Share on Facebook

Main News Page

ਪੰਜਾਬ ਸਿੱਖਿਆ ਵਿਭਾਗ ਦਾ ਕਾਰਨਾਮਾ¸ ਸਰਕਾਰੀ ਸਕੂਲਾਂ ‘ਚ ਭੇਜੀਆਂ ਅਸ਼ਲੀਲ ਕਿਤਾਬਾਂ

ਚੰਡੀਗੜ੍ਹ, 17 ਮਈ – ‘‘ਕੁੜੀ ਨਸ਼ਾ ਚੜ੍ਹਾ ਗਈ ਸ਼ਰਾਬ ਦਾ, ਮੈਂ ਕੀ ਸਾਲੀ ਛੇੜ ਦਿੱਤੀ ਪੈ ਗਿਆ ਪੰਗਾ, ਮਾਰ ਜਾਂਦਾ ਸਾਲੀ ਦਾ ਹੁਸਨੀ ਨਖ਼ਰਾ, ਕੱਚ ਦੇ ਗਲਾਸ ਵਾਂਗ ਸਾਲੀ ਰੱਖਦਾ ਜਾਂ ਕੁੜੀਆਂ ਜ਼ਹਿਰ ਦੀਆਂ ਪੁੜੀਆਂ |” ਉਪਰੋਕਤ ਪੰਕਤੀਆਂ ਕਿਸੇ ਪੰਜਾਬੀ ਗੀਤ ਜਾਂ ਬੱਸ-ਅੱਡੇ ‘ਤੇ ਮਿਲਣ ਵਾਲੀ ਕਿਤਾਬ ਦੀਆਂ ਨਹੀਂ, ਬਲਕਿ ਉਨ੍ਹਾਂ ਕਿਤਾਬਾਂ ਦੀਆਂ ਹਨ, ਜੋ ਸਿੱਖਿਆ ਵਿਭਾਗ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਪੜ੍ਹਨ ਲਈ ਸਪਲਾਈ ਕੀਤੀਆਂ ਹਨ |

ਸਰਕਾਰੀ ਸਕੂਲਾਂ ਵਿਚਲੇ ਸੂਤਰਾਂ ਨੇ ‘ਅਜੀਤ’ ਦੇ ਇਸ ਪੱਤਰਕਾਰ ਨੂੰ ਇਹ ਕਿਤਾਬਾਂ ਅਤੇ ਇਨ੍ਹਾਂ ਵਿਚਲੀ ਸਮੱਗਰੀ ਵਿਖਾਈ, ਜਿਸ ਤੋਂ ਪਤਾ ਲੱਗਾ ਕਿ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਦੇ ਨਿੱਕੇ ਬੱਚਿਆਂ ਨੂੰ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਪੜ੍ਹਨ ਲਈ ਇਤਰਾਜ਼ਯੋਗ ਸਮੱਗਰੀ ਵਾਲੀਆਂ ਕਿਤਾਬਾਂ ਭੇਜ ਦਿੱਤੀਆਂ ਗਈਆਂ | ਉਦਾਹਰਨ ਵਜੋਂ ਸੂਤਰਾਂ ਨੇ ਪ੍ਰਾਇਮਰੀ ਬੱਚਿਆਂ ਲਈ ਸਪਲਾਈ ਕੀਤੀਆਂ ‘ਕਿਤਾਬ ਕਿੱਟਾਂ’ ਵਿਚਲੀ ਇਕ ਪੰਜਾਬੀ ਪੁਸਤਕ ਵਿਖਾਈ, ਜਿਸ ਵਿਚ ਕੁੜੀਆਂ ਲਈ ਨਿਮਨ ਪੱਧਰ ਦੀ ਸ਼ਬਦਾਵਲੀ ਵਰਤਦਿਆਂ ਗੀਤ ਲਿਖੇ ਗਏ ਹਨ, ਜਿਵੇਂ ਕਿ ‘ਕੁੜੀ ਪੰਜ ਫੁੱਟੀ ਤਲਵਾਰ’, ‘ਕਾਲਜ ਦੇ ਵਿਚ ਆਇਆ ਪਟੋਲਾ’, ‘ਉਹਦੇ ਮਸਤੀ ਭਰੇ ਨਜ਼ਾਰੇ, ਉਹ ਦਿਨੇ ਵਿਖਾਉਂਦੀ ਤਾਰੇ’, ‘ਜੀਜਾ-ਸਾਲੀ’ ਅਤੇ ‘ਹੁਸਨ ਫੁਲਝੜੀਆਂ ਸ਼ਹਿਰ ਦੀਆਂ ਕੁੜੀਆਂ’ ਆਦਿ |

ਇੱਥੇ ਹੀ ਬੱਸ ਨਹੀਂ, ਵਿਭਾਗ ਵੱਲੋਂ ਸਿਹਤ ਸੰਬੰਧੀ ਵੀ ਨਿੱਕੇ ਬੱਚਿਆਂ ਨੂੰ ਅਜਿਹੀਆਂ ਕਿਤਾਬਾਂ ਸਪਲਾਈ ਕਰ ਦਿੱਤੀਆਂ, ਜੋਕਿ ਬੱਚਿਆਂ ਦੀ ਸਮਝ ਤੋਂ ਦੂਰ ਹਨ। ਉਦਾਹਰਨ ਵਜੋਂ ਸਿਹਤ ਸੰਬੰਧੀ ਇਕ ਕਿਤਾਬ ਵਿਚ ‘ਬਾਂਝਪਣ’ ਅਤੇ ‘ਮਾਹਵਾਰੀ’ ਵਿਸ਼ੇ ‘ਤੇ ਲੇਖ ਛਾਪ ਦਿੱਤੇ ਗਏ ਹਨ, ਬਾਂਝਪਣ ਲੇਖ ਵਿਚ ਲਿਖਿਆ ਗਿਆ ਹੈ ਕਿ ਬੰਜਰ ਅਤੇ ਕੱਲਰ ਜ਼ਮੀਨ ਵਿਚ ਭਾਵੇਂ ਕਿੰਨਾ ਵੀ ਚੰਗਾ ਬੀਜ ਬੀਜੋ, ਨਹੀਂ ਉੱਗੇਗਾ, ਇਸੇ ਤਰ੍ਹਾਂ ਔਰਤ ਨੂੰ ਆਪਣਾ ਸਰੀਰ ਜ਼ਰਖ਼ੇਜ਼ ਰੱਖਣ ਲਈ ਸੰਪੂਰਨ ਖੁਰਾਕ ਦੀ ਜ਼ਰੂਰਤ ਹੈ। ਲੇਖਾਂ ਵਿਚ ਬੱਚੇਦਾਨੀ ਅਤੇ ਬੱਚੇ ਦੇ ਜਨਮ ਸੰਬੰਧੀ ਹੋਰ ਵਿਸ਼ਿਆਂ ਦਾ ਵੀ ਜ਼ਿਕਰ ਹੈ।

ਕਿਤਾਬਾਂ ਪਾਸ ਕਿਸਨੇ ਕੀਤੀਆਂ ?

ਦਰਅਸਲ, ਸਿੱਖਿਆ ਵਿਭਾਗ ਦੇ ਡੀ. ਪੀ. ਆਈ. ਪ੍ਰਾਇਮਰੀ ਵੱਲੋਂ ਮਾਨਸਾ ਜ਼ਿਲ੍ਹੇ ਦੀ ਇਕ ਫਰਮ ਨੂੰ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਾਸਤੇ ਕਿਤਾਬਾਂ ਛਾਪਕੇ ਸਪਲਾਈ ਕਰਨ ਦਾ ਜ਼ਿੰਮਾ ਟੈਂਡਰ ਪ੍ਰਕ੍ਰਿਆ ਰਾਹੀਂ ਦਿੱਤਾ ਗਿਆ। ਸੂਤਰਾਂ ਅਨੁਸਾਰ ਸਭ ਤੋਂ ਪਹਿਲਾਂ ਅਜੀਤਗੜ੍ਹ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਉੱਥੋਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਵਿਨੋਦ ਕੁਮਾਰ ਵੱਲੋਂ ਜ਼ੁਬਾਨੀ ਹੀ ਸਖ਼ਤ ਹੁਕਮ ਜਾਰੀ ਕਰ ਦਿੱਤੇ ਗਏ ਕਿ ਇਹ ਕਿਤਾਬਾਂ ਛਾਪਣ ਵਾਲੀ ਫਰਮ ਦੇ ਨਾਂ ‘ਤੇ ਪ੍ਰਾਇਮਰੀ ਸਕੂਲ 3-3 ਹਜ਼ਾਰ ਅਤੇ ਅੱਪਰ ਪ੍ਰਾਇਮਰੀ ਸਕੂਲ 10-10 ਹਜ਼ਾਰ ਰੁਪਏ ਦੇ ਚੈੱਕ ਕੱਟਣ। ਇਸ ਦੌਰਾਨ ਫਰਮ ਵੱਲੋਂ ਧੜਾਧੜ ਇਹ ਕਿਤਾਬਾਂ, ਲਾਇਬ੍ਰੇਰੀ ਕਿੱਟਾਂ ਦੇ ਰੂਪ ਵਿਚ ਸਕੂਲਾਂ ‘ਚ ਪਹੁੰਚਾ ਦਿੱਤੀਆਂ। ਇੱਥੇ ਦੱਸ ਦੇਈਏ ਕਿ ਬੀਤੇ ਦਿਨੀਂ ਵਿਵਾਦ ‘ਚ ਆਈਆਂ ਪ੍ਰੈਕਟੀਕਲ ਕਾਪੀਆਂ ਸੰਬੰਧੀ ਵੀ ਨੋਡਲ ਅਧਿਕਾਰੀ ਵਿਨੋਦ ਕੁਮਾਰ ਹੀ ਸਨ। ਮਿਲੀ ਜਾਣਕਾਰੀ ਅਨੁਸਾਰ ਅਜੀਤਗੜ੍ਹ ਤੋਂ ਬਾਅਦ ਇਹ ਕਿਤਾਬਾਂ ਰੋਪੜ ਅਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਸਕੂਲਾਂ ਵਿਚ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਆਉਂਦੇ ਦਿਨੀਂ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿਚ ਇਹ ਕਿਤਾਬਾਂ ਪਹੁੰਚਣ ਜਾ ਰਹੀਆਂ ਹਨ।

ਇਸ ਬਾਰੇ ਸਭ ਤੋਂ ਪਹਿਲਾਂ ਜਦੋਂ ਸ੍ਰੀ ਵਿਨੋਦ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਿਤਾਬਾਂ ਪੰਜਾਬ ਦੇ ਸਾਰੇ ਸਕੂਲਾਂ ਵਿਚ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਤਾਬਾਂ ਨੂੰ ਪ੍ਰਵਾਨਗੀ ਡੀ. ਜੀ. ਐਸ. ਈ. ਕਾਹਨ ਸਿੰਘ ਪੰਨੂੰ ਅਧੀਨ 5 ਮੈਂਬਰੀ ਕਮੇਟੀ ਵੱਲੋਂ ਦਿੱਤੀ ਗਈ ਸੀ, ਜਿਸ ਵਿਚ ਬਠਿੰਡੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੀ ਸ਼ਾਮਿਲ ਸਨ। ਕੁਮਾਰ ਨੇ ਕਿਹਾ ਕਿ ਉਨ੍ਹਾਂ ਤਾਂ ਸਿਰਫ਼ ਕਿਤਾਬਾਂ ਦੇ ਟਾਈਟਲ ਹੀ ਵੇਖੇ ਸਨ।

ਇਸ ਬਾਰੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਮੈਡਮ ਅੰਜਲੀ ਭਾਵੜਾ ਨਾਲ ਸੰਪਰਕ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਅਤੇ ਉਹ ਇਸ ਬਾਰੇ ਪਤਾ ਲਗਾ ਕੇ ਹੀ ਕੁੱਝ ਕਹਿ ਸਕਣਗੇ। ਜਦਕਿ ਡੀ. ਪੀ. ਆਈ. ਐਲੀਮੈਂਟਰੀ ਮੈਡਮ ਪ੍ਰਿਤਪਾਲ ਕੌਰ ਸਿੱਧੂ ਨੇ ਕਿਹਾ ਕਿ ਕਿਤਾਬਾਂ ਪ੍ਰਵਾਨ ਕਰਨ ਜਾਂ ਨਾ ਕਰਨ ਲਈ ਕਮੇਟੀ ਬਣੀ ਹੋਈ ਹੈ, ਜਿਸ ਨੇ ਕਿਤਾਬਾਂ ਨੂੰ ਪ੍ਰਵਾਨਗੀ ਦੇਣੀ ਹੈ ਅਤੇ ਜਿਹੜੀਆਂ ਕਿਤਾਬਾਂ ਸਕੂਲਾਂ ਨੂੰ ਸਪਲਾਈ ਹੋਈਆਂ ਉਨ੍ਹਾਂ ਨੂੰ ਕਮੇਟੀ ਨੇ ਪ੍ਰਵਾਨਗੀ ਦੇ ਦਿੱਤੀ ਹੋਵੇਗੀ।

Source: Ajit Jalandhar


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top