Share on Facebook

Main News Page

ਪੰਜਾਬ ਘੁੰਮਣ ਗਿਆ ਪਰਿਵਾਰ ਬੇਟੀ ਦੀ ਅਰਥੀ ਲੈ ਕੇ ਪਰਤਿਆ

* ਬੱਚੀ ਗੁਰਕਿਰਨ ਦੀ ਮੌਤ ਸਾਡੇ ਸਾਰਿਆਂ ਲਈ ਵੱਡੇ ਖਤਰੇ ਦਾ ਸੰਕੇਤ ਹੈ

ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ: ਇਹਨੀ ਦਿਨੀ ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ਵਿਚ ਅੱਠ ਸਾਲਾ ਬੱਚੀ ਗੁਰਕਿਰਨ ਕੌਰ ਦੀ ਦਰਦਨਾਕ ਮੌਤ ਦੀ ਸਨਸਨੀ ਖੇਜ਼ ਖਬਰ ਨਾਲ ਸਾਰਾ ਹੀ ਬਰਤਾਨਵੀ ਭਾਈਚਾਰਾ ਸੋਗ ਵਿਚ ਡੁੱਬਿਆ ਹੋਇਆ ਹੈ । ਇਹ ਪਰਿਵਾਰ ਪੰਜਾਬ ਛੁੱਟੀਆਂ ਕੱਟਣ ਗਿਆ ਸੀ । ਬੱਚੀ ਦੇ ਬਿਮਾਰ ਹੋਣ ਤੇ ਖੰਨਾਂ ਦੇ ਇੱਕ ਛੋਟੇ ਜਹੇ ਹਸਪਤਾਲ ਵਿਚ ਇਸ ਨੂੰ ਭਰਤੀ ਕਰਵਾਇਆ ਗਿਆ ਸੀ । ਬੱਚੀ ਦੀ ਮਾਤਾ ਅੰਮ੍ਰਿਤ ਕੌਰ ਦੇ ਦੱਸਣ ਮੁਤਾਬਿਕ ਸਟਾਫ ਵਲੋਂ ਭੇਦਭਰੀ ਹਾਲਤ ਵਿਚ ਟੀਕਾ ਲਾਉਂਦਿਆਂ ਹੀ ਗੁਰਲੀਨ ਦੀਆਂ ਅੱਖਾਂ ਉਪਰ ਚੜ੍ਹ ਗਈਆਂ ਅਤੇ ਉਸ ਦਾ ਚਿਹਰਾ ਪੀਲਾ ਭੂਕ ਹੋ ਗਿਆ । ਪਰਿਵਾਰ ਨੂੰ ਸ਼ੱਕ ਹੈ ਕਿ ਸਿਹਤ ਕਰਮੀਆਂ ਵਲੋਂ ਇਸ ਬੱਚੀ ਦੇ ਸ਼ਰੀਰਕ ਅੰਗ ਕੱਢਣ ਦੀ ਅਸਫਲ ਕੋਸ਼ਿਸ਼ ਕਾਰਨ ਹੀ ਇਹ ਭਾਣਾਂ ਵਾਪਰਿਆ ਹੈ ।

ਜਦੋਂ ਇਸ ਬੱਚੀ ਦੀ ਮਿਰਤਕ ਦੇਹ ਨੂੰ ਬਰਤਾਨੀਆਂ ਵਿਚ ਲਿਆਂਦਾ ਗਿਆ ਤਾਂ ਉਸ ਦੇ ਸ਼ਰੀਰ ਦੇ ਕਈ ਅੰਗ ਗਾਇਬ ਸਨ । ਬਰਮਿੰਘਮ 'ਚ ਉਥੋਂ ਦੇ ਕੌਾਸਲਰ ਨਰਿੰਦਰ ਕੂਨਰ ਤੇ ਲੇਡੀਵੂਡ ਦੇ ਐਮ ਪੀ ਸ਼ਬਾਨਾ ਮਹਿਮੂਦ ਵੀ ਪਰਿਵਾਰ ਦੀ ਇਸ ਮੁਹਿੰਮ 'ਚ ਸ਼ਾਮਿਲ ਹੋ ਗਏ ਹਨ, ਤਾਂਕਿ ਭਾਰਤੀ ਤੇ ਬਰਤਾਨੀਆ ਸਰਕਾਰ 'ਤੇ ਜਵਾਬ ਦੇਣ ਲਈ ਦਬਾਅ ਪਾਇਆ ਜਾ ਸਕੇ। ਸਿੱਖ ਕੌਂਸਲ ਯੂ ਕੇ ਨੇ ਵੀ ਇਸ ਸਬੰਧੀ ਦਿੱਲੀ ਵਿਚ ਬਰਤਾਨਵੀ ਹਾਈ ਕਮਿਸ਼ਨ, ਬਰਤਾਨਵੀ ਵਿਦੇਸ਼ ਵਿਭਾਗ ਅਤੇ ਕਾਮਨਵੈਲਥ ਆਫਿਸ ਨੂੰ ਬੇਨਤੀ ਕੀਤੀ ਹੈ ਕਿ ਉਹ ਨੌਨ ਰੈਜ਼ੀਡੈਂਟ ਇੰਡੀਅਨਜ਼ ਅਤੇ ਵਿਜ਼ਟਰਜ਼ ਨਾਲ ਬੰਧਤ ਅਜੇਹੇ ਮਸਲਿਆਂ ਸਬੰਧੀ ਦਖਲ ਦੇਣ ਤਾਂ ਕਿ ਭਾਰਤ ਵਿਚ ਜਾਣ ਵਾਲਿਆਂ ਦੀ ਸੁਰੱਖਅਿਤਾ ਨੂੰ ਯਕੀਨੀ ਬਣਾਇਆ ਜਾਵੇ । ਸਿੱਖ ਕੌਂਸਲ ਯੂ ਕੇ ਨੇ ਸਾਰੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਜੇਹੇ ਕੇਸਾਂ ਦੀ ਗੰਭੀਰਤਾ ਨੂੰ ਸਮਝਣ ਲਈ ਉਹ ਸਿੱਖ ਕੌਂਸਲ ਨਾਲ ਤਾਲ ਮੇਲ ਕਰਨ ਅਤੇ ਜੇਕਰ ਕਿਸੇ ਵੀ ਭੈਣ ਭਰਾ ਨਾਲ ਪੰਜਾਬ ਜਾਂ ਭਾਰਤ ਵਿਚ ਐਸਾ ਕੋਈ ਵਾਕਿਆ ਵਾਪਰਿਆ ਹੈ, ਜਾਂ ਕਿਸੇ ਨੂੰ ਅਜੇਹੇ ਕਿਸੇ ਕੇਸ ਬਾਰੇ ਜਾਣਕਾਰੀ ਹੈ ਤਾਂ ਉਹ ਜ਼ਰੂਰ ਸਿੱਖ ਕੌਂਸਲ ਨਾਲ ਰਾਬਤਾ ਕਰਨ।

ਇਸ ਅਭਾਗੀ ਬੱਚੀ ਦੇ ਸਬੰਧ ਵਿਚ ਕੀ ਭਾਣਾਂ ਵਰਤਿਆ ਹੈ ਇਸ ਸਬੰਧੀ ਬੇਸ਼ਕ ਅਸੀਂ ਬਹੁਤਾ ਕੁਝ ਯਕੀਨ ਨਾਲ ਨਹੀਂ ਕਹਿ ਸਕਦੇ ਪਰ ਇੱਕ ਗੱਲ ਨਿਸ਼ਚਿਤ ਹੈ ਕਿ ਪੰਜਾਬ ਜਾਂ ਭਾਰਤ ਵਿਚ ਡਾਕਟਰੀ ਕਿੱਤੇ ਨਾਲ ਜੁੜੇ ਹੋਏ ਲੱਖਾਂ ਐਸੇ ਸਿਹਤ ਕਰਮੀ ਹਨ ਜਿਹਨਾ ਦਾ ਪ੍ਰਮੁਖ ਨਿਸ਼ਾਨਾ ਪੈਸੇ ਕਮਾਉਣਾਂ ਹੈ ਨਾਂ ਕਿ ਮਨੁੱਖਤਾ ਦੀ ਸੇਵਾ ਕਰਨਾਂ ਜਦ ਕਿ ਡਾਕਟਰੀ ਦਾ ਕਿੱਤਾ ਮਨੁੱਖੀ ਸੇਵਾ ਅਤੇ ਸਮੱਰਪਣ ਦਾ ਕਿੱਤਾ ਅਖਵਾਉਂਦਾ ਹੈ । ਅਸੀਂ ਆਪਣੀ ਆਮ ਗੱਲਬਾਤ ਵਿਚ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਹਿੰਦੇ ਹਾਂ ਪਰ ਜੇਕਰ ਇਹੀ ਲੋਕ ਜੀਵਨ ਬਚਾਉਣ ਦੀ ਥਾਂ ਕੇਵਲ ਪੈਸੇ ਕਮਾਉਣ ਦੇ ਨਿਸ਼ਾਨੇ ਨੂੰ ਤਰਜੀਹ ਦੇਣਗੇ ਤਾਂ ਹੈਵਾਨੀ ਕਾਰੇ ਤਾਂ ਹੋਣਗੇ ਹੀ । ਪੰਜਾਬ ਵਿਚ ਤਾਂ ਵੈਸੇ ਵੀ ਥਾਂ ਪੁਰ ਥਾਂ ਸੜਕ ਛਾਪ ਡਾਕਟਰ ਬੈਠੇ ਹਨ ਜਿਹਨਾਂ ਕੋਲ ਸਰਕਾਰੀ ਤੌਰ ਤੇ ਮਨਜ਼ੂਰ ਸ਼ੁਦਾ ਸਰਟੀਫਿਕੇਟ ਅਤੇ ਲੋੜੀਂਦੇ ਹੱਕ ਨਹੀਂ ਹੁੰਦੇ ਅਤੇ ਥਾਂ ਪੁਰ ਥਾਂ ਦਵਾਈਆਂ ਦੀਆਂ ਦੁਕਾਨਾਂ ਤੇ ਬਨਾਉਟੀ ਦਵਾਈਆਂ ਅਤੇ ਨਸ਼ੇ ਵੇਚਣ ਦਾ ਦੋ ਨੰਬਰ ਦਾ ਧੰਦਾ ਹੋ ਰਿਹਾ ਹੈ । ਮਨੁੱਖੀ ਅੰਗ ਕੱਢਣ ਅਤੇ ਇਹਨਾ ਦੀ ਚੋਰ ਬਜ਼ਾਰੀ ਦੀਆਂ ਖਬਰਾਂ ਵੀ ਆਮ ਹੀ ਲੱਗਦੀਆਂ ਰਹਿੰਦੀਆਂ ਹਨ।

ਅਸੀਂ ਇੱਕ ਨਹੀਂ ਸਗੋਂ ਅਨੇਕਾਂ ਐਸੇ ਕੇਸ ਪੰਜਾਬ ਵਿਚ ਸੁਣੇ ਹਨ ਜਿਥੇ ਕਿ ਡਾਕਟਰ ਮੌਤ ਹੋ ਜਾਣ ਤੇ ਵੀ ਮਰੀਜ਼ਾਂ ਨੂੰ ਲਾਈਫ ਸੇਵਿੰਗ ਮਸ਼ੀਨਾਂ ਤੇ ਲਾਈ ਰੱਖਦੇ ਹਨ ਤਾਂ ਕਿ ਵੱਧ ਤੋਂ ਵੱਧ ਪੈਸੇ ਬਟੋਰੇ ਜਾ ਸਕਣ । ਬਾਹਰੋਂ ਗਿਆ ਅਗਰ ਕੋਈ ਮਰੀਜ਼ ਇਹਨਾਂ ਦੇ ਕਾਬੂ ਆ ਜਾਵੇ ਤਾਂ ਫਿਰ ਰੱਬ ਹੀ ਬਚਾ ਲਵੇ ਤਾਂ ਬਚਾ ਲਵੇ ਵਰਨਾਂ ਇਹ ਘੱਟ ਨਹੀਂ ਕਰਦੇ । ਅਸੀਂ ਇਹ ਨਹੀਂ ਕਹਿੰਦੇ ਕਿ ਇਹ ਹਾਲ ਸਾਰੇ ਹੀ ਸਿਹਤ ਕਰਮੀਆਂ ਦਾ ਹੈ ਪਰ ਬਹੁਤਾ ਤਬਕਾ ਲਾਲਚੀ ਅਤੇ ਨੀਮ ਹਕੀਮਾਂ ਦਾ ਹੀ ਹੈ ਇਸ ਲਈ ਬਹੁਤ ਸਾਵਧਾਨੀ ਦੀ ਲੋੜ ਹੈ । ਪੱਛਮੀ ਦੇਸ਼ਾਂ ਵਿਚ ਤਾਂ ਅਗਰ ਕਿਸੇ ਸਰਜਰੀ ਆਦਿ ਸਮੇਂ ਕਿਸੇ ਮਰੀਜ਼ ਨੂੰ ਬੇਹੋਸ਼ੀ ਦਾ ਟੀਕਾ ਵੀ ਲਾਉਣਾਂ ਹੋਵੇ ਤਾਂ ਉਸ ਲਈ ਖਾਸ ਡਾਕਟਰ ‘ਅਨੀਥਾਟਿਸਟ’ ਦੀ ਨਿਗਰਾਨੀ ਹੁੰਦੀ ਹੈ ਜਦ ਕਿ ਪੰਜਾਬ ਵਿਚ ਤਾਂ ਖੁਲਮ ਖੁਲ੍ਹੇ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ।

ਅਸੀਂ ਪੰਜਾਬੀ ਲੋਕ ਜੀਵਨ ਮੌਤ ਅਤੇ ਦੁੱਖ ਸੁੱਖ ਦੇ ਸਬੰਧੀ ਅਕਸਰ ਹੀ ਧਰਮ ਦੇ ਅਰਥਾਂ ਦਾ ਵੀ ਅਨਰਥ ਕਰਦੇ ਹਾਂ ਅਤੇ ਕਹਿੰਦੇ ਹਾਂ ਕਿ ਇਹ ਰੱਬੀ ਭਾਣਾਂ ਹੈ । ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਬੁਰਾਈ ਨਾਲ ਜੂਝਣਾਂ ਸਿਖਾਇਆ ਹੈ ਭਾਵੇਂ ਕਿ ਇਸ ਮਹਾਨ ਕਾਰਜ ਲਈ ਜਾਨ ਵੀ ਚਲੀ ਜਾਏ । ਬੁਰਾਈ ਨੂੰ ਕਬੂਲਣਾਂ ਵੀ ਓਨਾਂ ਹੀ ਵੱਡਾ ਪਾਪ ਜੈ ਜਿੰਨਾ ਵੱਡਾ ਪਾਪ ਬੁਰਾਈ ਕਰਨਾਂ ਹੈ ਇਸ ਕਾਰਨ ਸਾਨੂੰ ਆਪਣੀ ਜ਼ਿੰਮੇਵਾਰੀ ਅਤੇ ਫਰਜ਼ਾਂ ਤੋਂ ਭੱਜਣ ਲਈ ਗੁਰਬਾਣੀ ਦੇ ਅਰਥਾਂ ਦਾ ਅਨਰਥ ਨਹੀਂ ਕਰਨਾਂ ਚਾਹੀਦਾ ਹੈ ਸਗੋਂ ਚਾਹੀਦਾ ਇਹ ਹੈ ਕਿ ਅਸੀਂ ਜੀਵਨ ਦੇ ਹਰ ਪੱਖ ਤੇ ਤਤਪਰ ਹੋ ਕੇ ਨਿਸ਼ਕਾਮਤਾ ਨਾਲ ਫਰਜ਼ ਪੂਰੇ ਕਰੀਏ।

ਅਖੀਰ ਤੇ ਅਸੀਂ ਸਿੱਖ ਕੌਂਸਲ ਯੂ ਕੇ ਦੀ ਸਿਫਾਰਸ਼ ਤੇ ਇਸ ਬੱਚੀ ਗੁਰਲੀਨ ਦੇ ਕੇਸ ਦੀ ਨਿਰਪੱਖ ਇਨਕੁਆਰੀ ਦੀ ਮੰਗ ਕਰਾਂਗੇ ਅਤੇ ਭਾਈਚਾਰੇ ਨੂੰ ਅਪੀਲ ਕਰਾਂਗੇ ਕਿ ਅਗਰ ਆਪ ਜੀ ਨੂੰ ਐਸੇ ਕਿਸੇ ਵੀ ਕੇਸ ਬਾਬਤ ਪਤਾ ਹੋਵੇ ਜਿਥੇ ਕਿ ਪੰਜਾਬ ਜਾਂ ਭਾਰਤ ਵਿਚ ਕਿਸੇ ਬਿਮਾਰ ਵਿਅਕਤੀ ਦੇ ਜੀਵਨ ਨਾਲ ਖਿਲਵਾੜ ਕੀਤਾ ਗਿਆ ਹੋਵੇ ਤਾਂ ਸਾਡੇ ਧਿਆਨ ਗੋਚਰੇ ਲਿਆਉਣ ਦੀ ਕ੍ਰਿਪਾਲਤਾ ਕਰੋ ਜੀ ।

ਸੰਗਤਾਂ ਦਾ ਦਾਸ ਅਤੇ ਸਿੱਖ ਕੌਂਸਲ ਯੂ ਕੇ ਦੀ ਐਗਜ਼ੈਕਟਿਵ ਕਮੇਟੀ ਦਾ ਮੈਂਬਰ

- ਕੁਲਵੰਤ ਸਿੰਘ ਢੇਸੀ -0044-7854-136-413 or email kulwantsinghdhesi@hotmail.com

ਇਸ ਬੱਚੀ ਸਬੰਧੀ ਅਸੀਂ ਇਕ ਕਵਿਤਾ ਆਪ ਪਾਠਕਾਂ ਦੇ ਸਨਮੁਖ ਪੇਸ਼ ਕਰਾਂਗੇ ਤਾਂ ਕਿ ਸਥਿਤੀ ਹੋਰ ਵੀ ਸਪੱਸ਼ਟ ਹੋ ਜਾਵੇ।

ਟਹਿਕਦਾ ਫੁੱਲ ਗੁਲਾਬ ਦਾ ਜੋ ਅੱਖੀਆਂ ਦਾ ਤਾਰਾ ਜਹੀ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ

ਇਹ ਪਰਿਵਾਰ ਸੀ ਚਾਂਈਂ ਚਾਂਈਂ ਛੁੱਟੀਆਂ ਕੱਟਣ ਗਿਆ
ਪਰ ਬੱਚੀ ਦੀ ਅਰਥੀ ਲੈ ਕੇ ਵਾਪਸ ਪਰਤ ਪਿਆ
ਦਿਲ ਟੁੱਟੇ ਨਹੀਂ ਗਮ ਮੁੱਕੇ ਹੁਣ ਜੀਵਨ ਭਰ ਦੇ ਲਈ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ

ਅਕਸਰ ਪਾਣੀ ਬਦਲ ਪੰਜਾਬ `ਚ ਹੋ ਈ ਜਾਂਦੀ ਆ
ਸੱਚ ਜਾਣੋਂ ਕਈਆਂ ਨੂੰ ਏਹੋ ਪਾਰ ਬੁਲਾਂਦੀ ਆ
ਅੱਠ ਸਾਲ ਦੀ ਬੱਚੀ ਐਸੀ ਡਾਕਟਰਾਂ ਵਸ ਪਈ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ

ਸ਼ਰੀਰ ਦੇ ਅੰਗਾਂ ਦੀ ਓਥੇ ਬੜੀ ਚੋਰ ਬਜ਼ਾਰੀ ਹੈ
ਕਿੰਨੀ ਵਾਰੀ ਪਕੜੀ ਗਈ ਇਹ ਘੋਰ ਮੱਕਾਰੀ ਹੈ
ਅੱਖਾਂ ਛੱਡ ਇਸ ਬੱਚੀ ਦੀ ਦੇਹ ਖਾਲੀ ਕਰ ਦਿੱਤੀ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ

ਨੀਮ ਹਕੀਮਾਂ ਦੀ ਓਥੇ ਥਾਂ ਥਾਂ ਤੇ ਹੱਟੀ ਹੈ
ਫੇਕ ਦਵਾਈਆਂ ਨਸ਼ਿਆਂ ਦੀ ਪਏ ਖਾਂਦੇ ਖੱਟੀ ਹੈ
ਪੈਸਾ ਹੀ ਭਗਵਾਨ ਹੈ ਬਿਨ ਸਿੰਗੇ ਪਸ਼ੂਆਂ ਲਈ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ

ਬੰਦੇ ਦਾ ਮੁੱਲ ਲੱਖਾਂ ਅਤੇ ਕਰੋੜਾਂ ਵਿਚ ਨਹੀਂ ਪੈ ਸਕਦਾ
ਬੰਦੇ ਦੀ ਕੀਤੀ ਨੂੰ ਭਾਣਾਂ ਮੰਨ ਕੇ ਜੋ ਨਹੀਂ ਸਹਿ ਸਕਦਾ
ਏਸੇ ਲਈ ਸਤਗੁਰਾਂ ਧਰਮ ਦੀ ਤੇਗ ਫੜਾ ਦਿੱਤੀ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ

ਖੁਦਗਰਜ਼ਾਂ ਨੂੰ ਜੀਵਨ ਦੇ ਨਾਲ ਖੇਡਣ ਨਹੀਂ ਦੇਣਾਂ
ਹਰ ਹਾਲਤ ਵਿਚ ਹੋਸ਼ ਅਤੇ ਵਿਵੇਕ ਤੋਂ ਕੰਮ ਲੈਣਾਂ
ਕੇਵਲ ਓਹੋ ਵਣਜ ਭਲਾ ਹੈ ਜੋ ਹੈ ਸੱਚਾ ਸਹੀ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ

ਇਸ ਦੁੱਖ ਨੂੰ ਦੁੱਖ ਜਾਣੋ ਆਪਣਾਂ, ਲੋਕੋ ਸਾਥ ਦਿਓ
ਜੇ ਕਿਤੇ ਐਸੀ ਹੋ ਬੀਤੀ ਹੈ ਸੱਚੋ ਸੱਚ ਕਿਹੋ
ਸਿੱਖ ਕੌਂਸਲ ਨੂੰ ਦਰਜ਼ ਕਰਾਓ ਹਰ ਇੱਕ ਘਟਨਾਂ ਬਈ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ

ਸਾਡੀ ਹਮਦਰਦੀ ਇਸ ਬੱਚੀ ਦੇ ਹੈ ਮਾਪਿਆਂ ਤਾਂਈਂ
ਜ਼ਖਮ ਅਜੇਹਾ ਮੇਰੇ ਰੱਬਾ ਵੈਰੀ ਨੂੰ ਨਾਂ ਲਾਂਈਂ
ਹਿੰਮਤ ਦੇਹ ਮਿਸ਼ਾਲ ਜਗਾਈਏ ਹਰ ਨ੍ਹੇਰੇ ਦੇ ਲਈ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ

ਉਠੋ ਗਰਸਿੱਖੋ ਉੱਠ ਕੇ ਸਭ ਬੇਹੋਸ਼ੀ ਛੱਡੋ
ਗਾਫਲਤਾ ਖੁਦਗਰਜ਼ੀ ਦੀ ਜੜ੍ਹ ਮੁਢੋਂ ਹੀ ਫੜ ਵੱਢੋ
ਕਰ ਭਲਾ ਤੇ ਹੋ ਭਲਾ ਰੱਬਾ ਇਹ ਵਰ ਦਈਂ
ਟਹਿਕਦਾ ਫੁੱਲ ਗੁਲਾਬ ਦਾ ਜੋ ਅੱਖੀਆਂ ਦਾ ਤਾਰਾ ਜਈ
ਉਹ ਬੱਚੀ ਗੁਰਕਿਰਨ ਮਾਪਿਆਂ ਕੋਲੋਂ ਵਿਛੜ ਗਈ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top