Share on Facebook

Main News Page

ਹੁਣ ਪ੍ਰਾਇਮਰੀ ਸਕੂਲ ’ਚ ਲੱਗੀਆਂ ਲੱਚਰ ਪੁਸਤਕਾਂ…
- ਜਸਪਾਲ ਸਿੰਘ ਹੇਰਾਂ Editor: Daily Pehredar

ਅਸੀਂ ਪਹਿਲਾ ਵੀ ਲਿਖਿਆ ਹੈ ਕਿ ਪੰਜਾਬ ’ਚ ਅਫਸਰਸ਼ਾਹੀ ਬੇਲਗਾਮ ਹੈ, ਉਹ ਸੱਤਾਧਾਰੀ ਧਿਰ ਅੱਗੇ ਹੱਥ ਜੋੜ੍ਹੀ ਖੜ੍ਹੀ ਵਿਖਾਈ ਜ਼ਰੂਰ ਦਿੰਦੀ ਹੈ, ਪ੍ਰੰਤੂ ਕਰਦੀ ਆਪਣੀ ਮਨਮਰਜ਼ੀ ਹੈ, ਜਿਸ ਕਾਰਣ ਸਰਕਾਰ ਦੀ ਕਿਰਕਿਰੀ ਅਕਸਰ ਹੁੰਦੀ ਰਹਿਦੀ ਹੈ। ਮੁੱਢਲੀ ਸਿਖਿਆ ਜਿਹੜੀ ਪ੍ਰਾਇਮਰੀ ਸਕੂਲ ਰਾਂਹੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ, ਉਸਦਾ ਭੱਠਾ ਪਹਿਲਾ ਹੀ ਬਿਠਾਇਆ ਜਾ ਚੁੱਕਾ ਹੈ ਅਤੇ ਸਰਕਾਰੀ ਸਕੂਲ ਸਿਰਫ਼ ਗਰੀਬ ਬੱਚਿਆਂ ਦੇ ਸਕੂਲ ਬਣਕੇ ਰਹਿ ਗਏ ਹਨ। ਸਹੂਲਤਾਂ ਤੋਂ ਵਾਂਝੇ ਇਨ੍ਹਾਂ ਸਕੂਲਾਂ ’ਚ ਬੱਚਿਆ ਲਈ ਪੜ੍ਹਾਈ ਨਹੀਂ ਦੀ ਧਾਰਣਾ ਆਮ ਪੰਜਾਬੀਆਂ ਦੇ ਮਨ ’ਚ ਪੱਕੀ ਬੈਠ ਚੁੱਕੀ ਹੈ। ਇਥੋਂ ਤੱਕ ਕਿ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਵਾਲੇ ਅਧਿਆਪਕ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ’ਚ ਨਹੀਂ ਸਗੋਂ ਪ੍ਰਾਈਵੇਟ ਸਕੂਲਾਂ ’ਚ ਪੜ੍ਹਾਉਂਦੇ ਹਨ।

ਸਰਕਾਰ ਵੱਲੋਂ ਸਿਖਿਆ ਤੇ ਸਿਹਤ ਸਹੂਲਤ, ਜਿਹੜੀਆਂ ਹੁਣ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ, ਇਨ੍ਹਾਂ ਮੁੱਢਲੀਆਂ ਸਹੂਲਤਾਂ ਦੇ ਸੁਧਾਰ ਵੱਲ ਧਿਆਨ ਦੇਣ ਦੀ ਥਾਂ, ਇਨ੍ਹਾਂ ਦਾ ਭੱਠਾ ਪੂਰੀ ਤਰ੍ਹਾਂ ਬਿਠਾਉਣ ਲਈ ਜ਼ੋਰ ਲਾਇਆ ਹੋਇਆ ਹੈ। ਭ੍ਰਿਸ਼ਟਤੰਤਰ ਕਾਰਣ ਸਿੱਖਿਆ ਤੇ ਸਿਹਤ ਸਹੂਲਤਾਂ ਲਈ ਆਉਂਦਾ, ਸਰਕਾਰੀ ਪੈਸਾ, ਉਪਰ ਤੋਂ ਲੈ ਕੇ ਥੱਲੇ ਤੱਕ ਵੰਡਿਆ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਂ ਥੱਲੇ ਆਉਂਦੀਆਂ ਗਰਾਂਟਾਂ ਵੀ ਰਾਹ ’ਚ ਛੱਕ ਲਈਆਂ ਜਾਂਦੀਆਂ ਹਨ ਜਾਂ ਫਿਰ ਮੋਟੀ ਕਮਿਸ਼ਨ ਲਈ ਸਰਕਾਰੀ ਪੈਸਾ ਅੰਨ੍ਹੇ ਖੂਹ ’ਚ ਰੋੜ੍ਹ ਦਿੱਤਾ ਜਾਂਦਾ ਹੈ। ਪੰਜਾਬ ਦੇ ਪ੍ਰਾਇਮਰੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ, ਕਿਤਾਬ ਕਿੱਟਾ ’ਚ ਜਿਹੜੀ ਪੰਜਾਬੀ ਪੁਸਤਕ ਬੱਚਿਆਂ ਨੂੰ ਦਿੱਤੀ ਗਈ ਹੈ, ਉਹ ਪੁਸਤਕ ਗਿਆਨ ਦੀ ਥਾਂ ਲੱਚਰਤਾ ਦਾ ਨੱਕੋ-ਨੱਕ ਭਰਿਆ ਭੰਡਾਰਾ ਹੈ। ਜੇ ਅਸੀਂ ਨਿੱਕੇ-ਨਿੱਕੇ ਮਾਸੂਮ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਬਾਲਾ ਪ੍ਰੀਤਮ ਗੁਰੂ ਹਰ ਕ੍ਰਿਸ਼ਨ ਸਾਹਿਬ ਵੱਲੋਂ ਨਿੱਕੀ ਉਮਰੇ ਕੀਤੀ ਮਾਨਵਤਾ ਦੀ ਸੇਵਾ ਦਾ ਪਾਠ ਪੜ੍ਹਾਉਣ ਦੀ ਥਾਂ ਲੱਚਰਤਾ ਦਾ ਪਾਠ ਪੜ੍ਹਾਉਣਾ ਹੈ, ਨਿੱਕੇ-ਨਿੱਕੇ ਬੱਚਿਆਂ ਨੂੰ ਕੁੜੀਆਂ ਲਈ ‘ਹਊਕੇ’ ਭਰਨ ਦੀ ਸਿਖਿਆ ਦੇਣੀ ਹੈ, ਕੁੜੀਆਂ ਨੂੰ ਛੇੜਨ ਲਈ ਉਕਸਾਉਣਾ ਹੈ ਅਤੇ ਨਿੱਕੀ ਉਮਰੇ ਹੀ ਉਨ੍ਹਾਂ ਦੇ ਮਨ ’ਚ ਔਰਤ ਨੂੰ ਭੋਗ ਦੀ ਵਸਤੂ ਦਾ ਅਕਸ ਬਿਠਾਉਣਾ ਹੈ ਤਾਂ ਸਾਡਾ ਆਉਣ ਵਾਲਾ ਭਵਿੱਖ ਤੇ ਪੰਜਾਬ ਦਾ ਮਾਹੌਲ ਕੀ ਹੋਵੇਗਾ? ਇਸਦਾ ਅੰਦਾਜ਼ਾ ਵੀ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਬਾਲ ਮਨ ਕੋਮਲ ਹੁੰਦਾ ਹੈ, ਇਸ ਕੋਰੀ ਸਲੇਟ ਤੇ ਜੋ ਉਕਰਿਆ ਗਿਆ, ਉਸਨੂੰ ਫਿਰ ਮੇਟਣਾ ਸੰਭਵ ਨਹੀਂ ਹੋਵੇਗਾ। ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਅਸੀਂ ਸਿਹਤ ਸਿੱਖਿਆ ਦਿੰਦੇ ਖੇਡਣ-ਮੱਲ੍ਹਣ ਦੀ ਥਾਂ ਜੇ ‘ਬਾਂਝਪਣ ਤੇ ਮਾਹਵਰੀ’ ਆਦਿ ਦੀ ਜਾਣਕਾਰੀ ਦੇਣ ਲੱਗ ਪਏ ਤਾਂ ਬਚਪਨ ਕਿਵੇਂ ਮਾਸੂਮ ਰਹਿ ਜਾਵੇਗਾ? ਹਰ ਗਿਆਨ ਲਈ ਉਮਰ ਦੇ ਵੱਖ-ਵੱਖ ਪੜ੍ਹਾਅ ਹੁੰਦੇ ਹਨ। ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਮੁੱਢਲੀ ਸਿਖਿਆ ਦੇ ਰੂਪ ’ਚ ਜਿਥੇ ਸਿਖਿਆ ਦੀ ਬੁਨਿਆਦ ਰੱਖਣੀ ਹੁੰਦੀ ਹੈ, ਉਥੇ ਉਸ ਬੱਚੇ ਨੂੰ ਚੰਗਾ ਇਨਸਾਨ ਬਣਾਉਣ ਲਈ ਨੈਤਿਕ ਗੁਣਾਂ ਦੇ ਬੀਜ ਬੀਜਣੇ ਹੁੰਦੇ ਹਨ। ਪ੍ਰੰਤੂ ਸਾਡੀ ਪੰਜਾਬ ਸਰਕਾਰ, ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਲੱਚਰਤਾ ਭਰਪੂਰ ਗੀਤਾਂ ਵਾਲੀਆਂ ਕਿਤਾਬਾਂ ਦਾ ਪਾਠ ਕਰਵਾਉਣ ਤੁਰ ਪਈ ਹੈ।

ਇਸਨੂੰ ਗ਼ਲਤੀ ਨਹੀਂ ਸਗੋਂ ਗੁਨਾਹ ਮੰਨਿਆ ਜਾਣਾ ਚਾਹੀਦਾ ਹੈ। ਜਿਹੜੇ ਅਫ਼ਸਰਾਂ ਨੇ ਸਿਰਫ਼ ਕਮਿਸ਼ਨ ਦੇ ਲਾਲਚ ’ਚ ਅਜਿਹੀਆਂ ਕਿਤਾਬਾਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਪਰੋਸੀਆਂ ਹਨ, ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਆਏ ਦਿਨ ਪ੍ਰਾਇਮਰੀ ਸਿੱਖਿਆ ਨਾਲ ਤਜਰਬੇ ਵੀ ਬੰਦ ਕੀਤੇ ਜਾਣੇ ਚਾਹੀਦੇ ਹਨ। ਜਦੋਂ ਤੱਕ ਸਕੂਲੀ ਕਿਤਾਬਾਂ ਦੀ ਖਰੀਦੋ-ਫਰੋਖ਼ਤ ’ਚੋਂ ਕਮਿਸ਼ਨ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਜਿਹੇ ‘ਗੁਨਾਹ’ ਹੁੰਦੇ ਰਹਿਣਗੇ। ਇਸ ਲਈ ਲੋੜ ਹੈ ਕਿ ਸਕੂਲੀ ਕਿਤਾਬਾਂ ਦੀ ਚੋਣ ਅਤੇ ਛਾਪਣ ’ਚ ਪੂਰੀ ਪਾਰਦਰਸ਼ਤਾ ਹੋਵੋ ਅਤੇ ਜੁੰਮੇਵਾਰ ਅਫ਼ਸਰ ਨੂੰ ਗਲਤੀ ਸਾਹਮਣੇ ਆਉਣ ਤੇ ਤੁਰੰਤ ਮਿਸ਼ਾਲੀ ਸਜ਼ਾ ਦਿੱਤੀ ਜਾਵੇ। ਆਖ਼ਰ ਕਿਹੜੇ ਘਰ ਵਾਲੇ ਆਪਣੇ ਬੱਚੇ ਨੂੰ, ‘‘ਪਰ ਉਹ ਹੱਥ ਨਾ ਆਉਂਦੀ ਹੈ ਜਾਂ ਕੱਚ ਦੇ ਗਿਲਾਸ ਵਾਂਗ ਸਾਲੀ ਰੱਖਣੀ’ ਵਰਗੇ ਲੱਚਰ ਗੀਤ ਘੋਟਾ ਲਾ ਕੇ ਯਾਦ ਕਰਨ ਲਈ ਪ੍ਰੇਰਨਗੇ? ਅਸੀਂ ਸਿਖਿਆ ਮੰਤਰੀ ਨੂੰ ਅਪੀਲ ਕਰਾਂਗੇ ਕਿ ਉਹ ਸਰਕਾਰੀ ਸਕੂਲਾਂ ਨੂੰ ‘ਕਿਤਾਬ ਕਿੱਟਾਂ’ ’ਚ ਭੇਜੀ ਗਈ ਇਸ ਪੰਜਾਬੀ ਕਿਤਾਬ ਨੂੰ ਤੁਰੰਤ ਵਾਪਸ ਕਰਵਾਉਣ ਅਤੇ ਇਸ ਮਾਮਲੇ ਦੀ ਡੂੰਘੀ ਘੋਖ-ਪੜਚੋਲ ਕਰਕੇ, ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਪੰਜਾਬ ਪਹਿਲਾ ਹੀ ਨਸ਼ੇ ਤੇ ਲੱਚਰਤਾ ਦੀ ਲਪੇਟ ’ਚ ਹੈ, ਇਸ ਲਈ ਇਸ ਪਾਸੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top