਅਤੇ ਹੋਰ ਕਈ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਪੰਥਕ ਸਨਮਾਨ ਨਾਲ “ਜੀਉ ਆਇਆਂ ਨੂੰ” ਆਖਿਆ ਸੀ। ਫਿਰ ਕੀ ਹੋਇਆ?ਸਮੁੱਚੀ ਸਿੱਖ ਸੰਗਤ ਬਖ਼ੂਬੀ ਜਾਣਦੀ ਹੈ। ਮੈਂ ਤਾਂ ਫਿਰ ਕੀ ਦੱਸਾਂ, ਫਿਰ ਕੀ ਹੋਇਆ।

ਕੁਝ ਸਮਾਂ ਪਹਿਲਾਂ ਡਾ:ਹਰਜਿੰਦਰ ਸਿੰਘ ਜੀ ‘ਦਿਲਗੀਰ’ ਸਾਬਕਾ ਡਾਇਰੈਕਟਰ, ਸਿੱਖ ਹਿਸਟਰੀ ਰੀਸਰਚ ਬੋਰਡ (ਸ਼੍ਰੋਮਣੀ ਗੁ:ਪ੍ਰ:ਕਮੇਟੀ) ਟੋਰਾਂਟੋ ਆਏ ਸਨ। ਇਤਿਹਾਸਕ ਵਿਚਾਰਾਂ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਹੀ ਦੇ ਜੀਵਨ ਕਾਲ ਨਾਲ ਸਬੰਧਤ ‘ਗੰਗਾ-ਸਾਗਰ’ ਬਾਰੇ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਬੜਾ ਸਨਸ਼ਨੀਖੇਜ਼ ਪ੍ਰਗਟਾਵਾ ਕੀਤਾ ਸੀ ਕਿ ‘ਗੰਗਾ-ਸਾਗਰ’ ਇੱਕ ਨਹੀਂ, ਇਸ ਰੂਪ ਦੇ ਕਈ ਹਨ, ਜਿਨ੍ਹਾਂ ਨੂੰ ਇਸ ਦੇ ਵਿਰਾਸਤੀ ਹੱਕਦਾਰ ਦੱਸਦੇ ਲੋਕ, ਗੁਰੂ-ਘਰਾਂ ਵਿੱਚ ਪ੍ਰਦਰਸ਼ਨੀ ਕਰਦੇ, ਮੱਥੇ ਟਿਕਾਉਂਦੇ ਤੇ ਸੰਗਤਾਂ ਤੋਂ ਮਾਇਆ ਬਟੋਰਦੇ, ਐਸ਼ਾਂ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦਸਿਆ ਸੀ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 52 ਕਲੀਆਂ ਵਾਲੇ ਚੋਲ੍ਹੇ ਵੀ ਕਈਆਂ ਕੋਲ ਹਨ, ਜਿਸ ਨੂੰ ਸਿੱਖ ਭਾਈਚਾਰੇ ਵਿੱਚ ਗੁਰਮਤਿ ਤੋਂ ਉਲਟ ‘ਪੂਜਕ’ ਵਸਤੂ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ‘ਗੰਗਾ ਸਾਗਰ’ ਦੀ ਗੱਲ ਚੱਲੀ ਤਾਂ ਯਾਦ ਆਇਆ ਕਿ ਕਨੇਡਾ ਦੇ ਗੁਰਦੁਆਰੇ’ਚ ਲੰਮੀਆਂ ਲੰਮੀਆਂ ਕਤਾਰਾਂ ਬੰਨ੍ਹ ਕੇ ‘ਗੰਗਾ ਸਾਗਰ’ ਉੱਤੇ ਡਾਲਰਾਂ ਦੀ ਛਹਿਬਰ ਨਾਲ ਨਮਸਕਾਰ ਕਰਦੀਆਂ ਪੂਜਕ ਸੰਗਤਾਂ ਨੂੰ ਵੇਖ ਕੇ ਇੱਕ ਸੁਘੜ ਕਥਾਕਾਰ ਨੇ ਗੁਰਮਤਿ ਅਨੁਸਾਰ ਕੇਵਲ ‘ਸ਼ਬਦ-ਗੁਰੂ’ ਨਾਲ ਜੁੜਨ ਦੀ ਦਲੀਲ ਕੀ ਦਿੱਤੀ ਕਿ ਉਸ ਭਾਈ ਸਾਹਿਬ ਦੀ ਗੁਰਦੁਆਰਿਉਂ ਅਗਲੇ ਪਲ ਹੀ ਛੁੱਟੀ ਹੋ ਗਈ। ਅਫਸੋਸ! ਇਹ ਕਿ ਅੱਜ ਤੱਕ ਉਸ ਨੂੰ ਗੁਰਦੁਆਰੇ’ਚ ਮੁੜ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਹਾਂ! ਸਿੰਘਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦਾ ਜਿਹੜਾ ਢਾਡੀ ਇਹ ਕਹਿੰਦਾ ਰਿਹਾ ਕਿ ‘ਸਿੰਘਾਂ ਨੇ ਫੇਰ ਦਰੱਖਤ ਦੀ ਖੋਡ ਵਿੱਚ ਬਰੂਦ ਦਾ ਗੋਲਾ ਪਾ ਕੇ ‘ਫੀਤਾ ਫੂ’ ਕਰ ਕੀਤਾ, ਇਕੋ ਗੋਲੇ ਨਾਲ ਸਾਰੇ ਦੇ ਸਾਰੇ ਦੁਸ਼ਮਣ ਮਰ ਗਏ, ਉਥੋਂ ਹੀ ਸੋਨ-ਤਮਗਿਆਂ ਨਾਲ ਸਨਮਾਨਤ ਕੀਤੇ ਗਏ। ਟੋਰਾਂਟੋ ਵਿੱਚ ਇੱਕ ਸਿੰਘ ‘ਬਾਬੇ ਬੁੱਢੇ ਦੀ ਕਿਰਪਾਨ’ ਵੀ ਲਈ ਫਿਰਦਾ ਵੇਖਿਆ ਗਿਆ ਹੈ। ਇੱਕ ਬਾਬਾ ਕੜਿਆਂ ਵਾਲਾ ਵੀ ਵੇਖਿਆ ਹੈ ਅਤੇ ਇੱਕ ਵਿਅਕਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਦਾਸੀਆਂ ਵੇਲੇ ਕਨੇਡਾ ਦੇ ਸ਼ਹਿਰ ‘ਮੌਂਟਰੀਅਲ’ ਵਿੱਚ ਚੱਕਰ ਕੱਟਦੇ ਵੇਖਿਆ ਹੈ।

ਟੋਰਾਂਟੋ ਦੇ ਗੁਰਦੁਆਰਾ ਸਾਹਿਬ, ਇੱਕ ਗੁਰਮਤਿ ਵਿਚਾਰਧਾਰਾ ਦਾ ‘ਖੰਡੇ ਵਾਲਾ’- ਪ੍ਰਚਲਿਤ ਨਾਂਅ ਦਾ ਵਿਅਕਤੀ ਸੇਵਾ ਕਰਦਾ ਹੈ। ਅਸਾਂ ਨੇ ਸੰਨ 2006 ਈ ਦੇ ਮੱਧ ਵਿੱਚ ਗੁਰਦੁਆਰੇ, ਉਸ ਦੇ ਕਮਰੇ ਵਿੱਚ 18 ਕੁ ਪੁਰਾਤਨ ਕਿਰਪਾਨਾਂ ਮਖ਼ਮਲੀ ਲਿਬਾਸ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ, ਵੇਖੀਆਂ ਸਨ। ਡੇਢ ਕੁ ਦਰਜਨ ਹੱਥ-ਲਿਖਤ ਗੁਰਬਾਣੀ ਦੀਆਂ ਪੋਥੀਆਂ ਵੀ ਸਨ। ਪੁੱਛਣ ਉੱਤੇ ਉਸ ਨੇ ਦਸਿਆ ਕਿ ‘ਗੁਰੂ ਜੀ ਅਤੇ ਗੁਰਸਿੱਖਾਂ ਦੇ ਪੁਰਾਤਨ ਤੇ ਇਤਿਹਾਸਕ ਹਥਿਆਰਾਂ ਦੀ ਗੁਰੂ-ਘਰਾਂ ਵਿੱਚ ਪ੍ਰਦਰਸ਼ਨੀ ਕਰਨ ਲਈ ਕੋਈ ਕਨੇਡਾ ਵਿੱਚ ਆਇਆ ਸੀ, ਫਿਰ ਸਭ ਕੁਝ ਏਥੇ ਮੇਰੇ ਕੋਲ ਛੱਡ ਕੇ ਪਤਰਾ ਵਾਚ ਗਿਆ। ਇਥੇ ਹੀ ਗੁਰ-ਮਰਯਾਦਾ ਅਨੁਸਾਰ ਨਵ-ਜੰਮੇ ਬੱਚੇ ਦਾ ਨਾਂਅ ਰੱਖਵਾਉਂਣ ਆਏ ਪਰਿਵਾਰ ਦੀ ਗੁਰੂ-ਭੇਂਟ ਦਾਨ-ਰਾਸ਼ੀ ਦੀ ਰਸੀਦ ‘ਮੁਰਦ-ਘਾਟ’ ਦੇ ਖਾਤੇ’ਚੋਂ ਜਾਰੀ ਕੀਤੀ ਵੇਖੀ ਗਈ ਸੀ।

ਸੰਗਤਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਅੰਤਮ ਸਮੇਂ ਨਾਲ ਸਬੰਧਤ ਤਖਤ ਸ੍ਰੀ ਹਜੂਰ ਸਾਹਿਬ ਜਾਂਦੀਆਂ ਹਨ। ਸੱਤ ਕੁ ਸਾਲ ਪਹਿਲਾਂ ਜਦੋਂ ਅਸੀਂ ਵੀ ਗਏ ਤਾਂ ਕਨੇਡਾ ਤੋਂ ਤੀਸਰੀ ਵਾਰ ਗਿਆ ਮੇਰੇ ਲਾਗਦੇ ਪਿੰਡ ਦਾ ਭਾਈ ਲਾਲੋ ਬਰਾਦਰੀ ਦਾ ਇੱਕ ਪਰਿਵਾਰ ਸਾਡੇ ਨਾਲ ਸੀ। ਉੱਥੇ ਕਈ ਗੁਰਦੁਆਰੇ ਸ਼ਸ਼ੋਬਤ ਹਨ। ਇੱਕ ਗੁਰਦੁਆਰਾ ‘ਟੇਕਰੀ ਸਾਹਿਬ’ ਹੈ। ਮੌਕੇ ‘ਤੇ ਹਾਜਰ ਅੱਧਖੜ੍ਹ ਉਮਰ ਦੀ ਸਾਖੀਕਾਰ ਬੀਬੀ ਨੇ ਦੱਸਿਆ ਕਿ ਗੁਰੂ ਜੀ ਨੇ ਹਰੇਕ ਲੋੜਵੰਦ ਨੂੰ ਅਸ਼ਰਫੀਆਂ ਦੀ ‘ਔਹ ਸਾਹਮਣੇ ਪਈ ਢਾਲ’ ਭਰ ਭਰ ਕੇ ਵੰਡੀ ਸੀ। ਜਦੋਂ ਸਾਥੀ ਸਿੰਘ ਨੇ ਮੋੜ ਕੇ ਪੁੱਛਿਆ ਕਿ ‘ਬੀਬੀ ਜੀ! ਪਿੱਛਲੇ ਸਾਲ ਤਾਂ ਇਥੇ ਇੱਕ ਪੁਰਾਣੀ, ਤਿੜਕੀ ਹੋਈ ਢਾਲ ਪਈ ਸੀ, ਇਹ ਨਵੀ-ਨਕੋਰ ਹੈ’। ਉਸ ਨੇ ਬੜੇ ਠਰੰਮੇ ਨਾਲ ਉੱਤਰ ਦਿੱਤਾ,’ ਤੁਸੀਂ ਇਤਿਹਾਸਕ ਢਾਲ ਦੇ ਦਰਸ਼ਨ ਕਰਨੇ ਹਨ ਕਿ ਨਵੀਂ-ਪੁਰਾਣੀ ਪਰਖਣੀ ਹੈ’। ਤਖਤ ਹਜੂਰ ਸਾਹਿਬ, ਸੰਗਤਾਂ ਸ਼ਰਧਾ ਨਾਲ ਗੁਰੂ ਜੀ ਦੇ ਘੋੜਿਆਂ ਦੀ ਨਸਲ’ਚੋਂ ਚਿੱਟੇ ਰੰਗ ਦੇ ਘੋੜਿਆਂ ਦੇ ਦਰਸ਼ਨ ਕਰਦੀਆਂ ਹਨ। ਪੰਜਾਬ ਵਿੱਚ, ਗੁਰੂ ਗੋਬਿੰਦ ਸਿੰਘ ਮਾਰਗ ਦੇ ਉਦਘਾਟਨ ਸਮੇਂ ਵੀ ਅਜੇਹਾ ਹੀ ਹੋਇਆ ਸੀ, ਜਦੋਂ ਕਿ ਅਸੀਂ ਕਲਗੀਧਰ ਪਿਤਾ ਨੂੰ “ਨੀਲੇ ਦਾ ਅਸਵਾਰ” ਕਹਿ ਕੇ ਸਤਿਕਾਰ ਕਰਦੇ ਹਾਂ। ਵਾਪਸੀ ਸਮੇਂ ਕਈ ਮਨ-ਮਤੀਏ ਘੋੜਿਆਂ ਦੀ ਲਿੱਦ ਘਰਾਂ ਨੂੰ ਲਿਆਉਂਦੇ ਵੀ ਦੱਸੀਦੇ ਹਨ। ਥੋੜਾ ਚਿਰ ਪਹਿਲਾਂ, ਇੱਕ ਸਮਾਂ ਐਸਾ ਵੀ ਵੇਖਿਆ ਕਿ ਹਿੰਦੂ ਦੇਵਤਾ ਗਨੇਸ਼ ਜੀ ਦੀ ਮੂਰਤੀ ਦੁੱਧ ਪੀਣ ਰਹੀ ਸੀ, ਜਦੋਂ ਕਿ ਬਾਜ਼ਾਂ ਵਾਲੇ ਦਾ “ਬਾਜ” ਗੁਰਦੁਆਰਿਆਂ ’ਚ ਸੰਗਤਾਂ ਨੂੰ ਦਰਸ਼ਨ ਦੇ ਰਿਹਾ ਸੀ, ਇਥੋਂ ਤੱਕ ਕਿ ਸੰਗਤਾਂ ਦੇ ਧੰਨ ਭਾਗ ਹੀ ਕਹੀਏ ਕਿ “ਦਸਵੇਂ ਗੁਰਾਂ ਦਾ ਬਾਜ” ਟੋਰਾਂਟੋ ਸ਼ਹਿਰ ਵਿੱਚੋਂ ਵੀ ਡਾਲਰਾਂ ਦੀ ਚੋਗ ਚੁਗ ਗਿਆ।

ਚਮਕੌਰ ਦੀ ਜੰਗ ਵਿੱਚ ਦੋਹਾਂ ਸਾਹਿਬਜਾਦਿਆਂ ਦੇ ਨਾਲ ਕਈ ਹੋਰ ਸਿੰਘਾਂ ਨੇ ਵੀ ਸ਼ਹੀਦੀ ਦਾ ਜਾਮ ਪੀਤਾ ਸੀ। ਕਈ ਵਰ੍ਹੇ ਪਹਿਲਾਂ ਖੁਦਾਈ ਸਮੇਂ ਇੱਕ ਛੋਟੀ ਕਿਰਪਾਨ ਮਿਲੀ, ਜਿਸ ਨੂੰ ਕੇਵਲ ਸਾਹਿਬਜਾਦੇ ਦੀ ਸ੍ਰੀ ਸਾਹਿਬ ਕਰਕੇ ਪ੍ਰਚਾਰਿਆ ਗਿਆ। ਸੁਧਾਰ, ਲਧਿਆਣਾ ਜਿਲ੍ਹੇ ਦਾ ਮਸ਼ਹੂਰ ਕਸਬਾ ਹੈ। ਦੱਸਦੇ ਹਨ ਕਿ ਉੱਥੇ ਇੱਕ ਸਿੱਖ ਪਰਿਵਾਰ ਕੋਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੈਰਾਂ ਦਾ ‘ਜੋੜਾ’ ਹੈ, ਜੋ ਹੁਣ ਟੁੱਕੜੇ ਟੁੱਕੜੇ ਕਰਕੇ ਸੁੰਦਰ ਬਕਸੇ ਵਿੱਚ ਸਤਿਕਾਰ ਸਹਿਤ ਸੰਭਾਲਿਆ ਪਿਆ ਹੈ। ਬਾਕੀ ਸਾਧਾਂ, ਸੰਤਾਂ ਅਤੇ ਡੇਰੇਦਾਰਾਂ ਨੂੰ ਤਾਂ ਗੱਲ ਲੱਭ ਪਈ ਹੈ। ਹਰ ਚੀਜ਼ ਨੂੰ ‘ਗੁਰੂ’ ਜੀ ਦੀ ਦੱਸ ਕੇ ਮੱਥੇ ਟਿਕਾਉਂਦੇ ਤੇ ਮਾਇਆ ਬਟੋਰੀ ਜਾਂਦੇ ਹਨ। ਦੁਰਾਹੇ ਕੋਲ, ਇੱਕ ਡੇਰੇ ਵਿੱਚ ‘ਬਾਬੇ ਕੀਆਂ ਜੁੱਤੀਆਂ’ ਦਾ ਵਿਸ਼ੇਸ਼ ਕਮਰਾ ਹੈ, ਉਸ ਥਾਂ ਠੰਢਕ ਦਾ ਪੂਰਾ ਇੰਤਜਾਮ ਹੈ। ਕਿਹਾ ਜਾਂਦਾ ਹੈ ਕਿ ਬਾਬਾ ਨੰਦ ਸਿੰਘ ਜੀ, ਅਕਸਰ ਪੈਦਲ ਹੀ ਸਫਰ ਕਰਦੇ, ਕੱਖਾਂ-ਕਾਨਿਆਂ ਦੀ ਕੁੱਲੀ’ਚ ਰਹਿੰਦੇ ਤੇ ਭਜਨ-ਬੰਦਗੀ ਕਰਿਆ ਕਰਦੇ ਸਨ। ਸਿਆਣੇ ਦਸਦੇ ਹਨ ਕਿ ਹੁਣ ਓਥੇ ‘ਬਾਬਾ ਨੰਦ ਸਿੰਘ ਜੀ ਦੀ “ਕਾਰ”(ਮੋਟਰ) ਇੱਕ ਕਮਰੇ ਵਿੱਚ ਬੰਦ ਹੈ, ਮਾਇਆ ਭੇਂਟ ਕਰਦੀ ਉਪਰੋਂ-ਥਲੀ ਹੁੰਦੀ ਲੋੜ੍ਹੇ ਦੀ ਸ਼ਰਧਾਲੂਆਂ ਦੀ ਭੀੜ ਡੰਡੌਤ ਕਰਦੀ ਵੇਖੀ ਜਾ ਸਕਦੀ ਹੈ। ਨਕੋਦਰ ਲਾਗ ਸਾਧ ਦੇ ਇੱਕ ਡੇਰੇ ‘ਕਾਂਡੀ-ਤੇਸੀ’ ਦੀ ਪੂਜਾ ਹੋ ਰਹੀ ਹੈ। ਗੁਰਦਾਸਪੁਰ ਜਿਲ੍ਹੇ ਦੇ ਕਾਦੀਆਂ ਕਸਬੇ ਵਿੱਚ, ਅਹਿਮਦੀਆ ਭਾਈਚਾਰੇ ਕੋਲ ਪੀਰ ਬਾਬੇ ਨਾਨਕ ਦਾ ਇੱਕ ਚੋਲਾ’ਵੀ ਹੈ, ਜਿਸ ਉੱਤੇ ਪੱਵਿਤਰ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਦੱਸਦੇ ਹਨ।

ਮੁੱਕਦੀ ਗੱਲ ਕਿ ਬਹੁਤ ਸਾਰਿਆਂ ਕੋਲ “ਇਤਿਹਾਸਕ ਅਤੇ ਦੁਰਲੱਭ ਚੀਜ਼ਾਂ ਦੇ ਨਾਂਅ ਥੱਲੇ” ਬਹੁਤ ਸਾਰੀਆਂ ਵਸਤੂਆਂ ਮੌਜੂਦ ਹਨ। ਗੁਰੂ ਕੀਆਂ ਅਨਮੋਲ ਨਿਸ਼ਾਨੀਆਂ ਨਾਲ ਸਾਡੇ ਗੁਰਦੁਆਰੇ ਕੀ ਅਤੇ ਸਾਡੇ ਤਖਤ ਸਾਹਿਬ ਕੀ, ਸਭ ਭਰੇ ਪਏ ਹਨ, ਸਾਧਾਂ ਦੇ ਡੇਰੇ ਵੱਖਰੇ ਨੱਕੋ-ਨੱਕ ਬੂਥੇ ਹੋਏ ਹਨ। ਸਵਾਲ ਇਹ ਪੈਦਾ ਹੁਂਦਾ ਹੈ ਕਿ ਕੌਣ ਨਿਰਣਾ ਕਰੇਗਾ ਕਿ ਇਨ੍ਹਾਂ ਆਦਰਯੋਗ ਸਸ਼ਤ੍ਰਾਂ, ਕੀਮਤੀ ਚੀਜ਼ਾਂ ਅਤੇ ਦੁਰਲੱਭ ਵਸਤੂਆਂ ਵਿੱਚੋਂ ਕਿਹੜੀਆਂ “ਸਤਿਗੁਰ ਸੱਚੇ ਪਾਤਸ਼ਾਹਿ” ਨਾਲ ਸਬੰਧਤ “ਅਸਲ, ਸਹੀ ਅਤੇ ਯਥਾਰਥਿਕ” ਹਨ? ਅਸਾਨੂੰ ਏਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਬੇ-ਸ਼ੁਮਾਰ ਤਾਕਤਵਰ ਅਤੇ ਸਰਕਾਰੀ ਸਰਪ੍ਰਸਤੀ ਹੇਠ ਪ੍ਰਫੁੱਲਤ ਹੋ ਰਹੀਆਂ ਸਿੱਖੀ ਦੀਆਂ ਵਿਰੋਧੀ ਜੱਥੇਬੰਦੀਆਂ, ਸਿੱਖ ਸਿਧਾਂਤਾਂ ਅਤੇ ਸਿੱਖੀ ਦੀਆਂ ਕਦਰਾਂ-ਕੀਮਤਾਂ ਦਾ ਮਲੀਆਮੇਟ ਕਰਨ ਲਈ ਤੱਤਪਰ ਹਨ। ਓਹ,ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿੰਦੇ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਪੰਜਵਾਂ ਵੇਦ ਦੱਸਦੇ ਹਨ। ਉਨ੍ਹਾਂ ਦੀ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਪਾਵਨ ਗੁਰਦੁਆਰਿਆਂ ਅੰਦਰ ਘੁਸਪੈਠ ਜੱਗ ਜਾਹਰ ਹੈ। ਅਸੀਂ ਖੱਖੜੀਆਂ-ਖੱਖੜੀਆਂ ਹੋਏ ਦਿਸ਼ਾਹੀਣ, ਬੇ-ਮਤਲਬ ਦੇ ਘੁਮੰਡੀ ਅਤੇ ਹੰਕਾਰੀ ਫੋਕੇ ਜੈਕਾਰੇ ਛੱਡਣ ਜੋਗੇ ਰਹਿ ਗਏ ਹਾਂ। ‘ਬੋਲੇ ਸੋ ਨਿਹਾਲ’ ਤੋਂ ਅਗਾਂਹ ਕੀ ਹੈ? ਕਿਸੇ ਸਿੱਖ ਨੂੰ ਭੋਰਾ ਪਤਾ ਨਹੀਂ, ਜਦੋਂ ਕਿ “ਉਹ” ਨਿਰਧਾਰਤ ਅਸਲ ਦਿਸ਼ਾਂ ਵੱਲ ਪੂਰੀ ਹੋਸ਼ ਤੇ ਜੋਸ਼ ਨਾਲ ਵੱਧਦੇ ਜਾ ਰਹੇ ਹਨ। ਸਿੱਖ ਪੰਥ ਨੂੰ ਅਣ-ਕਿਆਸਿਆ ਖੋਰਾ ਕਿ ਉਨ੍ਹਾਂ ਸ਼ਾਤਰ-ਦਿਮਾਗ ਲੋਕਾਂ ਦੀ ਸਾਡੇ ਰਾਜਸੀ ਖੇਤਰ ਨੂੰ ਪਈ ‘ਨਕੇਲ’ ਅਤੇ ਧਾਰਮਿਕ ਮੈਦਾਨ’ਚ ਪਾਈ ‘ਕਾਠੀ’ ਤੋਂ ਛੁਟਕਾਰਾ ਕਿਵੇਂ ਸੰਭਵ ਹੋਵੇ? ਸਿੱਖ ਕੌਮ ਦੇ ਸਨਮੁੱਖ ਇੱਕ ਵੱਡੀ ਚੁਣੌਤੀ ਹੈ।

ਇਹ ਇੱਕ ਇਤਿਹਾਸਕ ਸੱਚਾਈ ਹੈ, ਕਿ ਸਾਰੇ ਸਤਿਗੁਰੂ ਜੀ ਅਧਿਆਤਮਕ ਖੇਤਰ ਵਿੱਚ “ਪਾਤਸ਼ਾਹਿ” ਸਨ, ਜਦੋਂ ਕਿ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਦੇ ਪਿੜ ਵਿੱਚ ਲੋਕਾਈ ਲਈ ਗੁਰੂ ਸਾਹਿਬਾਨ, ਆਮ ਮਨੁੱਖ ਦੀ ਤਰ੍ਹਾਂ ਵਿਚਰਦੇ ਰਹੇ, ਦੁੱਖ ਸੁੱਖ ਦੇ ਭਾਈਵਾਲ ਬਣਦੇ ਰਹੇ। ਸਾਨੂੰ ਸਾਹਿਬਾਂ ਦੀਆਂ ਪੱਵਿਤਰ ਨਿਸ਼ਾਨੀਆਂ ਦੀ ਲੋੜ ਹੈ, ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ, ਪਰ ਹੋਣ ਅਸਲੀ ਅਤੇ ਸਿੱਖ ਦੇ ਇਖਲਾਕ ਅਤੇ ਕਿਰਦਾਰ ਨੂੰ ਬੁਲੰਦ ਕਰਨ ਦੇ ਸਮਰਥ।

ਵਿਸ਼ੇ ਵੱਲ ਮੁੜੀਏ, ਜੇ ਸੱਚਮੁੱਚ ਹੀ ਵਿਚਾਰ ਅਧੀਨ “ਸ਼ਮਸ਼ੀਰ”- ਜਿਵੇਂ ਕਿ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1699 ਈ:ਨੂੰ ਵਿਸਾਖੀ ਦੇ ਦਿਨ ‘ਖਾਲਸਾ ਸਿਰਜਣਾ’ ਵੇਲੇ ਲਹਿਰਾਈ ਸੀ ਅਤੇ ਪੰਜ ਪਿਆਰਿਆਂ ਦੇ ਸੀਸ ਮੰਗੇ ਸਨ, ਤਾਂ ਨਿਰਸੰਦੇਹ ਇਹ ਇੱਕ ਅਨਮੋਲ ਅਤੇ ਸਤਿਕਾਰਯੋਗ ਵਸਤੂ ਹੈ। ਖੋਜਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਧਰਮ ਦਾ ਸਤਿਆਨਾਸ ਉਦੋਂ ਹੀ ਹੁੰਦਾ ਹੈ, ਜਦੋਂ ਏਦਾਂ ਦੀਆਂ “ਗੱਲਾਂ” ਸਾਹਮਣੇ ਆਉਂਦੀਆਂ ਹਨ। ਹੁਣੇ ਜਹੇ ਕਰਤਾਰ ਪੁਰ (ਪਾਕਿ) ਦੇ ਬੇ-ਰੋਕ ਲਾਂਘੇ ਲਈ 194ਵੀਂ ਅਰਦਾਸ ਹੋਈ ਹੈ। ਆਓ! ਆਪਾਂ ਸਾਰੇ ਰਲ-ਮਿਲ ਕੇ ਵੀ ਇੱਕ ਅਰਦਾਸ ਕਰੀਏ ਕਿ ‘ਸਿੱਖ’ ਬੁੱਧੀਜੀਵੀ ਹੋਵੇ ਅਤੇ ਸਮਝ ਸਕੇ:

ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭਰਮਿ ਲਾਗਾ॥  ਚੇਤਿ ਰਾਮੁ ਨਾਹੀ ਜਮਪੁਰਿ ਜਾਹਿਗਾ ਜਨੁ ਬਿਚਰੈ ਅਨੁਰਾਧਾ॥1॥ਰਹਾਉ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 93)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top