Share on Facebook

Main News Page

ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ?
- ਅਵਤਾਰ ਸਿੰਘ ਮਿਸ਼ਨਰੀ (5104325827)
singhstudent@gmail.com

ਸਿਰਲੇਖ ਬਾਰੇ ਲਿਖਣ ਤੋਂ ਪਹਿਲਾਂ ਸੰਖੇਪ ਵਿੱਚ ਸੱਚ-ਧਰਮ ਬਾਰੇ ਵਿਚਾਰ - ਸਿੱਖ ਧਰਮ ਕਿਰਤੀਆਂ ਦਾ ਧਰਮ ਹੈ, ਜਿਸਦਾ ਪ੍ਰਚਾਰ ਕਿਰਤੀ ਬਾਬੇ ਨਾਨਕ ਜੀ ਨੇ ਸੰਸਾਰ ਵਿੱਚ ਕਰਦੇ ਹੋਏ, ਇਸ ਨੂੰ ਪੁਜਾਰੀਵਾਦ ਤੋਂ ਮੁਕਤ ਰੱਖਿਆ। ਬਾਬੇ ਨੇ ਬਾਲਪਨ ਵਿੱਚ ਬਾਲਾਂ ਨਾਲ ਖੇਡਾਂ ਖੇਡੀਆਂ, ਵਿਦਿਆ ਪੜ੍ਹੀ, ਮੱਝਾਂ ਚਾਰੀਆਂ, ਖੇਤੀ, ਨੌਕਰੀ, ਦੁਕਾਨਦਾਰੀ, ਅਤੇ ਵਾਪਾਰ ਵੀ ਕੀਤਾ। ਸੰਸਾਰ ਨੂੰ ਤਿੰਨ ਸੁਨਹਿਰੀ ਅਸੂਲ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਿੱਤੇ। ਬਾਬਾ ਕਰਤਾ, ਕੁਦਰਤ, ਮਨੁੱਖਤਾ ਅਤੇ ਸੰਗੀਤ ਦਾ ਪ੍ਰੇਮੀ ਸੀ। ਇਸ ਲਈ ਜਾਹਰਪੀਰ, ਜਗਤ ਗੁਰ ਬਾਬੇ ਨੇ ਰਬਾਬੀ ਸੰਗੀਤ ਰਾਹੀਂ ਕਰਤੇ ਦੀ ਸਿਫਤ-ਸਲਾਹ ਕਰਦੇ ਹੋਏ, ਕੁਦਰਤੀ ਨਜ਼ਾਰਿਆਂ, ਮਨੁੱਖਤਾ ਦੀ ਭਲਾਈ ਦਾ ਵਰਨਣ, ਰਾਜਨੀਤਕਾਂ ਦੀ ਬੇਵਫਾਈ, ਛੂਆ-ਛਾਤ, ਜਾਤ-ਪਾਤ ਦਾ ਖੰਡਨ ਅਤੇ ਪੁਜਾਰੀਆਂ ਦੀ ਮਚਾਈ ਲੁੱਟ ਦਾ ਨਕਸ਼ਾ ਪੇਸ਼ ਕਰਦੇ ਹੋਏ, ਸੰਸਾਰਕ ਬੁਰਾਈਆਂ ਦਾ ਕਰੜਾ ਵਿਰੋਧ ਕੀਤਾ।
ਭਗਤਾਂ ਅਤੇ ਗੁਰੂਆਂ ਦਾ ਸੰਸਾਰ ਦੇ ਉਧਾਰ ਹਿੱਤ ਪ੍ਰਚਾਰ ਢੰਗ ਸੀ ਸੰਗਤ ਵਿੱਚ ਕੀਰਤਨ, ਵੀਚਾਰ, ਵਿਆਖਿਆ ਅਤੇ ਸਮਾਜ ਭਲਾਈ ਲਈ ਮਨੁੱਖਤਾ ਦੀ ਸੇਵਾ। ਭਗਤ ਅਤੇ ਗੁਰੂ ਸਹਿਬਾਨ ਜਨਤਾ ਵਿੱਚ ਰੱਬੀ ਗਿਆਨ ਵੰਡਣ ਵਾਸਤੇ ਜਿੱਥੇ ਵੀ ਗਏ ਓਥੇ ਉਨ੍ਹਾਂ ਨੇ ਸੰਗਤ ਅਤੇ ਧਰਮਸਾਲਾ ਕਾਇਮ ਕੀਤੀਆਂ। ਰੁੱਖਾਂ ਦੀਆਂ ਛਾਵਾਂ, ਨਦੀਆਂ ਦੇ ਕੰਢੇ, ਸਰੋਵਰ, ਮੇਲੇ ਆਦਿਕ ਜਨਤਕ ਇਕੱਠ ਵਾਲੀਆਂ ਥਾਵਾਂ ਨੂੰ ਧਰਮ ਪ੍ਰਚਾਰ ਲਈ ਵਰਤ ਲਿਆ। ਮਨ-ਆਤਮਾਂ ਦੀ ਤ੍ਰਿਪਤੀ ਲਈ ਰੱਬੀ ਬਾਣੀ ਦਾ ਕੀਰਤਨ, ਕਥਾ ਅਤੇ ਵਿਚਾਰ ਗੋਸ਼ਟੀਆਂ ਕੀਤੀਆਂ। ਸਰੀਰ ਦੀ ਸੰਭਾਲ ਲਈ ਕਿਰਤ, ਸਾਦਾ ਲੰਗਰ ਪਾਣੀ, ਮੱਲ ਅਖਾੜੇ, ਘੋੜ ਸਵਾਰੀ ਅਤੇ ਸ਼ਸ਼ਤਰ ਵਿਦਿਆ ਦੇ ਅਭਿਆਸ ਕਰਵਾਏ। ਹੱਥੀਂ ਕਿਰਤ ਕਰਦੇ, ਵੰਡ ਛਕਦੇ ਹੋਏ, ਹਰ ਵੇਲੇ ਅਕਾਲ ਪੁਰਖ ਨੂੰ ਯਾਦ ਕਰਨ, ਪੁਜਾਰੀਆਂ ਅਤੇ ਵਿਹਲੜ ਲੋਟੂ ਸਾਧਾਂ ਤੋਂ ਜਨਤਾ ਨੂੰ ਬਚਣ ਦਾ ਉਪਦੇਸ਼ ਦਿੱਤਾ ਜੋ ਵੱਖ-ਵੱਖ ਅਡੰਬਰ ਰਚਕੇ ਅਨੇਕਾਂ ਕਰਮਕਾਂਡਾਂ ਰਾਹੀਂ ਜਨਤਾ ਨੂੰ ਲੁੱਟਦੇ ਸਨ। ਭਗਤਾਂ ਅਤੇ ਗੁਰੂਆਂ ਨੇ ਲੋਕ ਵਿਖਾਵੇ ਵਾਲੇ ਅਡੰਬਰ ਅਤੇ ਫੋਕੀਆਂ ਰੀਤਾਂ-ਰਸਮਾਂ ਬਾਰੇ ਕਿਹਾ - ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ॥(590) ਧਰਮ ਦੇ ਨਾਂ ਤੇ ਕੀਤੇ ਜਾਂਦੇ ਹਰੇਕ ਕਰਮਕਾਂਡ ਦਾ ਭਰਵਾਂ ਖੰਡਨ ਕੀਤਾ - ਕਰਮ ਧਰਮ ਪਾਖੰਡ ਜੋ ਦੀਸਹਿ ਤਿਨਿ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ (747) ਗੁਰੂ ਸਾਹਿਬ ਨੇ ਧਾਰਮ ਅਤੇ ਮਨੁੱਖਤਾ ਵਿੱਚ ਵੰਡੀਆਂ ਪਾਉਣ, ਛੂਆ-ਛਾਤ ਅਤੇ ਊਚ-ਨੀਚ ਵਾਲੇ ਭੇਖਾਂ ਬਾਰੇ ਵੀ ਦਰਸਾਇਆ ਕਿ - ਭੇਖੀ ਪ੍ਰਭੂ ਨਾ ਲਭਈ ਵਿਣੁ ਸਚੀ ਸਿਖੰ॥(1099)  ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥(598) ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਦਸਵੰਧ ਨੂੰ ਧਰਮ ਪ੍ਰਚਾਰ, ਲੋਕ ਸੇਵਾ, ਜਨਤਕ ਦਵਾਖਾਨੇ, ਲੋੜਵੰਦਾਂ ਦੀ ਮਦਦ, ਵਿਦਿਆ ਦਾ ਪ੍ਰਸਾਰ ਅਦਿਕ ਲੋਕ ਭਲਾਈ ਵਾਲੇ ਕੰਮਾਂ ਤੇ ਖਰਚਿਆ ਅਤੇ ਖਰਚਨ ਦਾ ਉਪਦੇਸ਼ ਦਿੱਤਾ। ਅੱਗੇ ਉਪ੍ਰੋਕਤ ਸਿਰਲੇਖ ਦੀ ਸਿਲਸਿਲੇ ਵਾਰ ਵਿਆਖਿਆ ਦਿੱਤੀ ਜਾ ਰਹੀ ਹੈ-
ਤੀਰਥ ਤੇ ਮੇਲੇ - ਅੱਜ ਮੇਲਿਆਂ ਦਾ ਲਾਭ ਘੱਟ ਅਤੇ ਨੁਕਸਾਨ ਜਿਆਦਾ ਹੈ। ਪੁਰਾਤਨ ਸਮੇਂ ਅੱਜ ਵਰਗੇ ਸਾਧਨ ਨਹੀਂ ਸਨ, ਇਸ ਲਈ ਲੋਕ ਤੀਰਥਾਂ-ਮੇਲਿਆਂ ਤੇ ਮਾਹੀਂ, ਛਿਮਾਹੀ ਅਤੇ ਸਲਾਨਾ ਇਕੱਠੇ ਹੁੰਦੇ ਸਨ। ਵੱਡੇ-ਵੱਡੇ ਇਕੱਠਾਂ ਦਾ ਫਾਇਦਾ ਉਠਾ ਕੇ ਸੱਚ ਧਰਮ ਦਾ ਪ੍ਰਚਾਰ ਕਰਨ ਲਈ ਹੀ ਭਗਤ ਅਤੇ ਗੁਰੂ ਸਾਹਿਬਾਂਨ ਵੀ ਓਥੇ ਜਾਂਦੇ ਸਨ - ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ॥(1116) ਮੇਲਿਆਂ ਵਿੱਚ ਕਸਰਤਦਾਇਕ ਖੇਡਾਂ, ਮਨ ਪ੍ਰਚਾਵੇ ਲਈ ਸਮਾਜ ਸੁਧਾਰਕ ਗੀਤ-ਸੰਗੀਤ, ਨਾਟਕ, ਚੰਗੀ ਖ੍ਰੀਦੋਫਰੋਖਤ, ਮਿਲਾਵਟ ਰਹਿਤ ਮਿਠਿਆਈਆਂ, ਫਲ-ਫਰੂਟ, ਦੋਸਤਾਂ-ਮਿਤਰਾਂ ਤੇ ਪ੍ਰਵਾਰਾਂ ਦਾ ਮੇਲ-ਜੋਲ ਅਤੇ ਧਰਮ ਪ੍ਰਚਾਰ ਵੀ ਹੁੰਦਾ ਸੀ। ਅੱਜ ਮੇਲਿਆਂ ਦੀ ਡੈਕੋਰੇਸ਼ਨ ਅਤੇ ਖਾਣ ਪੀਣ ਤੇ ਹੀ ਲੱਖਾਂ ਰੁਪਈਆ ਬਰਬਾਦ ਕਰ ਦਿੱਤਾ ਜਾਂਦਾ ਹੈ। ਲਚਰ ਗੀਤ ਗਾਉਣ ਵਾਜਾਉਣ ਵਾਲੇ ਕਲਾਕਾਰਾਂ ਤੇ ਵੀ ਕੌਮ ਦਾ ਬੇਹਿਸਾਬਾ ਪੈਸਾ ਖਰਚ ਦਿੱਤਾ ਜਾਂਦਾ ਹੈ। ਇਹ ਕਲਾਕਾਰ ਨੌਜਵਾਨ ਪੀੜ੍ਹੀ ਨੂੰ ਨਸ਼ਾ ਅਤੇ ਕਾਮ ਉਕਸਾਊ ਗੀਤ ਸੁਣਾ ਕੇ ਕੁਰਾਹੇ ਪਾਉਂਦੇ ਹਨ। ਅਜੋਕੇ ਮੇਲਿਆਂ ਵਿੱਚ ਨਸ਼ੇ ਖਾਦੇ ਪੀਤੇ ਜਾਂਦੇ ਅਤੇ ਮਿਠਿਆਈਆਂ ਆਦਿਕ ਪਦਾਰਥ ਵੀ ਮਿਲਾਵਟ ਵਾਲੇ ਘਟੀਆ ਵੇਚੇ ਜਾਂ ਵੰਡੇ ਜਾਂਦੇ ਹਨ। ਸੱਚ ਧਰਮ ਦਾ ਪ੍ਰਚਾਰ ਤਾਂ ਮੇਲਿਆਂ ਚੋ ਖੰਭ ਲਾ ਕੇ ਉੱਡ ਗਿਆ ਹੈ।
ਵੰਨ-ਸੁਵੰਨੇ ਲੰਗਰ - ਲੰਗਰ ਦੋ ਪ੍ਰਕਾਰ ਦਾ ਹੈ ਸ਼ਬਦ ਮਨ-ਆਤਮਾਂ ਅਤੇ ਭੋਜਨ ਸਰੀਰ ਲਈ - ਲੰਗਰੁ ਚਲੈ ਗੁਰ ਸ਼ਬਦਿ ਹਰਿ ਤੋਟਿ ਨ ਆਵਈ ਖੱਟੀਐ॥(967) ਲੰਗਰ ਲੋੜਵੰਦਾਂ ਲਈ ਹੁੰਦਾ ਹੈ ਅਤੇ ਬਰਾਬਰ ਬੈਠ ਕੇ ਛੱਕਣ ਨਾਲ ਛੂਆ-ਛਾਤ, ਊਚ-ਨੀਚ ਖਤਮ ਹੁੰਦੀ ਹੈ। ਲੰਗਰ ਵਿੱਚ ਰਾਣੇ ਤੇ ਰੰਕ ਬਰਾਬਰ ਛੱਕਦੇ ਹਨ। ਲੰਗਰ ਵਧੀਆ ਸਾਦਾ ਅਤੇ ਪੋਸਟਿਕ ਹੋਣਾ ਚਾਹੀਦਾ ਹੈ। ਗੁਰਦੁਆਰਿਆਂ ਵਿੱਚ ਕਿੰਨ੍ਹਾਂ ਵਧੀਆ ਲੰਗਰ ਚਲਦਾ ਸੀ ਦੀ ਮਿਸਾਲ ਗੁਰਬਾਣੀ ਦਿੰਦੀ ਹੈ - ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (967) ਪਰ ਅੱਜੋਕੇ ਵੰਨ-ਸੁਵੰਨੇ ਲੰਗਰ ਪੋਸਟਿਕ ਅਤੇ ਸਾਦੇ ਨਹੀਂ ਰਹੇ ਸਗੋਂ ਬੇਹਿਸਾਬੇ ਮਿਰਚ ਮਸਾਲੇ, ਮਿੱਠੇ, ਤੇਲਾਂ ਅਤੇ ਘਿਉ ਦੇ ਭੰਡਾਰ ਹਨ। ਦੂਜਾ ਲੰਗਰ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਹਨ ਜਿਵੇਂ ਸਾਧ-ਡੇਰੇਦਾਰਾਂ, ਪਰੀਵਾਰਾਂ, ਅਮੀਰਾਂ ਅਤੇ ਗਰੀਬਾਂ ਦੇ ਲੰਗਰ। ਨਿਹੰਗਾਂ ਵਿੱਚ ਕਥਿਤ ਚੌਥੇ ਪੌੜੀਆਂ ਲਈ ਵੱਖਰੀ ਪੰਗਤ, ਬਠਿੰਡੇ ਇਲਾਕੇ ਵਿਖੇ ਰੂਮੀ ਵਾਲੇ ਸਾਧ ਦੇ ਡੇਰੇ ਦਲਿਤ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਗਲੇ ਲਾਉਂਦੇ ਫੁਰਮਾਇਆ ਸੀ - ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉਂ ਕਿਆ ਰੀਸ॥(15) ਉਨ੍ਹਾਂ ਨੂੰ ਲੰਗਰ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਹਿਸਾਬੋਂ ਵੱਧ ਬਣਿਆਂ ਲੰਗਰ ਸੁੱਟਣਾਂ ਪੈਂਦਾ ਹੈ ਜਾਂ ਬੇਹਾ ਹੀ ਵਰਤਾ ਦਿੱਤਾ ਜਾਂਦਾ ਹੈ ਜਿਸ ਨਾਲ ਲੋਕ ਬਿਮਾਰ ਹੋ ਰਹੇ ਹਨ। ਕਿਨ੍ਹਾਂ ਚੰਗਾ ਹੋਵੇ ਬਹੁਤੀਆਂ ਕਿਸਮਾਂ ਦੇ ਲੰਗਰ ਨਾਲੋਂ ਸਾਦੀ ਦਾਲ, ਰੋਟੀ, ਸਬਜੀ, ਖੀਰ, ਫਲ ਅਤੇ ਸਲਾਦ ਵਗੈਰਾ ਵਧੀਆ ਲੰਗਰ ਵਰਤਾਇਆ ਜਾਵੇ ਜਿਸ ਨਾਲ ਲੰਗਰ ਵਿਅਰਥ ਨਹੀਂ ਜਾਵੇਗਾ ਅਤੇ ਬਹੁਤਾ ਪੈਸਾ ਵੀ ਖਰਚ ਨਹੀਂ ਹੋਵੇਗਾ। ਲੰਗਰ ਬਨਾਉਣ ਵਾਲੇ ਲਾਂਗਰੀ ਟਰੇਂਡ ਹੋਣ ਅਤੇ ਲੰਗਰ ਵਿੱਚ ਕੁਰਸੀਆਂ ਮੇਜਾਂ ਅਤੇ ਤਪੜਾਂ ਦਾ ਭਰਮ ਨਹੀਂ ਕਰਨਾਂ ਚਾਹੀਦਾ। ਲੰਗਰ ਦੀ ਅਰਦਾਸਿ ਸੰਗਤੀ ਹੋਣੀ ਚਾਹੀਦੀ ਹੈ ਨਾਂ ਕਿ ਕਿਸੇ ਵਿਸ਼ੇਸ਼ ਵਿਅਕਤੀ ਜਾਂ ਪਰਵਾਰ ਵੱਲੋਂ ਕਿਉਂਕਿ ਸਭ ਪ੍ਰਵਾਰਾਂ ਦੀਆਂ ਰਸਤਾਂ ਲੰਗਰ ਵਿੱਚ ਆ ਕੇ, ਗੁਰੂ ਕਾ ਲੰਗਰ ਹਨ।
ਪਾਠਾਂ ਦੀਆਂ ਲੜੀਆਂ - ਅੱਜ ਧਰਮ ਦੇ ਠੇਕੇਦਾਰ ਆਗੂਆਂ ਤੇ ਪੁਜਾਰੀਆਂ  ਨੇ ਧਰਮ ਨੂੰ ਧੰਦਾ ਬਣਾ ਕੇ, ਜਨਤਾ-ਲੋਟੂ ਸੇਲ ਲਗਾਈ ਹੋਈ ਹੈ। ਦੇਖੋ! ਅੱਜ ਭੇਖੀ ਸਾਧਾਂ ਤੇ ਪੁਜਾਰੀਆਂ ਨੇ ਸਿੱਖਾਂ ਨੂੰ ਗੁਰਬਾਣੀ ਪਾਠ ਸਿੱਖਣ ਸਮਝਣ ਅਤੇ ਜੀਵਨ ਵਿੱਚ ਧਾਰਨ ਕਰਨ ਦੀ ਬਜਾਏ ਗਿਣਤੀ ਦੇ ਪਾਠ ਕਰਾ-ਕਰਾ ਕੇ ਵੱਡੀਆਂ-ਵੱਡੀਆਂ ਭੇਟਾ ਦੇਣ ਵਾਲੇ ਕਸੂਤੇ ਆਹਰੇ ਲਾ ਦਿੱਤਾ ਹੈ। ਅਜਿਹੇ ਮਹਿੰਗੇ-ਮਹਿੰਗੇ ਚੁੱਪ-ਗੜੁੱਪ ਅਤੇ ਫਟਾ-ਫਟ, ਅਖੰਡ, ਸੰਪਟ ਆਦਿਕ ਪਾਠਾਂ ਦਾ ਪ੍ਰਬੰਧਕਾਂ ਅਤੇ ਪੁਜਾਰੀਆਂ ਨੂੰ ਫਾਇਦਾ ਅਤੇ ਸੰਗਤਾਂ ਦਾ ਭਾਰੀ ਨੁਕਸਾਨ ਹੈ।
ਪ੍ਰਭਾਤ ਫੇਰੀਆਂ - ਪੁਰਾਤਨ ਸਮੇ ਗੁਰੂ-ਜਸ ਕਰਦੇ ਸੰਗਤ ਨਗਰ ਵਿੱਚ, ਨਗਰ ਕੀਰਤਨ ਕਰਦੀ ਸੀ ਜਿਸ ਵਿੱਚ ਗੁਰੂ ਦਾ ਸੰਦੇਸ਼ ਘਰ-ਘਰ ਪਹੁੰਚਾਂਦੇ ਹੋਏ, ਕੋਈ ਫਾਲਤੂ ਖਰਚਾ ਨਹੀਂ ਸੀ ਕੀਤਾ ਜਾਂਦਾ। ਹੁਣ ਤਾਂ ਪ੍ਰਭਾਤ ਫੇਰੀਆਂ ਵੀ ਬੁੱਕ ਕਰਾਉਣੀਆਂ ਪੈਂਦੀਆਂ ਹਨ ਜਿਨ੍ਹਾਂ ਵਿੱਚ ਵੰਨ-ਸੁਵੰਨੀਆਂ ਮਠਿਆਈਆਂ ਅਤੇ ਚਾਹ ਠੰਡਿਆਂ ਦਾ ਪ੍ਰਬੰਧ ਕਰਨ ਵਿੱਚ ਹੀ ਪ੍ਰਵਾਰ ਅਤੇ ਸੰਗਤ ਦਾ ਸਮਾਂ ਵਿਅਰਥ ਨਿਕਲ ਜਾਂਦਾ ਹੈ। ਅਰਦਾਸੀਏ ਭਾਈ ਨੂੰ ਅਰਦਾਸ ਭੇਟ ਵੀ ਦੇਣੀ ਪੈਂਦੀ ਹੈ। ਸੁਭਾ- ਸੁਭਾ ਬੱਚੇ ਤੇ ਜਵਾਨ ਵੀ ਸੁੱਤੇ ਹੁੰਦੇ ਹਨ। ਬਹੁਤਾ ਕੀਰਤਨ ਕੰਧਾਂ ਨੂੰ ਹੀ ਸੁਣਾਇਆ ਜਾਂਦਾ ਹੈ। ਅਗਰ ਪ੍ਰਭਾਤ ਫੇਰੀਆਂ ਸਿੱਖਾਂ ਵਿੱਚ ਪ੍ਰਚਲਤ ਹੁੰਦੀਆਂ ਤਾਂ ਇਨ੍ਹਾਂ ਦਾ ਜਿਕਰ ਸਿੱਖ ਰਹਿਤ ਮਰਯਾਦਾ ਅਤੇ ਮਹਾਂਨ ਕੋਸ਼ ਵਿੱਚ ਜਰੂਰ ਆਉਂਦਾ।
ਕੀਰਤਨ ਦਰਬਾਰ - ਕੀਰਤਨ ਮਨ ਜੋੜਨ ਲਈ ਰੱਬੀ ਭਗਤੀ ਹੈ ਜੋ ਸੰਗਤਾਂ ਰਲ ਮਿਲ ਕੇ ਕਰਦੀਆਂ ਸਨ। ਕੀਰਤਨ ਤੋਂ ਬਾਅਦ ਕਥਾ ਵਿਚਾਰ ਅਤੇ ਵਿਚਾਰ-ਗੋਸ਼ਟੀ ਹੁੰਦੀ ਸੀ। ਹੁਣ ਕੀਰਤਨ ਦਰਬਾਰਾਂ ਦੇ ਨਾਂ ਤੇ ਮਹਿੰਗੇ-ਮਹਿੰਗੇ ਲਾਲਚੀ ਰਾਗੀ ਬੁਲਾ ਕੇ, ਸੰਗਤਾਂ ਨੂੰ ਲੁੱਟਿਆ ਅਤੇ ਵਡਮੁੱਲਾ ਸਮਾਂ ਬਰਬਾਦ ਕੀਤਾ ਜਾਂਦਾ ਹੈ। ਰਾਗੀ ਸੰਗਤਾਂ ਦੇ ਸ਼ੰਕੇ ਦੂਰ ਨਹੀਂ ਕਰਦੇ ਅਤੇ ਮਾਇਆ ਵਲੇਟ ਕੇ ਚਲਦੇ ਬਣਦੇ ਹਨ। ਸੋ ਐਸੇ ਕੀਰਤਨ ਦਰਬਾਰ ਹਉਮੇ ਨੂੰ ਪੱਠੇ ਪਾਉਣ ਅਤੇ ਮਾਇਆ ਕਮਾਉਣ ਲਈ, ਪ੍ਰਬੰਧਕਾਂ ਅਤੇ ਪੁਜਾਰੀ ਰਾਗੀਆਂ ਦਾ ਵਸੀਲਾ ਬਣ ਗਏ ਹਨ।
ਨਗਰ ਕੀਰਤਨ - ਮਹਾਨ ਕੋਸ਼ ਅਨੁਸਾਰ, ਨਗਰ ਕੀਰਤਨ ਜੋ ਘੁੰਮ ਫਿਰ ਕੇ ਕੀਤਾ ਜਾਵੇ। ਪੁਰਾਤਨ ਸਮੇਂ ਨਗਰ ਕੀਰਤਨ ਇਲਾਕਾਵਾਦ ਤੇ ਪਾਰਟੀਬਾਜੀ ਦੇ ਪ੍ਰਭਾਵ ਤੋਂ ਮੁਕਤ, ਸਾਦੇ, ਘੱਟ ਖਰਚੇ ਵਾਲੇ ਅਤੇ ਕੇਂਦਰੀ ਅਸਥਾਨਾਂ ਤੇ ਹੁੰਦੇ ਸਨ। ਨਗਰਾਂ ਵਿੱਚ ਪੜਾਵਾਰ ਧਰਮ ਪ੍ਰਚਾਰ ਕੀਤਾ ਜਾਂਦਾ ਸੀ। ਲੋਕ ਨਗਰ ਕੀਰਤਨਾਂ ਚੋਂ ਗੁਰ ਉਪਦੇਸ਼ ਲੈ ਕੇ ਆਉਂਦੇ ਸਨ। ਅਨਮੱਤੀ ਲੋਕ ਵੀ ਸਿੱਖੀ ਤੋਂ ਪ੍ਰਭਾਵਤ ਹੋ ਕੇ ਗੁਰ-ਉਪਦੇਸ਼ ਧਾਰਨ ਕਰਦੇ ਸਨ ਪਰ ਅਜੋਕੇ ਬਹੁਤੇ ਨਗਰ ਕੀਰਤਨ ਇਲਾਕਾਵਾਦ ਤੇ ਪਾਰਟੀਬਾਜੀ ਦੇ ਅਧੀਨ ਹੋ ਰਹੇ ਹਨ ਅਤੇ ਕਰੋੜਾਂ ਰੁਪਈਆ ਨਗਰ ਕੀਰਤਨਾਂ ਦੀ ਸਜਾਵਟ, ਭਾਂਤ ਸੁਭਾਤੇ ਤੇ ਵੰਨ-ਸੁਵੰਨੇ ਲੰਗਰਾਂ, ਮਹਿੰਗੇ-ਮਹਿੰਗੇ ਸਾਧਾਂ ਸੰਤਾਂ, ਰਾਗੀਆਂ, ਢਾਡੀਆਂ, ਕਲਾਕਾਰਾਂ ਅਤੇ ਸਿਰੋਪਿਆਂ ਤੇ ਖਰਚ ਕਰ ਦਿੱਤਾ ਜਾਂਦਾ ਹੈ। ਅਖੌਤੀ ਸਾਧ ਸੰਤ, ਪੁਜਾਰੀ ਅਤੇ ਬਹੁਤੇ ਰਾਗੀ ਢਾਡੀ ਮਿਥਿਹਾਸਕ ਗ੍ਰੰਥਾਂ ਦੇ ਹਵਾਲੇ ਦਿੰਦੇ ਅਤੇ ਕਥਾ ਕਹਾਣੀਆਂ ਸੁਣਾ ਕੇ ਸੰਗਤਾਂ ਨੂੰ ਵਹਿਮਾਂ ਅਤੇ ਕਰਮਕਾਂਡਾਂ ਵਿੱਚ ਪਾ, ਪੈਸੇ ਬਟੋਰ ਕੇ ਤੁਰ ਜਾਂਦੇ ਹਨ। ਇਸ ਲਈ ਅਜੋਕੇ ਬਹੁਤੇ ਸਿੱਖ ਕਰਮਕਾਂਡੀ, ਵਹਿਮੀ-ਭਰਮੀ ਅਤੇ ਡੇਰਿਆਂ ਦੇ ਪੁਜਾਰੀ ਹਨ।
ਸਾਧ, ਰਾਗੀ, ਢਾਡੀ, ਪ੍ਰਬੰਧਕ ਅਤੇ ਪ੍ਰਚਾਰਕ - ਇਨ੍ਹਾਂ ਚੋਂ ਬਹੁਤੇ ਭੇਖੀ ਅਤੇ ਇਨ੍ਹਾਂ ਨੇ ਧਰਮ ਨੂੰ ਧੰਦਾ ਬਣਾ ਲਿਆ ਹੈ। ਇਹ ਬਹੁਤੇ ਰਲ ਮਿਲ ਕੇ ਧਰਮ ਦੀ ਆੜ ਹੇਠ ਆਪਣੀ ਦੁਕਾਨਦਾਰੀ ਚਲਾ ਰਹੇ ਹਨ। ਇਨ੍ਹਾਂ ਚੋਂ, ਨਿਮਰਤਾ, ਹਲੀਮੀ, ਮਿਠਾਸ, ਸੱਚ, ਸੇਵਾ, ਵੰਡ ਛੱਕਣਾ ਅਤੇ ਪਰਉਪਕਾਰ ਆਦਿਕ ਦੈਵੀ ਗੁਣ ਖੰਭ ਲਾ ਕੇ ਉੱਡ ਗਏ ਹਨ। ਇਹ ਲੋਕ ਧੜੇ ਦੀ ਖਾਤਰ ਧਰਮ ਅਸਥਾਨਾਂ ਵਿੱਚ ਲੜਾਈ ਝਗੜੇ ਵੀ ਕਰਦੇ ਕਰਵਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦੀ ਥਾਂ ਮਿਥਿਹਾਸਕ ਗ੍ਰੰਥਾਂ ਤੇ ਕਥਾ ਕਹਾਣੀਆਂ ਦਾ ਪ੍ਰਚਾਰ ਕਰਨ ਵਾਲੇ ਡੇਰੇਦਾਰ ਜਾਂ ਰਵਾਇਤੀ ਪ੍ਰਚਾਰਕਾਂ ਨੂੰ ਹੀ ਸਟੇਜ ਤੇ ਸਮਾਂ ਦਿੰਦੇ ਹਨ। ਇਸ ਕਰਕੇ ਨੌਜਵਾਨ ਗੁਰਦੁਆਰੇ ਜਾਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਇਸ “ਵਰਗ” ਦਾ ਵੀ ਕੌਮ ਨੂੰ ਘਾਟਾ ਹੀ ਘਾਟਾ ਹੈ। ਲੋੜ ਸੰਗਤੀ ਪ੍ਰਬੰਧ ਦੀ ਹੈ ਜਾਂ ਇਹ ਸਭ ਸੱਚੀ ਸੁੱਚੀ ਕਿਰਤ ਵਾਲੇ, ਵੰਡ ਛੱਕਣੇ, ਪਰਉਪਕਾਰੀ ਅਤੇ ਗੁਰਮਤਿ ਦੇ ਧਾਰਨੀ ਹੋਣੇ ਚਾਹੀਦੇ ਹਨ।
ਸੋ ਉਪ੍ਰੋਕਤ ਵਿਚਾਰਾਂ ਤੋਂ ਪਤਾ ਚਲਦਾ ਹੈ ਕਿ ਅੱਜ ਬਹੁਤੇ ਮੇਲੇ, ਤੀਰਥ, ਪ੍ਰਭਾਤ ਫੇਰੀਆਂ, ਪਾਠਾਂ ਦੀਆਂ ਲੜੀਆਂ,  ਵੰਨ-ਸੁੰਵੰਨੇ ਲੰਗਰਾਂ, ਕੀਰਤਨ ਦਰਬਾਰਾਂ, ਨਗਰ ਕੀਰਤਨਾਂ, ਸਾਧਾਂ-ਸੰਤਾਂ, ਰਾਗੀਆਂ, ਢਾਡੀਆਂ, ਪ੍ਰਬੰਧਕਾਂ ਅਤੇ ਧੰਦੇ ਵਾਲੇ ਪ੍ਰਚਾਰਕਾਂ ਦਾ ਸਿੱਖ ਕੌਮ ਨੂੰ ਕੋਈ ਬਹੁਤਾ ਲਾਭ ਨਹੀਂ ਹੋ ਰਿਹਾ ਸਗੋਂ ਕੌਮ ਦਾ ਕੀਮਤੀ ਸਮਾਂ, ਪੈਸਾ ਅਤੇ ਧਰਮ ਬਰਬਾਦ ਹੋ ਰਿਹਾ ਹੈ। ਅੱਜ 21ਵੀਂ ਸਦੀ ਗੁਜਰ ਰਹੀ ਹੈ। ਵਿਗਿਆਨ ਨੇ ਅੰਧਵਿਸ਼ਵਾਸ਼ੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਚੰਦ, ਸੂਰਜ, ਤਾਰੇ, ਰਾਹੂ ਕੇਤੂ ਸ਼ਨਿਛਰ ਅਦਿਕ ਜਿਨ੍ਹਾਂ ਨੂੰ ਪੁਜਾਰੀ ਸਾਧ-ਸੰਤ ਅਤੇ ਬ੍ਰਾਹਮਣ ਦੇਵੀ ਦੇਵਤੇ ਥਾਪ ਕੇ ਲੋਕਾਂ ਤੋਂ ਇਨ੍ਹਾਂ ਦੀ ਪੂਜਾ ਅਤੇ ਕਰੋਪੀ ਤੋਂ ਬਚਣ ਲਈ. ਜਾਦੂ ਟੂਣੇ, ਵੱਡੇ-ਵੱਡੇ ਹਵਨ ਆਦਿਕ ਕਰਮਕਾਂਡ ਕਰਵਾ ਅਤੇ ਡਰਾ ਕੇ ਲੋਕਾਂ ਨੂੰ ਲੁੱਟਦੇ ਸਨ। ਅੱਜ ਵਿਗਿਆਨ ਨੇ ਦਰਸਾ ਦਿੱਤਾ ਹੈ ਕਿ ਇਹ ਸਭ ਧਰਤੀਆਂ ਅਤੇ ਗ੍ਰਿਹ ਹਨ। ਹੁਣ ਮਨੁੱਖ ਚੰਦ ਅਤੇ ਮੰਗਲ ਆਦਿਕ ਧਰਤੀਆਂ ਤੇ ਪਹੁੰਚ ਚੁੱਕਾ ਹੈ। ਮੀਡੀਆ ਇਤਨਾ ਬਲਵਾਨ ਹੋ ਗਿਆ ਹੈ ਕਿ ਮਿੰਟਾਂ ਸਕਿੰਟਾਂ ਵਿੱਚ ਦੁਨੀਆਂ ਦੇ ਕੋਨੇ-ਕੋਨੇ ਦੀ ਖਬਰ ਦਾ ਪਤਾ ਚੱਲ ਜਾਂਦਾ ਹੈ। ਅਖਬਾਰਾਂ, ਰਸਾਲੇ, ਰੇਡੀਓ, ਫਿਲਮਾਂ, ਟੀ. ਵੀ. ਕੰਪਿਊਟਰ, ਵੈਬਸਾਈਟਾਂ ਅਤੇ ਇੰਟ੍ਰਨੈੱਟ ਰਾਹੀਂ ਦੁਨੀਆਂ ਭਰ ਦੀਆਂ ਖਬਰਾਂ, ਵਾਪਾਰ ਅਤੇ ਪ੍ਰਚਾਰ ਹੋ ਰਿਹਾ ਹੈ।
ਸਾਨੂੰ ਵੀ ਕਿਰਤੀ ਸਿੱਖ ਸੰਗਤਾਂ ਦਾ ਮਿਹਨਤ ਨਾਲ ਕਮਾਇਆ ਪੈਸਾ ਧਰਮ ਦੇ ਨਾਂ ਤੇ ਚਲਾਏ ਜਾ ਰਹੇ ਅਡੰਬਰਾਂ, ਵੇਖਾਵਿਆਂ ਅਤੇ ਪਾਖੰਡਾਂ ਤੇ ਬਰਬਾਦ ਨਹੀਂ ਕਰਨਾਂ ਚਾਹੀਦਾ ਸਗੋਂ ਗੋਲਕ ਅਤੇ ਦਸਵੰਧ ਦੇ ਪੈਸੇ ਨਾਲ, ਵੱਧ ਤੋਂ ਵੱਧ ਬੋਲੀਆਂ ਵਿੱਚ ਗੁਰਬਾਣੀ ਅਤੇ ਇਤਿਹਾਸ ਆਦਿਕ ਦੀ ਸਹੀ ਵਿਆਖਿਆ ਵਾਲਾ ਲਿਟ੍ਰੇਚਰ (ਸਹਿਤ) ਛਾਪਣਾਂ ਅਤੇ ਵੰਡਣਾ ਚਾਹੀਦਾ ਹੈ। ਸਿਖਿਆ ਲਈ ਚੰਗੇ-ਚੰਗੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਆਦਿਕ ਵਿਦਿਆ ਅਦਾਰੇ, ਲੋੜਵੰਦਾਂ ਨੂੰ ਕੰਮ ਦੇਣ ਲਈ ਕਾਰਖਾਨੇ, ਫੈਕਟਰੀਆਂ ਅਤੇ ਧਰਮ ਪ੍ਰਚਾਰ ਲਈ ਧਰਮ ਸਕੂਲ ਖੋਲ੍ਹਣੇ ਚਾਹੀਦੇ ਹਨ। ਧਰਮ ਅਸਥਾਨਾਂ ਦੀਆਂ ਬੇਲੋੜੀਆਂ ਵੱਡੀਆਂ-ਵੱਡੀਆਂ ਸੰਗਮਰੀ ਬਿਲਡਿੰਗਾਂ ਤੇ ਸੋਨੇ ਦੇ ਕਲਸ ਅਤੇ ਪਾਲਕੀਆਂ ਦੀ ਥਾਂ ਸਾਦੇ ਧਰਮ ਪ੍ਰਚਾਰ ਕੇਂਦਰ ਹੀ ਖੋਲ੍ਹਣੇ ਚਾਹੀਦੇ ਹਨ। ਇੱਕ ਅਕਾਲ ਪੁਰਖ, ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਨ ਤੇ ਹੀ ਵਿਸ਼ਵਾਸ਼ ਕਰਨਾਂ ਚਾਹੀਦਾ ਹੈ, ਤਾਂ ਕਿ ਸਿੱਖ ਕੌਮ ਵਧੀਆ ਗੁਣਾਂ ਵਾਲੀ ਕੌਮ ਬਣ ਕੇ ਸੰਸਾਰ ਵਿੱਚ ਗੁਰਬਾਣੀ ਗਿਆਨ ਦੀ ਖੁਸ਼ਬੋ ਬਿਖੇਰ ਸੱਕੇ। ਇਸ ਵਿੱਚ ਹੀ ਕੌਮੀ ਭਲਾ ਅਤੇ ਲਾਭ ਹੈ ਵਰਨਾ ਵਿਖਾਵੇ ਵਾਲੇ ਸਭ ਪ੍ਰਬੰਧ ਤੇ ਕਰਮਕਾਂਡ ਕੌਮੀ ਨੁਕਸਾਨ ਅਤੇ ਘਾਟੇ ਵਾਲੇ ਹੀ ਹਨ।

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top